ਖੇਤਰੀ ਸਿਨਮੇ ਵਜੋਂ ਪੰਜਾਬੀ ਸਿਨਮੇ ਨੇ ਹੁਣ ਤੱਕ ਦਰਸ਼ਕਾਂ ਦੇ ਦਿਲਾਂ ਵਿੱਚ ਕਾਫ਼ੀ ਜਗ੍ਹਾ ਬਣਾ ਲਈ ਹੈ। ਪਿਛਲੇ ਸਾਲਾਂ ਨਾਲੋਂ ਇਸ ਸਾਲ ਫ਼ਿਲਮਾਂ ਦੀ ਗਿਣਤੀ ਵਿੱਚ ਹੋਰ ਵੀ ਵਾਧਾ ਹੋਇਆ ਹੈ।ਇਸ ਵਰੇ ਪੰਜਾਹ ਫ਼ਿਲਮਾਂ ਬਣ ਕੇ ਰਿਲੀਜ਼ ਹੋਈਆਂ ਹਨ ਜਿਹਨਾਂ ਦੇ ਵੱਖ-ਵੱਖ ਵਿਸ਼ੇ ਸਾਰਾ ਸਾਲ ਲੋਕਾਂ ਦਾ ਸੁਹਜ-ਸੁਆਦ ਪੂਰਦੇ ਰਹੇ।
ਜ਼ਿਕਰਯੋਗ ਹੈ ਕਿ ਪੰਜਾਬੀ ਸਿਨਮੇ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਇਸ ਸਾਲ ਸੰਨ 2018 ਵਿੱਚ ਸਭ ਤੋਂ ਵੱਧ 50 ਫ਼ਿਲਮਾਂ ਰਿਲੀਜ਼ ਹੋਈਆਂ ਹਨ।
ਇਹ ਗੱਲ ਵੀ ਯਾਦ ਰੱਖਣ ਯੋਗ ਹੈ ਕਿ ਫ਼ਿਲਮਾਂ ਗਿਣਤੀ ਪੱਖੋਂ ਕਿੰਨੀਆਂ ਵੀ ਹੋਣ ਪਰ ਸਾਰੀਆਂ ਨੂੰ ਹਿੱਟ ਹੋਣ ਦਾ ਮੌਕਾ ਨਹੀਂ ਮਿਲਦਾ। ਇਸ ਲੇਖ ਜ਼ਰੀਏ ਮੈਂ ਇਸ ਵਰੇ ਰਿਲੀਜ਼ ਹੋਈਆਂ ਇਹਨਾਂ ਸਾਰੀਆਂ ਫ਼ਿਲਮਾਂ ਦੀ ਪੰਛੀ ਝਾਤ ਲੈੰਦਿਆਂ, ਇਹਨਾਂ ਦੇ ਵਿਸ਼ਿਆਂ ਮੁਤੱਲਕ ਇਹਨਾਂ ਦਾ ਫ਼ਿਲਮੀ ਨਿਰੀਖਣ ਕਰ ਰਹੀ ਹਾਂ।
ਸੋ, ਸ਼ੁਰੂ ਕਰਦੇ ਹਾਂ ਜਨਵਰੀ 2018 ਤੋਂ, ਸਾਲ ਦੇ ਸ਼ੁਰੂ ਵਿੱਚ ਹੀ ਰਿਲੀਜ਼ ਹੋਈਆਂ ਦੋ ਫ਼ਿਲਮਾਂ ਪੰਜਾਬ ਸਿੰਘ(19 ਜਨਵਰੀ) ਤੇ ਸੱਗੀ ਫ਼ੁੱਲ (19 ਜਨਵਰੀ) ਲਗਭਗ ਫ਼ਲਾਪ ਰਹੀਆਂ। ਪੰਜਾਬ ਸਿੰਘ ਤਾਂ ਤਕਰੀਬਨ ਆਪਣੀ ਟੀਮ ਨਾਲ ਹੀ ਲੜਾਈ ਕਾਰਨ ਬੁਰੀ ਤਰ੍ਹਾਂ ਰੁਲ ਗਈ। ਇਸ ਫ਼ਿਲਮ ਦੇ ਪ੍ਰੋਡਿਊਸਰ ਨੇ ਆਪਣੀ ਫ਼ਿਲਮ ਦੇ ਕਰਿਊ ਨੂੰ ਉਹਨਾਂ ਦੇ ਕੀਤੇ ਕੰਮ ਦੀ ਮਿਹਨਤ ਨਹੀਂ ਦਿੱਤੀ ਸੀ ਲਿਹਾਜ਼ਾ ਉਹਨਾਂ ਨੇ ਪ੍ਰੈੱਸ ਕਾਨਫ਼ਰੰਸਾਂ ਕਰਕੇ ਇਸ ਫ਼ਿਲਮ ਦਾ ਜ਼ੋਰਦਾਰ ਭੰਡੀ ਪ੍ਰਚਾਰ ਕੀਤਾ ਸੀ। ਸੱਗੀ ਫ਼ੁੱਲ ਦੀ ਸਟਾਰ ਕਾਸਟ ਬਿਲਕੁਲ ਨਵੀਂ ਸੀ, ਸੋ ਲੋਕਾਂ ਨੇ ਇਸ ਫ਼ਿਲਮ ਨੂੰ ਕੋੲੀ ਹੁੰਗਾਰਾ ਨਹੀਂ ਦਿੱਤਾ ਸੀ ਅਤੇ ਇਹ ਇੱਕ ਦੋ ਦਿਨਾਂ ਵਿੱਚ ਹੀ ਸਿਨਮਿਓਂ ਬਾਹਰ ਹੋ ਗਈਆਂ। ਫ਼ਰਵਰੀ ਮਹੀਨੇ ਵੀ ਦੋ ਫ਼ਿਲਮਾਂ ਭਗਤ ਸਿੰਘ ਦੀ ਉਡੀਕ (2ਫ਼ਰਵਰੀ) ਦੀ ਚਰਚਾ ਅਖ਼ਬਾਰਾਂ ਪੋਸਟਰਾਂ ਤੱਕ ਹੀ ਸੀਮਿਤ ਰਹੀ। ਜਦੋਂਕਿ ਲਾਵਾਂ ਫ਼ੇਰੇ (16 ਫਰਵਰੀ)ਕਾਮੇਡੀ ਫ਼ਿਲਮ ਹੋਣ ਕਰਕੇ ਲੱਗੇ ਪੈਸੇ ਪੂਰੇ ਕਰ ਗਈ।ਇਹ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਦੀ ਦੂਜੀ ਫ਼ਿਲਮ ਸੀ। ਮਾਰਚ ਵਿੱਚ ਰਿਲੀਜ਼ ਹੋਈਆਂ ਤਿੰਨ ਫ਼ਿਲਮਾਂ ਲੌਂਗ-ਲਾਚੀ(9ਮਾਰਚ),ਸੱਜਣ ਸਿੰਘ ਰੰਗਰੂਟ (23ਮਾਰਚ) ਤੇ ਅਮਰੀਕਾ (30ਮਾਰਚ)ਸ਼ਾਮਿਲ ਨੇ। ਇਹਨਾਂ ਵਿੱਚੋਂ ਲੌਂਗ-ਲਾਚੀ ਖੇਤਰੀ ਪੱਧਰ ਤੇ ਅਤੇ ਸੱਜਣ ਸਿੰਘ ਰੰਗਰੂਟ ਅੰਤਰਰਾਸ਼ਟਰੀ ਪੱਧਰ ਤੱਕ ਚਰਚਾ ਦਾ ਵਿਸ਼ਾ ਰਹੀ।
ਦਰਅਸਲ ਫ਼ਿਲਮ ਲੌਂਗ ਲਾਚੀ ਨਿਰਦੇਸ਼ਕ ਵਜੋਂ ਫ਼ਿਲਮ ਜਗਤ ਵਿੱਚ ਆਏ ਅੰਬੇਰਦੀਪ ਸਿੰਘ ਦੀ ਬਤੌਰ ਅਦਾਕਾਰ ਪਹਿਲੀ ਫ਼ਿਲਮ ਸੀ ਜਿਸ ਵਿੱਚ ਉਸਦੇ ਉਲਟ ਕਿਰਦਾਰ ਵਿੱਚ ਨੀਰੂ ਬਾਜਵਾ ਸੀ। ਇਸ ਫ਼ਿਲਮ ਦਾ ਟਾਈਟਲ ਗੀਤ ਪੰਜਾਬੀ ਲੇਖਕ ਹਰਮਨਜੀਤ ਨੇ ਲਿਖਿਆ ਸੀ ਜੋ ਕਮਰਸ਼ੀਅਲੀ ਬੇਹੱਦ ਹਿੱਟ ਹੋਇਆ ਤੇ ਉਸਦੀ ਚਰਚਾ ਕਰਕੇ ਸਾਰਾ ਸਾਲ ਇਹ ਫ਼ਿਲਮ ਲੋਕ ਮਨਾਂ ਚੋਂ ਨਹੀਂ ਨਿੱਕਲੀ ਤੇ ਇਸ ਫ਼ਿਲਮ ਦੇ ਨਾਮ ਤੇ ਕਈ ਲੋਕਲ ਖਾਧ ਪਦਾਰਥਾਂ ਤੇ ਸੂਟਾਂ ਦੇ ਨਾਮ ਵੀ ਰੱਖੇ ਗਏ। ਦੂਜੇ ਪਾਸੇ ਫ਼ਿਲਮ ਸੱਜਣ ਸਿੰਘ ਰੰਗਰੂਟ(ਸੱਚੀ ਕਹਾਣੀ ਤੇ ਅਧਾਰਿਤ) ਬ੍ਰਿਟਿਸ਼ ਇੰਡੀਅਨ ਫ਼ੌਜੀਆਂ ਦੇ ਉਹਨਾਂ ਹਾਲਾਤਾਂ ਦੀ ਕਹਾਣੀ ਸੀ ਜੋ ਗੁਲਾਮੀ ਦਾ ਸਮਾਂ ਸਿੱਖ ਕੌਮ ਨੇ ਅੰਗਰੇਜ਼ਾਂ ਅਧੀਨ ਰਹਿ ਕੇ ਗੁਜ਼ਾਰਿਆ ਸੀ। ਇਹ ਫ਼ਿਲਮ ਰੂਸ ਦੇਸ਼ ਵਿੱਚ ਰੂਸੀ ਭਾਸ਼ਾ ਵਿੱਚ ਵੀ ਰਿਲੀਜ਼ ਕੀਤੀ ਗਈ।ਹਾਂ, ਏਨਾ ਜ਼ਰੂਰ ਹੈ ਕਿ ਦਿਲਜੀਤ ਦੇ ਲੋਕ ਚਰਚਿਤ ਚਿਹਰਾ ਹੋਣ ਦੇ ਬਾਵਯੂਦ ਇਹ ਏਨੀ ਹਿੱਟ ਨਹੀਂ ਰਹੀ। ਅਮਰੀਕਾ, ਫ਼ਿਲਮ ਦੀ ਗੱਲ ਕਰੀਏ ਤਾਂ ਇਹ ਕਾਫ਼ੀ ਵਰੇ ਪਹਿਲਾਂ ਬਣੀ ਹੋਈ ਡੱਬਾ ਬੰਦ ਫ਼ਿਲਮ ਸੀ ਜਿਸਨੂੰ ਕਈ ਸਾਲਾਂ ਬਾਅਦ ਮੁੜ 2018 ਵਿੱਚ ਰਿਲੀਜ਼ ਕੀਤਾ ਗਿਆ। ਇਸ ਵਿੱਚ ਅਦਾਕਾਰਾ ਰਵਿੰਦਰ ਮਾਨ ਤੇ ਅੱਸੀ-ਨੱਬੇ ਦੇ ਦਹਾਕਿਆਂ ਵਿੱਚ ਫ਼ਿਲਮ ਇੰਡਸਟਰੀ ਵਿੱਚ ਰਾਜ ਕਰਨ ਵਾਲੇ ਅਦਾਕਾਰ ਵਰਿੰਦਰ ਦੇ ਲੜਕੇ ਰਣਦੀਪ ਵਰਿੰਦਰ ਨੇ ਕੰਮ ਕੀਤਾ ਸੀ। ਰਵਿੰਦਰ ਮਾਨ ਆਪਣੇ ਜ਼ਮਾਨੇ ਦੀ ਬੇਹੱਦ ਖੂਬਸੂਰਤ ਅਦਾਕਾਰਾ ਤੇ ਮਾਡਲ ਰਹੀ ਹੈ। ਖੈਰ, ਇਹ ਫ਼ਿਲਮ ਕਦੋਂ ਲੱਗੀ ਤੇ ਕਦੋਂ ਉੱਤਰ ਗਈ,ਕਿਸੇ ਨੂੰ ਵੀ ਪਤਾ ਨਹੀਂ ਲੱਗਾ। ਸੋ, ਇਹ ਮਹਿਜ਼ ਗਿਣਤੀ ਵਧਾਉਣ ਵਾਲਾ ਕੰਮ ਹੋ ਨਿੱਬੜੀ। ਅਪ੍ਰੈਲ ਮਹੀਨੇ ਵਿੱਚ ਰਿਲੀਜ਼ ਹੋਈਆਂ ਪੰਜ ਫ਼ਿਲਮਾਂ ਵਿੱਚ ਸੂਬੇਦਾਰ ਜੋਗਿੰਦਰ ਸਿੰਘ (6ਅਪ੍ਰੈਲ)ਤੇ ਗੋਲਕ ਬੁੱਗਣੀ ਬੈਂਕ ਤੇ ਬਟੂਆ (13ਅਪ੍ਰੈਲ),ਨਾਨਕ ਸ਼ਾਹ ਫ਼ਕੀਰ(13 ਅਪ੍ਰੈਲ), ਖਿੱਦੋ ਖੂੰਡੀ(20 ਅਪ੍ਰੈਲ),ਭਾਈ ਤਾਰੂ ਸਿੰਘ(27 ਅਪ੍ਰੈਲ ) ਸ਼ਾਮਿਲ ਹਨ। ਸੂਬੇਦਾਰ ਜੋਗਿੰਦਰ ਸਿੰਘ ਪਰਮਵੀਰ ਚੱਕਰ ਵਿਜੇਤਾ ਸੂਬੇਦਾਰ ਜੋਗਿੰਦਰ ਸਿੰਘ ਦਾ ਬਾਇਓਪਿਕ ਸੀ ਜਿਸ ਵਿੱਚ ਗਾਇਕ ਕੁਲਵਿੰਦਰ ਬਿੱਲਾ ਤੇ ਰਾਜਵੀਰ ਜਵੰਧਾ ਨੇ ਬਤੌਰ ਅਦਾਕਾਰ ਕੰਮ ਕੀਤਾ। ਪੰਜਾਬ ਦੇ ਇੱਕ ਚੈਨਲ ਫ਼ਿਲਮ ਵਾਰਤਾ ਨੇ ਇਸ ਫ਼ਿਲਮ ਦੀ ਵਿਸ਼ੇਸ਼ ਰਿਪੋਰਟ ਰਾਹੀਂ ਖੁਲਾਸਾ ਕੀਤਾ ਸੀ ਕਿ ਇਸ ਫ਼ਿਲਮ ਨੂੰ ਬਨਾਉਣ ਲਈ ਪਰਿਵਾਰ ਦੀ ਇਜਾਜ਼ਤ ਵੀ ਨਹੀਂ ਲਈ ਗਈ ਸੀ। ਲਿਹਾਜ਼ਾ ਇਸ ਫ਼ਿਲਮ ਨੂੰ ਬਹੁਤਾ ਸਲਾਹਿਆ ਨਹੀਂ ਗਿਆ ਅਤੇ ਸਥਾਨਕ ਸਾਬਕਾ ਫ਼ੌਜੀ ਸਭਾ ਵੱਲੋਂ ਇਸ ਸੰਬੰਧੀ ਕਾਫ਼ੀ ਰੋਸ ਵੀ ਰਿਹਾ ਕਿਉਂਕਿ ਇਸ ਫ਼ਿਲਮ ਵਿੱਚ ਬਾਇਓਪਿਕ ਦੀ ਅਸਲੀਅਤ ਨੂੰ ਪਰ੍ਹਾਂ ਕਰਕੇ ਕਮਰਸ਼ੀਅਲਪੁਣਾ ਪੂਰਾ ਉਘਾੜਿਆ ਗਿਆ। ਦੂਜੀ ਫ਼ਿਲਮ ਗੋਲਕ ਬੁੱਗਣੀ ਬੈਂਕ ਤੇ ਬਟੂਆ ਮੁੱਖ ਤੌਰ ਤੇ ਨੋਟਬੰਦੀ ਦੇ ਮਾਹੌਲ ਨੂੰ ਪੇਸ਼ ਕਰਦੀ ਕਹਾਣੀ ਸੀ ਜਿਸ ਵਿੱਚ ਦੋਵੇਂ ਸਮਿਆਂ ਜਨਵਰੀ 1978 ਅਤੇ 8 ਨਵੰਬਰ 2016 ਵਿੱਚ ਹੋਈ ਨੋਟਬੰਦੀ ਨਾਲ ਸੰਬੰਧਿਤ ਪੇਸ਼ ਹੋਈਆਂ ਮੁਸ਼ਕਿਲਾਂ ਦੀ ਗੱਲ ਸੀ। ਖੈਰ, ਇਹ ਫ਼ਿਲਮਾਂ ਵੀ ਅੌਸਤ ਰਹੀਆਂ।
ਇਸ ਨਾਲ ਜੁੜਦੀ ਇੱਕ ਹੋਰ ਅਹਿਮ ਗੱਲ ਇਹ ਵੀ ਹੈ ਕਿ ਇਸੇ ਦਿਨ ਰਿਲੀਜ਼ ਹੋਈ ਫ਼ਿਲਮ ਨਾਨਕ ਸ਼ਾਹ ਫ਼ਕੀਰ ਨੇ ਇਸ ਫ਼ਿਲਮ ਨੂੰ ਕਾਫ਼ੀ ਢਾਹ ਲਾਈ। ਅਸਲ ਵਿੱਚ ਨਾਨਕ ਸ਼ਾਹ ਫ਼ਕੀਰ ਕਾਫ਼ੀ ਕੰਟਰੋਵਰਸ਼ੀਅਲ ਫ਼ਿਲਮ ਸੀ ਜੋ ਸਾਲ 2014 ਵਿੱਚ ਵੀ ਰਿਲੀਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਬਾਵਜੂਦ ਇਸਦੇ ਕਿ ਇਸ ਫ਼ਿਲਮ ਨੂੰ ਲੈ ਕੇ ਸਿੱਖ ਧਰਮ ਵਿੱਚ ਕਾਫ਼ੀ ਨਾਰਾਜ਼ਗੀ ਹੋਵੇਗੀ। ਇਸ ਨੂੰ ਦੁਬਾਰਾ ਰਿਲੀਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸਦਾ ਖਮਿਆਜ਼ਾ ਪ੍ਰੋਡਿਊਸਰ ਹਰਿੰਦਰ ਸਿੱਕਾ ਦੇ ਨਾਲ-ਨਾਲ ਦੂਜੀਆਂ ਹੋਰ ਫ਼ਿਲਮਾਂ ਨੇ ਵੀ ਭਰਿਆ। ਵੀਹ ਅਪਰੈਲ ਨੂੰ ਰਿਲੀਜ਼ ਹੋਈ ਖਿੱਦੋ ਖੂੰਡੀ ਫ਼ਿਲਮ ਨੇ ਭਾਂਵੇ ਖਾਸ ਸ਼ੁਹਰਤ ਨਹੀਂ ਬਟੋਰੀ ਪਰ ਇਹ ਜਲੰਧਰ ਜ਼ਿਲ੍ਹੇ ਦੇ ਪਿੰਡ ਸੰਸਾਰਪੁਰ ਵਿੱਚੋਂ ਪੈਦਾ ਹੋਈ ਹਾਕੀ ਦੀ ਖੇਡ ਦੀ ਚੇਟਕ ਤੋਂ ਹਾਕੀ ਦੀ ਨਰਸਰੀ ਬਨਣ ਦੀ ਦਾਸਤਾਨ ਸੀ। ਇੱਕ ਸਤਰ ਵਿੱਚ ਨਿਬੇੜੀਏ ਤਾਂ ਇਹ ਇੱਕ ਖੇਡ ਅਧਾਰਿਤ ਪਰਿਵਾਰਕ ਫ਼ਿਲਮ ਸੀ ਜਿਸਦੀ ਲੀਡ ਵਿੱਚ ਰਣਜੀਤ ਬਾਵਾ ਸੀ ਪਰ ਸੈਕੰਡ ਲੀਡ ਦੇ ਬਾਵਜੂਦ ਮਾਨਵ ਵਿਜ ਸਾਰੀ ਫ਼ਿਲਮ ਵਿੱਚ ਜ਼ਿਆਦਾ ਛਾਇਆ ਰਿਹਾ। ਸਤਾਈ ਅਪ੍ਰੈਲ ਨੂੰ ਰਿਲੀਜ਼ ਹੋਈ ਫ਼ਿਲਮ ਭਾਈ ਤਾਰੂ ਸਿੰਘ ਧਾਰਮਿਕ ਵਿਸ਼ੇ ਦੀ ਫ਼ਿਲਮ ਸੀ ਜਿਸਨੂੰ ਖਾਸ ਤਰ੍ਹਾਂ ਦੇ ਦਰਸ਼ਕਾਂ ਤੋਂ ਇਲਾਵਾ ਬਹੁਤੀ ਭੀੜ ਨਹੀਂ ਮਿਲੀ। ਮਈ ਵਿੱਚ ਰਿਲੀਜ਼ ਹੋਈਆਂ ਪੰਜ ਫ਼ਿਲਮਾਂ ਵਿੱਚ ਦਾਣਾ ਪਾਣੀ (4ਮਈ),ਕੰਡੇ(11ਮਈ),ਰੇਡੂਆ(11ਮਈ),ਹਰਜੀਤਾ(18ਮਈ) ਤੇ ਆਮ ਆਦਮੀ (25ਮਈ)ਸ਼ਾਮਿਲ ਹਨ। ਕੰਡੇ ਥੀਏਟਰ ਕਲਾਕਾਰਾਂ ਦੀ ਫ਼ਿਲਮ ਸੀ ਜਿਸ ਵਿੱਚ ਸੁਨੀਤਾ ਧੀਰ ਤੇ ਯੋਗਰਾਜ ਸਿੰਘ ਨੇ ਪੂਰੇ ਪੱਚੀ ਸਾਲ ਬਾਅਦ ਇੱਕ ਦੂਜੇ ਦੇ ਵਿਰੁੱਧ ਕਿਰਦਾਰ ਨਿਭਾਏ ਸਨ। ਇਹ ਲੁਧਿਆਣੇ ਜ਼ਿਲ੍ਹਾ ਦੇ ਸਟੇਟ ਅੈਵਾਰਡੀ ਬਾਜ਼ ਸੁਖਪਾਲ ਦੀ ਲਿਖੀ ਤੇ ਪ੍ਰੋਡਿਊਸ ਕੀਤੀ ਫ਼ਿਲਮ ਸੀ। ਨਸ਼ਿਆਂ ਦੀ ਹੋੜ ਨਾਲ ਮਰ ਰਹੇ ਕੁੜੀਆਂ ਮੁੰਡਿਆਂ ਦੀ ਗੱਲ ਇਸ ਫ਼ਿਲਮ ਦਾ ਵਿਸ਼ਾ ਸੀ।
ਦਾਣਾ ਪਾਣੀ ਕਿਸਮਤਵਾਦ ਨੂੰ ਹੁਲਾਰਾ ਦਿੰਦੀ ਇੱਕ ਪਰਿਵਾਰਕ ਤੇ ਭਾਵੁਕ ਕਹਾਣੀ ਸੀ। ਇਹ ਫ਼ਿਲਮ ਕਾਫ਼ੀ ਚਰਚਿਤ ਰਹੀ ਤੇ ਇਸਦੀ ਦ੍ਰਿਸ਼ਕਾਰੀ ਤੇ ਗੀਤ ਸੰਗੀਤ ਕਾਰਨ ਕਾਫ਼ੀ ਲੋਕਪ੍ਰਿਅ ਹੋਈ।ਤੀਜੀ ਫ਼ਿਲਮ ਸੀ ਰੇਡੂਆ ਜਿਸਨੂੰ ਫ਼ਿਲਮ ਟੀਮ ਨੇ ਪੰਜਾਬ ਦੀ ਪਹਿਲੀ ਸਾਇੰਸ ਫ਼ਿਕਸ਼ਨ ਕਹਿ ਕੇ ਪ੍ਰਚਾਰਿਆ ਸੀ। ਇਸਦੇ ਉਲਟ ਇਹ ਏਨਾ ਸਸਤਾ ਜੁਗਾੜ ਸੀ ਕਿ ਫਿਲਮ ਨਾਲੋਂ ਇਹ ਬੱਚਿਆਂ ਦੀਆਂ ਟੈਲੀਫ਼ਿਲਮ ਵਧੇਰੇ ਲੱਗੀ। ਸੋ,ਇਹ ਇੱਕ ਹਫ਼ਤੇ ਤੋਂ ਵੱਧ ਚੱਲ ਨਾ ਸਕੀ। ਇਸ ਵਿੱਚ ਜਲੰਧਰ ਦੂਰਦਰਸ਼ਨ ਦੀ ਸਟੇਜ ਤੋਂ ਮਸ਼ਹੂਰ ਹੋਈ ਅੈੰਕਰ ਸਤਿੰਦਰ ਸੱਤੀ ਨੇ ਵੀ ਅਦਾਕਾਰੀ ਕੀਤੀ ਸੀ। ਦਿਲਚਸਪ ਗੱਲ ਸੀ ਕਿ ਕੰਡੇ ਤੇ ਰੇਡੂਆ ਦੋਵੇਂ ਇਕੱਠੀਆਂ ਇੱਕੋ ਦਿਨ ਰਿਲੀਜ਼ ਹੋਈਆਂ ਫ਼ਿਲਮਾਂ ਸੀ ਅਤੇ ਦੋਵਾਂ ਦੀ ਸਟਾਰ ਕਾਸਟ ਬਿਲਕੁਲ ਨਵੀਂ ਵੀ ਸੀ। ਇਸੇ ਕਰਕੇ ਤਕਰੀਬਨ ਦੋਵਾਂ ਨੂੰ ਹੀ ਮੁਕਾਬਲੇ ਕਰਕੇ ਦਰਸ਼ਕ ਬਹੁਤ ਘੱਟ ਜੁੜ ਸਕੇ। ਚੌਥੀ ਫ਼ਿਲਮ ਸੀ ਹਰਜੀਤਾ ਜੋ ਸਾਰੇ ਸਾਲ ਦੀ ਹਿੱਟ ਫ਼ਿਲਮ ਵਜੋਂ ਸ਼ਾਮਿਲ ਹੋਈ ਹੈ। ਇਹ ਅੈਮੀ ਵਿਰਕ ਦੇ ਲੀਡ ਕਿਰਦਾਰ ਵਾਲੀ ਫ਼ਿਲਮ ਸੀ ਜਿਸ ਵਿੱਚ ਉਸਦੇ ਉਲਟ ਸਾਵਣ ਰੂਪੋਵਾਲੀ ਥੀਏਟਰ ਅਦਾਕਾਰਾ ਨੇ ਕਾਫ਼ੀ ਸੁਹਣੀ ਅਦਾਕਾਰੀ ਕੀਤੀ ਸੀ। ਇਹ ਜਗਦੀਪ ਸਿੱਧੂ ਦੇ ਨਿਰਦੇਸ਼ਨ ਵਿੱਚ ਬਣੀ ਸੁਪਰਹਿਟ ਰਹੀ ਫ਼ਿਲਮ ਹੈ। ਇਹ ਫ਼ਿਲਮ ਹਾਕੀ ਖੇਡ ਨੂੰ ਉਤਸ਼ਾਹਿਤ ਕਰਦੀ ਫ਼ਿਲਮ ਸੀ ਜਿਸਨੂੰ ਸਿਨਮੇ ਦੇ ਪ੍ਰੇਮੀਆਂ ਨੇ ਪੰਜਾਬੀ ਦੀ 'ਚੱਕ ਦੇ ਇੰਡੀਆ' ਕਹਿ ਕੇ ਸਲਾਹਿਆ ਸੀ। ਪੰਜਵੀਂ ਫ਼ਿਲਮ ਸੀ ਆਮ ਆਦਮੀ ਜੋ ਕਿ ਗਾਇਕ ਰਾਜ ਬਰਾੜ ਦੀ 31ਦਸੰਬਰ 2016ਵਿੱਚ ਹੋਈ ਮੌਤ ਤੋਂ ਬਾਅਦ ਉਸਦੇ ਪਰਿਵਾਰ ਵੱਲੋਂ ਉਸਦੀ ਯਾਦ ਵਿੱਚ ਰਿਲੀਜ਼ ਕੀਤੀ ਗਈ ਸੀ। ਇਹ ਰਾਜ ਬਰਾੜ ਦੀ ਅਦਾਕਾਰੀ ਵਾਲੀ ਆਖ਼ਰੀ ਫ਼ਿਲਮ ਸੀ। ਖੈਰ, ਇਹ ਫ਼ਿਲਮ ਸਿਰਫ਼ ਅਖ਼ਬਾਰੀ ਖਬਰਾਂ ਤੱਕ ਚਰਚਾ ਵਿੱਚ ਰਹੀ ਜਦੋਂਕਿ ਸਿਨਮਿਆਂ ਵਿੱਚ ਇਸਨੇ ਬਹੁਤਾ ਸਮਾਂ ਨਹੀਂ ਕੱਟਿਆ। ਜੂਨ ਮਹੀਨੇ ਰਿਲੀਜ਼ ਹੋਈਆਂ ਚਾਰ ਫਿਲਮਾਂ ਕੈਰੀ ਆਨ ਜੱਟਾ(1 ਜੂਨ),ਰੱਬ ਰਾਖਾ 8 ਜੂਨ, ਜੱਟ ਵਰਸਜ਼ ਆਈਲਸ 22 ਜੂਨ ਤੇ ਆਸੀਸ(22 ਜੂਨ) ਵਿੱਚੋਂ ਕੈਰੀ ਆਨ ਜੱਟਾ ਤੇ ਆਸੀਸ ਕਾਫ਼ੀ ਮਸ਼ਹੂਰ ਰਹੀਆਂ। ਕੈਰੀ ਆਨ ਜੱਟਾ 2, ਸੰਨ 2012 ਵਿੱਚ ਬਣੀ ਕੈਰੀ ਆਨ ਜੱਟਾ ਦਾ ਸੀਕੂਅਲ ਹੀ ਸੀ ਜਿਸਨੂੰ ਕਾਮੇਡੀ ਹੋਣ ਕਰਕੇ ਕਾਫ਼ੀ ਦਰਸ਼ਕ ਮਿਲਿਆ। ਆਸੀਸ ਫ਼ਿਲਮ ਦੀ ਗੱਲ ਕਰੀਏ ਤਾਂ ਇਹ ਪਹਿਲੀ ਫ਼ੀਚਰ ਫ਼ਿਲਮ ਸੀ ਜਿਸ ਵਿੱਚ ਥੀਏਟਰ ਅਦਾਕਾਰ ਰਾਣਾ ਰਣਬੀਰ ਨੇ ਲੀਡ ਕਿਰਦਾਰ ਅਦਾ ਕੀਤਾ ਸੀ। ਦੇਸ਼-ਵਿਦੇਸ਼ ਵਿੱਚ ਇਸਦੇ ਥੀਮ ਤੇ ਕਹਾਣੀ ਕਰਕੇ ਫ਼ਿਲਮ ਦੀ ਕਾਫ਼ੀ ਚਰਚਾ ਹੋਈ। ਜੁਲਾਈ ਦੀਆਂ ਚਾਰ ਫ਼ਿਲਮਾਂ ਵਿੱਚੋਂ ਦੋ ਫ਼ਿਲਮਾਂ ਨਨਕਾਣਾ(6ਜੁਲਾਈ) ਤੇ ਵਧਾਈਆਂ ਜੀ ਵਧਾਈਆਂ(13ਜੁਲਾਈ) ਨੇ ਕਾਫ਼ੀ ਦਰਸ਼ਕ ਅਤੇ ਸ਼ੁਹਰਤ ਬਟੋਰੀ। ਵਧਾਈਆਂ ਜੀ ਵਧਾਈਆਂ ਬੀਨੂੰ ਢਿੱਲੋਂ ਦੇ ਲੀਡ ਕਿਰਦਾਰ ਵਾਲੀ ਚੌਥੀ ਫ਼ਿਲਮ ਸੀ। ਇਸੇ ਤਰ੍ਹਾਂ ਇੱਕੋ ਦਿਨ ਰਿਲੀਜ਼ ਹੋਈਆਂ ਦੋ ਫ਼ਿਲਮਾਂ ਵਿੱਚੋਂ ਇਸ਼ਕ ਨਾ ਹੋਵੇ ਰੱਬਾ(27ਜੁਲਾਈ)ਤੇ ਅਸ਼ਕੇ (27 ਜੁਲਾਈ)ਵਿੱਚੋਂ ਅਸ਼ਕੇ ਦੀ ਚਰਚਾ ਜ਼ਿਆਦਾ ਰਹੀ। ਇਹ ਫ਼ਿਲਮ ਪੰਜਾਬ ਦੇ ਲੋਕ-ਨਾਚ ਭੰਗੜੇ ਨੂੰ ਉਤਸ਼ਾਹਿਤ ਕਰਦੀ ਸੀ। ਇਸ ਫ਼ਿਲਮ ਦਾ ਟਰੇਲਰ ਆਪਣੀ ਮਿੱਥੀ ਹੋਈ ਤਾਰੀਖ ਤੋਂ ਸਿਰਫ਼ ਇੱਕ ਦਿਨ ਪਹਿਲਾਂ ਰਿਲੀਜ਼ ਕੀਤਾ ਗਿਆ ਸੀ। ਅਗਸਤ ਮਹੀਨੇ ਰਿਲੀਜ਼ ਹੋਈਆਂ ਪੰਜ ਫ਼ਿਲਮਾਂ ਜੱਗਾ ਜਿਉਂਦਾ ਏ(3 ਅਗਸਤ), ਡਾਕੂਆਂ ਦਾ ਮੁੰਡਾ(10ਅਗਸਤ),ਮਿਸਟਰ ਅੈੰਡ ਮਿਸਿਜ਼ 420 ਰਿਟਰਨਜ਼(15ਅਗਸਤ),ਗੁਰੂ ਦਾ ਬੰਦਾ 24 ਅਗਸਤ, ਮਰ ਗਏ ਓਏ ਲੋਕੋ(31ਅਗਸਤ) ਵਿੱਚੋਂ ਸਭ ਤੋਂ ਜ਼ਿਆਦਾ ਹਿੱਟ ਫ਼ਿਲਮ ਡਾਕੂਆਂ ਦਾ ਮੁੰਡਾ ਰਹੀ। ਇਸ ਵਿੱਚ ਰੁਪਿੰਦਰ ਗਾਂਧੀ ਫ਼ੇਮ ਦੇਵ ਖਰੌੜ ਨੇ ਅਦਾਕਾਰੀ ਕੀਤੀ ਸੀ। ਇਹ ਪੱਤਰਕਾਰ/ਲੇਖਕ ਮਿੰਟੂ ਗੁਰੂਸਰੀਆ ਦੀ ਸਵੈ ਜੀਵਨੀ ਤੇ ਅਧਾਰਿਤ ਸੀ। ਇਸ ਫ਼ਿਲਮ ਨੇ ਬਾਕੀ ਸਭ ਨਾਲੋਂ ਰਿਕਾਰਡ ਤੋੜ ਸਫ਼ਲਤਾ ਹਾਸਿਲ ਕੀਤੀ ਸੀ।ਇਸਦੇ ਉਲਟ ਮਰ ਗਏ ਓਏ ਲੋਕੋ ਨੇ ਅੌਸਤਨ ਤੇ ਜੱਗਾ ਜਿਉਂਦਾ ਏ ਅਤੇ ਮਿਸਟਰ ਅੈੰਡ ਮਿਸਿਜ਼ 420 ਰਿਟਰਨਜ਼ ਦੀ ਬਹੁਤੀ ਪੁੱਛ-ਗਿੱਛ ਨਹੀਂ ਹੋਈ ਅਤੇ ਧਾਰਮਿਕ ਫ਼ਿਲਮਾਂ ਦਾ ਹਾਲ ਚਾਰ ਸਾਹਿਬਜ਼ਾਦੇ ਫ਼ਿਲਮ ਤੋਂ ਬਾਅਦ ਕਦੀ ਵੀ ਸਲਾਹੁਣਯੋਗ ਨਹੀਂ ਹੋਇਆ। ਸਤੰਬਰ ਵਿੱਚ ਰਿਲੀਜ਼ ਹੋਈਆਂ ਤਿੰਨ ਫ਼ਿਲਮਾਂ ਕੁੜਮਾਈਆਂ(14ਸਤੰਬਰ), ਪ੍ਰਾਹੁਣਾ (15ਸਤੰਬਰ), ਕਿਸਮਤ(21ਸਤੰਬਰ) ਵਿੱਚੋੰ ਕਿਸਮਤ ਫ਼ਿਲਮ ਨੇ ਸਾਰੇ ਪੰਜਾਬੀ ਸਿਨਮੇ ਦੀ ਰੂਪ ਰੇਖਾ ਬਦਲਣ ਦਾ ਕੰਮ ਕੀਤਾ। ਇਹ ਇੱਕ ਅਜਿਹੀ ਭਾਵੁਕ ਕਿਸਮ ਦੀ ਕਹਾਣੀ ਸੀ ਜਿਸਨੇ ਆਪਣੇ ਖੂਬਸੂਰਤ ਫ਼ਿਲਮਾਂਕਣ ਦੇ ਬਦੌਲਤ ਬਾਲੀਵੁੱਡ ਫ਼ਿਲਮ ਵਾਲਾ ਸੁਹਜ-ਸੁਆਦ ਲੋਕਾਂ ਨੂੰ ਦਿੱਤਾ। ਕੁਝ ਕੁ ਆਪੂੰ ਬਣੇ ਫ਼ਿਲਮੀ ਆਲੋਚਕਾਂ ਨੇ ਇਸ ਫ਼ਿਲਮ ਬਾਰੇ ਅਸ਼ਲੀਲ ਤੇ ਪੰਜਾਬੀ ਕਦਰਾਂ-ਕੀਮਤਾਂ ਦੇ ਉਲਟ ਹੋਣ ਦਾ ਪ੍ਰਚਾਰ ਵੀ ਕੀਤਾ ਪਰ ਜਗਦੀਪ ਸਿੱਧੂ ਨੇ ਆਪਣੇ ਨ਼ਿਰਦੇਸ਼ਨ ਵਿੱਚ ਬਣੀ ਇਸ ਦੂਜੀ ਫ਼ਿਲਮ ਰਾਹੀਂ ਜ਼ਾਹਿਰ ਕੀਤਾ ਕਿ ਰੁਮਾਂਸ ਸਿਰਫ਼ ਨੇੜਤਾ ਦਰਸਾਉਂਦੇ ਦ੍ਰਿਸ਼ਾਂ ਵਿੱਚ ਹੀ ਨਹੀਂ ਹੁੰਦਾ ਸਗੋਂ ਸੰਜੀਦਗੀ ਨਾਲ ਇੱਕ ਦੂਜੇ ਦੀ ਦੇਖਭਾਲ ਕਰਨਾ ਵੀ ਇਸ ਵਿੱਚ ਸ਼ਾਮਿਲ ਹੈ।
ਕੁੜਮਾਈਆਂ ਤੇ ਪ੍ਰਾਹੁਣਾ ਲਗਭਗ ਘੱਟ ਬਜਟ 'ਚ ਬਣੀਆਂ ਆਪਣੇ ਲੱਗੇ ਪੈਸੇ ਪੂਰੇ ਕਰਨ ਵਿੱਚ ਸਮਰੱਥ ਰਹੀਆਂ। ਇਸੇ ਤਰ੍ਹਾਂ ਅਕਤੂਬਰ ਵਿੱਚ ਰਿਲੀਜ਼ ਹੋਈਆਂ ਚਾਰ ਫ਼ਿਲਮਾਂ ਅਫ਼ਸਰ (5 ਅਕਤੂਬਰ),ਸੰਨ ਆਫ਼ ਮਨਜੀਤ ਸਿੰਘ(12 ਅਕਤੂਬਰ),ਅਾਟੇ ਦੀ ਚਿੜੀ(19ਅਕਤੂਬਰ),ਰਾਂਝਾ ਰਿਫ਼ਿਊਜ਼ੀ(26ਅਕਤੂਬਰ) ਆਦਿ ਸ਼ਾਮਿਲ ਹਨ। ਇਹਨਾਂ ਵਿੱਚੋਂ ਸੰਨ ਆਫ਼ ਮਨਜੀਤ ਸਿੰਘ ਕਾਫ਼ੀ ਮਸ਼ਹੂਰ ਰਹੀ ਜਦੋਂਕਿ ਬਾਕੀ ਦੀਆਂ ਫ਼ਿਲਮਾਂ ਦੇ ਹਿੱਸੇ ਸਿਰਫ਼ ਕੁਝ ਕੁ ਦਰਸ਼ਕ ਹੀ ਆਏ। ਇੰਝ ਇਹ ਲਗਭਗ ਦੋ-ਚਾਰ ਦਿਨਾਂ ਵਿੱਚ ਹੀ ਸਿਨਮਿਆਂ ਵਿੱਚੋਂ ਉੱਤਰ ਗਈਆਂ। ਸੰਨ ਆਫ਼ ਮਨਜੀਤ ਸਿੰਘ ਮਰਾਠੀ ਫ਼ਿਲਮ ਸ਼ਿਕਸ਼ਾਨਾਚਿਆ ਆਈਚਾ ਘੋ ਦੀ ਹੂ ਬ ਹੂ ਨਕਲ ਸੀ ਜਿਸ ਨੇ ਗੁਰਪ੍ਰੀਤ ਘੁੱਗੀ ਦੀ ਬੇਹਤਰ ਅਦਾਕਾਰੀ ਨਾਲ ਪੰਜਾਬੀ ਦਰਸ਼ਕਾਂ ਦਾ ਕਾਫ਼ੀ ਮਨ ਮੋਹਿਆ ਅਤੇ ਲੋਕ ਇਸਨੂੰ ਪਰਿਵਾਰਕ ਫ਼ਿਲਮ ਹੋਣ ਕਰਕੇ ਵੱਡੀ ਗਿਣਤੀ ਵਿੱਚ ਦੇਖਣ ਗਏ। ਇਸੇ ਤਰ੍ਹਾਂ ਨਵੰਬਰ ਵਿੱਚ ਰਿਲੀਜ਼ ਹੋਈਆਂ ਸੱਤ ਫ਼ਿਲਮਾਂ ਜਿੰਦੜੀ (2 ਨਵੰਬਰ), ਸਲੂਟ (8ਨਵੰਬਰ), ਲਾਟੂ(16 ਨਵੰਬਰ),ਮੈਰਿਜ ਪੈਲੇਸ(23 ਨਵੰਬਰ),ਰੰਗ ਪੰਜਾਬ(23 ਨਵੰਬਰ),ਦਿਨ ਦਿਹਾੜੇ ਲੈਜਾਂਗੇ (29 ਨਵੰਬਰ) ,
ਚੰਨ ਤਾਰਾ (30ਨਵੰਬਰ) ਵਿੱਚੋਂ ਕੋੲੀ ਵੀ ਖਾਸ ਕਮਾਲ ਨਾ ਦਿਖਾ ਸਕੀਆਂ। ਇਹਨਾਂ ਵਿੱਚੋਂ ਲਾਟੂ ਗਾਇਕ ਗਗਨ ਕੋਕਰੀ ਦੀ ਪਹਿਲੀ ਫ਼ਿਲਮ ਸੀ ਜਿਸ ਵਿੱਚ ਗਗਨ ਕੋਕਰੀ ਤੇ ਰਾਹੁਲ ਜੁੰਗਰਾਲ ਨੇ ਲੀਡ ਕਿਰਦਾਰ ਅਦਾ ਕੀਤੇ ਸਨ। ਖੈਰ, ਇਹ ਫ਼ਿਲਮਾਂ ਬਹੁਤੀ ਸ਼ੁਹਰਤ ਬਟੋਰਨ ਵਿੱਚ ਸਫ਼ਲ ਨਹੀਂ ਰਹੀਆਂ। ਸਾਲ ਦੇ ਅਖੀਰਲੇ ਮਹੀਨੇ ਦਸੰਬਰ ਵਿੱਚ ਰਿਲੀਜ਼ ਹੋਈਆਂ ਛੇ ਫ਼ਿਲਮਾਂ,ਇਸ਼ਕਾ( 7 ਦਸੰਬਰ), ਬਣਜਾਰਾ(7 ਦਸੰਬਰ),ਯਾਰ ਬੇਲੀ(14 ਦਸੰਬਰ)ਭੱਜੋ ਵੀਰੋ ਵੇ(14 ਦਸੰਬਰ),ਟਾਈਟੈਨਿਕ(21ਦਸੰਬਰ), ਵੱਡਾ ਕਲਾਕਾਰ(28ਦਸੰਬਰ) ਵਿੱਚੋਂ ਬਣਜਾਰਾ ਬੱਬੂ ਮਾਨ ਦੀ ਅਦਾਕਾਰੀ ਵਾਲੀ ਫ਼ਿਲਮ ਸੀ ਜਿਸਨੂੰ ਲੋਕਾਂ ਨੇ ਬਹੁਤਾ ਪਸੰਦ ਨਹੀਂ ਕੀਤਾ ਹੈ। ਖਾਸ ਤੌਰ ਤੇ ਵਿਚਾਰਨਯੋਗ ਹੈ ਕਿ ਪੰਜਾਬ ਦੇ ਦੋ-ਤਿੰਨ ਕਲਾਕਾਰ ਅਜਿਹੇ ਹੀ ਹਨ ਜਿਹਨਾਂ ਨੂੰ ਲੋਕ ਗਾਇਕੀ ਵਿੱਚ ਤਾਂ ਬੇਹੱਦ ਪਸੰਦ ਕਰਦੇ ਹਨ ਪਰ ਫ਼ਿਲਮਾਂ ਵਿੱਚ ਉਹਨਾਂ ਦੀ ਅਦਾਕਾਰੀ ਕੋਈ ਖਿੱਚ ਨਹੀਂ ਪਾਉਂਦੀ। ਬੱਬੂ ਮਾਨ,ਰਣਜੀਤ ਬਾਵਾ,ਕੁਲਵਿੰਦਰ ਬਿੱਲਾ ਤੇ ਲਗਭਗ ਗੁਰਦਾਸ ਮਾਨ ਵੀ ਹੁਣ ਇਸੇ ਲੜੀ ਵਿੱਚ ਸ਼ਾਮਿਲ ਹਨ। ਭੱਜੋ ਵੀਰੋ ਵੇ ਨਿਰਦੇਸ਼ਕ ਤੋਂ ਅੈਕਟਰ ਬਣੇ ਅੰਬਰਦੀਪ ਦੀ ਦੂਜੀ ਫ਼ਿਲਮ ਹੈ।
ਇਸ ਲੇਖ ਦੇ ਲਿਖੇ ਜਾਣ ਤੱਕ ਕੁੱਲ ਪੰਜਾਹ ਫ਼ਿਲਮਾਂ ਪੰਜਾਬੀ ਸਿਨਮੇ ਦੇ ਇਤਿਹਾਸ ਵਿੱਚ ਆਪਣਾ ਨਾਮ ਸ਼ਾਮਿਲ ਕਰ ਚੁੱਕੀਆਂ ਹਨ। ਸਾਰਾ ਸਾਲ ਇਹਨਾਂ ਫ਼ਿਲਮਾਂ ਦੀ ਇੱਕ ਸਾਂਝ ਇਹਨਾਂ ਦੇ ਨਾਵਾਂ ਵਿੱਚ ਰਹੀ। ਜ਼ਿਆਦਾਤਰ ਨਾਮ ਸ਼ੁੱਧ ਪੰਜਾਬੀ ਵਿੱਚ ਤੇ ਪੰਜਾਬੀ ਸੱਭਿਆਚਾਰ ਦਾ ਹਵਾਲਾ ਦੇ ਕੇ ਪ੍ਰਚਾਰੇ ਗਏ। ਅਹਿਮ ਗੱਲ ਇਹ ਵੀ ਹੈ ਕਿ ਏਸ ਵਾਰ ਦੀਆਂ ਲਗਭਗ ਸਾਰੀਆਂ ਫ਼ਿਲਮਾਂ ਵਿੱਚ ਘੱਟ ਬਜਟ ਤੇ ਪੰਜਾਬ ਦੀਆਂ ਸਥਾਨਕ ਲੋਕੇਸ਼ਨਾਂ ਰੱਖ ਕੇ ਵੱਡੇ ਮੁਨਾਫ਼ੇ ਕਮਾਉਣ ਦਾ ਕੰਮ ਕੀਤਾ ਗਿਆ ਹੈ। ਇਸ ਵਰੇ ਦਾ ਇਤਿਹਾਸ ਪੜਚੋਲਦਿਆਂ ਮੈਂ ਨਿਰੀਖਣ ਕੀਤਾ ਹੈ ਕਿ ਇਸ ਸਾਲ ਹਰ ਉਸ ਵਿਅਕਤੀ ਨੇ ਜਿਸਦਾ ਸਰੋਕਾਰ ਫ਼ਿਲਮ ਇੰਡਸਟਰੀ ਨਾਲ ਕਿਸੇ ਪਾਸਿਓਂ ਵੀ ਰੱਤੀ ਭਰ ਜੁੜਦਾ ਹੈ ਉਸਨੇ ਫ਼ਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਬੇਸ਼ੱਕ ਕਈ ਫ਼ਿਲਮਾਂ ਬਿਨਾਂ ਸਿਰ-ਪੈਰ ਦੇ ਹੀ ਬਣੀਆਂ,ਰਿਲੀਜ਼ ਹੋਈਆਂ ਅਤੇ ਲੋਕਾਂ ਦੀ ਜੇਬ ਤੇ ਬੋਝ ਵੀ ਬਣੀਆਂ ਪਰ ਉਹ ਵੀ ਆਪਣਾ ਨਾਮ ਪੰਜਾਬੀ ਸਿਨਮੇ ਦੇ ਇਤਿਹਾਸ ਵਿੱਚ ਸ਼ਾਮਿਲ ਕਰ ਹੀ ਗਈਆਂ। ਇਸ ਦਾ ਪ੍ਰਭਾਵ ਇਹ ਹੈ ਕਿ ਫ਼ਿਲਮ ਹੁਣ ਆਮ ਲੋਕਾਂ ਨੂੰ ਵੀ ਗੀਤ ਫ਼ਿਲਮਾਂਕਣ ਦੀ ਤਰ੍ਹਾਂ ਲੱਗਣ ਲੱਗੀ ਹੈ ਤੇ ਹਰ ਕਿਸੇ ਨੂੰ ਅੱਜ ਦੀ ਤਾਰੀਖ਼ ਵਿੱਚ ਇਹੀ ਜਾਪਦੈ ਕਿ ਇਸ ਤੋਂ ਸੌਖਾ ਕੰਮ ਕੋੲੀ ਨਹੀੰ।ਪੰਜਾਬ ਦੇ ਨਿਰਦੇਸ਼ਕ ਵਰਗ ਨੂੰ ਯਾਦ ਕਰਵਾ ਦੇਵਾਂ ਕਿ ਏਨੀਅਾਂ ਫ਼ਿਲਮਾਂ ਬਣਾ ਕੇ ਵੀ ਉਹ ਸਾਰਾ ਸਾਲ ਇੱਕ ਵਿਸ਼ਵ ਪੱਧਰੀ ਸਲਾਹੁਣਯੋਗ ਫ਼ਿਲਮ ਨਹੀਂ ਬਣਾ ਸਕੇ ਜਿਸਦਾ ਪੰਜਾਬੀ ਸਿਨਮੇ ਦੇ ਸੁਹਿਰਦ ਨਿਰਦੇਸ਼ਕਾਂ ਨੂੰ ਹਮੇਸ਼ਾ ਹੀ ਮਲਾਲ ਰਹੇਗਾ।
ਪੰਜਾਬੀ ਫ਼ਿਲਮਾਂ ਦੀ ਖੋਜਨਿਗਾਰ ਹੋਣ ਦੀ ਬਦੌਲਤ ਮੇਰਾ ਸਮੂਹ ਨਵੇਂ ਤੇ ਪੁਰਾਣੇ ਨਿਰਦੇਸ਼ਕਾਂ ਨੂੰ ਸੁਝਾਅ ਹੈ ਕਿ ਉਹ ਪੰਜਾਬੀ ਸੱਭਿਆਚਾਰ ਦਾ ਪਲੇਥਣ ਲਾ ਕੇ ਆਪਣੀਆਂ ਰੋਟੀਆਂ ਸੇਕਣ ਤੋਂ ਗੁਰੇਜ਼ ਕਰਨ ਅਤੇ ਢੰਗ ਦੀਆਂ ਸੁਚਾਰੂ ਤੇ ਸੇਧ ਮਈ ਫ਼ਿਲਮਾਂ ਦਾ ਨਿਰਮਾਣ ਵੀ ਕਰਨ। ਧਿਆਨ ਰਹੇ ਦੁਨੀਆਂ ਦੀ ਨਿਰਾਸ਼ਤਾ ਸਿਰਫ਼ ਫੂਹੜ ਮਨੋਰੰਜਨ ਹੀ ਨਹੀਂ ਆਪਣੇ ਹੱਕਾਂ ਤੇ ਲੋੜਾਂ ਨੂੰ ਵੀ ਉਜਾਗਰ ਕਰਾਉਣਾ ਚਾਹੁੰਦੀ ਹੈ। ਉਮੀਦ ਹੈ ਅਗਲੇ ਸਾਲ ਦੌਰਾਨ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ਵਿੱਚ ਇਹ ਪੱਖ ਉਜਾਗਰ ਹੋਣਗੇ।
1.ਕਿਹੜੀ ਫ਼ਿਲਮ ਕਿਸੇ ਹੋਰ ਭਾਸ਼ਾ ਤੋਂ ਹੋਈ ਅਨੁਵਾਦ ?
12 ਅਕਤੂਬਰ 2018 ਨੂੰ ਰਿਲੀਜ਼ ਹੋਈ ਨਿਰਦੇਸ਼ਕ ਵਿਕਰਮ ਗਰੋਵਰ ਦੀ ਫ਼ਿਲਮ ਸੰਨ ਆਫ਼ ਮਨਜੀਤ ਸਿੰਘ ਮਰਾਠੀ ਫ਼ਿਲਮ ਸ਼ਿਕਸ਼ਾ ਨਾਚਿਆ ਆਈਚਾ ਘੋ (2010) ਦੀ ਕਹਾਣੀ ਨੂੰ ਹੂ ਬ ਹੂ ਅਧਾਰ ਬਣਾ ਕੇ ਫ਼ਿਲਮਾਇਆ ਗਿਆ ਸੀ।
2.ਕਿਹੜੀਆਂ ਫ਼ਿਲਮਾਂ ਦੀ ਰਿਲੀਜ਼ਿੰਗ ਤਾਰੀਖ ਬਦਲੀ ਗਈ ?
19 ਅਕਤੂਬਰ 2018 ਨੂੰ ਰਿਲੀਜ਼ ਹੋਈ ਨਿਰਦੇਸ਼ਕ ਹੈਰੀ ਭੱਟੀ ਦੀ ਫ਼ਿਲਮ ਆਟੇ ਦੀ ਚਿੜੀ 19 ਅਕਤੂਬਰ ਦੀ ਵਜਾਇ ਇੱਕ ਦਿਨ ਪਹਿਲਾਂ 18 ਅਕਤੂਬਰ, ਨਿਰਦੇਸ਼ਕ ਅੰਬਰਦੀਪ ਦੀ ਭੱਜੋ ਵੀਰੋ ਵੇ 14 ਦਸੰਬਰ 2018 ਦੀ ਵਜਾਇ 15 ਦਸੰਬਰ 2018 ਨੂੰ ਅਤੇ ਨਿਰਦੇਸ਼ਕ ਕੁਲਦੀਪ ਕੌਸ਼ਿਕ ਦੀ ਵੱਡਾ ਕਲਾਕਾਰ16ਨਵੰਬਰ ਦੀ ਬਜਾਇ 28 ਦਸੰਬਰ ਨੂੰ ਰਿਲੀਜ਼ ਹ
3.ਅੰਗਰੇਜ਼ੀ ਟਾਈਟਲ ਵਾਲੀਆਂ ਫ਼ਿਲਮਾਂ ?
ਹਾਲਾਂਕਿ ਸਾਰਾ ਸਾਲ ਪੰਜਾਬੀ ਸਭਿਆਚਾਰ ਦੇ ਨਾਮ ਤੇ ਪੰਜਾਬੀ ਭਾਸ਼ਾ ਦਾ ਹਰ ਲੋਕਪ੍ਰਿਅ ਸ਼ਬਦ ਫ਼ਿਲਮਾਂ ਦੇ ਸਿਰਲੇਖ ਲਈ ਵਰਤੇ ਗਏ ਪਰ ਫ਼ਿਰ ਵੀ ਕੁਝ ਫ਼ਿਲਮਾਂ ਦੇ ਨਾਮ ਨਿਰੋਲ ਅੰਗਰੇਜ਼ੀ ਭਾਸ਼ਾ ਦੇ ਅੱਖਰਾਂ ਵਿੱਚ ਰਹੇ ਉਦਾਹਰਨ ਵਜੋਂ (30 ਮਾਰਚ 2018) ਨੂੰ ਰਿਲੀਜ਼ ਹੋਈ ਫ਼ਿਲਮ ਅਮੇਰਿਕਾ, (1 ਜੂਨ 2018) ਨੂੰ ਰਿਲੀਜ਼ ਹੋਈ ਕੈਰੀ ਆਨ ਜੱਟਾ, ਜੱਟ ਵਰਸਜ਼ ਆਈਲਸ 22 ਜੂਨ ,(15 ਅਗਸਤ) ਨੂੰ ਰਿਲੀਜ਼ ਹੋਈ ਮਿਸਟਰ ਅੈੰਡ ਮਿਸਿਜ਼ 420 ਰਿਟਰਨਜ਼,ਸੰਨ ਆਫ਼ ਮਨਜੀਤ ਸਿੰਘ(12 ਅਕਤੂਬਰ), ਮੈਰਿਜ ਪੈਲੇਸ(23 ਨਵੰਬਰ) ਆਦਿ ਸ਼ਾਮਿਲ ਹਨ।
4.ਕੌਣ ਰਿਹਾ ਸਫ਼ਲ ਨਿਰਦੇਸ਼ਕ
ਇਸ ਸਾਲ ਨਿਰਦੇਸ਼ਕ ਜਗਦੀਪ ਸਿੱਧੂ ਫ਼ਿਲਮ ਹਰਜੀਤਾ ਤੇ ਕਿਸਮਤ ਲਈ ਅਤੇ ਮਨਦੀਪ ਬੈਨੀਪਾਲ ਫ਼ਿਲਮ ਡਾਕੂਆਂ ਦੇ ਮੁੰਡੇ ਦੀ ਕਮਰਸ਼ੀਅਲ ਸਫ਼ਲਤਾ ਤੋਂ ਬਾਅਦ ਸਾਰੇ ਸਾਲ ਵਿੱਚ ਰਿਲੀਜ਼ ਹੋਈਆਂ ਫਿਲਮਾਂ ਵਿੱਚੋਂ ਸਭ ਤੋਂ ਸਫ਼ਲ ਨਿਰਦੇਸ਼ਕ ਰਹੇ।
5.ਕਿਹੜੀਆਂ ਫ਼ਿਲਮਾਂ ਰਹੀਆਂ ਸਾਰਾ ਸਾਲ ਹਿੱਟ
ਲੌਂਗ ਲਾਚੀ
ਡਾਕੂਆਂ ਦਾ ਮੁੰਡਾ
ਕਿਸਮਤ
ਹਰਜੀਤਾ
ਕੈਰੀ ਆਨ ਜੱਟਾ
6.ਸਿੱਧੂ ਮੂਸੇ ਵਾਲੇ ਦਾ ਯੋਗਦਾਨ
ਸੰਗੀਤ ਇੰਡਸਟਰੀ ਜ਼ਰੀਏ ਪਬਲੀਸਿਟੀ ਦਾ ਪੈਮਾਨਾ ਬਣੇ ਸਿੱਧੂ ਮੂਸੇਵਾਲੇ ਨੇ ਆਪਣੀ ਫ਼ਿਲਮੀ ਸ਼ੁਰੂਆਤ ਡਾਕੂਆਂ ਦਾ ਮੁੰਡਾ ਫ਼ਿਲਮ ਵਿੱਚ ਗੀਤ ਡਾਲਰਾਂ ਵਾਂਗੂੰ ਨੀ,ਨਾਮ ਸਾਡਾ ਚੱਲਦਾ ਗਾ ਕੇ ਕੀਤੀ। ਇਸੇ ਦੀ ਸਫ਼ਲਤਾ ਦੇਖ ਕੇ ਉਸਦਾ ਦੂਜਾ ਗੀਤ ਫ਼ਿਲਮ ਮਰ ਗਏ ਓ ਲੋਕੋ ਵਿੱਚ ਵੀ ਖਾਸ ਤੌਰ ਤੇ ਫ਼ਿਲਮ ਹਿੱਟ ਕਰਨ ਲਈ ਵਰਤਿਆ ਗਿਆ।
-
ਖੁਸ਼ਮਿੰਦਰ ਕੌਰ, ਰਿਸਰਚ ਸਕਾਲਰ , ਪੰਜਾਬੀ ਯੂਨੀਵਰਸਿਟੀ ਪਟਿਆਲਾ
khushminderludhiana@gmail.com
9878889217
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.