ਪੰਜਾਬੀ ਦੇ ਸਮਰੱਥ ਕਹਾਣੀਕਾਰ, ਨਾਵਲਕਾਰ, ਵਾਰਤਕ ਲੇਖਕ ਤੇ ਕਵਿਤਾ ਤੋਂ ਸਫ਼ਰ ਆਰੰਭਣ ਵਾਲੇ ਸਿਰਜਕ ਬਰਨਾਲਾ ਵਾਸੀ ਰਾਮ ਸਰੂਪ ਅਣਖੀ ਜੀ ਨੇ ਲੰਮਾ ਸਮਾਂ ਪਹਿਲਾਂ ਕਹਾਣੀ ਪੰਜਾਬ ਤ੍ਰੈਮਾਸਕ ਰਸਾਲਾ ਸ਼ੁਰੂ ਕੀਤਾ ਸੀ।
ਉਹ ਸਾਨੂੰ ਸਦੀਵੀ ਅਲਵਿਦਾ ਕਹਿ ਗਏ ਕੁਝ ਅਰਸਾ ਪਹਿਲਾਂ ਪਰ ਉਨ੍ਹਾਂ ਦੇ ਪੁੱਤਰ ਤੇ ਪਰਿਵਾਰ ਨੇ ਇਸ ਜੋਤ ਨੂੰ ਲਗਾਤਾਰ ਜਗਾਈ ਰੱਖਿਆ ਹੈ।
ਅੱਜ ਹੀ ਇਸ ਪਰਚੇ ਦਾ ਸੌਵਾਂ ਅੰਕ ਪਹੁੰਚਾ ਹੈ।
ਪੂਰੇ 400 ਪੰਨਿਆਂ ਦਾ ਇਹ ਅੰਕ ਯਾਦਗਾਰੀ ਹੈ ਕਿਉਂਕਿ ਮੇਰੀ ਯਾਦ ਸ਼ਕਤੀ ਮੁਤਾਬਕ ਹੁਣ ਤੀਕ ਇੱਕ ਵੀ ਪੰਜਾਬੀ ਮੈਗਜ਼ੀਨ ਏਨੇ ਸਫ਼ਿਆਂ ਦਾ ਨਹੀਂ ਛਪਿਆ।
ਕਰਾਂਤੀਪਾਲ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਚ ਪੰਜਾਬੀ ਪੜ੍ਹਾਉਂਦਾ ਹੈ ਪਰ ਉਸ ਦੀਆਂ ਦਿਲਚਸਪੀਆਂ ਪੰਜਾਬ ਤੇ ਪੰਜਾਬੀ ਸਾਹਿੱਤ ਚ ਜ਼ਿਕਰਯੋਗ ਹੈ।
ਮੈਂ ਬੜੀ ਵਾਰ ਦੱਸ ਚੁਕਾ ਹਾਂ ਕਿ ਅਣਖੀ ਜੀ ਦੀ ਪਹਿਲੀ ਕਹਾਣੀ ਪੁਸਤਕ ਸੁੱਤਾ ਨਾਗ ਮੈਂ 1968-69 ਚ ਪੜ੍ਹੀ ਸੀ,ਆਪਣੀ ਪਿੰਡ ਪੰਚਾਇਤ ਲਾਇਬਰੇਰੀ ਚੋਂ ਲੈ ਕੇ। ਪ੍ਰੀਤਮ ਸਿੰਘ ਰਾਹੀ ਦੀ ਕਾਵਿ ਪੁਸਤਕ ਕੰਜਕਾਂ ਤੇ ਸ਼ਿਵ ਕੁਮਾਰ ਦੀ ਲੂਣਾ ਵੀ।
ਅਣਖੀ ਬਾਰੇ ਮੈਂ ਦਾਅਵਾ ਕਰ ਸਕਦਾਂ ਕਿ ਮੈਂ ਉਸ ਦੀ ਹਰ ਲਿਖਤ ਲੱਭ ਲੱਭ ਕੇ ਪੜ੍ਹੀ ਹੈ।
ਵੱਖਰਾ ਮੋਹ ਪੈ ਜਾਂਦਾ ਹੈ ਚੜ੍ਹਦੀ ਉਮਰੇ ਪੜ੍ਹੇ ਲੇਖਕ ਨਾਲ।
ਇਸ ਪਰਚੇ ਦੇ ਵੀ ਲਗਪਗ ਸਾਰੇ ਅੰਕ ਮੈਂ ਪੜ੍ਹੇ ਨੇ। ਮਿਆਰੀ ਕਹਾਣੀਆਂ, ਟਿਪਣੀਆਂ, ਰੀਵੀਊ ਤੇ ਮੁਲਾਕਾਤਾਂ ਇਸ ਪਰਚੇ ਦੀ ਨਿਵੇਕਲੀ ਸ਼ਕਤੀ ਹਨ।
ਕਰਾਂਤੀਪਾਲ ਦੇ ਨਾਲ ਉਸ ਦੀ ਜੀਵਨ ਸਾਥਣ ਡਾ: ਜਸਵਿੰਦਰ ਕੌਰ ਵੀਨੂੰ ਦਾ ਵੀ ਪੱਕਾ ਪਕੇਰਾ ਸਿਰਜਣਾਤਮਕ ਸਾਥ ਹੈ। ਇਸ ਪਰਚੇ ਦੀ ਪ੍ਰਕਾਸ਼ਕ ਪਹਿਲੇ ਦਿਨੋਂ ਹੀ ਅਣਖੀ ਦੀ ਜੀਵਨ ਸਾਥਣ ਸ਼ੋਭਾ ਅਣਖੀ ਹੀ ਹੈ।
ਕਹਾਣੀ ਪੰਜਾਬ ਦਾ ਇਹ ਸੌਵਾਂ ਅੰਕ 400 ਪੰਨਿਆਂ ਦਾ ਹੋਣ ਕਾਰਨ ਕੀਮਤ ਵੀ 400 ਰੁਪਏ ਹੀ ਹੈ।
ਕੱਚਾ ਕਾਲਿਜ ਰੋਡ ਬਰਨਾਲਾ ਤੋਂ ਛਪਦੇ ਇਸ ਮੈਗਜ਼ੀਨ ਦੇ 100ਵੇਂ ਅੰਕ ਮੌਕੇ ਮੇਰਾ ਵੱਸ ਚੱਲੇ ਤਾਂ ਕੱਚਾ ਕਾਲਿਜ ਰੋਡ ਦਾ ਨਾਮ ਰਾਮ ਸਰੂਪ ਅਣਖੀ ਮਾਰਗ ਕਰ ਦਿਆਂ।
ਪਰ ਕੀ ਕਰਾਂ?
ਸਰਕਾਰੇ ਦਰਬਾਰੇ ਇਸ ਸੰਵੇਦਨਾ ਨੂੰ ਹੁੰਗਾਰਾ ਮਿਲਣ ਦੀ ਆਸ ਬੜੀ ਮੱਧਮ ਹੈ।
ਫਿਰ ਵੀ
ਆਸ ਤੇ ਜੱਗ ਜੀਉਂਦਾ ਹੈ।
ਕਹਾਣੀ ਪੰਜਾਬ ਪਰਿਵਾਰ ਨੂੰ ਮੁਬਾਰਕਾਂ
ਗੁਰਭਜਨ ਗਿੱਲ
4.1.2019
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.