ਅੱਜ 4 ਦਸੰਬਰ ਹੈ, ਨਵਾਂ ਵਰ੍ਹਾ 2019, 3 ਦਿਨ ਪਹਿਲਾਂ ਆਇਆ ਹੈ। 31 ਦਸੰਬਰ ਦੀ ਦੁਪਹਿਰੇ ਹੀ 'ਨਵਾਂ ਸਾਲ ਮੁਬਾਰਕ' ਦੇ ਸੁਨੇਹੇ ਆਣ ਲੱਗ ਪਏ ਸਨ। ਹਾਲੇ ਤੀਕ ਆਈ ਜਾਂਦੇ ਨੇ, ਕਦੇ ਫੋਨ ਉਤੇ, ਕਦੇ ਫੇਸਬੁੱਕ ਉਤੇ, ਕਦੇ ਵਟਸ-ਐਪ ਉਤੇ, ਤੇ ਮਿਲਣ-ਗਿਲਣ ਵਾਲੇ ਜੁਬਾਨੀ ਵਧਾਈਆਂ ਦੇਈ ਜਾਂਦੇ ਨੇ। ਪਹਿਲੋਂ ਨਵੇਂ ਸਾਲ ਦੇ ਕਾਰਡ ਡਾਕ ਰਾਹੀਂ ਢੇਰਾਂ ਦੇ ਢੇਰ ਆਇਆ ਕਰਦੇ ਸਨ, ਹੁਣ ਕੋਈ ਨਹੀਂ ਆਉਂਦਾ। ਹਾਂ ਸੱਚ, ਜਪਾਨ ਤੋਂ ਕਵੀ ਮਿੱਤਰ ਪਰਮਿੰਦਰ ਸੋਢੀ ਹਰ ਵਰ੍ਹੇ ਨਵੇਂ ਸਾਲ ਦੇ ਮੌਕੇ ਗਰੀਟਿੰਗ ਕਾਰਡ ਭੇਜਦਾ ਹੈ, ਉਹਦੇ ਇੱਕ ਪਾਸੇ ਸਫੇਦ ਪੰਨੇ 'ਤੇ ਕਾਲੀ ਸਿਆਹੀ ਨਾਲ ਘੋਟ-ਘੋਟ ਕੇ ਸ਼ੁਭਕਾਮਨਾਵਾਂ ਲਿਖਦਾ ਹੈ, ਪਰ ਇਸ ਵਾਰ ਸੋਢੀ ਦਾ ਕਾਰਡ ਨਹੀਂ ਆਇਆ, ਹੋ ਸਕਦੈ ਆਇਆ ਵੀ ਹੋਵੇ, ਤੇ ਕਿਧਰੇ ਡਾਕੀਆਂ ਘੌਲ ਕਰ ਗਿਆ ਹੋਣੈ, ਠੰਢ ਪੈਂਦੀ ਹੈ, ਹੈ ਤਾਂ ਕਾਰਡ ਹੀ...ਫਿਰ ਦੇ ਦਿਆਂਗਾ, ਇਹ ਸੋਚ ਕੇ!
ਇਸ ਵਾਰ ਵਧਾਈਆਂ ਦੂਣੀਆਂ-ਚੌਣੀਆਂ ਹੋ ਗਈਆਂ ਨੇ, ਖਾਸ ਕਰ ਪਿੰਡਾਂ ਵਿਚ। ਨਵੇਂ ਸਾਲ ਦੇ ਜਸ਼ਨਾਂ ਦੇ ਨਾਲ-ਨਾਲ ਪੰਚਾੲਤੀ ਚੋਣਾਂ ਦੇ ਜਸ਼ਨ ਵੀ ਜੇਤੂਆਂ ਨੇ ਇਕੱਠੇ ਹੀ ਮਨਾਏ ਹਨ। ਮੈਂ ਵੀ ਇਹਨਾਂ ਜਸ਼ਨਾਂ ਵਿਚ ਸ਼ਾਮਿਲ ਹੋਇਆ ਹਾਂ। ਪਿੰਡ ਦੀ ਨਵੀਂ ਚੁਣੀ ਗਈ ਪੰਚਾਇਤ ਨੇ ਗੁਰੂ ਘਰ ਅਰਦਾਸ ਕੀਤੀ ਹੈ। ਨਵਾਂ ਸਾਲ ਸੁੱਖ-ਸੁਵੰਡ੍ਹਣਾ ਆਉਣ ਦੀ ਕਾਮਨਾ ਮੰਗੀ ਹੈ। ਮੈਨੂੰ ਇਹ ਗੱਲ ਚੰਗੀ ਲੱਗੀ ਹੈ।
ਮੇਰੇ ਅੰਗਾਂ ਸਾਕਾਂ ਵਿਚੋ਼ ਚਾਚੇ ਦੇ ਦੋ ਮੁੰਡੇ ਤੇ ਕੁੜੀ ਹਨ। ਚਾਰ ਭੂਆ ਸਨ ਤੇ ਉਹਨਾਂ ਦੇ ਕਈ ਬੱਚੇ ਹਨ। ਮਾਮਿਆਂ ਦੇ ਮੁੰਡੇ-ਕੁੜੀਆਂ ਹਨ। ਇਹਨਾਂ ਏਨਿਆਂ ਵਿਚੋਂ ਕੁਝ ਨੇ ਹੀ 'ਨਵਾਂ ਸਾਲ ਮੁਬਾਰਕ' ਲਿਖ ਕੇ ਆਖਣ ਦੀ ਖੇਚਲ ਕੀਤੀ ਹੈ, ਪਰ ਹੈਰਾਨ ਤੇ ਪ੍ਰਸੰਨ ਵੀ ਕਿ ਜਿਹੜੇ ਜਾਣੇ-ਅਨਜਾਣੇ ਲੋਕ ਹਾਲੇ ਤੀਕ ਵੀ ਮੁਬਾਰਕਾਂ ਦੇਈ ਜਾ ਰਹੇ ਹਨ, ਇਹਨਾਂ ਦੀ ਗਿਣਤੀ ਸੈਕੜਿਆਂ ਤੋਂ ਪਾਰ ਹੈ, ਇਹ ਮੇਰੇ ਕੀ ਲਗਦੇ ਨੇ! ਜਾਂ ਫਿਰ ਮੈਂ ਇਹਨਾਂ ਦਾ ਕੀ ਲਗਦਾ ਹਾਂ? ਮੈਂ ਸੋਚਦਾ ਹਾਂ ਕਿ ਇਹ ਲੋਕ ਮੇਰਾ ਸੱਭੋ ਕੁਝ ਲਗਦੇ ਨੇ ਤੇ ਮੈਂ ਇਹਨਾਂ ਲੋਕਾਂ ਦਾ ਦੇਣਦਾਰ ਹਾਂ। ਮੈਂ ਇਹਨਾਂ ਲੋਕਾਂ ਦਾ ਲੇਖਕ ਹਾਂ। ਮੈਂ ਇਹਨਾਂ ਲੋਕਾਂ ਲਈ ਲਿਖਦਾ ਹਾਂ। ਇਹ ਲੋਕ ਮੈਨੂੰ ਪੜ੍ਹਦੇ ਹਨ।
ਸਿੱਧੂ ਦੀ ਸੰਗਤ
2018 ਦੇ 28 ਦਸੰਬਰ, ਜਾਂਦੇ ਜਾਂਦੇ ਸਾਲ ਵਿਚ ਮੇਰੀ ਨਵੀਂ ਵਾਰਤਕ ਕਿਤਾਬ 'ਯਾਦਾਂ ਦੀ ਡਾਇਰੀ' (ਪ੍ਰਕਾਸ਼ਕ-ਲਾਹੌਰ ਬੁੱਕ ਸ਼ਾਪ ਲੁਧਿਆਣਾ) ਪੰਜਾਬ ਦੇ ਕੈਬਨਿਟ ਮੰਤਰੀ ਸ੍ਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਗ੍ਰਹਿ ਵਿਖੇ ਰਿਲੀਜ਼ ਕੀਤੀ ਹੈ ਤੇ ਮੇਰੇ ਵਾਸਤੇ ਸ਼ੁਭਕਾਮਨਾ ਮੰਗੀ ਹੈ। ਹਰ ਵੇਲੇ ਵਾਂਗ ਹੌਸਲਾ ਵਧਾਇਆ ਹੈ। ਮੈਨੂੰ ਪ੍ਰਸੰਨਤਾ ਦਾ ਅਹਿਸਾਸ ਹੋਇਆ ਹੈ। ਸਿੱਧੂ ਟੈਲੀਵਿਜ਼ਨ ਉਤੇ ਹੱਸਦਾ ਨਜ਼ਰ ਆਵੇਗਾ ਪਰ ਜਦ ਉਹਦੇ ਕੋਲ ਬੈਠੋ ਤਾਂ ਤੁਹਾਨੂੰ ਉਹ ਪੰਜਾਬ ਦੇ ਦਰਦ ਦੀਆਂ ਗੱਲਾਂ ਕਰਦਾ ਫਿਕਰਮੰਦ ਨਜ਼ਰ ਆਵੇਗਾ, ਅਜਿਹਾ ਮੈਂ ਅਕਸਰ ਹੀ ਦੇਖਦਾ ਹਾਂ, ਸਿੱਧੂ ਦੀ ਸੰਗਤ ਵਿਚ।
ਆਓ ਨਵਾਂ ਸਾਲ 2019 ਦੀ ਆਮਦ 'ਤੇ ਦੁਆ ਕਰੀਏ ਕਿ ਪੰਜਾਬ ਦੇ ਦਰਦਾਂ ਦੀ ਕਥਾ ਮੁੱਕ ਜਾਵੇ। ਬੀਤਿਆ ਵਰ੍ਹਾ 2018 ਪੰਜਾਬ ਵਾਸਤੇ ਏਨਾ ਬਹੁਤਾ ਚੰਗਾ ਨਹੀਂ, ਸਗੋਂ ਬਹੁਤਾ ਮੰਦਾ ਰਿਹਾ ਹੈ, ਜ਼ਰਾ ਸੋਚ ਕੇ ਦੇਖੀਏ ਤੇ ਗਿਣਤੀ-ਮਿਣਤੀ ਕਰੀਏ, ਤਾਂ ਨਿਰਾਸ਼ਾ ਹੀ ਪੱਲੇ ਪਈ ਹੈ।
****** ******* ******
ਇਸ ਵਰ੍ਹੇ ਮੇਰੀਆਂ ਕਈ ਕਿਤਾਬਾਂ ਪਾਠਕਾਂ ਦੀ ਝੋਲੀ ਵਿਚ ਪੈਣਗੀਆਂ। 'ਚਿੱਠੀਆਂ ਤੁਰੀਆਂ ਮੇਰੇ ਨਾਲ'-(ਚੇਤਨਾ ਪ੍ਰਕਾਸ਼ਨ ਲੁਧਿਆਣਾ), 'ਤੁਰ ਗਏ ਸੁਰ ਵਣਜਾਰੇ'-(ਸੰਗਮ ਪਬਲੀਕੇਸ਼ਨ ਸਮਾਣਾ), 'ਕੱਚੀਆਂ ਗਲੀਆਂ' ਸਵੈ ਜੀਵਨੀ- (ਵਿਸ਼ਵ ਭਾਰਤੀ ਪ੍ਰਕਾਸ਼ਨ ਬਰਨਾਲਾ), 'ਚੋਣਵੀਂ ਪੰਜਾਬੀ ਬਰਤਾਨਵੀਂ ਵਾਰਤਕ'-(ਆਰਸੀ ਦਿੱਲੀ), 'ਰਘੁਬੀਰ ਢੰਡ ਦੇ ਖ਼ਤ ਮੋਹਨ ਭੰਡਾਰੀ ਦੇ ਨਾਂ'-(ਲੋਕ ਗੀਤ ਪ੍ਰਕਾਸ਼ਨ), ਇਹਨਾਂ ਕਿਤਾਬਾਂ ਉਤੇ ਕੰਮ ਜਾਰੀ ਹੈ।
-
ਨਿੰਦਰ ਘੁਗਿਆਣਵੀ, ਪੰਜਾਬੀ ਲੇਖਕ ਤੇ ਕਾਲਮਿਸਟ
ninder_ghugianvi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.