ਕਈ ਵਾਰ ਅਹੁਦੇ ਮਨੁੱਖ ਦੇ ਨਾਮ ਨਾਲੋਂ ਛੋਟੇ ਪੈ ਜਾਂਦੇ ਹਨ ਅਤੇ ਗੁਣਾਂ ਕਰਕੇ ਸਖ਼ਸ਼ੀਅਤ ਵੱਡੀ ਹੋ ਜਾਂਦੀ ਹੈ। ਸੰਸਥਾਵਾਂ ਵਿਚ ਕੰਮ ਕਰਦੇ ਵਿਅਕਤੀ ਵੀ ਕਈ ਵਾਰ ਆਪਣੇ ਕੰਮਾਂ ਅਤੇ ਸੁਭਾਅ ਕਰਕੇ ਸੰਸਥਾ ਦਾ ਚੇਹਰਾ ਬਣ ਕੇ ਉੱਭਰਦੇ ਹਨ। ਅਜਿਹੇ ਹੀ ਕਿਰਦਾਰ ਦੇ ਮਾਲਕ ਹਨ ਸ. ਦਿਲਜੀਤ ਸਿੰਘ ਬੇਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚੋਂ ਬਤੌਰ ਸਕੱਤਰ ਵਜੋਂ ਸੇਵਾ ਮੁਕਤ ਹੋ ਰਹੇ ਸ. ਦਿਲਜੀਤ ਸਿੰਘ ਬੇਦੀ ਨੇ ਸੰਸਥਾ ਵਿਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰਦਿਆਂ ਯਾਦਗਾਰੀ ਤੇ ਜ਼ਿਕਰਯੋਗ ਸੇਵਾਵਾਂ ਨਿਭਾਈਆਂ ਹਨ। ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਿਚ ਆਪ ਨਿੱਘੇ ਸੁਭਾਅ ਵਾਲੇ ਸਕੱਤਰ (ਅਫਸਰ) ਵਜੋਂ ਜਾਣੇ ਜਾਂਦੇ ਹਨ।
ਸ. ਦਿਲਜੀਤ ਸਿੰਘ ਬੇਦੀ ਦਾ ਜਨਮ ਨਰਾਇਣਗੜ੍ਹ, ਛੇਹਰਟਾ (ਅੰਮ੍ਰਿਤਸਰ) ਵਿਖੇ 31 ਦਸੰਬਰ 1960 ਈ: ਨੂੰ ਪਿਤਾ ਸ. ਬੇਦੀ ਲਾਲ ਸਿੰਘ ਸਾਹਿਤਕਾਰ ਦੇ ਘਰ ਮਾਤਾ ਮਨਜੀਤ ਕੌਰ ਦੀ ਕੁੱਖੋਂ ਹੋਇਆ। ਆਪ ਜੀ ਦੇ ਪਿਤਾ ਬੇਦੀ ਲਾਲ ਸਿੰਘ ਸਾਹਿਤਕਾਰ, ਸਾਹਿਤਕ ਖੇਤਰ ਦੀ ਸਨਮਾਨਯੋਗ ਨਾਮਵਰ ਸਖ਼ਸ਼ੀਅਤ ਸਨ ਜਿਨ੍ਹਾਂ ਦੇ ਪ੍ਰਭਾਵ ਹੇਠ ਆਪ ਦੀ ਵੀ ਸਾਹਿਤ ਨਾਲ ਡੂੰਘੀ ਰੁੱਚੀ ਬਣ ਗਈ ਉਨ੍ਹਾਂ ਨੇ ਪਹਿਲਾਂ ਪਹਿਲ ਕਵਿਤਾਵਾਂ ਤੇ ਕਹਾਣੀਆਂ ਵੀ ਲਿਖੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਬਤੌਰ ਕਲਰਕ ਵਜੋਂ ਸਾਲ 1980 ਵਿਚ ਭਰਤੀ ਹੋਏ ਸ. ਬੇਦੀ ਨੇ ਇਸ ਸੰਸਥਾ ਵਿਚ ਕਰੀਬ 38 ਸਾਲ ਸੇਵਾ ਨਿਭਾਈ। ਜਿਸ ਦੌਰਾਨ ਆਪ ਨੇ ਆਪਣੀ ਯੋਗਤਾ ਅਤੇ ਕਾਬਲੀਅਤ ਦੇ ਬਲਬੂਤੇ ਤੇ ਸ਼੍ਰੋਮਣੀ ਕਮੇਟੀ ਦੇ ਅਖ਼ੀਰਲੇ ਪੱਦ ਸਕੱਤਰ ਤੱਕ ਦਾ ਸਫਰ ਤਹਿ ਕੀਤਾ। ਸ਼੍ਰੋਮਣੀ ਕਮੇਟੀ ਵਿਚ ਸੇਵਾ ਕਰਦਿਆਂ ਨਿੱਜੀ ਅਨੁਭਵ ਅਤੇ ਕਈ ਇਤਿਹਾਸਕ ਯਾਦਾਂ ਉਨ੍ਹਾਂ ਦੀ ਜਿੰਦਗੀ ਦਾ ਸਰਮਾਇਆ ਹਨ। ਕਈ ਪੰਥਕ ਸਖ਼ਸ਼ੀਅਤਾਂ ਦੇ ਨਾਲ-ਨਾਲ ਚਲਦਿਆਂ ਉਨ੍ਹਾਂ ਨੇ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੇ ਕਈ ਪ੍ਰਧਾਨ ਸਾਹਿਬਾਨ ਦੇ ਮੀਡੀਆ ਸਲਾਹਕਾਰ ਵਜੋਂ ਵੀ ਸੇਵਾਵਾਂ ਨਿਭਾਈਆਂ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਵਜੋਂ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਵੀ ਯਾਦ ਰਹਿਣਗੀਆਂ।
ਸਿੱਖ ਲੀਡਰਾਂ ਨਾਲ ਮਿਲਾਪ- ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪ੍ਰਧਾਨਗੀ ਕਾਲ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਭਰਤੀ ਹੋਏ ਸ. ਬੇਦੀ ਨੇ ਸ. ਕਾਬਲ ਸਿੰਘ, ਸ. ਬਲਦੇਵ ਸਿੰਘ ਸਿਬੀਆ, ਬੀਬੀ ਜਗੀਰ ਕੌਰ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਜਥੇਦਾਰ ਅਵਤਾਰ ਸਿੰਘ ਮੱਕੜ, ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਲ ਸੇਵਾਵਾਂ ਨਿਭਾਈਆਂ। ਇਸੇ ਸਮੇਂ ਦੌਰਾਨ ਕੌਮ ਦੇ ਔਖੇ ਵੇਲੇ ਜਦੋਂ ਵੱਡੀ ਲੀਡਰਸ਼ਿਪ ਜੇਲ੍ਹਾਂ ਵਿਚ ਸੀ ਤਾਂ ਸ਼੍ਰੋਮਣੀ ਕਮੇਟੀ ਵਿਚ ਕਾਰਜ਼ਕਾਰੀ ਪ੍ਰਧਾਨ ਵਜੋਂ ਸੇਵਾ ਨਿਭਾਉਣ ਵਾਲੇ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ, ਜਥੇਦਾਰ ਪ੍ਰੇਮ ਸਿੰਘ ਲਾਲਪੁਰਾ, ਸ. ਰਜਿੰਦਰ ਸਿੰਘ ਧਾਲੀਵਾਲ, ਸ. ਉਜਾਗਰ ਸਿੰਘ ਰੰਘਰੇਟਾ, ਸ. ਹਰਿੰਦਰ ਸਿੰਘ ਤਰਨ ਤਾਰਨੀ, ਸ. ਸੁਖਦੇਵ ਸਿੰਘ ਭੌਰ ਅਤੇ ਸ. ਅਲਵਿੰਦਰਪਾਲ ਸਿੰਘ ਪੱਖੋਕੇ ਨਾਲ ਵੀ ਆਪ ਨੇ ਤਨਦੇਹੀ ਨਾਲ ਸੇਵਾ ਕੀਤੀ। ਇਸ ਸਮੇਂ ਦੌਰਾਨ ਸ. ਬੇਦੀ ਦਾ ਪੰਥ ਦੀਆਂ ਸਿਰਮੌਰ ਸਖ਼ਸ਼ੀਅਤਾਂ ਨਾਲ ਵੀ ਰਾਬਤਾ ਰਿਹਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਤੋਂ ਲੈ ਕੇ ਹੁਣ ਤੱਕ ਦੇ ਜਥੇਦਾਰ ਸਾਹਿਬਾਨ ਅਤੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਗਿਆਨੀ ਮਨੀ ਸਿੰਘ ਤੋਂ ਲੈ ਕੇ ਮੌਜੂਦਾ ਮੁੱਖ ਗ੍ਰੰਥੀ ਜੀ ਨਾਲ ਵੀ ਸ. ਬੇਦੀ ਦਾ ਚੰਗਾ ਮੇਲ-ਮਿਲਾਪ ਰਿਹਾ। 1984 ਤੋਂ ਪਹਿਲਾਂ ਧਰਮਯੁੱਧ ਮੋਰਚੇ ਦੌਰਾਨ ਉਨ੍ਹਾਂ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਹੋਰ ਅਨੇਕਾਂ ਸਖ਼ਸ਼ੀਅਤਾਂ ਨੂੰ ਵੀ ਨੇੜਿਓਂ ਤੱਕਿਆ ਹੈ।ਇਸੇ ਤਰ੍ਹਾਂ ਉਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਡਾ: ਏ.ਪੀ. ਜੇ ਅਬਦੁਲ ਕਲਾਮ, ਭਾਰਤ ਦੇ ਗ੍ਰਹਿ ਮੰਤਰੀ ਸ. ਬੂਟਾ ਸਿੰਘ, ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਰਜੀਤ ਸਿੰਘ ਬਰਨਾਲਾ ਤੇ ਕੈਪਟਨ ਅਮਰਿੰਦਰ ਸਿੰਘ, ਕੈਨੇਡਾ ਦੇ ਮੁੱਖ ਮੰਤਰੀ ਸ੍ਰੀ ਉਜਲ ਦੁਸਾਂਝ ਤੇ ਭਾਈ ਅਮਰੀਕ ਸਿੰਘ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨਾਲ ਵੀ ਮੁਲਾਕਾਤ ਦਾ ਮੌਕਾ ਮਿਲਿਆ।
ਸ. ਬੇਦੀ ਦੀ ਸਰਵਿਸ ਦਾ ਬਹੁਤਾ ਸਮਾਂ ਸ਼੍ਰੋਮਣੀ ਕਮੇਟੀ ਦੇ ਪਬਲੀਸਿਟੀ ਵਿਭਾਗ ਨਾਲ ਸਬੰਧਤ ਰਿਹਾ। ਆਪ ਨੇ ਗੁਰਦੁਆਰਾ ਇੰਸਪੈਕਟਰ, ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਬਤੌਰ ਮੈਨੇਜਰ ਵੀ ਸੇਵਾ ਨਿਭਾਈ। 25 ਸਾਲ ਦੇ ਕਰੀਬ ਸ਼੍ਰੋਮਣੀ ਕਮੇਟੀ ਦੇ ਮਾਸਿਕ ਪੱਤਰ ਗੁਰਦੁਆਰਾ ਗਜ਼ਟ ਦੀ ਸੰਪਾਦਨਾ ਦਾ ਕਾਰਜ਼ ਵੀ ਆਪ ਦੇ ਹਿੱਸੇ ਆਇਆ। ਇਸ ਸਮੇਂ ਦੌਰਾਨ ਗੁਰਦੁਆਰਾ ਗਜ਼ਟ ਦੇ ਵਿਸ਼ੇਸ ਯਾਦਗਾਰੀ ਅੰਕ ਵੀ ਪ੍ਰਕਾਸ਼ਿਤ ਕੀਤੇ। ਸ. ਦਿਲਜੀਤ ਸਿੰਘ ਬੇਦੀ ਨੇ ਨਵੇਕਲੇ ਰੂਪ ਵਿੱਚ ਸ਼੍ਰੋਮਣੀ ਕਮੇਟੀ ਦੇ ਕਾਰ-ਵਿਹਾਰ ਨੂੰ ਸੰਗਤਾਂ ਤੱਕ ਪਹੁੰਚਾਉਣ ਲਈ ਪਹਿਲੀਵਾਰ 1999 ਈ: ਵਿੱਚ ਬੀਬੀ ਜਗੀਰ ਕੌਰ ਦੇ ਪ੍ਰਧਾਨਗੀ ਕਾਲ ਸਮੇਂ ਸੇਵਾ ਸਰਗਰਮੀਆਂ ਦੇ ਰੂਪ ਵਿਚ ਛਾਪਣਾ ਸ਼ੁਰੂ ਕੀਤਾ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਕੁਦਰਤੀ ਆਫਤਾਂ ਸਮੇਂ ਕੀਤੇ ਪ੍ਰਸੰਸਾ-ਜਨਕ ਉਪਰਾਲੇ ਅਤੇ ਲੋੜਵੰਦਾਂ ਨੂੰ ਦਿੱਤੀ ਗਈ ਸਹਾਇਤਾ ਦੇ ਵੇਰਵਿਆਂ ਨੂੰ ਵੀ ਨਿਵੇਕਲੇ ਰੂਪ ਵਿਚ ਜਨਤਕ ਕਰਨ ਦੀ ਪਹਿਲ ਵੀ ਸ. ਬੇਦੀ ਨੇ ਕੀਤੀ।
ਸਾਹਿਤਕ ਦੇਣ- ਜਿਥੇ ਸ. ਬੇਦੀ ਨੇ ਆਪਣੀ ਕਲਮ ਤੋਂ ਛੇ ਪੁਸਤਕਾਂ “ਬਾਬਾ ਸ਼ਾਮ ਸਿੰਘ”, “ਸਿੱਖੀ ਦੀ ਟਕਸਾਲ”, “ਗੁਰਦੁਆਰਾ ਕੋਸ਼”, “ਜਥੇਦਾਰ ਤੇਜਾ ਸਿੰਘ ਅਕਰਪੁਰੀ”, “ਅਦਬੀ ਮੁਲਾਕਾਤਾਂ” ਤੇ “ਸੋਚ ਦਾ ਵਾਰਿਸ” ਪਾਠਕਾਂ ਦੀ ਝੋਲੀ ਪਾਈਆਂ ਹਨ, ਉਥੇ 16 ਦੇ ਕਰੀਬ ਪੁਸਤਕਾਂ ਦਾ ਸੰਪਾਦਨ ਕਰਕੇ ਧਰਮ ਅਤੇ ਇਤਿਹਾਸ ਦੇ ਖੇਤਰ ਵਿਚ ਅਹਿਮ ਕਾਰਜ਼ ਕੀਤਾ ਹੈ। ਉਨ੍ਹਾਂ ਵੱਲੋਂ ਸੰਪਾਦਤ ਪੁਸਤਕਾਂ ਵਿਚ “ਵਿਸ਼ਵ ਧਰਮ ਗ੍ਰੰਥ ਅਧਿਐਨ” 2010, “ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਵਿਚਾਰਧਾਰਾ” 2010, “ਭਾਈ ਘਨੱਈਆ ਜੀ” 2010, “ਭੱਟ ਬਾਣੀ”, 2010, “ਭਗਤ ਬਾਣੀ” 2010, “ਗੁਰਮਤਿ ਸੰਗੀਤ ਅਤੇ ਭਗਤੀ ਕੀਰਤਨ ਪਰੰਪਰਾ” 2010, “ਗੁਰਬਾਣੀ ਆਸ਼ਾ” (ਧਰਮ ਪ੍ਰਚਾਰ ਕਮੇਟੀ, ਚੀਫ਼ ਖ਼ਾਲਸਾ ਦੀਵਾਨ) 2010, “ਸ੍ਰੀ ਗੁਰੂ ਗੋਬਿੰਦ ਸਿੰਘ-ਵਿਸ਼ਵ ਦ੍ਰਿਸ਼ਟੀਕੋਣ”, ਪ੍ਰਕਾਸ਼ਿਤ ਕੀਤੀ ਗਈ। ਇਸੇ ਤਰ੍ਹਾਂ ਕੇਂਦਰੀ ਸਿੱਖ ਅਜਾਇਬ ਘਰ ਬਾਰੇ ਬਹੁਤ ਹੀ ਸੁੰਦਰ ਸਚਿੱਤਰ ਪੁਸਤਕ “ਕੇਂਦਰੀ ਸਿੱਖ ਅਜਾਇਬ ਘਰ”, “ਸ਼੍ਰੋਮਣੀ ਕਮੇਟੀ ਦੀਆਂ ਸੇਵਾ ਸਰਗਰਮੀਆਂ” (2005-2012) ਵੀ ਤਿਆਰ ਕਰਵਾਈਆਂ। ਸ੍ਰੀ ਅਨੰਦਪੁਰ ਸਾਹਿਬ ਦੇ 550 ਸਾਲਾ ਸਥਾਪਨਾ ਦਿਵਸ 'ਤੇ ਵਿਸ਼ੇਸ ਤੌਰ 'ਤੇ ਸੰਪਾਦਤ ਕੀਤੀ ਪੁਸਤਕ “ਅਨੰਦਪੁਰ ਸਾਹਿਬ-ਬਹੁਪੱਖੀ ਦਰਸ਼ਨ” ਆਪਣੇ ਆਪ ਵਿਚ ਇਕ ਮੁਕੰਮਲ ਇਤਿਹਾਸ ਸਮੋਈ ਬੈਠੀ ਹੈ। ਸ. ਬੇਦੀ ਤੇ ਡਾ. ਜਸਬੀਰ ਸਿੰਘ ਸਰਨਾ ਨੇ “ਹਰੀ ਸਿੰਘ ਨਲਵਾ-ਵਾਰਾਂ ਤੇ ਜੰਗਨਾਮੇ” ਪੁਸਤਕ ਵਿਚ ਹਰੀ ਸਿੰਘ ਨਲਵੇ ਦੀਆਂ ਸਮੂੰਹ ਵਾਰਾਂ ਨੂੰ ਇਕ ਥਾਂ ਇਕੱਤਰ ਕਰਕੇ ਯਾਦ ਨੁਮਾ ਸੰਗ੍ਰਿਹ ਪ੍ਰਕਾਸ਼ਤ ਕੀਤਾ ਹੈ ਜੋ ਇਤਿਹਾਸਕ ਕਾਰਜ਼ ਹੈ। “ਜਥੇਦਾਰ ਅਵਤਾਰ ਸਿੰਘ-ਸਖਸ਼ ਤੇ ਸਖਸ਼ੀਅਤ” ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਜਥੇਦਾਰ ਅਵਤਾਰ ਸਿੰਘ ਜਿਨ੍ਹਾਂ ਦੇ ਜੀਵਨ ਤੇ ਪ੍ਰਾਪਤੀਆਂ ਨੂੰ 51 ਲੇਖਕਾਂ ਨੇ ਆਪਣੇ ਨਜ਼ਰੀਏ ਤੋਂ ਕਲਮਬੰਦ ਕੀਤਾ ਹੈ ਇਹ ਵੀ ਵੱਖਰੀ ਨੋਈਅਤ ਵਾਲਾ ਕਾਰਜ਼ ਹੈ। ਇਸੇ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਮਹੱਤਵਪੂਰਨ ਪੁਸਤਕ “ਨਮਸ਼ਕਾਰ ਗੁਰਦੇਵ ਕੋ” ਸੰਪਾਦਤ ਕੀਤੀ ਗਈ ਹੈ ਜੋ ਇਕ ਮਹੱਤਵਪੂਰਨ ਦਸਤਾਵੇਜ ਹੈ। “ਬਾਬਾ ਬੰਦਾ ਸਿੰਘ ਬਹਾਦਰ: ਸਿੱਖ ਪ੍ਰਸੰਗ” ਅਤੇ “ਨਵਾਬ ਕਪੂਰ ਸਿੰਘ” ਆਦਿ ਪੁਸਤਕਾਂ ਦੀ ਸੰਪਾਦਨਾ ਵੀ ਉਨ੍ਹਾਂ ਦਾ ਅਹਿਮ ਕਾਰਜ਼ ਹੈ। ਸ. ਦਿਲਜੀਤ ਸਿੰਘ ਬੇਦੀ ਭਖਦੇ ਸਮਾਜਿਕ ਮਸਲਿਆਂ ਤੇ ਬੇਬਾਕੀ ਨਾਲ ਲਿਖਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਦੇ ਹੁਣ ਤੱਕ ਵੱਖ-ਵੱਖ ਨਾਮਵਰ ਅਖਬਾਰਾਂ ਵਿਚ 150 ਦੇ ਕਰੀਬ ਲੇਖ ਛਪ ਚੁੱਕੇ ਹਨ। ਸਿੱਖ ਪੰਥ ਵੱਲੋਂ ਵੱਖ-ਵੱਖ ਸਮੇਂ ਮਨਾਈਆਂ ਸ਼ਤਾਬਦੀਆਂ ਸਮੇਂ ਸ. ਬੇਦੀ ਦੀ ਸੰਪਾਦਨਾ ਹੇਠ ਵੱਖ-ਵੱਖ ਸੋਵੀਨਰ ਸੰਪਾਦਤ ਕੀਤੇ ਗਏ।
ਪੱਤਰਕਾਰੀ ਖੇਤਰ- ਸ. ਬੇਦੀ ਨੇ ਸ਼੍ਰੋਮਣੀ ਕਮੇਟੀ ਦੇ ਮਾਸਿਕ ਪੱਤਰ ਗੁਰਦੁਆਰਾ ਗਜ਼ਟ ਅਤੇ ਸੇਵਾ ਸਰਗਰਮੀਆਂ ਦੇ ਨਾਲ-ਨਾਲ ਅਨੇਕਾ ਹੀ ਹੋਰ ਵੱਖ-ਵੱਖ ਪੱਤਰਾਂ ਦੇ ਆਨਰੇਰੀ ਸੰਪਾਦਕ ਵਜੋਂ ਵੀ ਸੇਵਾਵਾਂ ਨਿਭਾਈਆਂ, ਜਿਨ੍ਹਾਂ ਵਿਚ ਸਮਸ਼ੀਰ-ਏ-ਦਸਤ (ਮਾਸਿਕ) ਅੰਮ੍ਰਿਤਸਰ, ਦਲੇਰ ਖਾਲਸਾ (ਵੀਕਲੀ) ਅੰਮ੍ਰਿਤਸਰ, ਗੁਲ-ਏ-ਗੁਲਦਸਤਾ (ਵੀਕਲੀ) ਅੰਮ੍ਰਿਤਸਰ, ਖਾਲਸਾ ਐਡਵੋਕੇਟ (ਵੀਕਲੀ) ਅੰਮ੍ਰਿਤਸਰ, ਪੰਜਾਬ ਪੋਰਟਰੇਟ (ਵੀਕਲੀ) ਜਲੰਧਰ, ਪਬਲਿਕ ਟਾਈਮਜ਼ (ਮਾਸਿਕ) ਜਲੰਧਰ, ਕੌਮੀ ਪੰਜਾਬ (ਮਾਸਿਕ) ਪਟਿਆਲਾ, ਸੱਚੇ ਪਾਤਸ਼ਾਹ (ਮਾਸਿਕ) ਦਿੱਲੀ, ਇੰਟਰਨੈਸ਼ਨਲ ਅਬਜ਼ਰਵਰ (ਮਾਸਿਕ) ਦਿੱਲੀ, ਪਰਵੀਨ (ਮਾਸਿਕ) ਅੰਮ੍ਰਿਤਸਰ ਅਤੇ ਕੁਕਨੂਸ (ਮਾਸਿਕ) ਅੰਮ੍ਰਿਤਸਰ ਸ਼ਾਮਲ ਹਨ।
ਸ. ਬੇਦੀ ਨੇ ਵੱਖ-ਵੱਖ ਅਖਬਾਰਾਂ ਵਿਚ ਪੱਤਰਕਾਰੀ ਦੇ ਖੇਤਰ ਵਿਚ ਵੀ ਜਿਕਰਯੋਗ ਸੇਵਾਵਾਂ ਨਿਭਾਈਆਂ ਹਨ ਉਨ੍ਹਾਂ ਨੇ ਪੰਜਾਬੀ ਟ੍ਰਿਬਿਊਨ ਚੰਡੀਗੜ੍ਹ ਵਿਚ 2 ਸਾਲ, ਜਗਬਾਣੀ ਜਲੰਧਰ 1 ਸਾਲ, ਚੜ੍ਹਦੀ ਕਲਾ ਪਟਿਆਲਾ 5 ਸਾਲ, ਨਵਾਂ ਜ਼ਮਾਨਾ ਜਲੰਧਰ 2 ਸਾਲ, ਅਕਾਲੀ ਪੱਤ੍ਰਿਕਾ ਜਲੰਧਰ 1 ਸਾਲ, ਅੱਜ ਦੀ ਅਵਾਜ ਜਲੰਧਰ 7 ਸਾਲ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਸ਼ੁਰੂ ਹੋਏ ਅਕਾਲੀ ਟਾਈਮਜ਼ ਜਲੰਧਰ ਵਿਚ ਬਤੌਰ ਸਬ ਐਡੀਟਰ 1 ਸਾਲ ਸੇਵਾ ਨਿਭਾਈ।
ਸ. ਦਿਲਜੀਤ ਸਿੰਘ ਬੇਦੀ ਵੱਲੋਂ ਕੀਤੇ ਕਾਰਜ਼ ਭਵਿੱਖ ਲਈ ਮਾਰਗ ਦਰਸ਼ਨ ਵਜੋਂ ਕੰਮ ਆਉਣਗੇ। ਉਨ੍ਹਾਂ ਵੱਲੋਂ ਲਿਖੀਆਂ ਅਤੇ ਸੰਪਾਦਤ ਕੀਤੀਆਂ ਪੁਸਤਕਾਂ ਆਉਣ ਵਾਲੀ ਪੀੜ੍ਹੀ ਦੇ ਗਿਆਨ ਲਈ ਸਾਰਥਿਕ ਭੂਮਿਕਾ ਨਿਭਾਉਣਗੀਆਂ। ਸ. ਬੇਦੀ 31 ਦਸੰਬਰ ਨੂੰ 38 ਸਾਲ ਦੇ ਕਰੀਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸੇਵਾ ਕਰਨ ਉਪਰੰਤ ਆਪਣੇ ਕਾਰਜ਼ਭਾਰ ਤੋਂ ਸੇਵਾ ਮੁਕਤ ਹੋ ਜਾਣਗੇ।
-
ਦਿਲਜੀਤ ਸਿੰਘ ਬੇਦੀ,
debedisgpc@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.