ਨਾ ਇਹ ਕਵਿਤਾ ਕਵੀ ਦਰਬਾਰ ਪੁੱਜੀ ਤੇ ਨਾ ਇਸਦਾ ਰਚਣਹਾਰ ਕਿਸੇ ਇਨਾਮ ਸਮਾਰੋਹ ਦੀ ਸਟੇਜ ਤੱਕ ਅੱਪੜਿਆ।ਕੁਝ ਸਾਲ ਸਕੂਲਾਂ-ਕਾਲਜਾਂ ਦੇ ਕਵਿਤਾਮੁਕਾਬਲਿਆਂ ਤੇ ਨਾਟਕ ਮੇਲਿਆਂ 'ਚ ਗੂੰਜੀ।ਫਿਰ ਚੁੱਪ ਹੋ ਗਈ। ਹੁਣ ਤਾਂ ਕਈ-ਕਈ ਸਾਲ ਲੰਘ ਜਾਂਦੇ ਹਨ ਇਸਦਾ ਉਚਾਰਨ ਸੁਣਿਆਂ।
ਅਸਲ ਵਿੱਚ ਇਹ ਕਵਿਤਾ ਹੈ ਹੀ ਨਹੀ ਸੀ।ਬਲਕਿ ਸਿਰਫ 37 ਸਾਲਾਂ ਦੇ ਫਾਸਲੇ ਨਾਲ ਵਾਪਰੇ ਮਹਾਂਨਾਸਾਂ ਦਾ ਅਜਿਹਾ ਬਿਰਤਾਂਤ ਸੀ, ਜਿਸ ਵਿੱਚ ਹਰ ਧਿਰਜਿੱਤ ਗਈ ਸੀ, ਸਿਵਾਏ "ਪਾਗਲ ਪੰਜੋ" 'ਚ ਤਬਦੀਲ ਹੋਈ "ਪੰਜਾਬ ਕੌਰ" ਦੇ।
1984 ਦੀ ਦਿੱਲੀ ਹਾਲੇ ਸੁਲਗ ਰਹੀ ਸੀ। ਸੜਦੇ ਟਾਇਰਾਂ ਚੋਂ ਨਿਕਲਦੇ ਧੂਏਂ ਦੀ ਕਾਲਖ ਨਾਲ ਅਸਮਾਨ ਹਾਲੇ ਗੰਧਲਾ ਸੀ।ਉਹਨਾਂ ਦਿਨਾਂ 'ਚ ਦਿੱਲੀ ਤੋਂਆਉਂਦੀਆਂ ਗਰਮ ਹਵਾਵਾਂ ਨਾਲ ਸਹਿਮਕੇ ਬਰਨਾਲੇ ਜਿਲੇ ਦੇ ਪਿੰਡ ਭੱਠਲਾਂ ਦੇ ਮਿੰਦਰਪਾਲ ਨੇ ਇਹ ਕਵਿਤਾ ਲਿਖੀ ਸੀ। ਉਨਵਾਨ ਸੀ -- "ਪੰਜੋ ਰਫੂਜਣ"।
ਮੈਂ ਇਹ ਕਵਿਤਾਂ ਪੰਜਵੀਂ ਜਮਾਤ 'ਚ ਪੜ੍ਹਦੇ ਨੇ ਸਕੂਲ 'ਚ ਪੜ੍ਹੀ ਸੀ।ਸਕੂਲ ਦੀ ਇੱਕ ਅਧਿਆਪਕਾ ਲਾਇਲਪੁਰ (ਪਾਕਿਸਤਾਨ) ਤੋਂ ਉੱਜੜਕੇ ਆਏ ਪਰਿਵਾਰ ਚੋਂਸੀ।ਕਵਿਤਾ ਖਤਮ ਹੁੰਦੇ ਸਾਰ ਅਧਿਆਪਕਾ ਫੁੱਟ ਪਈ।ਰੋਂਦੀ-ਰੋਂਦੀ ਨੇ ਪੰਜਾਹ ਦਾ ਨੋਟ "ਇਨਾਮ" ਦਿੱਤਾ ਤੇ ਘੁੱਟ-ਘੁੱਟ ਪਾਗਲਾਂ ਵਾਂਗ ਪਿਆਰ ਦੇਣ ਲੱਗੀ। ਉਦੋਂਮੈਂ ਹੈਰਾਨ ਹੋਇਆ ਉਸ ਵੱਲ ਤੱਕਦਾ ਰਿਹਾ ਸੀ। ਪਰ ਅੱਜ-ਕੱਲ ਜਦੋਂ 70 ਸਾਲ ਪੁਰਾਣੀਆਂ ਹੱਲਿਆਂ ਵੇਲੇ ਆਪਣੇ ਸਭ ਕੁਝ ਲੁਟਾ ਕੇ ਤੁਰੇ ਆ ਰਹੇ ਕਾਫਲਿਆਦੀਆਂ ਤਸਵੀਰਾਂ ਨਜ਼ਰੀਂ ਪੈਂਦੀਆ ਹਨ, ਤਾਂ "ਪੰਜੋ ਰਫੂਜਣ" ਦੇ ਵੈਣ ਕਤਲੋਗਾਰਦ ਦੇ ਉਹਨਾ ਪਲਾਂ ਦੀ ਤਸਵੀਰ ਸਾਹਮਣੇ ਲੈ ਆਉਂਦੇ ਹਨ, ਜਿਹਨਾਂ ਪਲਾਂਦੌਰਾਨ ਧਾਰਮਿਕ ਬੁਰਛਾਗਰਦੀ ਦੇ ਦੋ ਨਵੇਂ ਅਧਿਆਏ ਰਚੇ ਗਏ ਸਨ। ਤੇ ਕਵਿਤਾਂ ਪੜ੍ਹਨ ਤੋਂ ਲਗਭਗ ਵੀਹ ਵਰਿਆਂ ਬਾਅਦ ਮੈਨੂੰ ਅਹਿਸਾਸ ਹੁੰਦਾ ਹੈ, ਕਿਲਾਇਲਪੁਰ ਦੀ ਉਸ 'ਰਫੂਜਣ' ਅਧਿਆਪਕਾ ਦੀ "ਪੰਜੋ ਰਫੂਜਣ" ਨਾਲ ਸਾਂਝ ਕਿੰਨੀ ਡੂੰਘੀ ਸੀ।
ਮਿੰਦਰਪਾਲ ਦੱਸਦਾ ਹੈ ਕਿ ਦਿੱਲੀ ਦੰਗਿਆਂ ਤੋਂ ਕਈ ਦਿਨ ਬਾਅਦ ਤੱਕ ਇਸ ਕਵਿਤਾ ਅੰਦਰਲੀ ਕਹਾਣੀ ਉਸ ਅੰਦਰ ਰੜਕਦੀ ਰਹੀ। ਪਰ ਜਦ ਉਹ ਲਿਖਣਬੈਠਦਾ ਤਾ ਉਸ ਅੰਦਰਲਾ ਕਵੀ ਦਿੱਲੀ ਨਾ ਰੁਕਦਾ, ਬਲਕਿ ਲਾਇਲਪੁਰ ਚਲਿਆ ਜਾਂਦਾ। ਉਹ 1984 ਦੀ ਥਾਂ 1947 ਜਾ ਪਹੁੰਚਦਾ। ਸਗੋਂ 1947 ਤੋਂ ਵੀਪਿਛਾਂਹ ਜਾਂਦਾ ਤੇ ਲਾਇਲਪੁਰ ਟੱਪ ਪਹੁੰਚ ਜਾਂਦਾ ਉਸ "ਪੰਜਾਬ ਕੌਰ" ਦੇ ਪਿੰਡ, ਜਿਸਦਾ ਜਲੌਅ ਉਸਨੂੰ 1947 ਤੋਂ ਪਹਿਲਾਂ ਦੇ ਪੰਜਾਬ ਵਰਗਾ ਜਾਪਦਾ। ਤੇਪੰਜ ਦਰਿਆਵਾਂ ਦੀ ਲਾਡਲੀ ਉਸ ਧਰਤੀ ਦੀ ਪਹਿਚਾਣ ਉਹ "ਪੰਜਾਬ ਕੌਰ" ਦੇ ਰੂਪ 'ਚ ਕੁਝ ਇਸ ਤਰਾਂ ਕਰਵਾਉਂਦਾ --
ਅਸਲ ਵਿੱਚ ਉਸਦਾ ਨਾਂ ਪੰਜਾਬ ਕੌਰ ਸੀ,
ਜਦ ਉਹ ਨੂਰਾਂ ਤੇ ਪਾਰਬਤੀ ਸੰਗ ਮਿਲਕੇ ਉੱਚੀ ਹੇਕ ਲਾਉਂਦੀ,
ਗਿੱਧਿਆਂ ਵਿੱਚ ਧਮਾਲ ਪਾਉਂਦੀ,
ਤਾਂ ਕਾਬਲ-ਕੰਧਾਰ ਤੱਕ ਧਰਤੀ ਹਿੱਲਦੀ,
ਤੇ ਮਹਾਰਾਣੀ ਵਿਕਟੋਰੀਆ ਦੇ ਦਰਬਾਰ ਵਿੱਚ ਸ਼ਿਕਾਇਤਾਂ ਜੁੜਦੀਆਂ।
ਜਦ ਉਹ ਤੜਕੇ ਉਠਕੇ ਦੁੱਧ ਰਿੜਕਦੀ,
ਤਾਂ ਰਿੜਕੀ ਜਾਂਦੀ ਹਿੱਕ ਜ਼ੈਲਦਾਰ ਦੀ,
ਜਦੋਂ ਉਹ ਖੇਤੋਂ ਭੱਤਾ ਦੇ ਕੇ ਪਰਤਦੀ,
ਤਾਂ ਪਰੇਡ ਕਰਦੇ ਫੌਜੀਆਂ ਨੂੰ ਉਹਦੀ ਤੌਰ ਰੜਕਦੀ।
ਕਿਸੇ ਪੱਛਿਆ "ਨੂਰਾਂ" ਕਿਉ? "ਪਾਰਬਤੀ" ਕਿਉੁਂ? ਤਾਂ ਉਸਦਾ ਜਵਾਬ ਸੀ "ਮੈ ਪੰਜਾਬ ਦੀ ਕਵਿਤਾ ਲਿਖਣ ਬੈਠਾ ਸਾਂ। ਪੰਜਾਬ ਕੌਰ ਦੇ ਬਲਾਤਕਾਰਾਂ ਦੀਕਹਾਣੀ ਤਾਂ ਸੁਣਾ ਜਾਂਦਾ, ਪਰ ਨੂਰਾਂ ਦੇ ਵੱਢੇ ਹੋਏ ਸਿਰ ਦੇ ਸਾਈਂ ਦਾ ਫਿਕਰ ਤੱਕ ਨਾ ਕਰਦਾ? ਇਹ ਮੈਥੋਂ ਕਿਵੇਂ ਹੋ ਸਕਣਾ ਸੀ?"
ਇਸੇ ਲਈ ਜਦ ਅੱਲਾ-ਹੂ-ਅਕਬਰ ਦੀ ਉੱਚੀ ਹੋ ਰਹੀ ਆਵਾਜ਼ ਪਹਿਲੀ ਵਾਰ ਪੰਜਾਬ ਕੌਰ ਦੇ ਝੁਮਕਿਆਂ ਨੂੰ ਪਾਸੇ ਕਰ ਉਹਦੇ ਕੰਨੀਂ ਪੈਂਦੀ ਹੈ, ਤਾਂ ਕਵਿਤਾਅਗਲਾ ਕਦਮ ਕੁਝ ਇਸ ਤਰਾਂ ਰੱਖਦੀ ਹੈ--
ਦਰਵਾਜ਼ਾ ਖੁੱਲਦੇ ਹੀ ਉਹਦੇ ਸੰਧੂਰ 'ਚ ਲਿੱਬੜ ਗਈ,
ਮਿਸਟਰ ਜਿਨ੍ਹਾਹ ਦੀ ਤਾਜ਼ੀ ਤਕਰੀਰ।
ਤੇ ਨੂਰਾਂ ਦਾ ਵੱਢਿਆ ਹੋਇਆ ਸਿਰ ਦਾ ਸਾਈਂ,
ਬੱਦਲਾਂ ਚੋਂ ਲੱਭ ਰਿਹਾ ਸੀ,
ਮਾਸਟਰ ਤਾਰਾ ਸਿੰਘ ਦੀ ਤਸਵੀਰ।
ਖੈਰ। ਵੰਡ ਹੁੰਦੀ ਹੈ। ਪੰਜਾਬ ਕੌਰ ਬਚ ਤਾਂ ਜਾਂਦੀ ਹੈ। ਪਰ ਸਿਰਫ "ਪੰਜਾਬੋ" ਰਹਿ ਜਾਂਦੀ ਹੈ। ਨਹਿਰ ਲਾਗਲੀਆਂ ਬਟੇਰਾਂ 'ਚ ਜਾ ਲੁਕਦੀ ਹੈ।ਤੇ ਇਹਨਾਂਬਟੇਰਾਂ ਚੋਂ ਕਵੀ ਉਹ ਸਤਰਾਂ ਲੱਭ ਲਿਆਉਦਾਂ ਹੈ, ਜਿੰਨ੍ਹਾਂ ਤਿੰਨੇ ਧਰਮਾਂ ਦੇ ਆਲੰਬਰਦਾਰਾਂ ਨੂੰ ਰਹਿੰਦੇ ਵਰ੍ਹਿਆਂ ਤੱਕ ਸ਼ਰਮਸ਼ਾਰ ਕਰੀ ਜਾਣਾ ਹੈ –
ਉਹਦੇ ਪੇਟ ਅੰਦਰਲਾ ਬੱਚਾ
ਹੱਥ ਬੰਨ੍ਹ-ਬੰਨ੍ਹ ਕੇ ਮਿੰਨਤਾ ਕਰਦਾ ਰਿਹਾ,
ਓ ਬਦਲ-ਬਦਲ ਕੇ ਆ ਰਹੇ ਬਲਾਤਕਾਰੀਆਂ ਦੇ ਸਾਹਮਣੇ,
ਕਿ ਓ ਆਦਮੀ ਦੇ ਪੁੱਤੋ
ਜੇ ਇਹਦਾ ਨਹੀਂ, ਤਾਂ ਮੇਰਾ ਤਾਂ ਕੁਝ ਤਰਸ ਕਰੋ,
ਪਰ ਓਸ ਵੇਲੇ ਉਥੇ ਆਦਮੀਂ ਦਾ ਪੁੱਤ ਕੋਈ ਵੀ ਨਹੀਂ ਸੀ
ਬਸ ਸ਼ੈਤਾਨ ਹੀ ਸ਼ੈਤਾਨ ਸਨ
ਜਾਂ ਹਿੰਦੂ ਸਨ
ਜਾਂ ਸਿੱਖ ਸਨ
ਤੇ ਜਾਂ ਫਿਰ ਮੁਸਲਮਾਨ ਸਨ।
ਅਗਲੇ ਵਰਿਆਂ 'ਚ "ਪੰਜਾਬੋ" ਨਾਲ ਚੰਗੀ-ਮਾੜੀ ਜੋ ਬੀਤੀ ਉਹ ਇੱਕ ਪਾਸੇ, ਕਵਿਤਾ ਇੱਥੇ ਮੁੱਕਦੀ ਹੈ ਕਿ ਲਾਡ-ਚਾਵਾਂ ਨਾਲ ਪਾਲਿਆ "ਪੰਜਾਬੋ" ਦਾ"ਕਰਤਾਰਾ" ਪੁੱਤ ਜਵਾਨ ਹੋਕੇ ਟਰੱਕ ਡਰਾਇਵਰ ਬਣ ਜਾਂਦਾ ਹੈ। "ਪੰਜਾਬੋ" ਨੂੰ ਇੱਕ ਵਾਰ ਫਿਰ ਲਾਇਲਪੁਰ 'ਚ ਵਗੀਆਂ ਹਵਾਵਾਂ ਦੀ ਹਮਕ ਆਉਂਦੀ ਹੈ।"ਮਾਸਟਰ ਤਾਰਾ ਸਿੰਘ ਤੇ ਮਿਸਟਰ ਜਿਨਾਂਹ ਵਰਗੇ ਭੂਤ ਭਾਂਤ-ਸੁਭਾਂਤੇ ਲੀਡਰ ਬਣ-ਬਣ-ਧਮਕਣ ਲੱਗਦੇ ਹਨ"। 1984 ਵਾਪਰਦਾ ਹੈ। ਕਰਤਾਰਾ ਪੁੱਤਅੱਗ ਲੱਗੇ ਟਰੱਕ ਵਿੱਚ ਹੀ ਸੜ ਜਾਂਦਾ ਹੈ। "ਪੰਜਾਬੋ" ਮਹਿਜ਼ "ਪੰਜੋ ਰਫੂਜਣ" ਰਹਿ ਜਾਂਦੀ ਹੈ ਤੇ ਪੁੱਤ ਦੇ ਕਤਲ ਦੀ ਖਬਰ ਸੁਣ ਪਾਗਲ ਹੋ ਜਾਂਦੀ ਹੈ।
ਮੇਰਾ ਇਹ ਵਿਸ਼ਵਾਸ਼ ਹੈ ਕਿ ਕੋਈ ਵਿਰਲਾ ਹੀ ਪੰਜਾਬੀ ਹੋਵੇਗਾ, ਜਿਹਨੇ ਆਪਣੇ ਵਡੇਰਿਆ ਤੋਂ ਵੰਡ 'ਚ ਹੋਈ ਵੱਢ-ਟੁੱਕ ਦੇ ਵਾਕਿਆਤ ਤਾਂ ਸੁਣੇ ਹੋਣ, ਪਰਜਿਹਦਾ "ਪੰਜੋ ਰਫੂਜਣ" ਸੁਣਕੇ ਗੱਚ ਨਾ ਭਰੇ। ਇਸ ਕਵਿਤਾ ਦੀ ਹਰ ਸਤਰ ਪੜ੍ਹਨ ਵਾਲੇ ਨੂੰ ਖੌਫਜ਼ਦਾ ਕਰਦੀ ਹੈ। ਇੰਜ ਲੱਗਦਾ ਹੈ ਕਿ ਬਲਾਤਕਾਰ ਤੇਕਤਲ ਤੁਹਾਡੇ ਸਾਹਮਣੇ ਵਾਪਰ ਰਹੇ ਹੋਣ। ਤੇ ਜੇ ਕਿਧਰੇ ਕੋਈ ਸ਼ਿਦਤ ਨਾਲ ਹੋ ਰਿਹਾ ਇਸਦਾ ਉਚਾਰਣ ਸੁਣ ਲਵੇ, ਤਾਂ ਸੁਣਨ ਵਾਲਾ ਭਰੀ ਭੀੜ 'ਚ ਡੁਸਕਣਲੱਗ ਸਕਦਾ ਹੈ।ਲਾਇਲਪੁਰੋਂ ਆਈ ਮੇਰੇ ਸਕੂਲ ਦੀ ਉਸ ਅਧਿਆਪਕਾ ਵਾਂਗ।
"ਪੰਜਾਬ ਕੌਰ" ਦੀ ਕਹਾਣੀ ਦਾ "ਮਿਆਣਾ ਗੋਂਦਲ ਦਾ ਢੋਲਾ" ਵਾਲੀ ਜੱਨਤ ਬੀਬੀ, ਆਪਣੀ "ਫਾਤਿਮਾ" ਤੋਂ ਵਿੱਛੜ ਜਾਣ ਤੋਂ ਬਾਅਦ "ਸੱਜਣ ਸਿੰਘ" 'ਚਤਬਦੀਲ ਹੋਏ "ਮੁਨਸ਼ੀ ਖਾਨ" ਜਾਂ ਵੰਡ ਤੋਂ ਬਾਅਦ ਵਾਰਸ ਸ਼ਾਹ ਨੂੰ ਦੁਹਾਈਆਂ ਪਾ ਰਹੀ ਹੀਰ ਨਾਲ ਕੀ ਮੇਲ ਹੈ, ਇਹ ਤਾਂ ਪੜ੍ਹਨ ਵਾਲੇ ਖੁਦ ਆਪ ਸਮਝਣ।ਪਰ ਉਸਦੀ ਤ੍ਰਾਸਦੀ ਵੱਖਰੀ ਜ਼ਰੂਰ ਹੈ। ਕਿਉਂ ਜੋ ਉਸਦਾ ਅੰਤ 1947 'ਚ ਨਹੀਂ ਹੁੰਦਾ।ਤਾਰਾ ਸਿੰਘ ਤੇ ਜਿਨ੍ਹਾਹ ਦੀ ਉਹ ਨਾਮ ਲੈ-ਲੈ ਸਿਆਣ ਕਰਦੀ ਹੈ। ਉਸਮੁਤਾਬਕ ਇਹ ਬੰਦੇ 1984 'ਚ ਵੀ ਦੁਬਾਰਾ ਦਿਖਦੇ ਹਨ। ਹੋਰ ਤਾਂ ਹੋਰ, ਵਿਅਕਤੀਗਤ ਸਦਮੇ ਤੋਂ ਪਾਰ ਹੁੰਦੀ ਹੋਈ, ਉਹ ਆਪਣਾ ਸਭ ਕੁਝ ਲੁਟਾ ਲੈਣ ਤੋਂਬਾਅਦ ਵੀ ਉਸ ਸ਼ੈਅ ਦੀ ਭਾਲ 'ਚ ਹੈ, ਜਿਸਨੇ ਉਸਦੀ ਹੋਣੀ ਦਾ ਨਿਰਣਾ ਕੀਤਾ ਹੈ। ਉਹਨੂੰ "ਰਾਜਧਾਨੀ" ਆਪਣੀ ਦੁਸ਼ਮਣ ਲੱਗਦੀ ਹੈ। ਇਸੇ ਲਈ ਕਵਿਤਾਕੁਝ ਇੰਝ ਮੁੱਕਦੀ ਹੈ –
ਭੈਣੋਂ ਨੀ। ਅੱਜ ਤੋਂ ਮੈ ਪੰਜਾਬ ਕੌਰ ਤੋਂ ਸਿਰਫ ਪੰਜੋ ਰਹਿ ਗਈ,
ਮੇਰਾ ਪਿਛਲਾ 'ਬ' ਪਿਛਲੀ ਉਮਰੇ ਰਾਜਧਾਨੀ ਲੈ ਗਈ,
ਹੋ ਸਕੇ ਤਾਂ ਮੇਰੇ ਲਈ ਐਨਾਂ ਹੀ ਬਸ ਕਰ ਦਿਓ,
ਉਸ ਸ਼ੈਤਾਨ ਦੀ ਟੂਟੀ ਦਾ ਜ਼ਰਾ ਕੁ ਪਤਾ ਕਰ ਦਿਓ,
ਜਿਸ ਵਿਚੋਂ ਨਿਕਲਦੇ ਖੂਨ ਨੇ ਮੈਨੂੰ ਲੂਣ ਵਾਂਗ ਖੋਰ ਕੇ,
ਪੰਜਾਬ ਕੌਰ ਤੋਂ ਪੰਜੋ ਬਣਾ ਛੱਡਿਆ ਹੈ,
ਤੇ ਮੇਰਾ ਦੋ ਪੁਸ਼ਤਾਂ ਦਾ ਲਹੂ ਪਾਣੀ ਵਾਂਗ ਵਹਾ ਛੱਡਿਆ ਹੈ,
ਫਿਰ ਮੈਂ ਜਾਣਾ, ਸੋ ਮੈ ਜਾਣਾ
ਪਿੰਡ ਵਿਚ ਖਬਰ ਇਹ ਫੈਲ ਗਈ ਹੈ
ਕਿ ਪੰਜੋ ਰਫੂਜਣ ਪਾਗਲ ਹੋ ਗਈ ਹੈ,
ਕਿ ਪੰਜੋ ਰਫੂਜਣ ਪਾਗਲ ਹੋ ਗਈ ਹੈ ।
ਮਿੰਦਰਪਾਲ ਦਾ ਪਹਿਲਾ ਕਵਿਤਾ ਸੰਗ੍ਰਿਹ "ਦਿੱਲੀ ਦਾ ਰੰਗ" 1979 'ਚ ਛਪਿਆ।ਇਸੇ ਕਿਤਾਬ 'ਚ "ਪੁਰਜੇ" ਨਾਂ ਦੀ ਮਕਬੂਲ ਕਵਿਤਾ ਸ਼ਾਮਲ ਸੀ।ਇਹਕਵਿਤਾ ਭਾਰਤੀ ਸਿਖਿਆ ਪ੍ਰਣਾਲੀ 'ਤੇ ਮਾਰੀ ਵਿਅੰਗਾਤਮਕ ਚੋਟ ਸੀ, ਜਿਸ ਵਿੱਚ ਮਿੰਦਰਪਾਲ ਨੇ ਕਾਲਜਾਂ-ਯੂਨੀਵਰਸਿਟੀਆਂ ਚੋ ਪਾਸ ਹੁੰਦੇ ਵਿਦਿਆਰਥੀਆਂਦੀ ਤੁਲਨਾਂ ਉਹਨਾਂ "ਅਣਫਿੱਟ" ਪੁਰਜਿਆਂ ਨਾਲ ਕੀਤੀ ਸੀ, ਜੋ ਕਿਸੇ ਚੰਗੀ ਮਸ਼ੀਨ ਵਿੱਚ ਫਿਟ ਨਹੀ ਹੁੰਦੇ ਤੇ ਜਿੰਨਾਂ ਨੂੰ ਸਿਕਲੀਗਰ ਖਰੀਦਕੇ ਅਖੀਰ ਬੱਠਲਾਂ'ਚ ਢਾਲ ਲੈਂਦੇ ਹਨ।ਇਸ ਕਿਤਾਬ 'ਚ ਸ਼ਾਮਲ "ਦਿੱਲੀ ਦਾ ਰੰਗ", "ਗਾਂਧੀ ਬੇਨਕਾਬ" ਤੇ "ਬਾਬਲੇ ਨੂੰ ਚਿੱਠੀਆਂ" ਕਵਿਤਾਵਾਂ ਵੀ ਸ਼ਾਮਲ ਸਨ।
ਭਾਵੇਂ ਕਿ "ਪੰਜੋ ਰਫੂਜਣ" 1984 'ਚ ਦਿੱਲੀ ਦੰਗਿਆਂ ਤੋਂ ਪਹਿਲਾਂ ਵਾਪਰੀਆਂ ਘਟਨਾਵਾਂ ਬਾਰੇ ਚੁੱਪ ਸੀ, ਪਰ ਅਗਲੇ ਸਾਲਾਂ ਦੌਰਾਨ ਮਿੰਦਰਪਾਲ ਨੇ ਆਮਲੋਕਾਂ ਨੂੰ ਪੁਲੀਸ ਤਸ਼ੱਦਦ ਤੇ ਦਹਿਸ਼ਤਗਰਦੀ ਦੇ ਪੁੜਾਂ ਵਿੱਚ ਪਿਸਦੇ ਤੱਕਿਆ।
"ਕੋਰਾ ਕੁੱਜਾ" ਲੋਕ ਗੀਤ ਦਾ ਸਹਾਰਾ ਲੈ ਉਹ ਸੰਤਾਲੀਆਂ ਚੁੱਕੀ ਖਾੜਕੂ ਨੌਜਵਾਨਾਂ ਨੂੰ ਇੰਜ ਸੁਨੇਹਾ ਦਿੰਦਾ
ਕੋਰਾ ਕੋਰਾ ਕੁੱਜਾ ਨੀਂ ਠੰਢਾ ਠਾਰ ਪਾਣੀ
ਸਾਡੇ ਗਲ 'ਚ ਅਟਕਦਾ ਜਾਂਵਦਾ ਈ।
ਰੋਕੀਂ ਰੋਕੀਂ ਨੀ ਸੱਸੇ ਪੁੱਤ ਆਪਣੇ ਨੂੰ,
ਉਹਨੂੰ ਜੰਗ ਨਾ ਲੜਦਾ ਆਂਵਦਾ ਈ।
ਉਹਦੀ ਕਿਰਤ ਜਹਾਜੀ ਸਵਾਰ ਹੋਈ,
ਉਹ ਬੱਸੋਂ ਸਵਾਰੀਆਂ ਲਾਂਹਵਦਾ ਈ।
ਜਿਥੇ ਹੱਕ ਤੇ ਸੱਚ ਦੀ ਲ੍ਹਾਮ ਲੱਗੀ,
ਉਥੇ ਕਾਹਤੋਂ ਨਾ ਸੂਰਮਾ ਜਾਂਵਦਾ ਈ।
ਜੇ ਉਸ ਤੋਂ ਵੰਡ ਬਾਰੇ ਹੋਰ ਕਵਿਤਾਵਾਂ ਪੁੱਛੋ ਤਾਂ ਉਹ ਕਹਿੰਦਾ ਹੈ ਕਿ ਅਮ੍ਰਿਤਾ ਪ੍ਰੀਤਮ ਦੀ "ਅੱਜ ਆਖਾਂ ਵਾਰਸ ਸ਼ਾਹ ਨੂੰ" ਵੰਡ ਦੇ ਦੁਖਾਂਤ ਨੂੰ ਬਿਆਨਦੀ ਸਭਤੋਂ ਪਿਆਰੀ ਰਚਨਾ ਹੈ। ਉਹ ਆਖਦੈ, "ਇਹ ਇੱਕ ਔਰਤ ਦੀ ਵਾਰਸ ਸ਼ਾਹ ਨੂੰ ਦਿੱਤੀ ਦੁਹਾਈ ਸੀ। ਔਰਤ ਦੀ ਹੂਕ ਵਿਚਲਾ ਦਰਦ ਰਹਿੰਦੇ ਵਰਿਆਂ ਤੱਕਸਤਾਉਂਦੈ।"
ਪਰ ਇੱਕ ਦੁਹਾਈ ਉਹਨੇ ਆਪ ਵੀ ਵਾਰਸ ਸ਼ਾਹ ਨੂੰ ਮਾਰੀ ਸੀ।"ਪੰਜੋ ਰਫੂਜਣ" ਲਿਖਣ ਤੋਂ 1-2 ਸਾਲ ਬਾਅਦ, ਜਦ ਹਰ ਰੋਜ਼ ਕੋਈ "ਕਰਤਾਰਾ" ਪੁੱਤ ਕਤਲਹੁੰਦਾ ਸੀ --
ਯਾਰ ਵਾਰੇ ਸ਼ਾਹਾ
ਅੱਜ ਤੈਨੂੰ ਕਿਹੜੇ ਮੂੰਹ ਨਾਲ ਆਖਾਂ
ਕਿ ਤੂੰ ਕਬਰਾਂ ਵਿੱਚੋਂ ਬੋਲੇਂ।
ਤਖਤ ਹਜ਼ਾਰੇ 'ਚ ਮੋਟਰਸਾਇਕਲ ਇੰਜ ਘੁੰਮਦੇ ਨੇ
ਕਰੰਗਾਵਾੜੀ 'ਚ ਜਿਉਂ ਕੁੱਤੇ।
ਸੈਦਾ ਖੇੜਾ ਸੀ.ਆਰ.ਪੀ 'ਚ ਭਰਤੀ ਹੋ ਗਿਆ ਹੈ,
ਹੀਰ ਬਲਾਤਕਾਰੀਆਂ ਤੋਂ ਡਰਦੀ
ਚੂਚਕ ਦੇ ਘਰੋਂ ਬਾਹਰ ਨਾ ਨਿਕਲੇ
ਤੇ ਧੀਦੋ ਰਾਂਝਾ ਭੁਖਣ ਭਾਣਾ
ਬੇਲਿਆਂ 'ਚ ਭੌਂਦਾ ਫਿਰਦੈ।
"ਪੰਜੋ ਰਫੂਜਣ" ਦੀ ਕਹਾਣੀ ਨੂੰ ਕਵਿਤਾ ਦਾ ਰੂਪ ਦੇਣ ਵਾਲਾ ਕਵੀ ਇਸ ਕਦਰ ਅਣਗੋਲਿਆ, ਸਿੱਧਾ-ਸਾਦਾ, ਚੁੱਪ-ਚੁਪੀਤਾ ਤੇ ਸੰਗਾਊ ਹੈ, ਕਿ ਕਵੀਤਾ ਲਿਖੇਜਾਣ ਤੋਂ ਲੱਗਭਗ ਵੀਹ ਸਾਲ ਬਾਅਦ ਤੱਕ ਵੀ ਨਾ ਤਾ ਉਹਨੇ ਆਪ ਇਸਨੂੰ ਕਿਸੇ ਕਿਤਾਬ 'ਚ ਛਪਵਾਉਣ ਦਾ ਤਹੱਈਆ ਕੀਤਾ ਤੇ ਨਾ ਕਿਸੇ ਪ੍ਰਕਾਸ਼ਕ ਨੇਉਹਦੇ ਦਰਾਂ ਤੇ ਪੈਰ ਰੱਖਿਆ।ਉਹ ਦੱਸਦਾ ਹੈ, "ਸ਼ਾਇਦ ਇੱਕ-ਅੱਧ ਰਾਜਨੀਤਕ ਰਸਾਲੇ 'ਚ ਕਿਸੇ ਵੇਲੇ ਛਪੀ ਸੀ। 1990ਵਿਆਂ ਦੇ ਨੇੜੇ-ਤੇੜ। ਪਰ ਕਿਸੇਕਿਤਾਬ ਦਾ ਹਿੱਸਾ ਨਾ ਬਣੀ"।ਅਖੀਰ 2006 'ਚ, "ਪੰਜੋ ਰਫੂਜਣ" ਉਹਦੇ ਦੂਜੇ ਕਾਵਿ ਸੰਗ੍ਰਿਹ "ਖੇਤਾਂ ਦੀ ਬੁੱਕਲ 'ਚ" ਸ਼ਾਮਲ ਹੋਈ।
ਉਹ ਬੜੀ ਹਲੀਮੀਂ ਨਾਲ ਸਵੀਕਾਰਦਾ ਹੈ ਕਿ "ਪੰਜੋ ਰਫੂਜਣ" ਕੋਈ ਬਹੁਤਾ ਵੱਡਾ ਰੁਤਬਾ ਹਾਸਲ ਨਾ ਕਰ ਸਕੀ।ਕਾਰਨ ਉਹਨੂੰ ਆਪ ਨੂੰ ਵੀ ਨਹੀ ਪਤਾ।"ਸ਼ਾਇਦ ਮੈਂ ਵੱਡਾ ਕਵੀ ਨਹੀ ਸਾਂ। ਵੱਡੇ ਕਵੀਆਂ ਦਾ ਸੰਗੀ ਵੀ ਨਹੀਂ ਸਾਂ। ਸ਼ਾਇਦ ਇਸੇ ਲਈ", ਉਹ ਅੰਦਾਜ਼ੇ ਲਾਉਂਦਾ ਜਵਾਬ ਦੇਣ ਦੀ ਕੋਸ਼ਿਸ ਕਰਦਾ ਹੈ।
ਮਿੰਦਰਪਾਲ ਅੱਜ-ਕੱਲ ਧਨੌਲੇ ਦੇ ਬਜ਼ਾਰ 'ਚ ਆਪਣੇ ਪਿਤਾ ਵੱਲੋਂ ਬੱਝੀ ਉਸੇ ਦੁਕਾਨ 'ਚ ਹੋਮੀਓਪੈਥੀ ਦੀ ਪ੍ਰੈਕਟਿਸ ਕਰਦਾ ਹੈ, ਜਿੱਥੇ ਬੈਠ ਉਸ ਕਈਕਵਿਤਾਵਾਂ ਲਿਖੀਆ।ਪਰ ਹੁਣ ਉਹ ਕੁਝ ਨਹੀਂ ਲਿਖਦਾ।
ਪਾਠਕਾਂ ਦੀ ਦਿਲਚਸਪੀ ਲਈ ਮਿੰਦਰਪਾਲ ਭੱਠਲ ਦੀ ਬਹੁਤ ਚਰਚਿਤ ਕਵਿਤਾ 'ਪੁਰਜੇ' ਛਾਪ ਰਹੇ ਹਾਂ :
ਜੇ ਮੈਥੋਂ ਕੋਈ ਪੁੱਛੇ
ਕਿ ਵਿਦਿਅਕ ਸੰਸਥਾਵਾਂ ਦੇ ਕੀ ਮਾਹਨੇ ਹੁੰਦੇ ਨੇ
ਮੈ ਕਹਾਂਗਾ---
ਫੈਕਟਰੀਆਂ ਹੁੰਦੀਆਂ ਨੇ ਜਾਂ ਕਾਰਖਾਨੇ ਹੁੰਦੇ ਨੇ
ਜਿਨ੍ਹਾਂ 'ਚ ਸਰਕਾਰੀ ਮਸ਼ੀਨਰੀ ਦੇ
ਪੁਰਜ਼ੇ ਬਣਾਏ ਜਾਂਦੇ ਨੇ
ਰੇਤੀ ਮਾਰੀ ਜਾਂਦੀ ਹੈ
ਘਾਸੇ ਪਾਏ ਜਾਂਦੇ ਨੇ
'ਪੈਕਿੰਗ' ਕੀਤੀ ਜਾਂਦੀ ਹੈ
'ਲੇਵਲ' ਲਾਏ ਜਾਂਦੇ ਨੇ
ਖੋਦਿਆ ਜਾਂਦਾ ਹੈ ਹਰ ਪੁਰਜ਼ੇ 'ਤੇ
ਮੇਡ ਇਨ ਯੂਨੀਵਰਸਿਟੀ ਪੁਰਜ਼ਾ
ਕੀਮਤ ਪੈਂਤੀ ਸੌ ਰੁਪਏ
'ਲੋਕਲ ਟੈਕਸ' ਐਕਸਟਰਾ
ਇਹ ਕਾਰਖਾਨਿਆਂ 'ਚ ਨੁਕਸ ਹੈ
ਜਾਂ ਮਜ਼ਦੂਰਾਂ ਦੀ ਅਣਗਹਿਲੀ ਹੈ
ਕਿ ਪੁਰਾਜ਼ੇ ਜਦ ਮੰਡੀ ਵਿਚ ਜਾਂਦੇ ਨੇ
ਸਿਰਫ 5 ਫੀਸਦੀ ਹੀ ਆਪਣੀ ਕੀਮਤ ਪੁਆਂਦੇ ਨੇ
ਬਾਕੀ ਅਣਫਿਟ ਹੋ ਜਾਂਦੇ ਨੇ..
ਉਨ੍ਹਾਂ ਨੂੰ ਸਿਕਲੀਗਰ ਲੈ ਜਾਂਦੇ ਨੇ
ਉਨ੍ਹਾਂ ਦੇ 'ਬੱਠਲ' ਬਣਾਂਦੇ ਨੇ
ਬਠਲਾਂ 'ਚ ਗੋਹਾ ਪਾਂਦੇ ਨੇ
'ਬੱਠਲ' ਬੜਾ ਸ਼ਰਮਾਂਦੇ ਨੇ
ਜਦੋਂ ਕੋਲੋਂ ਦੀ "ਇੰਜਣ" ਲੰਘ ਜਾਂਦੇ ਨੇ...
ਜੇ ਤੁਸੀਂ ਇੰਨ੍ਹਾਂ ਸੰਸਥਾਵਾਂ ਦੇ
ਜਨਮ ਦਾਤਿਆਂ ਤੋਂ ਇਨ੍ਹਾਂ ਦੇ ਮਾਹਨੇ ਪੁੱਛੋ
ਉਹ ਕਹਿਣਗੇ---ਇਹ ਡੂੰਘੇ ਸਮੁੰਦਰ ਨੇ
ਜਿੱਥੇ ਹੰਸ ਮੋਤੀ ਚੁਗਦੇ ਨੇ
ਇਹ ਬਹਾਰਾਂ ਦੇ ਗੁਲਸ਼ਨ ਨੇ
ਜਿੱਥੇ ਗੁਲਾਬ ਉਗਦੇ ਨੇ
ਜੋ ਇਕੇਰਾਂ ਇਨ੍ਹਾਂ 'ਚੋਂ ਗੁਜਰ ਜਾਂਦਾ ਏ
ਉਹ ਰੁਤਬੇ ਪਾਂਦਾ ਏ
ਜ਼ਿੰਦਗੀ ਸਫਲ ਬਣਾਂਦਾ ਏ.!!!
ਪਰ ਉਨ੍ਹਾਂ ਤੋਂ ਇਹ ਤਾਂ ਪੁੱਛੋ---
ਕਿ ਅਰਥ ਸ਼ਾਸਤਰ ਦਾ "ਕੀਮਤ ਸਿਧਾਂਤ"
ਕਿਥੋਂ ਦੀ ਲੰਘਦਾ ਹੈ
ਜਦੋਂ ਕੋਈ ਕਿਲੋ ਖੰਡ ਦੇ
ਤਰਤਾਲੀ ..ਮੰਗਦਾ ਹੈ...?
ਉਨ੍ਹਾਂ ਤੋਂ ਇਹ ਤਾਂ ਪੁੱਛੋ - - -
ਕਿ ਕਿੱਥੇ ਛੁਪ ਜਾਂਦੀ ਏ
ਸੰਵਿਧਾਨ ਦੀ "39ਵੀਂ ਧਾਰਾ"
ਪੈਦਲ ਤੁਰਦੇ ਨੂੰ ਕੁਚਲ ਕੇ
ਲੰਘ ਜਾਂਦਾ ਜਦੋਂ ਕਾਰ ਵਾਲਾ..?
ਪਰ ਉਹ ਕੀ ਦੱਸਣਗੇ?
ਉਹ ਤਾਂ ਜਿਉਂਦੇ ਹੀ ਮੁਰਦੇ ਨੇ
ਉਨ੍ਹਾਂ ਬਾਂਗ ਕੀ ਦੇਣੀ ਹੈ
ਉਹ ਤਾਂ ਗੂੰਗੇ ਮੁਰਗੇ ਨੇ
ਸਰਕਾਰੀ ਮਸ਼ੀਨਰੀ 'ਚ
ਫਿਟ ਆਏ ਹੋਏ ਪੁਰਜ਼ੇ ਨੇ
ਬਸ ਜ਼ਰਾ ਕੁ ਖੜਕਦੇ ਨੇ
ਜਦ ਉਹ ਤੁਰਦੇ ਨੇ
ਥੋੜ੍ਹੇ ਦਿਨ ਹੋਰ ਉਡੀਕੋ
ਤੁਹਾਨੂੰ ਖੁਦ ਪਤਾ ਲੱਗ ਜਾਵੇਗਾ
ਜਦੋਂ ਤੁਸੀਂ ਪੁਰਜ਼ੇ ਬਣ ਜਾਵੋਗੇ
ਸੁਪੀਰੀਅਰ ਕੁਆਲਿਟੀ
ਦਾ ਲੇਵਲ ਲਾਵੋਗੇ--
ਪਰ ਜਦੋਂ ਮੰਡੀ ਵਿਚ ਜਾਵੋਗੇ
ਉੱਥੇ ਵਿਕ ਨਹੀਂ ਪਾਵੋਗੇ,
ਅਣਫਿਟਾਂ ਵਾਲੇ ਡੱਬੇ ਵਿਚ
ਸੁੱਟ ਦਿੱਤੇ ਜਾਵੋਗੇ
ਹੁਣ ਜੇ ਤੁਹਾਨੂੰ ਕੋਈ
ਸਿਕਲੀਗਰ ਵੀ ਲੈ ਜਾਵੇਗਾ
ਉਹ ਵੀ ਘਾਟੇ 'ਚ ਹੀ ਆਵੇਗਾ
ਕਿ ਜਦੋਂ ਤੁਹਾਡਾ "ਬੱਠਲ" ਬਣਾਵੇਗਾ
ਲੋਹਾ ਘੱਟ ਜਾਵੇਗਾ
ਥਲਾ ਕਿਥੋਂ ਲਾਵੇਗਾ
ਚੁੱਕਕੇ ਹੀ ਪਛਤਾਵੇਗਾ
ਕਿਸੇ ਰੂੜੀ 'ਤੇ ਸੁੱਟ ਆਵੇਗਾ
ਹੁਣ ਤੁਸੀਂ ਗੰਦ 'ਚ ਰੁਲੀ ਜਾਵੋਂਗੇ
ਜੇ ਸੜਕ 'ਤੇ ਆਵੋਂਗੇ
ਤਾਂ ਠੇਡੇ ਖਾਵੋਂਗੇ
ਓ ਅੱਧ-ਬਣੇ ਪੁਰਜ਼ਿਓ !
ਸਾਂਚਿਆਂ 'ਚੋਂ ਬਾਹਰ ਆਵੋ
ਕੁਠਾਲੀ 'ਚ ਡਿੱਗ ਪਵੋ
ਹਥੋੜੇ ਬਣ ਜਾਵੋ
ਉਸ ਢਾਂਚੇ 'ਤੇ ਕਰਾਰੀ ਸੱਟ ਲਾਵੋ
ਜੋ ਕੱਚ ਦਾ ਬਣਿਆ ਹੈ
ਜਿਸ ਇਹ ਸਭ ਜਣਿਆ ਹੈ...||||
ਮਿੰਦਰਪਾਲ ਭੱਠਲ ਨੂੰ ਹੇਠਲੇ ਨੰਬਰ 'ਤੇ ਸੰਪਰਕ ਕਰ ਸਕਦੇ ਹੋ :-
9872818612
5 Jan 2019
-
ਅਮਨਿੰਦਰ ਪਾਲ (ਡਾ:), ਪੱਤਰਕਾਰ
amanrahul1@gmai.com
9417865797
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.