ਲੱਦੀ ਜਾਨੈਂ ਤੂੰ ਕੜਬ ਦੇ ਟਾਂਡੇ
ਰਸ ਲੈ ਗਏ ਪਿੰਡ ਦੇ ਮੁੰਡੇ।
2006 ਚ ਜਦ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਨੂੰ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਜੀ ਨੇ ਸਿੱਧੀ ਬੱਸ ਰਵਾਨਾ ਕੀਤੀ ਤਾਂ ਇਸ ਚ ਪਿਆਰੇ ਵੀਰ ਇਕਬਾਲ ਸਿੰਘ ਸਿੱਧੂ ਦੀ ਦੋਸਤੀ ਕੀਰਨ ਮੈਂ ਤੇ ਸ: ਰਣਜੋਧ ਸਿੰਘ ਲੁਧਿਆਣਾ ਵੀ ਸ਼ਾਮਿਲ ਸਾਂ।
ਇਸੇ ਬੱਸ ਚ ਹੀ ਰਾਧਾ ਸਵਾਮੀ ਮੱਤ ਮੁਖੀ ਸ: ਗੁਰਿੰਦਰ ਸਿੰਘ ਢਿੱਲੋਂ ਦੇ ਪਿਤਾ ਜੀ ਸ: ਗੁਰਮੁਖ ਸਿੰਘ ਢਿੱਲੋਂ ਮੋਗਾ ਵਾਲੇ ਤੇ ਉਨ੍ਹਾਂ ਦੇ ਮਾਤਾ ਜੀ ਵੀ ਸ਼ਾਮਲ ਸਨ।
ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਵੀ ਸਨ। ਕੁਝ ਹੋਰ ਗੈਰ ਸਿਆਸੀ ਸੱਜਣ ਵੀ ਸਨ।
ਬਾਕੀ ਜਾਂ ਤਾਂ ਅਧਿਕਾਰੀ ਸਨ ਜਾਂ ਸੱਤਾਧਾਰੀ। ਰਾਜ ਕੁਮਾਰ ਵੇਰਕਾ ਵੀ ਸੀ।
ਬੱਸ ਦੇ ਮਾਲਕ ਸ: ਫ਼ਤਹਿ ਸਿੰਘ ਲਿਬੜਾ,ਉਨ੍ਹਾਂ ਦਾ ਸਪੁੱਤਰ ਤੇ ਦਾਮਾਦ ਸ: ਗੁਰਜੀਤ ਸਿੰਘ ਜੌਹਲ ਵੀ ਸਨ।
ਬੱਸ ਨਨਕਾਣਾ ਸਾਹਿਬ ਪੁੱਜੀ ਤਾਂ ਪਹੁੰਚਦੇ ਹੀ ਕਾਰਵਾਈ ਪਾਉਣ ਉਪਰੰਤ ਸਾਰੇ ਅਧਿਕਾਰੀ ਤੇ ਸਿਆਸਤਦਾਨ ਨਨਕਾਣਾ ਸਾਹਿਬ ਰਹਿਣ ਦੀ ਥਾਂ ਲਾਹੌਰ ਪਰਤ ਗਏ ਮਖਮਲੀ ਬਿਸਤਰਿਆਂ ਤੇ ਸੌਣ ਲਈ।
ਅਸੀਂ ਸੱਤ ਅੱਠ ਜਣੇ ਰਹਿ ਗਏ ਪਿੱਛੇ।
ਜਾਪਿਆ ਗੁਰੂ ਸਾਹਿਬ ਨੇ ਇਨ੍ਹਾਂ ਲਈ ਹੀ ਕਿਹਾ ਸੀ
ਉਠ ਗਈ ਸਭਾ ਮਲੇਸ਼ ਕੀ
ਕਰ ਕੂੜਾ ਪਾਸਾਰ।
ਚੰਗਾ ਹੀ ਹੋਇਆ ਇਹ ਲੋਕ ਪਰਤ ਗਏ। ਪਿਛੇ ਰਹਿ ਗਏ ਸੱਜਣ ਬਾਬਾ ਸੀਚੇਵਾਲ ਜੀ ਨਾਲ ਅੱਧੀ ਰਾਤ ਤੀਕ
ਗੁਫ਼ਤਗੂ ਕਰਦੇ ਰਹੇ।
ਅਸੀਂ ਸਵੇਰੇ ਉੱਠ ਕੇ ਮੱਥਾ ਟੇਕਣ ਉਪਰੰਤ ਪੂਰਾ ਨਨਕਾਣਾ ਸਾਹਿਬ ਗੁਰਦਵਾਰਾ ਵੇਖਿਆ।
ਜੰਡ ਨਾਲ ਗੱਲਾਂ ਕੀਤੀਆਂ ਨਮ ਨੇਤਰਾਂ ਨਾਲ।
ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਤੇ ਭਾਈ ਦਲੀਪ ਸਿੰਘ ਚੀਮਾ ਸਾਹੋਵਾਲ ਨੂੰ ਜੰਡ ਨਾਲ ਬੰਨ੍ਹ ਕੇ ਸਾੜਨ ਵਾਲੇ ਨਰੈਣੂ ਚਾਵਲੇ ਨੂੰ ਰੱਜ ਕੇ ਲਾਹਣਤਾਂ ਪਾਈਆਂ।
ਝੱਬਰਾਂ ਦੀ ਸੂਰਮਗਤੀ ਤੇ ਦੀਦਾ ਦਲੇਰੀ ਨੂੰ ਚੇਤੇ ਕੀਤਾ।
ਜੰਡ ਦੀ ਅੱਖੋਂ ਕਿਰਦੇ ਅੱਥਰੂ ਵੇਖੇ। ਲੱਗਦਾ ਸੀ ਕਹਿ ਰਿਹੈ,
ਮੈਂ ਜ਼ੁਲਮ ਦਾ ਚਸ਼ਮਦੀਦ ਕਿਉਂ ਬਣਿਆ।
ਅੱਜ ਸਵੇਰੇ ਅਖ਼ਬਾਰ ਚ ਤਸਵੀਰ ਵੇਖੀ ਹੈ। ਕੱਲ੍ਹ ਚੰਡੀਗੜ੍ਹ ਤੋਂ ਹਜ਼ੂਰ ਸਾਹਿਬ ਪਹਿਲੀ ਫਲਾਈਟ ਗਈ ਹੈ। ਸਾਰੇ ਕੇਂਦਰ ਚ ਸੱਤਾਧਾਰੀ ਪਾਰਟੀ ਦੇ ਸਮਰਥਕ ਸਵਾਰ ਸਨ।
ਰੁੱਸ ਕੇ ਅੱਡ ਹੋਏ ਬੰਦੇ ਮੱਖਣ ਚੋਂ ਵਾਲ ਵਾਂਗ ਬਾਹਰ ਸਨ।
ਸਮਝ ਨਹੀਂ ਆਉਂਦੀ, ਮੁਲਕ ਕਿੱਧਰ ਤੁਰ ਪਿਐ?
ਕੀ ਪੰਜਾਬ ਚ ਕੋਈ ਪ੍ਰਬੁੱਧ ਡਾਕਟਰ, ਇੰਜਨੀਅਰ, ਵਕੀਲ, ਪ੍ਰੋਫੈਸਰ, ਲੇਖਕ, ਗਾਇਕ, ਪੱਤਰਕਾਰ ,ਚਿਤਰਕਾਰ ਨਹੀਂ ਰਹਿ ਗਿਆ, ਸਾਰੇ ਹੀ ਮਰ ਮੁੱਕ ਗਏ?
ਇੱਕ ਵੀ ਗੈਰ ਸਿਆਸੀ ਸਵਾਰ ਨਹੀਂ ਸੀ।
ਧੀ ਭੈਣ ਵੀ ਕੋਈ ਨਹੀਂ।
ਕੀ ਪੰਜਾਬ ਇਹੋ ਜਿਹਾ ਹੁੰਦਾ ਸੀ?
ਏਨੀ ਅਸਹਿਣਸ਼ੀਲਤਾ ਤੇ ਆਪਹੁਦਰਾਪਨ ਕਰਨ ਵਾਲਿਆਂ ਨੂੰ ਇਸ ਗੱਲ ਨੂੰ ਵਿਚਾਰਨਾ ਚਾਹੀਦਾ ਹੈ ਕਿ ਸਿਰਫ਼ ਤੁਸੀਂ ਹੀ ਪੰਜਾਬ ਨਹੀਂ ਹੋ!
ਯੂਨੀਵਰਸਿਟੀਆਂ ਕਾਲਜਾਂ ਦੇ ਵਿਦਿਅਕ ਸੈਮੀਨਾਰਾਂ ਚ ਵੀ ਸਿਆਸਤੀਆਂ ਦੀ ਭਰਮਾਰ ਹੈ।
ਫ਼ਿਕਰ ਦੀ ਘੜੀ ਹੈ।
ਸੱਚ ਜਾਣਿਓ!
ਅੱਜ ਸਮਝ ਆਇਆ
ਲੱਦੀ ਜਾਨੈਂ ਤੂੰ ਕੜਬ ਦੇ ਟਾਂਡੇ
ਵਾਲਾ ਬੋਲ।
ਪਿੱਛੋਂ ਸੁੱਝੀ:
ਪਰਸੋਂ ਵਟਸਐਪ ਤੇ ਕਿਸੇ ਲਿਖ ਭੇਜਿਆ ਸੀ। ਟਿਪਣੀ ਬਗੈਰ ਪੜ੍ਹੋ।
ਮਾਸਟਰ ਜੀ,
ਨਾਲਾਇਕ ਬੱਚਿਆਂ ਨੂੰ
ਨਾ ਕੁੱਟਿਆ ਕਰੋ।
ਮਗਰੋਂ ਇਹੀ ਮੰਤਰੀ ਬਣ ਕੇ
ਤੰਗ ਕਰਦੇ ਹਨ।
ਗੁਰਭਜਨ ਗਿੱਲ
9.1.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.