ਜਦੋਂ ਵੀ ਕਦੇ 'ਉੱਡਣਾ ਸਿੱਖ' ਲਫ਼ਜ਼ ਸੁਣਦੇ ਹਾਂ ਤਾਂ ਕੇਵਲ ਤੇ ਕੇਵਲ ਪੰਜਾਬੀ ਸ਼ੇਰ ਮਿਲਖਾ ਸਿੰਘ ਦਾ ਨਾਮ ਹੀ ਜ਼ਿਹਨ 'ਚ ਆਉਂਦਾ ਹੈ। ਪਰ ਖੇਡ ਜਗਤ 'ਚ ਇੱਕ ਹੋਰ 'ਉੱਡਣਾ ਸਿੱਖ' ਹੋਇਆ ਹੈ, ਜਿਸਨੂੰ ਸ਼ਾਇਦ ਬਹੁਤ ਹੀ ਘੱਟ ਲੋਕ ਜਾਣਦੇ ਹਨ। ਇੰਨ੍ਹਾਂ ਦੋਹਾਂ ਜੂੜੇ ਵਾਲੇ ਖਿਡਾਰੀਆਂ ਨੇ ਖੈਡ ਮੈਦਾਨ 'ਚ ਅਜਿਹੀ ਰੇਸ ਦੌੜੀ ਕਿ ਪੂਰੀ ਦੁਨੀਆ 'ਚ ਸਿੱਖਾਂ ਦੇ ਚਰਚੇ ਕਰਾ ਦਿੱਤੇ। ਇਹ ਖੇਡ ਹੈ ਗੋਰਿਆਂ ਦੀ ਇਜਾਤ ਕੀਤੀ 'ਮੋਟਰ ਸਪੋਰਟ' ਰੈਲੀ ਰੇਸ। 1960-70 ਦੇ ਸਮੇਂ ਕੀਨੀਆ ਦੀ ਮਸ਼ਹੂਰ 'ਮੋਟਰ ਸਪੋਰਟ' 'ਚ ਪਹਿਲਾ ਸਿੱਖ ਰੈਲੀ ਰੇਸ ਡਰਾਈਵਰ ਵਜੋਂ ਪੂਰੇ ਮੁਲਕ 'ਚ ਧੁੰਮਾਂ ਪਾਉਣ ਵਾਲਾ ਜੋਗਿੰਦਰ ਸਿੰਘ ਭੱਚੂ ਵੀ 'ਉੱਡਣੇ ਸਿੱਖ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜੋਗਿੰਦਰ ਸਿੰਘ ਕੀਨੀਆ 'ਚ ਹੀ ਜੰਮਿਆ ਪਲਿਆ ਅਤੇ ਪੂਰਬੀ ਅਫਰੀਕੀ ਸਫਾਰੀ ਰੈਲੀ 'ਚ ਆਪਣੀ ਠੁੱਕ ਬਣਾ ਕੇ ਰੱਖੀ। ਜੋਗਿੰਦਰ ਸਿੰਘ ਨੇ ਆਪਣੀ ਇਸ ਖੇਡ 'ਚ ਤਿੰਨ ਵਾਰ ਚੈਂਪੀਅਨ ਹੋਣ ਦਾ ਮਾਣ ਹਾਸਲ ਕਰ ਕੇ ਦੁਨੀਆ 'ਚ ਪਹਿਲੇ ਸਿੱਖ ਰੈਲੀ ਰੇਸ ਡਰਾਈਵਰ ਵਜੋਂ ਆਪਣਾ ਨਾਮ ਸੁਨਹਿਰੀ ਪੰਨਿਆਂ 'ਤੇ ਉਕਰਿਆ।
ਜੋਗਿੰਦਰ ਸਿੰਘ ਭੁੱਚੂ ਨੇ ਸਾਲ 1953 'ਚ ਗੋਰਿਆਂ ਦੀ ਖੇਡ 'ਮੋਟਰ ਸਪੋਰਟ' 'ਚ ਆਪਣੇ ਆਪ ਨੂੰ ਮੈਦਾਨ 'ਚ ਉਤਾਰਿਆ। ਉਸ ਵਕਤ ਇਸ ਰੈਲੀ ਦਾ ਨਾਮ 'ਕੌਰੋਨੇਸ਼ਨ ਰੈਲੀ' ਹੋਇਆ ਕਰਦਾ ਸੀ, ਜਿਸਨੂੰ 1960 'ਚ 'ਈਸਟ ਅਫਰੀਕਨ ਸਫਾਰੀ ਰੈਲੀ' ਦੇ ਨਾਮ ਨਾਲ ਜਾਣਿਆ ਜਾਣ ਲੱਗ ਪਿਆ। ਫਿਰ 1973 'ਚ ਇਹ 'ਸਫਾਰੀ ਰੈਲੀ' ਹੋ ਗਈ। ਪਹਿਲੀਆਂ 'ਚ ਇਸ ਰੇਸ ਦੀ ਲੰਬਾਈ 3100 ਤੋਂ 4100 ਮੀਲ ਹੁੰਦੀ ਸੀ, ਜੋ ਕਿ ਕੀਨੀਆ ਤੋਂ ਤਨਜ਼ਾਨੀਆ ਅਤੇ ਯੂਗਾਂਡਾ ਤੱਕ ਜੰਗਲਾਂ, ਪਹਾੜੀਆਂ ਦਾ ਸਫਰ ਸੀ ਤੇ 1974 ਤੋਂ ਇਹ ਗਵਾਂਢੀ ਦੇਸ਼ਾਂ ਨਾਲ ਸਿਆਸੀ ਮਾਮਲਿਆਂ ਕਾਰਨ ਕੀਨੀਆ ਤੱਕ ਹੀ ਸੀਮਤ ਹੋ ਕੇ ਰਹਿ ਗਿਆ। 1968 'ਚ 93 ਕਾਰਾਂ ਦੇ ਬਾਊਟ ਚੋਂ ਕੇਵਲ 7 ਕਾਰਾਂ ਹੀ ਰੇਸ ਸਮਾਪਤ ਕਰ ਸਕੀਆਂ। ਜੋਗਿੰਦਰ ਕੀਨੀਆ ਦੀਆਂ ਬਰਸਾਤਾਂ ਅਤੇ ਪਹਾੜੀ ਇਲਾਕਿਆਂ 'ਦਾ ਊਭੜ-ਖਾਭੜ ਜੰਗਲੀ ਰਸਤੇ ਤੋਂ ਗੁਜ਼ਰਦੇ ਹੋਏ 5ਵੇਂ ਸਥਾਨ 'ਤੇ ਰਿਹਾ। ਹਾਲਾਂਕਿ ਜੋਗਿੰਦਰ ਦੀ ਕਾਰ ਚਿੱਕੜ ਵਿਚ ਵੀ ਫਸ ਗਈ ਸੀ, ਪਰ ਫਿਰ ਵੀ ਜੋਗਿੰਦਰ ਆਪਣੀ ਸੂਝ ਬੂਝ ਨਾਲ ਕਾਰ ਨੂੰ ਰੇਸ ਸਮਾਪਤੀ ਪੁਆਇੰਟ ਤੱਕ ਸਮੇਂ ਸਿਰ ਲੈ ਪਹੁੰਚਿਆ।
1971 ਦੀ ਰੈਲੀ ਰੇਸ ਦੌਰਾਨ ਜੋਗਿੰਦਰ ਦੀ ਫੌਰਡ ਐਸਕਾਰਟ ਦੇ ਗੀਅਰ ਬਾਕਸ 'ਚ ਕੋਈ ਸਮੱਸਿਆ ਆ ਗਈ। ਇਹੀ ਉਹ ਸਮਾਂ ਸੀ ਜਦੋਂ ਜੋਗਿੰਦਰ ਨੂੰ ਅਸਲ 'ਉਡਣੇ ਸਿੱਖ' ਦਾ ਖਿਤਾਬ ਮਿਲਿਆ। ਜੋਗਿੰਦਰ ਕੋਲ ਰੇਸ ਜਿੱਤਣ ਲਈ ਕੁਝ ਹੀ ਘੰਟੇ ਬਾਕੀ ਸਨ, ਉਸਨੇ ਆਪਣੀ ਕਾਰ ਨੂੰ ਪੇਚਕਸ ਨੂੰ ਗੀਅਰ ਲੀਵਰ ਦੀ ਵਰਤੋਂ ਕਰਦਿਆਂ ਰਿਵਰਸ ਗਿਅਰ 'ਚ ਪਾ ਕੇ ਤਿੰਨ ਮੀਲ ਦੂਰ ਬੈਠੇ ਆਪਣੇ ਸਰਵਿਸ ਕ੍ਰਿਊ ਕੋਲ ਲਿਜਾ ਖੜ੍ਹੀ ਕੀਤਾ। ਜੋਗਿੰਦਰ ਦਾ ਆਪਣੇ ਇਸ ਕਾਰਨਾਮੇ 'ਤੇ ਬਾਅਦ 'ਚ ਬਿਆਨ ਆਇਆ ਕਿ ਜਦੋਂ ਉਹ ਆਪਣੀ ਕਾਰ ਨੂੰ ਰਿਵਰਸ ਲਿਜਾ ਰਹੇ ਸੀ ਤਾਂ 70 ਹੋਰ ਕਾਰਾਂ ਉਨ੍ਹਾਂ ਦੀ ਤਰਫ ਨੂੰ ਗੋਲੀ ਵਾਂਗ ਆ ਰਹੀਆਂ ਸਨ। ਜਦੋਂ ਉਹ ਸਰਵਿਸ ਕ੍ਰਿਊ ਕੋਲ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਉਥੇ ਕ੍ਰਿਊ ਮੈਂਬਰ ਮੌਜੂਦ ਹੀ ਨਹੀਂ ਸਨ ਤੇ ਸਭ ਜਾ ਚੁੱਕੇ ਸਨ। ਉਥੇ ਉਸ ਵਕਤ ਸਿਰਫ 2 ਮੈਂਬਰ ਹੀ ਮੌਜੂਦ ਸਨ। ਇਸ ਸਾਰੀ ਕਾਰਵਾਈ ਦੌਰਾਨ ਜੋਗਿੰਦਰ ਦੇ ਭਰਾ ਜਸਵੰਤ ਵੀ ਉਨ੍ਹਾਂ ਦੇ ਨਾਲ ਹੀ ਸਨ। ਦੋਹਾਂ ਭਰਾਵਾਂ ਨੇ ਜੁਗਾੜ ਲਗਾ ਕੇ ਕਾਰ ਨੂੰ ਜਿਵੇਂ ਕਿਵੇਂ ਕਰ ਕੇ ਭੱਜਣ ਜੋਗੀ ਕਰ ਲਿਆ ਅਤੇ ਕਾਫੀ ਸਮਾਂ ਬਰਬਾਦ ਹੋਣ ਤੋਂ ਬਾਅਦ ਦੋਹਾਂ ਨੇ ਕਾਰ ਨੂੰ ਰੇਸ ਮੈਦਾਨ 'ਚ ਉਤਾਰ ਹੀ ਲਿਆ। ਇਸ ਸਮੇਂ ਜੋਗਿੰਦਰ ਤੇ ਜਸਵੰਤ ਦੀ ਕਾਰ 100ਵੇਂ ਨੰਬਰ 'ਤੇ ਸੀ। ਪਰ ਜੋਗਿੰਦਰ ਦੀ ਡਰਾਈਵਰੀ ਸਦਕਾ ਉਹ ਇੱਕ - ਇੱਕ ਕਰ ਕੇ ਗੱਡੀਆਂ ਨੂੰ ਪਛਾੜਦੇ ਗਏ। ਜਿਥੇ ਫੌਰਡ ਕਾਰ ਦੇ ਚੀਫ ਵੀ ਇਸ ਰੇਸ 'ਚ ਹਾਰ ਮੰਨ ਚੁੱਕੇ ਸਨ, ਉਥੇ ਹੀ ਜੋਗਿੰਦਰ ਸਿੰਘ ਨੇ ਫੌਰਡ ਨੂੰ ਤੀਸਰੇ ਸਥਾਨ 'ਤੇ ਲਿਆ ਕੇ ਰੇਸ ਖਤਮ ਕੀਤੀ। ਜੋਗਿੰਦਰ ਵੱਲੋਂ 1965 ਦੀ ਰੈਲੀ ਰੇਸ ਜਿੱਤਣ ਉਪਰੰਤ 1974 ਅਤੇ 1976 ਦੀ ਰੇਸ ਵਿਚ ਵੀ ਆਪਣੀ ਜਿੱਤ ਬਰਕਰਾਰ ਰੱਖੀ। ਜੋਗਿੰਦਰ ਨੇ ਈਸਟ ਅਫਰੀਕਨ ਰੈਲੀ ਚੈਂਪੀਅਨਸ਼ਿਪਾਂ ਕੀਨੀਆ, ਤਨਜ਼ਾਨੀਆ ਤੇ ਯੂਗਾਂਡਾ 'ਚ ਤਕਰੀਬਨ 60 ਜਿੱਤਾਂ ਦਰਜ ਕੀਤੀਆਂ ਤੇ 'ਸਦਰਨ ਕਰਾਸ ਰੈਲੀ ਅਸਟ੍ਰੇਲੀਆ' ਵਿਖੇ ਤਿੰਨ ਰੈਲੀ ਰੇਸਾਂ 'ਚ ਪਹਿਲੇ ਪੰਜ ਸਥਾਨਾਂ 'ਤੇ ਰਹਿ ਕੇ ਦੁਨੀਆ 'ਚ ਸਿੱਖਾਂ ਦੀ ਵਾਹ-ਵਾਹ ਕਰਾ ਦਿੱਤੀ। ਜੋਗਿੰਦਰ ਸਿੰਘ ਨੂੰ 1970 ਤੇ 1976 'ਚ ਕੀਨੀਆ ਦਾ 'ਸਪੋਰਟਸਮੈਨ ਆਫ ਦ ਈਅਰ' ਟਾਈਟਲ ਨਾਲ ਵੀ ਨਿਵਾਜ਼ਿਆ ਜਾ ਚੁੱਕਾ ਹੈ।
ਜੋਗਿੰਦਰ ਸਿੰਘ ਭੱਚੂ ਦਾ ਜਨਮ 9 ਫਰਵਰੀ 1932 ਨੂੰ ਕੀਨੀਆ 'ਚ ਹੀ ਹੋਇਆ। ਜੋਗਿੰਦਰ ਦੇ ਪਿਤਾ 1920 ਦੇ ਆਸ-ਪਾਸ ਪੰਜਾਬ, ਭਾਰਤ ਦੇ ਇੱਕ ਪਿੰਡ ਤੋਂ ਕੀਨੀਆ ਵਸ ਗਏ ਤੇ ਉਥੇ ਕਾਰ ਗੈਰਜ ਖੋਲ੍ਹ ਲਿਆ। ਜੋਗਿੰਦਰ ਹੁਰੀਂ 10 ਭੈਣ-ਭਰਾ ਸਨ ਤੇ ਜਿੰਨ੍ਹਾਂ 'ਚੋਂ ਇਹ ਸਭ ਤੋਂ ਵੱਡੇ ਸਨ। ਸਕੂਲ ਤੋਂ ਬਾਅਦ ਜੋਗਿੰਦਰ ਆਪਣੇ ਪਿਤਾ ਨਾਲ ਕਾਰ ਗੈਰੇਜ 'ਚ ਹੀ ਕੰਮ ਕਾਜ 'ਚ ਹੱਥ ਵਟਾਉਂਦਾ। 1958 'ਚ ਜੋਗਿੰਦਰ 'ਰਾਇਲ ਈਸਟ ਅਫਰੀਕਨ ਆਟੋਮੋਬਾਈਲ ਐਸੋਸੀਏਸ਼ਨ' ਲਈ ਪਹਿਲੇ ਪੈਟਰੋਲਮੈਨ ਬਣੇ। 26 ਸਾਲ ਦੀ ਉਮਰ ਤੱਕ ਜੋਗਿੰਦਰ ਨੇ ਮੋਟਰ ਸਪੋਰਟ 'ਚ ਹਿੱਸਾ ਨਹੀਂ ਸੀ ਲਿਆ । ਰੈਲੀ ਰੇਸ ਤੋਂ ਰਿਟਾਇਰ ਹੋਣ ਉਪਰੰਤ ਉਹ ਲੰਡਨ ਚਲੇ ਗਏ, ਫਿਰ ਉਹ ਆਪਣੇ ਬੱਚਿਆਂ ਕੋਲ ਕੈਲਗਰੀ, ਕੈਨੇਡਾ ਜਾ ਕੇ ਰਹਿਣ ਲੱਗੇ। ਆਖ਼ਰ ਉਨ੍ਹਾਂ ਦਾ ਅਕਤੂਬਰ 20, 2013 ਨੂੰ ਦੇਹਾਂਤ ਹੋ ਗਿਆ। ਜੋਗਿੰਦਰ ਸਿੰਘ ਭੱਚੂ ਭਾਵੇਂ ਸਰੀਰਕ ਤੌਰ 'ਤੇ ਦੁਨੀਆ 'ਚ ਨਹੀਂ ਰਹੇ, ਪਰ ਉਨ੍ਹਾਂ ਵੱਲੋਂ ਸਿੱਖ ਕੌਮ ਨੂੰ ਦਿੱਤੇ ਗਏ ਮਾਣ ਕਾਰਨ ਤਾ-ਉਮਰ ਦਿਲਾਂ 'ਚ ਜ਼ਿੰਦਾ ਰੱਖਿਆ ਜਾਵੇਗਾ। ਬਹੁਤ ਥੋੜ੍ਹੇ ਲੋਕਾਂ ਨੂੰ ਜੋਗਿੰਦਰ ਸਿੰਘ ਭੱਚੂ ਦੀ ਇਸ ਵੱਡੀ ਪ੍ਰਾਪਤੀ ਬਾਰੇ ਇਲਮ ਹੋਵੇਗਾ। ਵਿਦੇਸ਼ਾਂ 'ਚ ਜਾ ਕੇ ਉਥੋਂ ਦੀਆਂ ਖੇਡਾਂ 'ਚ ਆਪਣੀ ਘੱਟ ਗਿਣਤੀ ਕੌਮ ਦਾ ਨਾਮ ਰੁਸ਼ਨਾ ਦੇਣਾ, ਵਾਕਿਆ ਹੀ ਜੋਗਿੰਦਰ ਸਿੰਘ ਦੀ ਆਪਣੀ ਸਿੱਖ ਕੌਮ ਲਈ ਵੱਡੀ ਉਪਲਭਦੀ ਹੈ।
7 Jan 2018
-
ਯਾਦਵਿੰਦਰ ਸਿੰਘ ਤੂਰ, ਲੇਖਕ ਤੇ ਨਿਊਜ਼ ਐਡੀਟਰ ਬਾਬੂਸ਼ਾਹੀ
yadwinder12@gmail.com
9501582626
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.