ਮੇਰਾ ਸੁਭਾਗ ਹੈ ਕਿ ਹਰ ਉਮਰ ਵਰਗ ਦੇ ਸੱਜਣ ਪਿਆਰੇ ਮੇਰੀ ਪਹੁੰਚ ਵਿੱਚ ਹਨ। ਸੌਵੇਂ ਸਾਲ ਚ ਵਿਚਰ ਰਹੇ ਬਾਪੂ ਜਸਵੰਤ ਸਿੰਘ ਕੰਵਲ ਤੋਂ ਲੈ ਕੇ ਤਿੰਨ ਮਹੀਨਿਆਂ ਦੀ ਮੇਰੀ ਪੋਤਰੀ ਅਸੀਸ ਤੀਕ।
ਇੰਜ ਮੇਰੀ ਪਹੁੰਚ ਪੂਰੀ ਸਦੀ ਤੀਕ ਹੈ।
ਡਾ: ਸ ਸ ਜੌਹਲ ਹੋਣ ਜਾਂ ਡਾ: ਗੁਰਦੇਵ ਸਿੰਘ ਖ਼ੁਸ਼ , ਇਨ੍ਹਾਂ ਨੂੰ ਮਿਲ ਕੇ ਰੂਹ ਸਰਸ਼ਾਰ ਹੋ ਜਾਂਦੀ ਹੈ, ਵਿਸਮਾਦ ਤਾਰੀ ਹੋ ਜਾਂਦਾ ਹੈ।
ਹਾਣੀਆਂ ਚੋਂ ਮਿਲਣ ਵਾਲੇ ਸੱਜਣ ਜਾਂ ਤਾਂ ਨਿੰਦਿਆ ਰੋਗ ਤੋਂ ਪੀੜਤ ਹਨ ਜਾਂ ਦਸਤਾਨਿਆਂ ਵਾਲੇ ਕੁਰਸੀ ਪੁੱਤਰ। ਕਾਲੀਆਂ ਐਨਕਾਂ ਉਤਾਰਦੇ ਹੀ ਨਹੀਂ।
ਪਰ ਕਿਤੇ ਕਿਤੇ ਸੂਹੀ ਕਿਰਨ ਵਰਗੇ ਯਾਰ ਜਗਮਗਾਉਂਦੇ ਨੇ,ਜੁਗਨੂੰਆਂ ਵਾਂਗ ਮਨ ਦਾ ਹਨ੍ਹੇਰਾ ਚੀਰਦੇ ਨੇ। ਸ਼ਮਸ਼ੇਰ ਦਾ ਫੋਨ ਆ ਜਾਵੇ ਤਾਂ ਦੀਦਾਰ ਸੰਧੂ ਦਾ ਗੀਤ ਚੇਤੇ ਆ ਜਾਂਦਾ ਹੈ।
ਦਿਨ ਲੰਘੂਗਾ ਸੁਹਾਗ ਰਾਤ ਵਰਗਾ
ਜੇ ਉੱਠਦੀ ਨੂੰ ਨਜ਼ਰ ਪਵੇਂ।
ਤੇਜਪਰਤਾਪ ਸਿੰਘ ਸੰਧੂ ਦੀ ਮੁਸਕਰਾਹਟ ਤੇ ਵਿਹਾਰ ਮੇਰਾ ਅਧਿਕਾਰ ਬਣ ਗਿਆ ਹੈ 1983 ਤੋਂ ਲਗਾਤਾਰ।
ਨਿੱਤਨੇਮ ਵਰਗੇ ਪਲ ਕਿੱਥੇ ਲੱਭਦੇ ਨੇ?
ਕੱਲ੍ਹ ਸ਼ਾਮੀਂ ਤਾਂ ਸਾਡੇ ਘਰ ਮੁਹੱਬਤ ਦਾ ਹੜ੍ਹ ਹੀ ਆ ਗਿਆ। ਬਹਾਨਾ ਇਹ ਬਣਿਆ ਕਿ ਮੇਰਾ ਨਿੱਕਾ ਭਤੀਜਾ ਨਵਜੀਤ ਆਸਟਰੇਲੀਆ ਤੋਂ ਆਇਆ ਹੋਇਐ। ਉਸ ਦੇ ਯਾਰ ਬੇਲੀ ਡਾ: ਗੁਰਸ਼ਰਨ ਸਿੰਘ ਗਿੱਲ, ਮਨਜੀਤ ਇੰਦਰ ਸਿੰਘ ਜੌਹਲ ਡਾ: ਅਮਰਪ੍ਰੀਤ ਸਿੰਘ ਸਿੱਧੂ ਤੇ ਆਸਟਰੇਲੀਆ ਦੇ ਹੀ ਸਿਡਨੀ ਸ਼ਹਿਰੋਂ ਆਇਆ ਮਿੱਤਰ ਰਣਜੀਤ ਸਿੰਘ ਖੈੜਾ ਮਿਲਣ ਆ ਗਏ।
ਜਸਵੰਤ ਜ਼ਫ਼ਰ ਦਾ ਆਉਣਾ ਵੀ ਬਹੁਤ ਚੰਗਾ ਲੱਗਿਆ ਹਮੇਸ਼ ਵਾਂਗ।
ਪਰ ਬਹੁਤਾ ਚੰਗਾ ਏਸ ਕਰਕੇ ਲੱਗਿਆ ਕਿ ਉਸ ਦੇ ਹੱਥ ਚ ਉਸਦੀ ਸੱਜਰੀ ਛਪੀ ਪੰਜਵੀਂ ਕਾਵਿ ਕਿਤਾਬ
ਪਿਆਰੇ ਆਉ ਘਰੇ
ਸੀ। ਦੋ ਸਾਹਾਂ ਵਿਚਕਾਰ,ਅਸੀਂ ਨਾਨਕ ਦੇ ਕੀ ਲੱਗਦੇ ਹਾਂ,ਇਹ ਬੰਦਾ ਕੀ ਹੁੰਦਾ ਤੇ ਲਫ਼ਜਾਂ ਦਾ ਪਰਲਾ ਪੱਤਣ ਤੋਂ ਬਾਦ ਇਹ ਕਿਤਾਬ ਕੱਲ੍ਹ ਪਰਸੋਂ ਹੀ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਵੱਲੋਂ ਛਪ ਕੇ ਆਈ ਹੈ।
ਵਾਰਤਕ ਦੀਆਂ ਤਿੰਨ ਮੁੱਲਵਾਨ ਕਿਤਾਬਾਂ ਸਿਖੁ ਸੋ ਖੋਜ ਲਹੈ, ਮੈਨੂੰ ਇਉਂ ਲੱਗਿਆ ਤੇ ਭਗਤੁ ਸਤਿਗੁਰੂ ਹਮਾਰਾ ਲਿਖਣ ਕਾਰਨ ਉਹ ਮੇਰੇ ਲਈ ਚਿੰਤਕ ਵੀ ਹੈ। ਉਹਦੀ ਕੀਤੀ ਗੱਸ ਮੈਨੂੰ ਸਮਝ ਪੈਂਦੀ ਹੈ। ਨਵੀਆਂ ਖਿੜਕੀਆਂ ਖੋਲ੍ਹਦਾ ਹੈ ਉਹ।
ਇਸ ਸ਼ਾਮ ਮਿਲੇ ਸਾਰੇ ਪੁੱਤਰ ਪਿਆਰੇ 45 ਤੋਂ 50 ਸਾਲ ਵਿਚਕਾਰਲੇ ਸਨ ਨਿਰੀ ਊਰਜਾ ਦੇ ਭਰੇ ਭਰੁੰਨੇ ਬੈਂਕ।
ਪਰ ਜਸਵੰਤ ਜ਼ਫ਼ਰ ਨੇ ਦੱਸਿਆ ਕਿ ਮੈਂ 53 ਸਾਲ ਦਾ ਹੋ ਗਿਆਂ।
ਪਰ ਉਸਨੂੰ ਕੌਣ ਦੱਸੇ ਕਿ ਮੇਰੇ ਲਈ ਉਹ ਅਜੇ ਵੀ 21 ਸਾਲ ਦੀ ਉਮਰ ਵਾਲਾ ਜਸਵੰਤ ਹੈ ਜਿਸ ਨੂੰ ਗੁਰੂ ਨਾਨਕ ਇੰਜਨੀਰਿੰਗ ਕਾਲਿਜ ਲੁਧਿਆਣਾ ਤੋਂ ਭਾ ਜੀ ਮਲਵਿੰਦਰਜੀਤ ਸਿੰਘ ਨੇ ਮਿਲਾਇਆ ਸੀ। ਮੇਰੇ ਲਈ ਵਕਤ ਓਥੇ ਹੀ ਪਹੁੰਚ ਜਾਂਦੈ ਮਿਲਣ ਸਾਰ।
ਨਵਜੀਤ ਪਿਛਲੇ ਅੱਠ ਨੌਂ ਸਾਲ ਤੋਂ ਸਿਡਨੀ ਚ ਹੈ। ਗੁਰੂ ਨਾਨਕ ਇੰਜਨੀਰਿੰਗ ਕਾਲਿਜ ਤੋਂ ਡਿਗਰੀ ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਐੱਮ ਬੀ ਏ ਕਰਨ ਕਰਕੇ ਉਸ ਦੀ ਦੋਸਤੀ ਦੀ ਬੁੱਕਲ ਵੰਨ ਸੁਵੰਨੀ ਹੈ।
ਸਿਡਨੀ ਤੋਂ ਆਏ ਉਸ ਦੇ ਬੇਲੀ ਰਣਜੀਤ ਖੈੜਾ ਨਾਲ ਉਹ ਓਥੇ ਲੰਮੀਆਂ ਦੌੜਾਂ ਦੌੜਦਾ ਹੈ ਪਰ ਆਪਣੇ ਦੌੜਨ ਵਾਲੇ ਬੂਟ ਏਥੇ ਵੀ ਨਾਲ ਹੀ ਬੰਨ੍ਹੀ ਫਿਰਦੇ ਹਨ। ਡਾ: ਅਮਰਪ੍ਰੀਤ ਸਿੱਧੂ ਵੀ ਚੰਗਾ ਦੌੜਾਕ ਹੈ। ਪੀਏ ਯੂ ਚੋਂ ਵੈਟਰਨਰੀ ਦੀ ਡਿਗਰੀ ਕਰਕੇ ਅੱਜ ਕੱਲ੍ਹ ਮੈਕਰੋ ਡੇਅਰੀ ਚ ਅਧਿਕਾਰੀ ਹੈ।
ਨਵਜੀਤ ਦਾ ਦਿਲ ਕਰੇ ਕਿ ਸਵੇਰੇ ਸਾਰੇ ਜਣੇ ਯੂਨੀਵਰਸਿਟੀ ਜਾ ਕੇ ਟਰੈਕ ਚ ਦੌੜੀਏ ਪਰ ਅਮਰਪ੍ਰੀਤ ਨੇ ਨਾਂਹ ਕਰਦਿਆਂ ਬੜੀ ਮੁੱਲਵਾਨ ਗੱਲ ਸਹਿਜ ਸੁਭਾਅ ਆਖੀ,
ਹੁਣ ਮੈਂ ਕਿਸੇ ਨਾਲ ਨਹੀਂ, ਇਕੱਲਾ ਦੌੜਦਾ ਹਾਂ।
ਇਕੱਲਾ ਦੌੜਨ ਵਾਲਾ ਬੰਦਾ ਬੜੇ ਚਿਰ ਬਾਅਦ ਮਿਲਿਆ ਹੈ।
ਬਹੁਤੇ ਪਹਿਲੇ ਸਥਾਨ ਤੇ ਆਉਣ ਲਈ ਭੀੜ ਨਾਲ ਦੌੜਦੇ ਹਨ, ਦੌੜਦੇ ਦੌੜਦੇ ਹਫ਼ ਜਾਂਦੇ ਹਨ, ਡਿੱਗ ਪੈਂਦੇ ਹਨ।
ਪਰ ਇਕੱਲਾ ਦੌੜਨ ਵਾਲਾ ਬੰਦਾ ਕਦੇ ਨਹੀਂ ਹਫ਼ਦਾ ਹਾਰਦਾ।
ਹਮੇਸ਼ਾਂ ਮਨ ਨੂੰ ਜਿੱਤਦਾ ਹੈ।
ਰਣਜੀਤ ਖੈੜਾ ਨਾਲ ਮੇਰੀ ਪਹਿਲੀ ਮੁਲਾਕਾਤ ਸੀ। ਉਸ ਦੀਆਂ ਚਮਕਦੀਆਂ ਅੱਖਾਂ ਚ ਬਹੁਤ ਕੁਝ ਹੈ ਸਿਰਫ਼ ਸੁਪਨੇ ਨਹੀਂ, ਸੁਹਜ ਸਿਰਜਣਾ ਦਾ ਸੰਕਲਪ ਵੀ ਹੈ। ਉਸ ਨੂੰ ਮਿਲਣਾ ਮੇਰੇ ਲਈ ਵੀ ਸੁਭਾਗ ਸੀ।
ਮਨਜੀਤ ਇੰਦਰ ਜੌਹਲ ਮੰਡਿਆਣੀ ਪਿੰਡ ਦਾ ਜੰਮਪਲ ਇੰਜਨੀਅਰ ਹੈ, ਨਵਜੀਤ ਦਾ ਸਹਿਪਾਠੀ। ਸਫ਼ਰ ਕਰਦਾ ਤੇ ਸਫ਼ਰਨਾਮਾ ਲਿਖਦਾ ਹੈ।
ਦੋ ਢਾਈ ਘੰਟੇ ਦੀ ਮੁਲਾਕਾਤ ਉਪਰੰਤ ਸਾਰੇ ਜਾਣ ਲੱਗੇ ਤਾਂ ਦਿਲ ਕਰਦਾ ਸੀ ਕਹਾਂ
ਗੱਲ ਤਾਂ ਅਜੇ ਸ਼ੁਰੂ ਹੋਈ ਸੀ।
ਕਿਤਾਬਾਂ ਦਾ ਸ਼ਗਨ ਪਾਕੇ ਤੋਰਿਆ ਜਵਾਨ ਪੁੱਤਰਾਂ ਨੂੰ।
ਨਸ਼ਾ ਮੁਕਤ ਸ਼ਾਮ ਤੇ ਊਰਜਾਵਾਨ ਜਵਾਨੀ ਨਾਲ ਗੁਜ਼ਰੇ ਪਲ ਮੇਰੀ ਸ਼ਕਤੀ ਬਣਨਗੇ, ਮੇਰਾ ਵਿਸ਼ਵਾਸ ਹੈ।
27 dec 2018
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.