ਇਹ ਜ਼ਿਕਰ ਸਾਲ 1967 ਦਾ ਹੈ। ਗੁਰਦੁਆਰਾ ਫ਼ਤਹਿਗੜ੍ਹ ਸਾਹਿਬ (ਸਰਹਿੰਦ) ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਸ਼ਹੀਦੀ ਜੋੜ ਮੇਲੇ ਸਮੇਂ 13 ਪੋਹ ਦੀ ਰਾਤ ਨੂੰ ਸ਼ਹੀਦੀ ਕਵੀ ਦਰਬਾਰ ਸਜਾਇਆ ਗਿਆ ਸੀ, ਜਿਸ ਵਿਚ ਚੋਟੀ ਦੇ ਕਵੀ ਪਹੁੰਚੇ ਹੋਏ ਸਨ। ਕਵੀਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਆਪਣੇ ਬਿਹਤਰੀਨ ਕਲਾਮ ਪੇਸ਼ ਕੀਤੇ ਅਤੇ ਸੰਗਤਾਂ ਦੀ ਵਾਹ ਵਾਹ ਖੱਟੀ, ਪਰ ਸਭ ਤੋਂ ਵੱਧ ਪ੍ਰਸੰਸਾ ਉਸ ਸ਼ਾਇਰ ਨੂੰ ਮਿਲੀ ਜਿਸ ਨੇ ਆਪਣੀ ਨਜ਼ਮ ਦਾ ਵਿਸ਼ਾ-ਵਸਤੂ ਬਾਕੀਆਂ ਤੋਂ ਵੱਖਰਾ ਰੱਖ ਕੇ ਆਪਣੀ ਨਜ਼ਮ ਪੇਸ਼ ਕੀਤੀ। ਇਹ ਕਵੀ ਸੀ ਮਰਹੂਮ ਸਾਧੂ ਸਿੰਘ ਦਰਦ। ਉਸ ਦੀ ਨਜ਼ਮ ਦਾ ਅਨੁਮਾਨ ਸੀ, ''ਇਹ ਸਰਹੰਦ ਨਹੀਂ, ਸਿੱਖਾਂ ਦੀ ਕਰਬਲਾ ਹੈ।'' ਮੈਂ ਉਸ ਸਮੇਂ ਮਾਤਾ ਗੁਜਰੀ ਕਾਲਜ, ਫ਼ਤਹਿਗੜ੍ਹ ਸਾਹਿਬ ਵਿਚ ਹਾਲੇ ਗਿਆਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ। ਇਸ ਲਈ ਮੇਰੀ ਸੂਝ ਅਤੇ ਸੋਝੀ ਵਿਚ 'ਕਰਬਲਾ' ਬਾਰੇ ਕੋਈ ਜਾਣਕਾਰੀ ਨਹੀਂ ਸੀ ਪ੍ਰੰਤੂ ਸਾਧੂ ਸਿੰਘ ਦਰਦ ਦੀ ਇਸ ਕਵਿਤਾ ਦੇ ਅਨੁਮਾਨ ਨੇ ਮੇਰੇ ਜ਼ਿਹਨ ਵਿਚ ਯਕਦਮ ਇਹ ਸਵਾਲ ਖੜ੍ਹਾ ਕਰ ਦਿੱਤਾ ਕਿ ਸ਼ਾਇਰ ਨੇ ਸਰਹਿੰਦ ਨੂੰ ਕਰਬਲਾ ਨਾਲ ਤਸ਼ਬੀਹ ਕਿਉਂ ਦਿੱਤੀ? ਬਸ ਇਸ ਸਵਾਲ ਨੇ 'ਕਰਬਲਾ' ਬਾਰੇ ਜਾਨਣ ਦੀ ਪ੍ਰਬਲ ਇੱਛਾ ਜਗਾ ਦਿੱਤੀ।
'ਕਰਬਲਾ' ਦੇ ਪ੍ਰਸੰਗ ਵਿਚ ਸੰਖੇਪ ਜਿਹੀ ਜਾਣਕਾਰੀ ਇਸ ਤਰ੍ਹਾਂ ਹੈ; 'ਇਸਲਾਮ ਦੇ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਨਵਾਸੇ (ਦੋਹਤਰੇ) ਹਜ਼ਰਤ ਇਮਾਮ ਹੁਸੈਨ ਨੂੰ ਉਨ੍ਹਾਂ ਦੇ ਸਾਥੀਆਂ ਸਮੇਤ ਅੱਜ ਤੋਂ ਕੋਈ 1335 ਸਾਲ ਪਹਿਲਾਂ 680 ਈਸਵੀ 61 ਹਿਜ਼ਰੀ ਨੂੰ ਇਕ ਸਾਜ਼ਿਸ਼ ਦੇ ਤਹਿਤ ਇਰਾਕ ਦੇ ਕੂਫ਼ਾ ਸ਼ਹਿਰ ਦੇ ਨਜ਼ਦੀਕ ਦਰਿਆ ਫ਼ਰਾਤ ਦੇ ਕਿਨਾਰੇ ਕਰਬਲਾ ਦੇ ਮੈਦਾਨ ਵਿਚ ਤਿੰਨ ਦਿਨ ਪਿਆਸਾ ਰੱਖ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਕਰਬਲਾ ਦਾ ਮੈਦਾਨ ਉਹ ਜਗ੍ਹਾ ਹੈ, ਜਿਥੇ ਯਦੀਦ ਦੇ ਲਸ਼ਕਰ ਨੇ ਹਜ਼ਰਤ ਇਮਾਮ ਹੁਸੈਨ 'ਤੇ ਹਮਲਾ ਕਰਕੇ ਉਨ੍ਹਾਂ ਨੂੰ 72 ਸਾਥੀਆਂ ਸਮੇਤ ਸ਼ਹੀਦ ਕਰ ਦਿੱਤਾ ਸੀ। ਸ਼ਹੀਦ ਹੋਣ ਵਾਲਿਆਂ ਵਿਚ ਹਜ਼ਰਤ ਇਮਾਮ ਹੁਸੈਨ ਦੇ ਪਰਿਵਾਰ ਦੇ 18 ਮੈਂਬਰ ਵੀ ਸ਼ਾਮਲ ਸਨ। ਹਜ਼ਰਤ ਇਮਾਮ ਹੁਸੈਨ ਦੀ ਉਮਰ ਸ਼ਹਾਦਤ ਦੇ ਵਕਤ 58 ਸਾਲ ਸੀ, ਜਦੋਂਕਿ ਕਰਬਲਾ ਦੇ ਮੈਦਾਨ ਵਿਚ ਸ਼ਹੀਦ ਹੋਣ ਵਾਲੇ ਉਨ੍ਹਾਂ ਦੇ ਦੋ ਬੇਟੇ ਅਲੀ ਅਕਬਰ ਦੀ ਉਮਰ 18 ਸਾਲ ਅਤੇ ਅਲੀ ਅਸਗਰ ਦੀ ਉਮਰ ਕੇਵਲ 6 ਮਹੀਨੇ ਦੀ ਸੀ। ਉਨ੍ਹਾਂ ਦੇ ਦੋ ਭਾਣਜੇ ਔਨ ਅਤੇ ਮੁਹੰਮਦ ਕ੍ਰਮਵਾਰ 9 ਅਤੇ 10 ਸਾਲ ਦੇ ਸਨ। ਇਨ੍ਹਾਂ ਦੀ ਸ਼ਹਾਦਤ ਨੂੰ ਖ਼ਿਰਾਜ਼-ਏ-ਅਕੀਦਤ ਪੇਸ਼ ਕਰਨ ਲਈ ਸ਼ੀਆ ਮੁਸਲਮਾਨਾਂ ਵਲੋਂ ਹਰ ਸਾਲ ਦਸ ਮੁਹੱਰਮ ਨੂੰ ਤਾਜ਼ੀਆ ਕੱਢਿਆ ਜਾਂਦਾ ਹੈ। ਮੁਹੱਰਮ ਇਸਲਾਮੀ ਕੈਲੰਡਰ ਦਾ ਪਹਿਲਾ ਮਹੀਨਾ ਹੈ। ਇਸਲਾਮ ਦੇ ਪੈਰੋਕਾਰ ਮੁਹੱਰਮ ਦੇ ਮਹੀਨੇ ਨੂੰ ਇਸਲਾਮ ਦੇ ਇਤਿਹਾਸ ਵਿਚ ਨਿਹਾਇਤ ਹੀ ਅਫ਼ਸੋਸਨਾਕ ਸਮਾਂ ਮੰਨਦੇ ਹਨ। ਇਥੋਂ ਤੱਕ ਕਿ ਮੁਹੱਰਮ ਦਾ ਚੰਨ ਚੜ੍ਹਨ ਸਮੇਂ ਸ਼ੀਆ ਫ਼ਿਰਕੇ ਨਾਲ ਤੁਅੱਲਕ ਰੱਖਣ ਵਾਲੀਆਂ ਔਰਤਾਂ ਆਪਣੀਆਂ ਚੂੜੀਆਂ ਤੱਕ ਤੋੜ ਦਿੰਦੀਆਂ ਹਨ ਅਤੇ ਚਾਲੀ ਦਿਨ ਤੱਕ ਕੋਈ ਵੀ ਹਾਰ-ਸ਼ਿੰਗਾਰ ਨਹੀਂ ਕਰਦੀਆਂ। ਸੋਗ ਵਜੋਂ ਪੁਸ਼ਾਕ ਵੀ ਸਿਆਹ ਰੰਗ ਦੀ ਹੀ ਪਹਿਨਦੀਆਂ ਹਨ। ਚਾਲੀ ਦਿਨ ਤੱਕ ਕੋਈ ਖੁਸ਼ੀ ਨਹੀਂ ਮਨਾਈ ਜਾਂਦੀ। ਖਾਣ ਲਈ ਕੇਵਲ ਸਾਦਾ ਖਾਣਾ ਤਿਆਰ ਕੀਤਾ ਜਾਂਦਾ ਹੈ ਜੋ ਕੇਵਲ ਜਿਊਣ ਲਈ ਲੋੜੀਂਦਾ ਹੈ। ਸੁਆਦਲੇ ਤੇ ਲਜ਼ੀਜ਼ ਪਕਵਾਨ ਇਸ ਸਮੇਂ ਵਿਚ ਨਹੀਂ ਪਕਾਏ ਜਾਂਦੇ। ਮੁਹੱਰਮ ਦਾ ਸਮਾਂ, ਗ਼ਮ-ਏ-ਹੁਸੈਨ ਦੇ ਤੌਰ 'ਤੇ ਅੰਤਾਂ ਦੀ ਉਦਾਸੀ, ਸਾਦਗੀ ਅਤੇ ਹਲੀਮੀ ਵਿਚ ਰਹਿ ਕੇ ਗੁਜ਼ਾਰਿਆ ਜਾਂਦਾ ਹੈ। ਸ਼ੀਆ ਮੱਤ ਨੂੰ ਮੰਨਣ ਵਾਲੇ ਮੁਸਲਮਾਨ ਮਰਦ ਤਾਂ ਤਾਜ਼ੀਅਤ ਕੱਢਣ ਵਕਤ ਆਪਣੀਆਂ ਛਾਤੀਆਂ ਪਿੱਟ-ਪਿੱਟ ਕੇ 'ਯਾ-ਹੁਸੈਨ ਯਾ-ਹੁਸੈਨ' ਪੁਕਾਰਦੇ, ਲਹੂ-ਲੁਹਾਣ ਹੋ ਜਾਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇੰਝ ਕਰਨ ਨਾਲ ਉਹ ਇਨ੍ਹਾਂ ਸ਼ਹਾਦਤਾਂ ਨੂੰ ਲਹੂ ਦਾ ਨਜ਼ਰਾਨਾ ਭੇਟ ਕਰਦੇ ਹਨ। ਕਰਬਲਾ ਦੇ ਮੈਦਾਨ ਦਾ ਇਹ ਦਰਦਨਾਕ ਮੰਜ਼ਰ ਇਸਲਾਮ ਦੀ ਤਵਾਰੀਖ਼ ਵਿਚ ਭਾਰੀ ਮਹੱਤਵ ਰੱਖਦਾ ਹੈ। ਸਰ ਮੁਹੰਮਦ ਇਕਬਾਲ ਲਿਖਦੇ ਹਨ :
ਕਤਲ-ਏ-ਹੁਸੈਨ ਅਸਲ ਮੇਂ ਮਰਗ-ਏ-ਯਦੀਦ ਹੈ,
ਇਸਲਾਮ ਜ਼ਿੰਦਾ ਹੋਤਾ ਹੈ ਹਰ 'ਕਰਬਲਾ' ਕੇ ਬਾਅਦ।
ਕਰਬਲਾ ਦੇ ਪ੍ਰਸੰਗ ਵਿਚ ਇਸ ਸੰਖੇਪ ਜਿਹੀ ਜਾਣਕਾਰੀ ਨਾਲ ਆਓ ਹੁਣ ਸਰਬੰਸਦਾਨੀ ਦਸਮ ਪਾਤਸ਼ਾਹ ਹਜ਼ੂਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ ਦੀ ਗੱਲ ਕਰੀਏ। ਬਾਬਾ ਜ਼ੋਰਾਵਰ ਸਿੰਘ ਜੀ ਦੀ ਉਮਰ ਸ਼ਹਾਦਤ ਦੇ ਵਕਤ ੮ ਸਾਲ ਅਤੇ ਬਾਬਾ ਫ਼ਤਿਹ ਸਿੰਘ ਜੀ ਦੀ ਉਮਰ 6 ਸਾਲ ਸੀ। ਇਨ੍ਹਾਂ ਨੂੰ ਆਪਣੇ ਧਰਮ ਅਤੇ ਸਿੱਖੀ ਸਿਦਕ ਪ੍ਰਤੀ ਵਫ਼ਾ ਪਾਲਣ ਬਦਲੇ ਸੂਬਾ ਸਰਹਿੰਦ ਵਜ਼ੀਰ ਖਾਂ ਦੇ ਹੁਕਮ ਨਾਲ 13 ਪੋਹ ਸੰਮਤ 1761 ਬਿਕ੍ਰਮੀ ਅਰਥਾਤ 27 ਦਸੰਬਰ 1704 ਈਸਵੀ ਨੂੰ ਜਿਊਂਦੇ ਦੀਵਾਰਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜਦੋਂ ਦੀਵਾਰ ਉਸਾਰੇ ਜਾਣ ਤੋਂ ਬਾਅਦ ਵਾਰ-ਵਾਰ ਡਿੱਗ ਜਾਂਦੀ ਰਹੀ ਤਾਂ ਮਾਸੂਮ ਸਾਹਿਬਜ਼ਾਦਿਆਂ 'ਤੇ ਤਲਵਾਰ ਦਾ ਵਾਰ ਕਰਕੇ ਉਨ੍ਹਾਂ ਦੇ ਸੀਸ ਧੜ੍ਹ ਨਾਲੋਂ ਜੁਦਾ ਕਰਕੇ ਸ਼ਹੀਦ ਕੀਤਾ ਗਿਆ। ਉਸੇ ਹੀ ਦਿਨ ਜਦੋਂ ਮਾਤਾ ਗੁਜਰੀ ਜੀ ਨੂੰ ਸਰਹਿੰਦ ਦੇ ਠੰਢੇ ਬੁਰਜ ਵਿਚ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖ਼ਬਰ ਮਿਲੀ ਤਾਂ ਮਾਤਾ ਜੀ ਵੀ ਸਰੀਰ ਤਿਆਗ ਕੇ ਜੋਤੀ-ਜੋਤਿ ਸਮਾ ਗਏ। ਮਨੁੱਖਤਾ ਦੇ ਇਤਿਹਾਸ ਵਿਚ ਇਸ ਅਦੁੱਤੀ ਸ਼ਹਾਦਤ ਜਿਹੇ ਭਿਆਨਕ ਕਹਿਰ ਦਾ ਮੰਜ਼ਰ ਹੋਰ ਕਿਧਰੇ ਵੀ ਦਿਖਾਈ ਨਹੀਂ ਦਿੰਦਾ। ਗੁਰੂ ਜੀ ਦੇ ਵੱਡੇ ਦੋਵੇਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਦੇ ਸਮੇਂ ਉਮਰ ੧੮ ਸਾਲ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਉਮਰ ੧੪ ਸਾਲ ਸੀ। ਇਹ ਦੋਵੇਂ ਸਾਹਿਬਜ਼ਾਦੇ 8 ਪੋਹ ਸੰਮਤ 1761 ਬਿਕ੍ਰਮੀ ਅਰਥਾਤ 22 ਦਸੰਬਰ 1704 ਈਸਵੀ ਨੂੰ ਦਸਮ ਪਾਤਸ਼ਾਹ ਹਜ਼ੂਰ ਦੀਆਂ ਨਜ਼ਰਾਂ ਦੇ ਸਾਹਮਣੇ ਦੁਸ਼ਮਣਾਂ ਨਾਲ ਜੰਗ ਲੜਦੇ ਹੋਏ ਚਮਕੌਰ ਦੇ ਧਰਮ ਯੁੱਧ ਵਿਚ ਵੱਡੀ ਵੀਰਤਾ ਨਾਲ ਸ਼ਹੀਦੀਆਂ ਪਾ ਗਏ। ਗੁਰੂ ਜੀ ਦੇ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਪੰਜ ਦਿਨ ਦੇ ਵਕਫ਼ੇ ਅੰਦਰ-ਅੰਦਰ ਹੀ ਸ਼ਹੀਦੀਆਂ ਪਾ ਗਏ। ਇਨ੍ਹਾਂ ਸ਼ਹਾਦਤਾਂ ਨੂੰ ਹਾਲੇ 316 ਵਰ੍ਹੇ ਹੋਏ ਹਨ। ਕੌਮਾਂ ਦੀ ਤਵਾਰੀਖ਼ ਦਾ ਲੇਖਾ-ਜੋਖਾ ਕਰਨ ਸਮੇਂ ਇਹ ਅਵਧੀ ਕੋਈ ਏਨੀ ਜ਼ਿਆਦਾ ਨਹੀਂ ਕਿ ਕੌਮ ਦੇ ਚੇਤਿਆਂ ਵਿਚੋਂ ਛੋਟੇ ਸਾਹਿਬਜ਼ਾਦਿਆਂ ਵਰਗੇ ਸ਼ਹੀਦ ਮਨਫ਼ੀ ਹੋ ਜਾਣ। ਸ਼ਹੀਦਾਂ ਨੂੰ ਇਕ ਖ਼ਸੂਸਨ ਅਦਬ ਅਤੇ ਮਰਿਯਾਦਾ ਨਾਲ ਯਾਦ ਕਰਨਾ ਹੀ ਆਪਣੇ ਅਕੀਦੇ ਪ੍ਰਤੀ ਸੱਚੀ ਵਫ਼ਾਦਾਰੀ ਦਾ ਹਲਫ਼ ਹੈ। ਸ਼ਹੀਦ ਕਦੇ ਮਰਦੇ ਨਹੀਂ। ਮੌਤ ਤਾਂ ਜ਼ੁਲਮ ਦੀ ਹੁੰਦੀ ਹੈ। ਅਜਿਹੇ ਸ਼ਹੀਦਾਂ ਦੀਆਂ ਸ਼ਹਾਦਤਾਂ ਦੇ ਸੱਚ ਸਦਾ ਸੱਜਰੇ, ਜਗਦੇ ਅਤੇ ਮਘਦੇ ਰਹਿੰਦੇ ਹਨ। ਸ਼ਹੀਦਾਂ ਦੇ ਲਹੂ ਨਾਲ ਲਿਖੀਆਂ ਇਬਾਰਤਾਂ ਕਦੇ ਫਿੱਕੀਆਂ ਨਹੀਂ ਪੈਂਦੀਆਂ। ਮਹਿਸੂਸ ਕਰਨ ਵਾਲਿਆਂ ਲਈ, ਸ਼ਹੀਦੀਆਂ ਦੀ ਸ਼ਿੱਦਤ ਅਤੇ ਵੇਦਨਾ ਉਨ੍ਹਾਂ ਦੇ ਜਜ਼ਬਾਤ ਅੰਦਰ ਸਦਾ ਸਰਸਬਜ਼ ਰਹਿੰਦੀ ਹੈ। ਕਮਜ਼ੋਰ ਤੇ ਬੁਜ਼ਦਿਲ ਮਨਾਂ ਦੇ ਅਕੀਦੇ ਸਮੇਂ ਦੀ ਗਰਦਿਸ਼ ਨਾਲ ਕਮਜ਼ੋਰ ਪੈ ਜਾਂਦੇ ਹਨ। ਸਮਾਂ ਪਾ ਕੇ ਉਨ੍ਹਾਂ ਦੇ ਮਨਾਂ ਅੰਦਰ ਆਪਣੇ ਸਿਦਕ ਪ੍ਰਤੀ ਵਫ਼ਾ ਪਾਲਣ ਦੀ ਸਿਕ ਅਤੇ ਸਮਰੱਥਾ ਹੀ ਮਰ ਜਾਂਦੀ ਹੈ। ਅਜਿਹੇ ਸਿਦਕਹੀਣ ਬੰਦੇ ਤਾਂ ਧਰਤੀ 'ਤੇ ਬੋਝ ਹੀ ਹੁੰਦੇ ਹਨ। ਜਿਨ੍ਹਾਂ ਘਰਾਂ ਵਿਚ ਸ਼ਹੀਦਾਂ ਪ੍ਰਤੀ ਈਮਾਨ ਅਤੇ ਸਿਦਕ ਪ੍ਰਤੀ ਵਫ਼ਾ ਦੀ ਸ਼ਮ੍ਹਾਂ ਨਹੀਂ ਜਗਦੀ ਉਹ ਘਰ, ਘਰ ਨਹੀਂ ਹੁੰਦੇ। ਅਜਿਹੇ ਸਰਾਪੇ ਘਰਾਂ ਨੂੰ ਹੀ ਤਾਂ 'ਭੂਤਵਾੜਾ' ਆਖਦੇ ਹਾਂ।
ਇਹ ਸਾਲ 2003 ਦਾ ਜ਼ਿਕਰ ਹੈ। ਮੈਂ ਅਮਰੀਕਾ ਦੀ ਇਕ ਯੂਨੀਵਰਸਿਟੀ ਵਿਚ 'ਅੰਤਰ-ਧਰਮ ਇਕ ਅਨੁਭਵ' ਵਿਸ਼ੇ 'ਤੇ ਰੱਖੀ ਇਕ ਗਿਆਨ-ਗੋਸ਼ਟੀ ਵਿਚ ਆਪਣੇ ਵਿਚਾਰ ਪੇਸ਼ ਕਰ ਰਿਹਾ ਸੀ। ਯੂਨੀਵਰਸਿਟੀ ਆਡੀਟੋਰੀਅਮ ਦੇ ਮੰਚ ਦੇ ਚਬੂਤਰੇ ਦੇ ਸਾਹਮਣੇ ਵਾਲੀ ਦੀਵਾਰ 'ਤੇ ਯਸ਼ੂ ਮਸੀਹ ਦੀ ਇਕ ਲਹੂ-ਲੁਹਾਣ ਆਦਮ ਕੱਦ ਪ੍ਰਤਿਮਾ ਸਲੀਬ 'ਤੇ ਲਟਕ ਰਹੀ ਸੀ। ਯਸ਼ੂ ਮਸੀਹ ਦੇ ਹੱਥਾਂ ਅਤੇ ਪੈਰਾਂ ਵਿਚ ਮੇਖਾਂ ਗੱਡੀਆਂ ਹੋਈਆਂ ਸਨ ਤੇ ਜ਼ਖ਼ਮਾਂ ਵਿਚੋਂ ਖ਼ੂਨ ਸਿੰਮਦਾ ਦਿਖਾਇਆ ਹੋਇਆ ਸੀ। ਮੈਂ ਆਪਣੀ ਤਕਰੀਰ ਯਸ਼ੂ ਮਸੀਹ ਦੀ ਪ੍ਰਤਿਮਾ ਤੇ ਸਲੀਬ ਦੇ ਜ਼ਿਕਰ ਨਾਲ ਆਰੰਭ ਕੀਤੀ। ਉਸ ਤੋਂ ਬਾਅਦ ਆਪਣੀ ਬੋਲਣ ਵਿਧੀ ਰਾਹੀਂ ਆਪਣੀ ਜਾਣ-ਪਛਾਣ ਦੇਣ ਸਮੇਂ ਸਰੋਤਿਆਂ ਨੂੰ ਸਿੱਖ ਇਤਿਹਾਸ ਦੇ ਝਰੋਖਿਆਂ ਵਿਚੋਂ ਦੀ ਸਰਹਿੰਦ ਦੀਆਂ ਦੀਵਾਰਾਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜੋੜ ਲਿਆ। ਸਰੋਤੇ ਸਾਹ ਸੂਤ ਕੇ ਇਸ ਖ਼ੌਫ਼ਨਾਕ ਮੰਜ਼ਰ ਦਾ ਬਿਆਨ ਸੁਣ ਰਹੇ ਸਨ। ਇੰਜ ਲੱਗ ਰਿਹਾ ਸੀ ਜਿਵੇਂ ਉਹ ਸਾਰੇ ਦੇ ਸਾਰੇ ਮੇਰੇ ਨਾਲ ਮਿਲ ਕੇ ਸਰਹਿੰਦ ਦੀਆਂ ਖ਼ੂਨੀ ਦੀਵਾਰਾਂ ਦੇ ਸਨਮੁਖ ਆ ਖੜ੍ਹੇ ਸਨ । ਸਰੋਤਿਆਂ ਦੀ ਪਹਿਲੀ ਕਤਾਰ ਵਿਚ ਯੂਨੀਵਰਸਿਟੀ ਦੇ ਵਿਦੇਸ਼ੀ ਵਿਦਿਆਰਥੀਆਂ ਦੀ ਡੀਨ ਡਾਕਟਰ ਵੈਂਡੀ ਬੈਠੀ ਹੋਈ ਸੀ, ਇਤਫ਼ਾਕ ਨਾਲ ਉਸ ਦੇ ਦੋਵੇਂ ਪਾਸੇ ਸੱਜੇ ਅਤੇ ਖੱਬੇ, ਉਸ ਦੇ ਦੋ ਪੁੱਤਰ ਬੈਠੇ ਹੋਏ ਸਨ ਜੋ ਉਮਰ ਵਿਚ ਦਸ ਸਾਲ ਤੋਂ ਛੋਟੀ ਉਮਰ ਦੇ ਜਾਪਦੇ ਸਨ। ਮੈਂ ਵੇਖ ਰਿਹਾ ਸੀ ਕਿ ਡਾਕਟਰ ਵੈਂਡੀ ਨੇ ਸਰਹਿੰਦ ਦੀ ਦਾਸਤਾਨ ਦਾ ਹੌਲਨਾਕ ਵਿਸਥਾਰ ਸੁਣਦਿਆਂ ਕਈ ਵਾਰੀ ਰੁਮਾਲ ਨਾਲ ਅੱਖਾਂ ਵਿਚੋਂ ਵਗਦੇ ਹੰਝੂ ਪੂੰਝੇ ਸਨ।
ਉਹ ਇਕ ਸਹਿਮੀ ਹੋਈ ਮਨੋ-ਅਵਸਥਾ ਵਿਚ ਵਾਰ-ਵਾਰ ਆਪਣੇ ਦੋਵਾਂ ਪੁੱਤਰਾਂ ਨੂੰ ਆਪਣੀ ਹਿੱਕੜੀ ਨਾਲ ਲਾ ਰਹੀ ਸੀ। ਮੈਂ ਸਮਝ ਰਿਹਾ ਸੀ ਕਿ ਉਸ ਦੇ ਮਨ 'ਤੇ ਕੀ ਗੁਜ਼ਰ ਰਿਹਾ ਹੈ। ਸ਼ਾਇਦ ਉਹ ਉਸ ਵੇਲੇ ਮਾਤਾ ਗੁਜਰੀ ਨੂੰ ਯਾਦ ਕਰਦੀ ਹੋਈ ਜ਼ਬਰਦਸਤ ਮਾਨਸਿਕ ਪੀੜਾ ਵਿਚ ਉਨ੍ਹਾਂ ਭਿਆਨਕ ਪਲਾਂ ਨੂੰ ਜਿਉਂ ਰਹੀ ਸੀ ਜੋ ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖ਼ਬਰ ਸੁਣਨ ਤੋਂ ਲੈ ਕੇ ਜੋਤੀ-ਜੋਤਿ ਸਮਾਉਣ ਤੱਕ ਹੰਢਾਏ ਸਨ। ਜਦੋਂ ਮੈਂ ਸਰਹਿੰਦ ਦੇ ਇਤਿਹਾਸ ਦੀ ਦਰਦਨਾਕ ਵਿਥਿਆ ਸਮਾਪਤ ਕੀਤੀ ਤਾਂ ਪੂਰੇ ਦੇ ਪੂਰੇ ਆਡੀਟੋਰੀਅਮ ਵਿਚ ਇਕ ਅਜੀਬ ਸੰਨਾਟਾ ਜਿਹਾ ਛਾਇਆ ਹੋਇਆ ਸੀ। ਲਗਭਗ ਸਾਰੇ ਸਰੋਤਿਆਂ ਦੀਆਂ ਅੱਖੀਆਂ ਨਮ ਸਨ। ਮੈਂ ਖੁਦ ਅੱਥਰੂ-ਅੱਥਰੂ ਸਾਂ। ਕੁਝ ਪਲ ਦੀ ਖ਼ਾਮੋਸ਼ੀ ਤੋਂ ਬਾਅਦ ਮੈਂ ਸਰੋਤਿਆਂ ਨੂੰ ਪੁੱਛਿਆ ਕਿ ਜੇ ਉਨ੍ਹਾਂ ਦੇ ਮਨ ਵਿਚ ਕੋਈ ਦੁਬਿਧਾ ਜਾਂ ਸਵਾਲ ਹੈ ਤਾਂ ਪੁੱਛ ਸਕਦੇ ਹੋ। ਬਸ ਇਹ ਕਹਿਣ ਦੀ ਦੇਰ ਸੀ ਕਿ ਮੰਤਰ-ਮੁਗਧ ਹੋਏ ਅਮਰੀਕਨ ਸਰੋਤੇ ਇਕ-ਇਕ ਕਰਕੇ ਸਵਾਲ ਕਰਨ ਲੱਗੇ, ਉਨ੍ਹਾਂ ਵਿਚੋਂ ਕੁਝ ਕੁ ਸਵਾਲ ਅਜਿਹੇ ਸਨ ਜਿਨ੍ਹਾਂ ਨੇ ਮੇਰੀ ਸੰਵੇਦਨਸ਼ੀਲਤਾ ਨੂੰ ਝੰਜੋੜ ਕੇ ਰੱਖ ਦਿੱਤਾ ਜੋ ਆਪ ਸਭ ਨਾਲ ਸਾਂਝੇ ਕਰਨੇ ਜ਼ਰੂਰੀ ਹਨ।
ਪਹਿਲਾ ਸਵਾਲ ਇਸ ਤਰ੍ਹਾਂ ਸੀ: ਕ੍ਰਿਪਾ ਕਰਕੇ ਇਹ ਦੱਸੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਵਜ਼ੀਰ ਖਾਂ ਦੀ ਕਚਹਿਰੀ ਵਿਚ ਪੇਸ਼ੀ ਲਈ ਜਾਣ ਤੋਂ ਪਹਿਲਾਂ ਕਿਸ ਦੀ ਸੰਗਤ ਵਿਚ ਸਨ? ਅਜਿਹੀ ਕਿਹੜੀ ਮਹਾਨ ਅਤੇ ਮਜ਼ਬੂਤ ਪ੍ਰੇਰਨਾ ਸੀ, ਜਿਸ ਸਦਕਾ ਉਨ੍ਹਾਂ ਵਜ਼ੀਰ ਖਾਂ ਦੇ ਡਰਾਵੇ ਅਤੇ ਬਹਿਕਾਵਿਆਂ ਨੂੰ ਦਰਕਿਨਾਰ ਕਰਦੇ ਹੋਏ ਡੋਲਣ ਅਤੇ ਘਬਰਾਉਣ ਦੀ ਬਜਾਏ ਜਿਊਣ ਦੀ ਇੱਛਾ ਦੇ ਇਖ਼ਿਤਿਆਰ ਨੂੰ ਠੁਕਰਾ ਕੇ ਸਿੱਖੀ ਸਿਦਕ 'ਤੇ ਕਾਇਮ ਰਹਿੰਦੇ ਹੋਏ ਮੌਤ ਨੂੰ ਮਨਜ਼ੂਰ ਕਰਨ ਨੂੰ ਤਰਜੀਹ ਦਿੱਤੀ?
ਦੂਸਰਾ ਸਵਾਲ ਇਸ ਤਰ੍ਹਾਂ ਸੀ: ਮਾਸੂਮ ਸਾਹਿਬਜ਼ਾਦਿਆਂ ਨੂੰ ਜਦੋਂ ਜਿਊਂਦੇ ਦੀਵਾਰਾਂ ਵਿਚ ਚਿਣਨਾ ਸ਼ੁਰੂ ਕੀਤਾ ਤਾਂ ਇਸ ਵਿਕਰਾਲ ਪ੍ਰਕਿਰਿਆ ਵਿਚ ਲਗਭਗ ਕਿੰਨਾ ਕੁ ਸਮਾਂ ਲੱਗਾ ਹੋਵੇਗਾ। ਜਦੋਂ ਇਹ ਸਮਾਂ ਹਰ ਸਾਲ ਆਉਂਦਾ ਹੈ ਤਾਂ ਸਿੱਖ ਕੌਮ ਇਹ ਭਿਆਨਕ ਪਲ ਕਿਸ ਤਰ੍ਹਾਂ ਗੁਜ਼ਾਰਦੀ ਹੈ। ਇਸ ਹਿਰਦੇਵੇਧਕ ਸਮੇਂ ਵਿਚ ਮਾਸੂਮ ਸਾਹਿਬਜ਼ਾਦਿਆਂ ਦੀ ਪੀੜਾ ਨੂੰ ਤੁਸੀਂ ਕਿੰਝ ਅਨੁਭਵ ਕਰਦੇ ਹੋ ਅਤੇ ਉਸ ਖ਼ਾਸ ਵਕਤ 'ਤੇ ਤੁਹਾਡੇ ਰੁਝੇਵੇਂ ਅਤੇ ਅਮਲ ਕੀ ਹੁੰਦੇ ਹਨ?
ਪਹਿਲੇ ਸਵਾਲ ਦਾ ਜਵਾਬ ਤਾਂ ਮੈਂ ਬੜ੍ਹੇ ਠਰੰਮੇ ਤੇ ਵਿਸਥਾਰ ਨਾਲ ਦੇ ਦਿੱਤਾ ਪ੍ਰੰਤੂ ਦੂਸਰੇ ਸਵਾਲ ਨੇ ਮੈਨੂੰ ਸ਼ਰਮ ਨਾਲ ਪਾਣੀ-ਪਾਣੀ ਕਰ ਦਿੱਤਾ। ਉਨ੍ਹਾਂ ਸੁਹਿਰਦ ਸਰੋਤਿਆਂ ਦੇ ਤਾਂ ਸਰਹਿੰਦ ਦੀ ਦਾਸਤਾਨ ਦਾ ਵਰਨਣ ਸੁਣ ਕੇ ਹੀ ਹੰਝੂ ਵਹਿ ਤੁਰੇ ਸਨ, ਮੈਂ ਉਨ੍ਹਾਂ ਨੂੰ ਕਿਸ ਤਰ੍ਹਾਂ ਦੱਸਦਾ ਕਿ ਸਿੱਖ ਤਾਂ ਹੁਣ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨ ਵਿਆਹ-ਸ਼ਾਦੀਆਂ ਵੀ ਕਰਨ ਲੱਗ ਪਏ ਹਨ। ਇਕ ਪਾਸੇ ਸਾਹਿਬਜ਼ਾਦਿਆਂ ਦੇ ਨੀਂਹਾਂ ਵਿਚ ਚਿਨਣ ਦਾ ਸਮਾਂ ਆਉਂਦਾ ਹੈ ਤੇ ਦੂਸਰੇ ਪਾਸੇ ਬੈਂਡ-ਵਾਜੇ ਵੱਜਦੇ ਹਨ। ਭਲਾ ਮੈਂ ਕਿੰਝ ਦੱਸਦਾ ਕਿ ਅੱਜ-ਕਲ੍ਹ ਤਾਂ ਸ਼ਹੀਦੀ ਜੋੜ ਮੇਲੇ 'ਤੇ ਲੰਗਰਾਂ ਵਿਚ ਲੱਡੂ-ਜਲੇਬੀਆਂ ਵੀ ਪੱਕਦੇ ਹਨ ਅਤੇ ਗੁਰੂ ਦੇ ਲਾਲਾਂ ਦੀਆਂ ਸ਼ਹੀਦੀਆਂ ਤੇ 'ਖ਼ਿਰਾਜ਼-ਏ-ਅਕੀਦਤ' ਭੇਟ ਕਰਨ ਆਏ ਤੀਰਥ ਯਾਤਰੀ ਬੜੇ ਸਵਾਦ ਨਾਲ ਲੱਡੂ-ਜਲੇਬੀਆਂ ਛਕਦੇ ਹਨ। ਸ਼ਰਾਬ ਦੇ ਠੇਕੇ ਵੀ ਫ਼ਤਹਿਗੜ੍ਹ ਸਾਹਿਬ ਦੇ ਗੁਰਦੁਆਰੇ ਦੇ ਇਰਦ-ਗਿਰਦ ਨੂੰ ਛੱਡ ਕੇ ਸ਼ਰਾਬੀਆਂ ਦੀ ਸਹੂਲਤ ਲਈ ਅਤੇ ਸ਼ਰਾਬ ਦੇ ਠੇਕੇਦਾਰਾਂ ਦੀ ਆਮਦਨ ਦਾ ਖ਼ਿਆਲ ਰੱਖਦੇ ਹੋਏ ਬਾਕੀ ਸਾਰੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਖੁੱਲ੍ਹੇ ਰੱਖੇ ਜਾਂਦੇ ਹਨ। ਹਾਲੇ ਤੈਅ ਹੀ ਨਹੀਂ ਕੀਤਾ ਗਿਆ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿਚ ਜਿਊਂਦੇ ਚਿਣਨ ਦੀ ਪ੍ਰਕਿਰਿਆ ਤੋਂ ਸ਼ੁਰੂ ਹੋ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੱਕ ਦੇ ਸਮੇਂ ਦੇ ਦਰਮਿਆਨ ਸਮੁੱਚੀ ਸਿੱਖ ਕੌਮ ਦੇ ਰੁਝੇਵੇਂ, ਸਮੂਹਿਕ ਅਮਲ ਅਤੇ ਵਰਤਾਰੇ ਕੀ ਹੋਣੇ ਚਾਹੀਦੇ ਹਨ?
ਅਮਰੀਕਾ ਤੋਂ ਵਾਪਸ ਪਰਤਦਿਆਂ ਹੀ ਮੈਂ ਸਭ ਤੋਂ ਪਹਿਲਾਂ ਇਹ ਦਰਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਸਾਂਝੇ ਕੀਤੇ, ਉਨ੍ਹਾਂ ਸਾਰੀ ਗੱਲ ਬੜੀ ਗੰਭੀਰਤਾ ਨਾਲ ਸੁਣੀ ਤੇ ਸਿੱਟੇ-ਬੱਧ ਸੁਹਿਰਦ ਉਪਰਾਲਾ ਸ਼ੁਰੂ ਕੀਤਾ, ਮੈਂ ਉਸ ਵੇਲੇ ਦੇ ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਐਸ.ਕੇ. ਆਹਲੂਵਾਲੀਆ ਨਾਲ ਵੀ ਇਹ ਸਾਰਾ ਬਿਰਤਾਂਤ ਸਾਂਝਾ ਕੀਤਾ। ਉਨ੍ਹਾਂ ਨੇ ਵੀ ਇਸ ਨੇਕ ਕੰਮ ਵਿਚ ਬੜੀ ਸਾਰਥਿਕ ਭੂਮਿਕਾ ਨਿਭਾਈ। ਬੜੀ ਖੋਜ ਤੋਂ ਬਾਅਦ ਸ਼ਹਾਦਤ ਦੇ ਸਮੇਂ ਦਾ ਜ਼ਿਕਰ ਕੇਵਲ ਗੁਰਪ੍ਰਣਾਲੀ ਗੁਲਾਬ ਸਿੰਘ ਵਿਚ ਹੀ ਮਿਲਿਆ ਹੈ ਜੋ ਤਕਰੀਬਨ ਸਵੇਰ ਦੇ 9.45 ਤੋਂ 11 ਵਜੇ ਤੱਕ ਦਾ ਬਣਦਾ ਹੈ, ਗੁਰਪ੍ਰਣਾਲੀ, ਗੁਲਾਬ ਸਿੰਘ ਵਿਚ ਸ਼ਹਾਦਤ ਦਾ ਸਮਾਂ ਇਸ ਤਰ੍ਹਾਂ ਅੰਕਿਤ ਕੀਤਾ ਗਿਆ ਹੈ 'ਸਵਾ ਪਹਰ ਦਿਨ ਚੜ੍ਹੇ ਕਾਮ ਭਯੋ ਹੈ' ਭਾਵ ਸਵਾ ਪਹਿਰ ਦਿਨ ਚੜ੍ਹੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਭਾਈ ਦੁੱਨਾ ਸਿੰਘ ਹੰਡੂਰੀਆਂ ਦੀ ਅਪ੍ਰਕਾਸ਼ਿਤ ਕ੍ਰਿਤ, 'ਕਥਾ ਗੁਰੂ ਜੀ ਕੇ ਸੁਤਨ ਕੀ' ਅਨੁਸਾਰ ਛੋਟੇ ਸਾਹਿਬਜ਼ਾਦਿਆਂ ਦੇ ਸੀਸ ਕਟਾਰ ਨਾਲ ਧੜ੍ਹ ਤੋਂ ਜੁਦਾ ਕਰਨ ਤੋਂ ਪਹਿਲਾਂ, ਜ਼ਾਲਮਾਂ ਨੇ ਉਨ੍ਹਾਂ ਮਾਸੂਮਾਂ ਨੂੰ ਚਾਬਕਾਂ ਤੇ ਕੋਰੜੇ ਵੀ ਮਾਰੇ ਸਨ,
''ਖਮਚੀ ਸਾਥ ਜੁ ਲਗੇ ਤਬੈ ਦੁਖ ਦੇਵਨੰ£
ਏਹ ਸੁ ਬਾਲਕ ਫੂਲ, ਧੂਪ ਨਹਿ ਖੇਵਨੰ£
ਤਬ ਮਲੇਰੀਏ ਕਹਯੋ; 'ਜੜਾਂ ਤੁਮ ਜਾਂਹਿ ਹੀ£
ਇਹ ਮਸੂਮ ਹੈਂ ਬਾਲ ਦੁਖਾਵਹੁ ਨਾਹਿ ਹੀ£''
(ਇਥੇ ਖਮਚੀ ਤੋਂ ਭਾਵ ਹੈ ਛਾਂਟਾ ਅਰਥਾਤ ਕੋਰੜਾ)
''ਜਬ ਦੁਸ਼ਟੀਂ ਐਸੇ ਦੁਖ। ਬਹੁਰੋ ਫੇਰ ਸੀਸ ਕਢਵਾਏ।।
ਰਜ ਕੋ ਪਾਇ ਪੀਪਲਹ ਬਾਂਧੇ। ਦੁਸ਼ਟ ਗੁਲੇਲੇ ਤੀਰ ਸੁ ਸਾਂਧੇ।।"
ਰਜ ਤੋਂ ਭਾਵ ਹੈ ਰੱਸਾ ਅਰਥਾਤ ਪਿੱਪਲ ਦੇ ਦਰੱਖ਼ਤ ਨਾਲ ਰੱਸਿਆਂ ਨਾਲ ਬੰਨ੍ਹ ਕੇ ਗੁਲੇਲ ਦੇ ਨਿਸ਼ਾਨੇ ਬਣਾ ਕੇ ਤਸੀਹੇ ਦਿੱਤੇ ਗਏ। ਹਵਾਲੇ ਲਈ ਦੇਖੋ: ਹੱਥ ਲਿਖਤ ਖਰੜਾ ਨੰਬਰ ੬੦੪੫, ਸਿੱਖ ਰੈਫਰੈਂਸ ਲਾਇਬਰੇਰੀ, ਸ੍ਰੀ ਅੰਮ੍ਰਿਤਸਰ)
ਇਥੇ ਇਹ ਜ਼ਿਕਰ ਕਰਨਾ ਵੀ ਅਜ਼ਹਦ ਜ਼ਰੂਰੀ ਹੈ ਕਿ ਨਵਾਬ ਸ਼ੇਰ ਮੁਹੰਮਦ ਖਾਨ ਮਾਲੇਰਕੋਟਲਾ ਨੇ ਨਾ ਸਿਰਫ਼ ਹਾਅ ਦਾ ਨਾਅਰਾ ਹੀ ਮਾਰਿਆ ਸਗੋਂ ਉਸ ਨੇ ਮਾਸੂਮ ਸਾਹਿਬਜ਼ਾਦਿਆਂ 'ਤੇ ਜ਼ੁਲਮ ਰੋਕਣ ਲਈ ਬੜੇ ਲਹੂਰ ਅਤੇ ਤਰਲੇ ਵੀ ਲਏ। ਲਾਹਨਤਾਂ ਵੀ ਪਾਈਆਂ ਪਰ ਜ਼ਾਲਮ ਵਜ਼ੀਰ ਖਾਂ ਨੇ ਉਸ ਦੀ ਇਕ ਨਾ ਸੁਣੀ। ਸਰਹਿੰਦ ਦੀ ਤਵਾਰੀਖ਼ ਦਾ ਜ਼ਿਕਰ ਕਰਦਿਆਂ ਇਹ ਬੜੇ ਅਦਬ ਨਾਲ ਕਹਿਣਾ ਬਣਦਾ ਹੈ ਕਿ ਸਿੱਖ ਕੌਮ ਦੇ ਇਤਿਹਾਸ ਦੇ ਅਜਿਹੇ ਨਾਜ਼ੁਕ ਅਤੇ ਭਿਆਨਕ ਮਰਹਲੇ ਤੇ ਨਵਾਬ ਸ਼ੇਰ ਮੁਹੰਮਦ ਖਾਨ, ਮਾਲੇਰਕੋਟਲਾ ਵਲੋਂ ਨਿਭਾਈ, ਨਾਕਾਬਿਲ-ਏ-ਫ਼ਰਾਮੋਸ਼ ਵਿਸ਼ੇਸ਼ ਤਵਾਰੀਖੀ ਭੂਮਿਕਾ ਲਈ ਸਿੱਖ ਕੌਮ ਹਮੇਸ਼ਾ ਲਈ ਆਭਾਰੀ ਤੇ ਅਹਿਸਾਨਮੰਦ ਰਹੇਗੀ।
ਭਾਵੇਂ ਸਮੁੱਚੀ ਸਿੱਖ ਕੌਮ ਦੇ ਅਮਲਾਂ ਵਿਚ ਇਨ੍ਹਾਂ ਦਰਦਨਾਕ ਪਲਾਂ ਨੂੰ ਸ਼ਰਧਾ ਅਤੇ ਅਕੀਦਤ ਨਾਲ ਨਿਯਮਤ ਕਰਨਾ ਨਿਸ਼ਚੇ ਹੀ ਸਿੱਖ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੀ ਜ਼ਿੰਮੇਵਾਰੀ ਬਣਦੀ ਹੈ। ਪ੍ਰੰਤੂ ਫ਼ੇਰ ਵੀ ਮੈਂ ਇਸ ਨਿਬੰਧ ਰਾਹੀਂ ਸਮੁੱਚੀ ਸਿੱਖ ਕੌਮ, ਸਿੱਖ ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ, ਸੰਤ ਮਹਾਂਪੁਰਸ਼ਾਂ, ਸਿੰਘ ਸਭਾਵਾਂ, ਦੇਸ਼-ਪ੍ਰਦੇਸ਼ਾਂ ਦੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ, ਸਿੱਖ ਸਟੂਡੈਂਟਸ ਫ਼ੈਡਰੇਸ਼ਨ, ਖ਼ਾਲਸਾ ਕਾਲਜਾਂ ਅਤੇ ਖ਼ਾਲਸਾ ਸਕੂਲਾਂ ਦੇ ਸਮੂਹ ਪ੍ਰਬੰਧਕਾਂ ਅਤੇ ਮੁਖੀਆਂ, ਸਮੂਹ ਸਿੱਖ ਪਰਿਵਾਰਾਂ ਅਤੇ ਸਿੱਖ-ਪੰਥ ਦੇ ਦਰਦਮੰਦਾਂ ਨੂੰ ਇਕ ਮਿੰਨਤ ਅਤੇ ਤਰਲਾ ਕਰਦਾ ਹਾਂ ਕਿ ਗੰਭੀਰਤਾ ਨਾਲ ਸੋਚੋ ਕਿ ਵਿਸ਼ਵ ਭਰ ਦੇ ਈਸਾਈਅਤ ਨੂੰ ਮੰਨਣ ਵਾਲੇ ਪੈਰੋਕਾਰਾਂ ਨੂੰ ਤਾਂ 2018 ਸਾਲ ਬਾਅਦ ਵੀ ਸਲੀਬ 'ਤੇ ਟੰਗੇ ਪ੍ਰਭੂ ਯਿਸੂ ਮਸੀਹ ਨਜ਼ਰ ਆਉਂਦੇ ਹਨ ਅਤੇ ਸਲੀਬਕਸ਼ੀ ਤੋਂ ਬਾਅਦ ਈਸਾ ਮਸੀਹ ਦੇ ਹੱਥਾਂ ਅਤੇ ਪੈਰਾਂ ਵਿਚ ਗੱਡੀਆਂ ਮੇਖਾਂ ਦੇ ਜ਼ਖ਼ਮਾਂ 'ਚੋਂ ਸਿੰਮਦਾ ਖ਼ੂਨ ਅਤੇ ਉਸ ਦੀ ਪੀੜਾ ਦੇ ਅਨੁਭਵ ਦਾ ਡੂੰਘਾ ਅਹਿਸਾਸ ਹੈ। ਇਸੇ ਤਰ੍ਹਾਂ ਇਸਲਾਮ ਦੇ ਅਨੁਯਾਈਆਂ ਨੂੰ 1935 ਸਾਲ ਬਾਅਦ ਵੀ 'ਕਰਬਲਾ' ਦਾ ਕਹਿਰ ਯਾਦ ਹੈ। ਹਰ ਇਕ ਮੁਸਲਮਾਨ ਮੁਹੱਰਮ ਦੇ ਮੌਕੇ ਆਪਣੇ ਆਪ ਨੂੰ ਕਰਬਲਾ ਦੀ ਪੀੜਾ ਵਿਚ ਗੁੰਮ ਕਰ ਲੈਂਦਾ ਹੈ ਅਤੇ ਆਪਣੇ ਪੈਗੰਬਰ ਦੀ ਵੇਦਨਾ ਨਾਲ ਇਕਸੁਰ ਹੋ ਜਾਂਦਾ ਹੈ।
ਦਰੇਗ ਇਸ ਗੱਲ ਦਾ ਹੈ ਕਿ ਸਿੱਖ ਕੌਮ 316 ਸਾਲਾਂ ਦੇ ਸਮੇਂ ਅੰਦਰ ਹੀ ਨੀਂਹਾਂ ਵਿਚ ਚਿਣ ਕੇ ਸ਼ਹੀਦ ਹੋਏ ਦਸਮੇਸ਼ ਗੁਰੂ ਜੀ ਦੇ ਮਾਸੂਮ ਸਾਹਿਜ਼ਾਦਿਆਂ ਦੀ ਸ਼ਹੀਦੀ ਨੂੰ ਕਿਉਂ ਵਿਸਰ ਗਈ ਹੈ? ਇਹ ਸਮੁੱਚੀ ਸਿੱਖ ਕੌਮ ਲਈ ਆਪਣੇ ਸਵੈ ਅੰਦਰ ਝਾਤੀ ਮਾਰ ਕੇ ਗੰਭੀਰ ਸਮੀਖਿਆ ਕਰਨ ਦਾ ਸਮਾਂ ਹੈ। ਕੌਮਾਂ ਦੇ ਇਤਿਹਾਸ ਵਿਚ ਅਜਿਹਾ ਸਮਾਂ ਕਦੇ-ਕਦੇ ਆਉਂਦਾ ਹੈ ਜਦੋਂ ਕੌਮਾਂ ਆਪਣੇ ਬੀਤ ਚੁੱਕੇ ਆਪੇ ਦਾ ਨਿਰੀਖਣ ਕਰਦੀਆਂ ਹਨ ਅਤੇ ਆਉਣ ਵਾਲੇ ਸਮੇਂ ਲਈ ਸੁਚੇਤ ਹੁੰਦੀਆਂ ਹਨ। ਆਓ ਪ੍ਰਣ ਕਰੀਏ ਕਿ 13 ਪੋਹ ਅਰਥਾਤ 27 ਦਸੰਬਰ ਨੂੰ ਸਵੇਰ ਦੇ ਠੀਕ 10 ਤੋਂ 11 ਵਜੇ ਤੱਕ ਇਕ ਘੰਟਾ ਹਰ ਸਿੱਖ ਭਾਵੇਂ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਕਿਉਂ ਨਾ ਹੋਵੇ ਤੇ ਕਿਸੇ ਵੀ ਵਰਤਾਰੇ ਵਿਚ ਮਸਰੂਫ਼ ਕਿਉਂ ਨਾ ਹੋਵੇ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿਚ ਜੁੜ ਕੇ 'ਸਤਿਨਾਮ ਵਾਹਿਗੁਰੂ' ਦਾ ਜਾਪ ਕਰੀਏ। ਜ਼ਰਾ ਸੋਚੋ! ਜਦੋਂ ਸਾਡੇ ਕਿਸੇ ਬੱਚੇ ਦੇ ਜ਼ਰਾ ਜਿੰਨੀ ਸੱਟ ਲੱਗ ਜਾਂਦੀ ਹੈ ਤਾਂ ਸਾਡੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਜਾਂਦਾ ਹੈ, ''ਹੇ ਵਾਹਿਗੁਰੂ।'' ਕੀ ਅਸੀਂ ਹਰ ਸਾਲ ਇਹ ਥੋੜ੍ਹਾ ਜਿਹਾ ਸਮਾਂ ਕੱਢ ਕੇ ਨਿਵੇਕਲੇ ਬੈਠ ਕੇ ਆਪਣੇ ਗੁਰੂ ਅਤੇ ਮਾਸੂਮ ਸਾਹਿਬਜ਼ਾਦਿਆਂ ਦੀ ਯਾਦ ਵਿਚ ਸਮਰਪਿਤ ਹੋ ਕੇ ''ਸਤਿਨਾਮ ਵਾਹਿਗੁਰੂ'' ਨਹੀਂ ਜਪ ਸਕਦੇ। ਜਿਨ੍ਹਾਂ ਨੇ ਧਰਮ ਅਤੇ ਸਿੱਖੀ ਸਿਦਕ ਦੀ ਰੱਖਿਆ ਲਈ ਆਪਣੇ ਜੀਵਨ ਤੱਕ ਕੁਰਬਾਨ ਕਰ ਦਿੱਤੇ, ਖਾਸ ਕਰਕੇ, ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਤਾਂ ਇਸ ਨਿਸ਼ਚਿਤ ਸਮੇਂ 'ਤੇ ਸ਼ਹੀਦੀ ਜੋੜ ਮੇਲੇ ਸਮੇਂ ਹਰ ਵਿਅਕਤੀ ਆਪਣੀ-ਆਪਣੀ ਜਗ੍ਹਾ ਬੈਠ ਕੇ ਇਸ ਇਕ ਘੰਟੇ ਲਈ ਬੰਦਗੀ ਵਿਚ ਜੁੜ ਜਾਵੇ। ਇਸ ਇਕ ਘੰਟੇ ਲਈ ਤਾਂ ਇੰਝ ਜਾਪੇ ਜਿਵੇਂ ਸਮੁੱਚਾ ਜਨਜੀਵਨ ਹੀ 'ਮਾਸੂਮ ਸ਼ਹੀਦਾਂ' ਦੀ ਅਕੀਦਤ ਵਿਚ ਜੁੜ ਗਿਆ ਹੈ। ਇੰਜ ਕਰਨ ਨਾਲ ਸ਼ਹੀਦਾਂ ਪ੍ਰਤੀ ਸ਼ਰਧਾ ਅਤੇ ਸਨਮਾਨ ਪ੍ਰਗਟ ਕਰਨ ਦੇ ਅਦਬ ਵਿਚ ਇਕ ਨਿਵੇਕਲਾ ਬਾਬ ਨਮੂਦਾਰ ਹੋਵੇਗਾ। ਕਿੰਨਾ ਮਾਣ ਸੀ ਦਸਮ ਪਾਤਸ਼ਾਹ ਹਜ਼ੂਰ ਨੂੰ ਆਪਣੇ ਸਿੱਖਾਂ ਅਤੇ ਗੁਰੂ ਖਾਲਸੇ 'ਤੇ ਜਦੋਂ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਮਹਾਰਾਜ ਨੇ ਬੜੇ ਫ਼ਖ਼ਰ ਨਾਲ ਫ਼ੁਰਮਾਇਆ ਸੀ,
''ਇਨ ਪੁਤ੍ਰਨ ਕੇ ਸੀਸ ਪੈ, ਵਾਰ ਦੀਏ ਸੁਤ ਚਾਰ।।
ਚਾਰ ਮੂਏ ਤੋ ਕਿਆ ਭਯਾ, ਜੀਵਤ ਕਈ ਹਜ਼ਾਰ।।"
-
ਬੀਰ ਦਵਿੰਦਰ ਸਿੰਘ, ਚਿੰਤਕ ਅਤੇ ਸਾਬਕਾ ਡਿਪਟੀ ਸਪੀਕਰ ਪੰਜਾਬ
birdevinders@gmail.com
+919814033362
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.