ਅੱਜ ਦੇ ਰੋਜ਼ਾਨਾ ਅਜੀਤ ਚ ਮੇਰੇ ਮਿਹਰਬਾਨ ਫੋਟੋ ਕਲਾਕਾਰ ਬਟਾਲਾ ਵਾਲੇ ਸ: ਹਰਭਜਨ ਸਿੰਘ ਬਾਜਵਾ ਨੇ ਮੇਰੀ ਤਸਵੀਰ ਛਾਪੀ ਹੈ। ਲੋਕ ਸਾਹਿੱਤ ਦੇ ਪ੍ਰਥਮ ਖੋਜਕਾਰ, ਪੰਜਾਬੀ ਕਵੀ,ਕਹਾਣੀਕਾਰ , ਨਾਵਲਕਾਰ ਤੇ ਵਾਰਤਕ ਸਿਰਜਕ ਦੇਵਿੰਦਰ ਸਤਿਆਰਥੀ ਜੀ ਨਾਲ।
ਸਤਿਆਰਥੀ ਜੀ ਬੰਦੇ ਨਹੀਂ, ਦਰਿਆ ਸਨ, ਮਨ ਦੀ ਮੌਜ ਚ ਵਹਿਣ ਵਾਲੇ।
ਘਰੋਂ ਦਹੀਂ ਲੈਣ ਭੇਜਿਆ ਪਤਨੀ ਕ੍ਰਿਸ਼ਨਾ ਜੀ ਨੇ, ਲੋਕ ਗੀਤ ਲੱਭਣ ਚਲੇ ਗਏ। ਕਈ ਮਹੀਨੇ ਨਹੀਂ, ਕਈ ਸਾਲ ਨਾ ਪਰਤੇ।
ਪੁੱਤਰੀ ਪਾਰੁਲ ਬਾਰੇ ਲਿਖਣ ਵਾਲੇ
ਬਿਲਕੁਲ ਨਵਾਂ ਅਨੁਭਵ ਤੇ ਪ੍ਰਗਟਾਅ।
ਬਿਸਕੁਟ ਵਾਂਗੂੰ ਭੁਰ ਭੁਰ ਪੈਂਦੀ
ਪਾਰੁਲ ਦੀ ਮੁਸਕਾਨ।
ਸਤਿਆਰਥੀ ਜੀ ਹੌਲੀ ਹੌਲੀ ਬੋਲਦੇ। ਤੇਜ਼ ਕਦਮੀ ਤੁਰਦੇ ਵੀ ਨਾ। ਸੱਚਮੁੱਚ ਲੋਕਵੇਦ ਸਨ, ਭਰੇ ਭਕੁੰਨੇ। ਪੰਜਾਬੀ ਹੀ ਨਹੀਂ, ਅਨੇਕ ਭਾਸ਼ਾ ਗਿਆਨੀ। ਤੁਰਫਿਰ ਕੇ ਪੂਰਾ ਭਾਰਤ ਗਾਹਿਆ।
ਪੱਟੀ ਉਨ੍ਹਾਂ ਦੀ ਪਸੰਦੀਦਾ ਕਿਆਮਗਾਹ ਸੀ, ਨਿਰਮਲ ਅਰਪਨ ਜੀ ਕਾਰਨ।
ਜਿਸ ਸਮਾਗਮ ਦੀ ਇਹ ਤਸਵੀਰ ਹੈ, ਉਸ ਚ ਮੈਂ ਤੇ ਸ਼ਮਸ਼ੇਰ ਸਿੰਘ ਸੰਧੂ ਲੁਧਿਆਣਿਓਂ ਇਕੱਠੇ ਗਏ ਸਾਂ ਬਰਾਸਤਾ ਹਰੀ ਕੇ ਪੱਤਣ।
ਪੰਦਰਾਂ ਮਿੰਟ ਬੱਸ ਰੁਕੀ ਤੇ ਕੰਡਕਟਰ ਬੋਲਿਆ
ਭਾਊ !ਮੱਛੀ ਖਾ ਲਓ, ਹਰੀ ਕਿਆਂ ਨਾਲ ਦੀ ਨਹੀਂ ਜੇ ਜੁੜਨੀ।
ਸ਼ਮਸ਼ੇਰ ਨੇ ਮੈਨੂੰ ਪੁੱਛਿਆ!
ਇਹ ਜੁੜਨੀ ਕਿਉਂ ਕਹਿੰਦੈ?
ਮੈਂ ਕਿਹਾ ਕਿ ਸਾਡੇ ਵੱਲ ਜੁੜਨੀ ਦਾ ਅਰਥ ਮਿਲਣੀ ਹੈ।
ਅਸੀਂ ਅਜੇ ਜੱਕੋਤੱਕੀ ਵਿੱਚ ਹੀ ਸਾਂ ਕਿ ਖਾਈਏ ਜਾਂ ਨਾ ਖਾਈਏ, ਕੰਡਕਟਰ ਨੇ ਸੀਟੀ ਮਾਰ ਕੇ ਬੱਸ ਤੋਰ ਲਈ ਤੇ ਬੋਲਿਆ!
ਜੋ ਲੈ ਗਿਆ ਸੋ ਲੈ ਗਿਆ।
ਜੋ ਰਹਿ ਗਿਆ ਸੋ ਰਹਿ ਗਿਆ।
ਸਾਰੀ ਬੱਸ ਤਲੀ ਹੋਈ ਮੱਛੀ ਦੀ ਹਵਾੜ੍ਹ ਨਾਲ ਭਰੀ ਪਈ ਸੀ।
ਲੋਕ ਮੱਛੀ ਖਾ ਰਹੇ ਸਨ ਪਰ ਸਾਡੇ ਮੂੰਹ ਚ ਸਿਰਫ਼ ਪਾਣੀ ਸੀ।
ਹਰ ਨਿੱਕੇ ਵੱਡੇ ਨੂੰ ਰੱਜਵੀਂ ਮੁਹੱਬਤ ਕਰਦੇ। ਮੈਨੂੰ ਵੀ ਇਸ ਗੱਲ ਦਾ ਭਰਵਾਂ ਮਾਣ ਹੈ ਕਿ ਉਹ ਜਦ ਵੀ ਮਿਲਦੇ ਹਰ ਵਾਰ ਕੋਈ ਨਵੀਂ ਗੱਲ ਜਾਂ ਅਦਬੀ ਲਤੀਫ਼ਾ ਸੁਣਾਉਂਦੇ।
ਇੱਕ ਵਾਰ ਭਾਪਾ ਪ੍ਰੀਤਮ ਸਿੰਘ ਜੀ ਨਵਯੁਗ ਪਬਲਿਸ਼ਰਜ਼ ਕੋਲ ਮਿਲ ਗਏ। ਮੈਂ ਸ: ਪਿਆਰਾ ਸਿੰਘ ਸਹਿਰਾਈ ਜੀ ਨਾਲ ਉਸ ਦਿਨ ਉਨ੍ਹਾਂ ਦੇ ਹੌਜ ਖਾਸ ਦਿੱਲੀ ਵਾਲੇ ਘਰ ਰਾਤ ਰਹਿਣਾ ਸੀ।
ਤੁਰਨ ਲੱਗੇ ਤਾਂ ਹੱਸ ਕੇ ਬੋਲੇ
ਪੁੱਤਰ!
ਭਾਪਾ ਜੀ ਦੇ ਘਰ ਦੀ ਕੰਧ ਓਹਲੇ ਪਰਦੇਸ ਹੈ।
ਮੈਨੂੰ ਸਮਝ ਨਾ ਪਈ ਤਾਂ ਆਪ ਹੀ ਬੋਲੇ
ਦੂਸਰੇ ਪਾਸੇ ਪਿਛਵਾੜੇ ਅੰਮ੍ਰਿਤਾ ਪ੍ਰੀਤਮ ਦਾ ਘਰ ਹੈ। ਮੇਰੇ ਨਾਲ ਨਾਰਾਜ਼ ਹੈ।
ਬਹੁਤ ਪਾਰਦਰਸ਼ੀ ਸਨ ਸਤਿਆਰਥੀ ਜੀ।
ਉਨ੍ਹਾਂ ਦੀ ਇੱਕ ਕਵਿਤਾ ਚ ਟੁਕੜੀ ਸੀ।
ਕਾਹਦਾ ਕੁੜੀਏ ਗਿਆਨ ਵਿਵੇਕ
ਮਿੱਟੀ ਨੂੰ ਮਿੱਟੀ ਦਾ ਸੇਕ।
ਸ: ਹਰਭਜਨ ਸਿੰਘ ਬਾਜਵਾ ਨੇ ਅੱਜ ਕਈ ਕੁਝ ਚੇਤੇ ਕਰਵਾ ਦਿੱਤਾ।
ਗੁਰੂ ਨਾਨਕ ਖਾਲਸਾ ਕਾਲਿਜ ਫਾਰ ਵਿਮੈੱਨ ਮਾਡਲ ਟਾਉਨ ਲੁਧਿਆਣਾ ਵੱਲੋਂ ਇੱਕ ਵਾਰ ਸਤਿਆਰਥੀ ਜੀ ਦੇ ਨਾਲ ਹੀ ਮੈਨੂੰ ਵੀ ਸਨਮਾਨਿਤ ਕੀਤਾ ਸੀ। ਸਾਲ ਤਾਂ ਚੇਤੇ ਨਹੀਂ ਪਰ ਇਹ ਜ਼ਰੂਰ ਯਾਦ ਹੈ ਕਿ ਮੁੱਖ ਮਹਿਮਾਨ ਡਾ: ਜਸਪਾਲ ਸਿੰਘ ਸਨ ਜੋ ਉਦੋਂ ਗੁਜਰਾਲ ਸਰਕਾਰ ਨੇ ਕਿਸੇ ਦੇਸ਼ ਦੇ ਰਾਜਦੂਤ ਬਣਾਏ ਸਨ। ਮਗਰੋਂ ਵੀ ਸੀ ਬਣੇ ਪਟਿਆਲੇ।
ਕਾਲਿਜ ਪਰਧਾਨ ਸ: ਤਰਲੋਚਨ ਸਿੰਘ ਸਰਨਾ ਸਨ, ਦਿੱਲੀ ਵਾਲੇ ਸ: ਪਰਮਜੀਤ ਸਿੰਘ ਸਰਨਾ ਭਰਾਵਾਂ ਦੇ ਪਿਤਾ ਜੀ। ਮੇਰੇ ਅਧਿਆਪਕ ਪ੍ਰੋ: ਗੁਰਬੀਰ ਸਿੰਘ ਸਰਨਾ ਕਾਲਿਜ ਦੇ ਸਕੱਤਰ ਸਨ।
ਦੋਵੇਂ ਯਾਦ ਆ ਰਹੇ ਨੇ। ਸੱਜਣ ਮੈਂਡੇ ਰਾਂਗਲੇ।
ਸਤਿਆਰਥੀ ਜੀ ਦੇ ਬਹਾਨੇ ਬਾਜਵਾ ਜੀ ਨੇ ਕਿੰਨਾ ਕੁਝ ਯਾਦ ਕਰਵਾ ਦਿੱਤਾ।
ਯਾਦਾਂ ਕਿੱਥੇ ਮਰਦੀਆਂ ਨੇ।
ਕੁਝ ਸਮੇਂ ਲਈ ਅੱਗੜ ਪਿੱਛੜ ਹੋ ਜਾਂਦੀਆਂ ਨੇ।
ਗੁਰਭਜਨ ਗਿੱਲ
6.1.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.