ਪੰਜਾਬ ਪੰਜ ਦਰਿਆਵਾਂ ਦਾ ਪੰਜਾਬ ਕਿਹਾ ਜਾਂਦਾ ਸੀ ਪਰ ਪੰਜਾਬ ਦੇ ਦਰਿਆਵਾਂ ਦੀ ਵੰਡ ਨੇ ਪੰਜਾਬ ਦਾ ਇਹ ਨਾਮ ਵੀ ਖ਼ਰਾਬ ਕਰਕੇ ਰੱਖ ਦਿੱਤਾ ਜਿੰਨੀ ਸਿਆਸਤ ਪੰਜਾਬ ਲਈ ਪੰਜਾਬ ਦੇ ਸਿਆਸਤਦਾਨਾਂ ਨੇ ਕੀਤੀ ਸ਼ਾਇਦ ਹੀ ਕਿਸੇ ਹੋਰ ਮੁਲਕ ਦੇ ਸਿਆਸਤਦਾਨਾਂ ਨੇ ਕੀਤੀ ਹੋਵੇ ,ਇਹਨਾਂ ਲਾਲਚੀ ਤੇ ਬੇਸ਼ਰਮ ਸਿਆਸਤਦਾਨਾਂ ਨੇ ਪੰਜਾਬ ਦਾ ਜੋ ਨਾਮ ਖ਼ਰਾਬ ਕੀਤਾ ਸ਼ਾਇਦ ਹੋਰ ਕਿਸੇ ਮੁਲਕ ਦਾ ਨਾਂ ਹੋਇਆ ਹੋਵੇ।ਪੰਜਾਬ ਵਿੱਚ ਤਕਰੀਬਨ 13276 ਦੇ ਕਰੀਬ ਪਿੰਡ ਤੇ ਪੰਚਾਇਤਾਂ ਹਨ ,ਸਾਡੇ ਪੰਜਾਬ ਤੋਂ ਬਾਅਦ ਜੇਕਰ ਅਸੀਂ ਲੋਕ ਮਾਣ ਕਰਦੇ ਹਾਂ ਤਾਂ ਉਹ ਹੈ ਸਾਡੇ ਪਿੰਡਾਂ ਦੇ ਪੰਚਾਇਤ ਘਰ ਇਹਨਾਂ ਪੰਚਾਇਤ ਘਰਾਂ ਨਾਲ ਪੂਰੇ ਪਿੰਡ ਦੀ ਸਾਂਝ ਤੇ ਭਾਈਵਾਲਤਾ ਜੁੜੀ ਹੋਈ ਹੁੰਦੀ ਹੈ ਜਾਂ ਜੁੜੀ ਹੁੰਦੀ ਸੀ ਕਿਉਂ ਕਿ ਪੁਰਾਣੇ ਸਮਿਆਂ ਵਿੱਚ ਸਾਰੇ ਹੀ ਫੈਂਸਲੇ ਪਿੰਡ ਦੇ ਮੋਰੀ ਜਾ ਪਿੰਡ ਸਾਂਝੀ ਪੰਚਾਇਤ ਕਰਿਆ ਕਰਦੀ ਸੀ ,ਤੇ ਪਿੰਡ ਦੀ ਪੰਚਾਇਤ ਵਲੋਂ ਕੀਤੇ ਹੋਏ ਫ਼ੈਸਲੇ ਦਾ ਪੂਰਾ ਪਿੰਡ ਸਵਾਗਤ ਕਰਦਾ ਸੀ ਤੇ ਸਤਿਕਾਰ ਵੀ ,ਸਾਡੇ ਪੰਜਾਬ ਦੀਆਂ ਪੰਚਾਇਤਾਂ ਨਾਲ ਪਿੰਡਾਂ ਦੇ ਲੋਕ ਹੀ ਨਹੀਂ ਸਗੋਂ ਘਰਾਂ ਦੇ ਘਰ ਹੀ ਜੁੜੇ ਹੁੰਦੇ ਸੀ ,ਪੁਰਾਣੇ ਸਮੇਂ ਤੇ ਅੱਜ ਦੇ ਅਜੋਕੇ ਪੰਜਾਬ ਦੀਆਂ ਪੰਚਾਇਤਾਂ ਵਿੱਚ ਜਮੀਨ ਅਸਮਾਨ ਦਾ ਫ਼ਰਕ ਪੈ ਚੁੱਕਾ ਹੈ ,ਅੱਜ ਦੇ ਪੰਜਾਬ ਦੀਆਂ ਪੰਚਾਇਤਾਂ ਤੇ ਸਿਆਸੀਕਰਨ ਪੁਰੀ ਤਰਾਂ ਭਾਰੂ ਹੋ ਚੁਕਾ ਹੈ ।
ਜੋ ਇਹ ਸਿਆਸੀਕਰਨ ਪੰਜਾਬ ਲਈ ਨਹੀਂ ਪੂਰੇ ਪੰਜਾਬੀਆਂ ਲਈ ਸਭ ਤੋਂ ਖ਼ਤਰਨਾਕ ਸਾਬਤ ਹੁੰਦਾ ਜਾ ਰਿਹਾ ਹੈ । ਪੰਜਾਬ ਦੀਆਂ ਪੰਚਾਇਤਾਂ ਵਿੱਚ ਇਹ ਸਿਆਸੀਕਰਨ ਜਿਥੇ ਪਿੰਡ ਦੇ ਪਿੰਡ ਤਬਾਹ ਕਰੇਗਾ ਉਥੇ ਹੀ ਸਾਡੀ ਭਾਈਵਾਲ ਸਾਂਝ ਤੇ ਸਾਡਾ ਭਾਈਚਾਰਾ ਖ਼ਤਮ ਕਰੇਗਾ ਜਾਂ ਕਰ ਦਿੱਤਾ।ਕਹਿਣ ਵਾਲੇ ਤਾਂ ਕਹਿ ਰਹੇ ਹਨ ਕਿ ਪੰਚਾਇਤਾਂ ਵਿੱਚ ਸਿਆਸਤ ਦੀ ਦਖ਼ਲ ਅੰਦਾਜੀ ਅਕਾਲੀਆਂ ਵੇਲੇ ਤੋਂ ਸ਼ੁਰੂ ਹੋਈ ਹੈ । ਕੋਈ ਕਹਿੰਦਾ ਕਿ ਪੰਚਾਇਤਾਂ ਵਿੱਚ ਸਿਆਸਤ ਦਾ ਭਾਰੂ ਹੋਣਾ ਕਾਂਗਰਸੀਆਂ ਦੀ ਦੇਣ ਹੈ ।ਸਿਆਸਤ ਚਾਹੇ ਕਿਸੇ ਵੀ ਪਾਰਟੀ ਨੇ ਸ਼ੁਰੂ ਕੀਤੀ ਹੋਵੇ ਪਰ ਖ਼ਤਮ ਤਾਂ ਸਾਡਾ ਭਾਈਚਾਰਾ ਹੀ ਹੋਇਆ ਨਾ? ਹੁਣੇ ਪੰਚਾਇਤੀ ਚੋਣਾਂ ਹੋਈਆਂ ਅਕਾਲੀਆਂ ਨੇ ਪੁਰਾ ਰੌਲਾ ਪਾਇਆ ਕਿ ਕਾਂਗਰਸ ਪਾਰਟੀ ਹਰੇਕ ਉਮੀਦਵਾਰ ਨਾਲ ਧੱਕਾ ਕਰ ਰਹੀ ਹੈ ।
ਹਰੇਕ ਪਿੰਡ ਤੇ ਸ਼ਹਿਰ ਵਿੱਚ ਕਾਂਗਰਸੀਆਂ ਵਲੋਂ ਵਿਰੋਧੀ ਧਿਰ ਦੇ ਫ਼ਾਰਮ ਰੱਦ ਕਰਵਾਏ ਗਏ । ਇਹ ਸਭ ਕਿਉਂ ਹੋਇਆ ਤੇ ਕਿਸ ਲਈ ਹੋਇਆ ਤੇ ਇਸਦਾ ਜੁੰਮੇਵਾਰ ਕੌਣ ? ਪਰ ਸਾਡੇ ਇਹ ਭੋਲੇ ਲੋਕ ਅਜੇ ਨਹੀਂ ਸਮਝ ਸਕਦੇ ,ਅਜੇ ਇਹਨਾਂ ਲੋਕਾਂ ਨੇ ਸਿਆਸੀ ਬੰਦਿਆਂ ਤੋਂ ਹੋਰ ਚਪੇੜਾਂ ਖਾਣੀਆਂ ਹਨ। ਇਸ ਵਾਰ ਦੀਆ ਚੋਣਾਂ ਨਹੀਂ ਹਰ ਵਾਰ ਹੀ ਕਿਸੇ ਨਾ ਕਿਸੇ ਪਿੰਡ ਸ਼ਹਿਰ ਵਿੱਚ ਮੌਤਾਂ ਹੋਣੀਆਂ ਲਾਜ਼ਮੀ ਹਨ । ਪਰ ਅਸੀਂ ਕਿਸੇ ਨੇ ਕਦੇ ਵੀ ਇਹਨਾਂ ਚੋਣਾਂ ਤੋਂ ਕੋਈ ਸਬਕ ਲਿਆ ਜਾ ਲਵਾਂਗੇ ,ਜਾਂ ਉਲੂਆ ਵਾਂਗੂ ਸਿਰਫ਼ ਤੇ ਸਿਰਫ ਤਮਾਸ਼ਾ ਹੀ ਵੇਖਦੇ ਰਹਾਂਗੇ ਜਾਂ ਆਪਣੇ ਪਰਿਵਾਰਕ ਸਾਂਝ ਖ਼ਤਮ ਕਰਦੇ ਜਾਵਾਗੇ । ਇਸ ਚੰਦਰੀ ਸਿਆਸਤ ਨੇ ਸਾਡੇ ਭੋਲੇ ਲੋਕਾਂ ਨੂੰ ਥੋੜੇ ਜਿਹੇ ਲਾਲਚ ਦੀ ਰੋਟੀ ਵਿਖਾਕੇ ਆਪਣੀਆਂ ਰੋਟੀਆਂ ਉਮਰਾਂ ਲਈ ਤੇ ਪੀੜੀ ਦਰ ਪੀੜੀ ਪੱਕੀਆਂ ਕਰ ਲਈਆਂ ਪਰ ਸਾਡੇ ਮੂਰਖ ਲੋਕਾਂ ਨੂੰ ਅਕਲ ਨਾ ਆਈ ਨਾ ਹੀ ਸ਼ਾਇਦ ਆਵੇਗੀ ਕਿਉ ਸਾਡੇ ਵਿੱਚ ਸਭ ਤੋਂ ਭੈੜੀ ਬਿਮਾਰੀ ਮੈਨੂੰ ਕੀ ਲੱਗੀ ਹੋਈ ਹੈ ਜਿਸਦਾ ਕੋਈ ਇਲਾਜ ਨਹੀਂ ,ਜਾਂ ਮੇਰਾ ਕੰਮ ਹੋ ਜਾਵੇ ਬਾਕੀ ਜਾਣ ਖੂਹ ਵਿੱਚ ਇਹੋ ਸਾਡੀ ਕਮਜ਼ੋਰੀ ਜਾ ਸਾਡੇ ਮਨ ਦਾ ਲਾਲਚ ਸਾਡੇ ਆਉਣ ਵਾਲੀਆਂ ਪੀੜੀਆਂ ਲਈ ਕੰਡੇ ਬੀਜ ਰਿਹਾ ਹੈ । ਜੋ ਸਾਡੇ ਸ਼ਾਇਦ ਨਾ ਚੁੱਭਣ ਪਰ ਸਾਡੇ ਬੱਚਿਆਂ ਦੇ ਜਰੂਰ ਪੈਰ ਜਖ਼ਮੀ ਕਰਨਗੇ । ਜੇਕਰ ਗੱਲ ਸੱਚ ਦੀ ਕਰੀਏ ਤਾਂ ਅਸੀਂ ਤੇ ਸਾਡੇ ਪਿੰਡ ਪੂਰੀ ਤਰਾਂ ਸਿਆਸਤ ਦੇ ਭੇਂਟ ਚੜ੍ਹ ਚੁੱਕੇ ਹਨ। ਅਸੀਂ ਆਪਣੇ ਹੱਕ ਭੁੱਲਕੇ ਮੁਫ਼ਤ ਦੀਆਂ ਸਹੂਲਤਾਂ ਦੇ ਆਦੀ ਹੋ ਗਏ ਹਾਂ।ਜੋ ਇਹ ਸਹੂਲਤਾਂ ਸਾਡੀ ਜ਼ਮੀਰ ਨੂੰ ਦਿਨੋਂ ਦਿਨ ਖ਼ਤਮ ਕਰਦੀਆਂ ਜਾ ਰਹੀਆਂ ਹਨ।
ਪਰ ਇਸ ਬੇ ਫ਼ਿਕਰ ਅੱਜ ਵਿੱਚ ਆਪਣਾ ਤੇ ਆਪਣੇ ਬੱਚਿਆਂ ਦਾ ਕੱਲ ਦਾਅ ਤੇ ਲਾ ਰਹੇ ਹਾਂ ਜਾਂ ਲਾ ਚੁੱਕੇ ਹਾਂ।ਅਸੀਂ ਪੜ੍ਹ ਲਿਖ ਕੇ ਵੀ ਅਨਪੜ੍ਹ ਲੀਡਰਾਂ ਜਾ ਸਾਡੇ ਤੋਂ ਘੱਟ ਪੜੇ ਲਿਖੇ ਲੀਡਰਾਂ ਦੀਆਂ ਜੁੱਤੀਆਂ ਚੱਟਦੇ ਫਿਰਦੇ ਹਾਂ , ਨਾ ਸਾਨੂੰ ਇੱਜਤ ਦੀ ਪ੍ਰਵਾਹ ਰਹੀ ਨਾ ਸਾਨੂੰ ਕੋਈ ਸ਼ਰਮ ਬਸ ਮੁਫ਼ਤਖੋਰੀ ਦੇ ਆਦੀ ਹੋਏ ਪਏ ਹਾਂ।ਜਿਸਦਾ ਲਾਹਾ ਸਾਡੇ ਸਿਆਸਤਦਾਨਾਂ ਨੂੰ ਹੋ ਰਿਹਾ ਹੈ ।ਅਜੇ ਵੀ ਵੇਲਾ ਹੈ ਇਹਨਾਂ ਸਿਆਸੀ ਬੰਦਿਆ ਪਿੱਛੇ ਲੱਗਕੇ ਆਪਣਾ ਭਾਈਚਾਰਾ ਨਾ ਖ਼ਰਾਬ ਕਰੋ ਆਪਣੀ ਕੀਮਤ ਪਛਾਣੋ ਤੇ ਆਪਣੇ ਹੱਕਾਂ ਦੀ ਗੱਲ ਕਰੋ ।ਨਾ ਵਿਕੋ ਇੱਕ ਇੱਕ ਬੋਤਲ ਤੇ ਨਾ ਥੱਲੇ ਡਿੱਗਣ ਦੇਵੋਂ ਆਪਣੇ ਜ਼ਮੀਰ ਨੂੰ ਇਹਨਾਂ ਸਿਆਸਤਦਾਨਾਂ ਪਿੱਛੇ ਲੱਗਕੇ ਆਪਣੇ ਪੰਜਾਬ ਦਾ ਮਾਹੌਲ ਨਾ ਖ਼ਰਾਬ ਕਰੋ ।
5 Jan 2019
-
ਗੁਰਪ੍ਰੀਤ ਸਿੰਘ ਜਖਵਾਲੀ, ਲੇਖਕ
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.