ਬਾਬੂ ਸਿੰਘ ਮਾਨ ਜੀ ਨੇ ਇੱਕ ਗੀਤ ਲਿਖਿਆ ਸੀ ਕਦੇ
ਅੱਜ ਕੱਲ੍ਹ ਚਰਚਾ ਵਿੱਚ ਰਹਿੰਦੀ
ਬਾਬੇ ਬਿਸ਼ਨੇ ਦੀ ਬੈਠਕ।
ਹਰਭਜਨ ਮਾਨ ਨੇ ਸੋਹਣਾ ਗਾ ਕੇ ਸੁਜਿੰਦ ਕਰ ਦਿੱਤਾ ਗੀਤ ਨੂੰ।
ਮੈਂ ਇਹ ਗੀਤ ਸੈਂਕੜੇ ਵਾਰ ਸੁਣ ਚੁਕਾ ਹਾਂ।
ਤੁਸੀਂ ਪੁੱਛ ਸਕਦੇ ਹੋ, ਰਾਹੁਲ ਗਾਂਧੀ ਦੀ ਤਸਵੀਰ ਨਾਲ ਬਾਬੇ ਬਿਸ਼ਨੇ ਦੀ ਬੈਠਕ ਦਾ ਕੀ ਰਿਸ਼ਤਾ ਹੈ?
ਤੁਸੀਂ ਆਪਣੇ ਥਾਂ ਸੱਚੇ ਹੋ
ਪਰ ਝੂਠਾ ਮੈਂ ਵੀ ਨਹੀਂ ਦੋਸਤੋ।
ਬਾਬੇ ਬਿਸ਼ਨੇ ਦੀ ਬੈਠਕ ਚ ਤਾਂ ਸਿਰਂਫ਼ ਵੰਨ ਸੁਵੰਨੇ ਬੰਦੇ ਪਿੰਡ ਦੀਆਂ ਹੀ ਗੱਲਾਂ ਕਰਦੇ ਸਨ ਪਰ ਲੁਧਿਆਣਾ ਦੀ ਫੀਰੋਜ਼ ਗਾਂਧੀ ਮਾਰਕੀਟ ਚ ਪਾਲੀ ਦੇ ਢਾਬੇ ਤੇ ਵਿਸ਼ਵ ਸਿਆਸਤ, ਵਿਸ਼ਵ ਦਰਸ਼ਨ, ਕੌਮੀ ਤੇ ਸੂਬਾਈ ਸਿਆਸਤ ਦੇ ਮਸਲੇ, ਪੈਂਤੜੇ ਤੇ ਧੜੇ ਘੜਨ ਤੋੜਨ ਦੇ ਫ਼ੈਸਲੇ ਹੁੰਦੇ ਮੈਂ ਆਪ ਦੇਖੇ ਨੇ।
ਪਾਲੀ ਦਾ ਢਾਬਾ ਕੀ ਸੀ?
ਇੱਕ ਰੋਟੀ ਪਾਣੀ ਦਾ ਕਾਰੋਬਾਰ ਸੀ ਜਸਵਿੰਦਰ ਸਿੰਘ ਬਲੀਏਵਾਲ ਤੇ ਮਗਰੋਂ ਗਾਇਕ ਬਣੇ ਹਰਬੰਸ ਸਹੋਤਾ ਵੱਲੋਂ ਖੋਲ੍ਹਿਆ ਕਾਰੋਬਾਰ।
ਵਿਸ਼ੇਸ਼ਤਾ ਇਹ ਸੀ ਕਿ ਏਥੇ ਰੋਟੀ ਖਾਣ ਵਾਲੇ ਨੂੰ ਚਾਟੀ ਦੀ ਲੱਸੀ ਮੁਫ਼ਤ ਮਿਲਦੀ ਸੀ ਪਾਣੀ ਥਾਵੇਂ।
ਜਸਵਿੰਦਰ ਫ਼ਰੀਦਕੋਟ ਦੇ ਪਿੰਡ ਅਰਾਈਆਂ ਵਾਲਾ ਦੇ ਸਿਆਸੀ ਪਰਿਵਾਰ ਚੋਂ ਸੀ ਪਰ ਹੁਣ ਨਾਨਕੇ ਰਹਿਣ ਕਰਕੇ ਬਲੀਏਵਾਲ ਲਿਖਦਾ ਸੀ ਨਾਮ ਨਾਲ।
ਮੇਰੇ ਜਮਾਤੀ ਜੀਤ ਸਿੰਘ ਢਿੱਲੋਂ ਦਾ ਭਾਣਜਾ ਹੋਣ ਕਾਰਨ ਮੇਰੇ ਨਾਲ ਪਰਿਵਾਰਕ ਨੇੜ ਰੱਖਦਾ ਹੈ। ਦੁਖ ਸੁਖ ਦਾ ਭਾਈਵਾਲ। ਬੁੱਕਲ ਦੀ ਸਾਂਝ ਜਿਹਾ।
ਜਸਵਿੰਦਰ ਸਿੰਘ ਬਲੀਏਵਾਲ ਯੂਥ ਅਕਾਲੀ ਦਲ ਦੇ ਮੁੱਢਲੇ ਆਗੂਆਂ ਚੋਂ ਸੀ। ਅਮਰੀਕ ਸਿੰਘ ਆਲੀਵਾਲ ਦਾ ਸਾਥੀ। ਸ੍ਵ ਸ਼ੇਰ ਸਿੰਘ ਡੂਮਛੇੜੀ ਇਹਦੇ ਢਾਬੇ ਤੇ ਹੀ ਸਾਨੂੰ ਮਿਲਦਾ ਹੁੰਦਾ ਸੀ।
ਬੜੇ ਰੰਗ ਵੇਖੇ ਪਾਲੀ ਦੇ ਢਾਬੇ ਨੇ।
ਪਿਛਲੇ ਦਿਨੀਂ ਉੱਘੇ ਪੱਤਰਕਾਰ ਸ: ਸ਼ੰਗਾਰਾ ਸਿੰਘ ਭੁੱਲਰ ਨੇ ਇਸ ਢਾਬੇ ਦਾ ਜ਼ਿਕਰ ਕਰਦਿਆਂ ਦੱਸਿਆ ਸੀ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸੁਰਜਨ ਸਿੰਘ ਠੇਕੇਦਾਰ, ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਸ ਸ ਨਰੂਲਾ, ਇੰਦਰਜੀਤ ਹਸਨਪੁਰੀ, ਜਗਦੇਵ ਸਿੰਘ ਜੱਸੋਵਾਲ, ਸੁਰਜੀਤ ਪਾਤਰ, ਡਾ: ਸ ਸ ਦੋਸਾਂਝ, ਹਰਚਰਨ ਬੈਂਸ, ਹਰਭਜਨ ਹਲਵਾਰਵੀ,ਕੁਲਵਿੰਦਰ ਕੁਲਾਰ, ਸਤਿਬੀਰ ਸਿੰਘ ਪੰਜਾਬੀ ਟ੍ਰਿਬਿਊਨ ਸਮੇਤ ਕਿੰਨੇ ਚਿਹਰੇ ਇਥੇ ਮਿਲਦੇ ਵਿੱਛੜਦੇ ਰਹੇ।
ਜਸਵਿੰਦਰ ਸਿੰਘ ਬਲੀਏਵਾਲ ਦੀ ਬੁੱਕਲ ਬਹੁਤ ਵੱਡੀ ਸੀ। ਸਭ ਦੇ ਭੇਤ ਸਾਂਭਦਾ ਪਰ ਕਦੇ ਰਲਣ ਨਾ ਦਿੰਦਾ।
ਅਕਾਲੀ, ਕਾਂਗਰਸੀ, ਕੱਟੜ ਕਮਿਉਨਿਸਟ, ਬੀ ਜੇ ਪੀ ਵਾਲੇ ਸਭ ਇੱਕੋ ਪਤੀਲੇ ਦੀ ਦਾਲ ਖਾਂਦੇ। ਹੁਣ ਵਾਂਗ ਨਹੀਂ ਸੀ ਵੱਢੂੰ ਖਾਊਂ ਕਰਦੇ।
ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਜਦੋਂ ਜੀ ਟੀ ਰੋਡ ਤੇ ਇੱਕ ਢਾਬੇ ਤੋਂ ਨਿਕਲਦਿਆਂ ਗੋਲੀ ਲੱਗੀ ਤਾਂ ਬਲੀਏਵਾਲ ਸਭ ਤੋਂ ਪਹਿਲਾਂ ਮੋਹਨ ਦੇਈ ਹਸਪਤਾਲ ਪਹੁੰਚਣ ਵਾਲੇ ਸਨ।
ਸਾਰਾ ਸਮਾਂ ਹਸਪਤਾਲ ਚ ਰਹੇ। ਮਰਦੇ ਦਮ ਤੀਕ ਟੌਹੜਾ ਸਾਹਿਬ ਨੇ ਬਲੀਏਵਾਲ ਨੂੰ ਪੁੱਤਰ ਮੰਨਿਆ।
ਉਨ੍ਹਾਂ ਦੇ ਅੱਖਾਂ ਮੀਟਣ ਮਗਰੋਂ ਜਸਵਿੰਦਰ ਸੱਤਾਵਾਨਾਂ ਦੇ ਦੁਆਰੇ ਬਹਿਣ ਦੀ ਥਾਂ ਦਿੱਲੀ ਵਾਲੇ ਸਰਨਿਆਂ ਦਾ ਪੰਜਾਬ ਪ੍ਰਧਾਨ ਬਣ ਗਿਆ।
ਦਿੱਲੀ ਵਾਲੇ ਸਰਨਿਆਂ ਕੋਲ ਹੀ ਟੌਹੜਾ ਸਾਹਿਬ ਦੀ ਜੀਵਨ ਭਰ ਪੱਕੀ ਠਾਹਰ ਰਹੀ।
ਉਸੇ ਜਸਵਿੰਦਰ ਸਿੰਘ ਬਲੀਏਵਾਲ ਦਾ ਵੱਡਾ ਪੁੱਤਰ ਹੈ ਪਾਲੀ। ਇਸੇ ਪਾਲੀ ਦੇ ਨਾਮ ਤੇ ਪਾਲੀ ਦਾ ਢਾਬਾ ਹੈ।
ਹੋਟਲ ਮੈਨੇਜਮੈਂਟ ਚ ਗਰੈਜੂਏਟ ਪਾਲੀ ਦਾ ਪੱਕਾ ਨਾਮ ਪ੍ਰਿਤਪਾਲ ਸਿੰਘ ਸੰਧੂ ਹੈ ਪਰ ਉਹ ਪ੍ਰਿਤਪਾਲ ਸਿੰਘ ਬਲੀਏਵਾਲ ਲਿਖਦਾ ਹੈ।
ਕਾਂਰਸ ਪਾਰਟੀ ਦੀਆਂ ਕੇਂਦਰੀ ਬੈਰਕਾਂ ਚ ਉਹ ਸਨਮਾਨਿਤ ਆਗੂ ਹੈ। ਸਾਡਾ ਨਿੱਕਾ ਜਿਹਾ ਪਾਲੀ।
ਰਾਜਿਸਥਾਨ ਦੀਆਂ ਅਸੈਂਬਲੀ ਚੋਣਾਂ ਚ ਉਹ ਕਈ ਹਲਕਿਆਂ ਦਾ ਇੰਚਾਰਜ ਸੀ। ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਸੰਗੀ ਸੀ ਉਹ।
ਉਸ ਨੂੰ ਪਿਛਲੇ ਦਿਨੀਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੁੱਲ ਹਿੰਦ ਕਿਸਾਨ ਕਾਂਗਰਸ ਦਾ ਜਨਰਲ ਸਕੱਤਰ ਥਾਪਿਆ ਹੈ। ਹੁਣ ਉਹ ਕਈ ਸੂਬਿਆਂ ਦਾ ਇੰਚਾਰਜ ਹੈ। ਪਾਰਟੀ ਪ੍ਰਧਾਨ ਦਾ ਵਿਸ਼ਵਾਸ ਪਾਤਰ।
ਪਾਲੀ ਭਾਵੇਂ ਹੁਣ ਪ੍ਰਿਤਪਾਲ ਸਿੰਘ ਬਲੀਏਵਾਲ ਨਾਮ ਹੇਠ ਕੌਮੀ ਸਿਆਸੀ ਨਕਸ਼ੇ ਤੇ ਪੈੜਾਂ ਪਾਉਣ ਲਈ ਤਤਰਰ ਹੈ ਪਰ ਸਾਨੂੰ ਅਜੇ ਵੀ ਉਹ ਕੋਮਲ ਜਿਹਾ ਬਾਲਕਾ ਲੱਗਦਾ ਹੈ।
ਬਾਬੇ ਬਿਸ਼ਨੇ ਦੀ ਬੈਠਕ ਵਾਂਗ ਪਾਲੀ ਦੇ ਢਾਬੇ ਵਾਲਾ ਪਾਲੀ ਹਰ ਮੈਦਾਨ ਫ਼ਤਹਿ ਪਾਵੇਗਾ ਸਾਡਾ ਵਿਸ਼ਵਾਸ ਹੈ।
ਰਾਹੁਲ ਗਾਂਧੀ ਦੇ ਨਾਲ ਵਿਚਕਾਰਲਾ ਫੀਰੋਜ਼ੀ ਦਸਤਾਰ ਵਾਲਾ ਚਿਹਰਾ ਪਾਲੀ ਦਾ ਹੀ ਹੈ ਦੋਸਤੋ।
ਸਿਰਫ਼ ਵਕਤ ਨੂੰ ਹੀ ਪਤਾ ਸੀ ਕਿ ਫ਼ੀਰੋਜ਼ ਗਾਂਧੀ ਮਾਰਕੀਟ ਵਾਲੇ ਗਾਂਧੀ ਦੇ ਪੋਤਰੇ ਰਾਹੁਲ ਦੇ ਬਰਾਬਰ ਕੁਰਸੀ ਡਾਹ ਕੇ ਸਾਡਾ ਪਾਲੀ ਬੈਠੇਗਾ।
ਗੁਰਭਜਨ ਗਿੱਲ
9 Jan 2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.