ਚਰਨਜੀਤ ਪਰਬੁੱਧ ਪੱਤਰਕਾਰ ਤੇ ਲਿਖਾਰੀ ਹੈ। ਮੇਰੇ ਗੁਆਂਢੀ ਪਿੰਡ ਤੇਜਾ ਵ੍ਹੀਲਾ ਦਾ ਜੰਮਪਲ।
ਤੇਜਾ ਕਲਾਂ ਤੇ ਵ੍ਹੀਲਾ ਦੋ ਵੱਖ ਵੱਖ ਪੰਡ ਨੇ ਗੁਰਦਾਸ ਪੁਰ ਜ਼ਿਲ੍ਹੇ ਦੀ ਵਟਾਲਾ ਤਹਿਸੀਲ ਦੇ।
ਤੇਜਾ ਕਲਾਂ ਦਾ ਇਤਿਹਾਸਕ ਗੁਰਦੁਆਰਾ ਆਜ਼ਾਦ ਕਰਵਾਉਣ ਕਰਕੇ ਹੀ ਸਮੁੰਦ ਸਿੰਘ ਦਾ ਨਾਮ ਤੇਜਾ ਸਿੰਘ ਹੋਇਆ ਜੋ ਮਗਰੋਂ ਤੇਜਾ ਸਿੰਘ ਸੁਤੰਤਰ ਨਾਮ ਦਾ ਇਨਕਲਾਬੀ ਆਗੂ ਬਣਿਆ।
ਪਰ ਗੱਲ ਕਾਂ ਚਰਨਜੀਤ ਦੀ ਕਰ ਰਿਹਾ ਸਾਂ। ਉਸ ਦੇ ਪਿੰਡ ਵਾਲੇ ਸਾਂਸੀ ਸਾਈਂ ਦਾਸ ਦੀ, ਪਿੰਡ ਚ 1954 ਵੇਲੇ ਖੁੱਲ੍ਹੀ ਲਾਇਬਰੇਰੀ ਦੇ ਗੁਆਚਣ ਦਾ।
ਪੜ੍ਹਦਾ ਪੜ੍ਹਦਾ ਮੈਂ ਆਪ ਗੁਆਚ ਗਿਆ ਹਾਂ ਸੋਚ ਦੇ ਸਮੁੰਦਰ ਵਿੱਚ।
ਕਿੰਨੀਆਂ ਕਿਤਾਬਾਂ ਕਿੰਨੇ ਸਾਈਂ ਗੁਆਚ ਗਏ ਨੇ, ਵਕਤ ਦੇ ਬੇਰਹਿਮ ਹੱਥੋਂ।
ਚਰਨਜੀਤ ਦੀ ਲਿਖਤ ਹੂ ਬ ਹੂ ਪੜ੍ਹਨਯੋਗ ਹੈ, ਪੜ੍ਹੋ ਤੇ ਦੱਸਿਓ, ਕਿਹੋ ਜਹੀ ਲੱਗੀ।
ਗੁਰਭਜਨ ਗਿੱਲ
ਕਿਸੇ ਰੋਜ਼ ਨੂੰ ਜ਼ਿੰਦਗੀ ਖਤਮ ਹੋਣੀ
ਉਡ ਜਾਵਣਾ ਦੇਹ ਚੋਂ ਭੌਰ ਜਾਨੀ..।
ਇਹ ਬੋਲ ਅਗਸਤ 2013 ‘ਚ ਆਪਣੇ ਪਿੰਡ ਬਾਬੇ ਸਾਂਈ ਨੂੰ ਗਾਉਂਦਿਆਂ ਰਿਕਾਰਡ ਕੀਤਾ ਸੀ । ਸਾਂਈ ਨੂੰ ਮੈਂ ਉਮਰ ਪੁਛੀ ਤਾਂ ਉਹ ਕਹਿੰਦਾ ਅੱਧਾ ਪਿੰਡ ਮੇਰੇ ਵੇਂਹਦਿਆਂ ਵੇਂਹਦਿਆਂ ਤੁਰ ਗਿਆ ਈ, ਲਾ ਲਾ ਸਾਬ ।
ਮੈਂ ਕਿਹਾ ਇਹ ਤਾਂ ਕੋਈ ਸਾਬ ਕਿਤਾਬ ਵਾਲੀ ਗੱਲ ਬਣੀ ਨਹੀਂ । ਫਿਰ ਕਹਿੰਦਾ, ਜਦੋਂ ਪਾਕਹਤਾਨ ਬਣਿਆ, ਉਦੋਂ ਮੈਂ ਵਾਹਵਾ ਸਾਂ.. । ਬੜੀ ਲੁੱਟ ਮਾਰ ਕੀਤੀ .....(ਰੁਕ ਕੇ ਜੇ ਕਹਿੰਦਾ).... ਲੋਕਾਂ ।
ਮੈਂ ਹੱਸਿਆ ਤਾਂ ਉਹਦੇ ਮੂੰਹ ਤੇ ਦਹਾਕਿਆਂ ਤੋਂ ਵੱਸ ਰਹੀਆਂ ਝੁਰੜੀਆਂ ਨੇ ਵੀ ਹੁੰਗਾਰਾ ਭਰਿਆ ਕਿ ਮੁੰਡਾ ਗੱਲ ਸਮਝ ਗਿਆ । ਸਾਡੀਆਂ ਇਹ ਮਾਰਾਂ ਕੀਹਦੇ ਤੋਂ ਲੁਕੀਆਂ ਨੇ । ਜਿਹੜੀਆਂ ਛਤੀਰੀਆਂ ਦੀ ਛੱਤ ਥੱਲੇ ਮੈਂ ਬਚਪਨ ਮਾਣਿਆ, ਉਹਦੇ ਬਾਰੇ ਵੱਡੇ ਮਾਣ ਨਾਲ ਦੱਸਦੇ ਹੁੰਦੇ ਸੀ ਕਿ ਪੈਂਹਠ ‘ਚ ਪਾਕਹਤਾਨੋਂ ਲੋਕਾਂ ਦੀਆਂ ਛੱਤਾਂ ਉਧੇੜ ਕੇ ਲਾਹ ਲਿਆਏ ਸੀ ।
ਅੱਜ ਸਾਂਈ ਦਾ ਝੋਲਾ ਫੋਲਦਿਆਂ ਪਤਾ ਲੱਗਾ ਕਿ ਜਿਨੂੰ ਪਿੰਡ ਸਾਂਈ ਸਾਂਹਸੀ ਕਹਿੰਦਾ , ਉਹਦਾ ਨਾਂ ਸਾਈਂ ਦਾਸ ਆ । ਪਾਸਪੋਰਟ ‘ਤੇ ਪਾਕਿਸਾਤਾਨ ਜਾਣ ਲਈ ਲੱਗੇ ਗੁਰਧਾਮ ਯਾਤਰਾ ਵਾਲੇ ਵੀਜਿਆਂ ਤੇ ਉਹ ਸਾਂਈ ਦਾਸ ਸਿੰਘ ਸੀ, ਜਿਹੜਾ ਆਪਣੇ ਮੁਸਲਮਾਨ ਹੋ ਗਏ ਸਹੁਰੇ ਦੀ ਔਲਾਦ ਨੂੰ ਤਿੰਨ ਵਾਰ ਮਿਲਣ ਗਿਆ ।
ਸਾਂਈ ਦੇ ਨਾਂ ਕਤਲ ਵੀ ਬੋਲਦਾ ਤੇ ਨਿਕੇ ਮੋਟੇ ਹੋਰ ਮਾਅਰਕੇ ਵੀ । ਪਰ ਪੂਰੇ ਪਿੰਡ ‘ਚ ਵਾਹਦ ਬੰਦਾ ਜੀਹਦੇ ਕੱਚੇ ਕੋਠੜੇ ‘ਚ ਕਿਤਾਬਾਂ ਦਾ ਟਰੰਕ ਪਿਆ ਸੀ ।
ਯਕੀਨਨ ਸਾਂਈ ਉਨ੍ਹਾਂ ਸਾਰੀਆਂ ਧਾੜਾਂ ਦਾ ਹਿੱਸਾ ਰਿਹਾ ਹੋਵੇਗਾ, ਜਿਹੜੀਆਂ ਸਾਡੇ ਪਿੰਡੋਂ ਪਾਕ ਸਰਜਮੀਂ ਤੋਂ ਬੂਹਾ ਚੰਨਾ ਲਾਹੁਣ ਤੇ ਡੰਗਰ ਵੱਛਾ ਹਿਕ ਲਿਆਉਂਣ ਜਾਂਦਾ ਰਿਹਾ ਹੋਵੇਗਾ । ਪਰ ਇਹ ਕਿਤਾਬਾਂ ਵਾਲੀ ਟਰੰਕੀ ? ਜਦੋਂ ਸਵਾਲ ਮਨ ‘ਚ ਆਇਆ ਤਾਂ ਮੈਂ ਸਾਂਈ ‘ਤੇ ਸ਼ੱਕ ਨਾ ਕੀਤਾ ਕਿਉਂ ਕਿ ਲੈਨਿਨ ਦੇ ਨਾਂ ਹੇਠ ਫੇਸਬੁਕ/ਵਟਅਸਐਪ ਤੇ ਘੁੰਮਦਾ ਉਹ ਇਨਕਲਾਬੀ ਟੋਟਕਾ ਕਿ “ਚੋਰੀ ਕਰਨ ਵਾਲੇ ਕਦੇ ਕਿਤਾਬ ਨਹੀਂ ਪੜ੍ਹਦੇ ਤੇ ਪੜ੍ਹਨ ਵਾਲੇ ਚੋਰੀ ਨਹੀਂ ਕਰਦੇ” ਪੜ੍ਹਿਆ ਵੀ ਸੀ ਤੇ ਮੁਤਾਸਰ ਵੀ ਸਾਂ ।
ਸਾਂਈ ਕੋਲ ਜਿੰਦਗੀ ਬਿਲਾਸ, ਕਿੱਸਾ ਪੂਰਨ ਭਗਤ, ਰੂਪ ਬਸੰਤ, ਜਾਨੀ ਚੋਰ, ਰਾਣੀ ਰੂਪਮਤੀ ਤੇ ਹੋਰ ਕਈ ਕੁਝ ਸੁਣਿਆ । ਸਾਂਈ ਸਿਰਫ ਸ਼ਾਹਮੁਖੀ ਜਾਣਦਾ, ਨਾ ਸਕੂਲ ਗਿਆ, ਨਾ ਮੌਲਵੀ ਕੋਲ ਬੈਠਾ । ਪੁਛਿਆ ਤਾਂ ਕਹਿੰਦਾ ਸ਼ੌਕ ਨਾਲ ਈ ਪੜ੍ਹਨਾ ਸਿਖਿਆ ਸੀ । ਉਦੋਂ ਉਹਨੇ ਸ਼ਾਹਮੁਖੀ ਦੀ ਕਿਤਾਬ ‘ਚੋਂ ਪੜ੍ਹ ਕੇ ਰੂਪ ਬਸੰਤ ਰਿਕਾਰਡ ਵੀ ਕਰਵਾਇਆ।
ਜਦੋਂ ਸਾਂਈ ਅੱਗੇ ਕੈਮਰਾ, ਟਰਾਈਪੌਡ, ਮਾਇਕ ਪਿਆ ਹੁੰਦਾਂ ਤਾਂ ਹੀਰ-ਬੀਰ ਕੱਠੀ ਹੋ ਕੇ ਵੇਂਹਦੀ । ਉਸ ਭੀੜ ‘ਚ ਜੀਤ ਸਿਉਂ ਦਾ ਮੁੰਡਾ ਵੀ ਹੁੰਦਾ । ਜਿਹੜਾ ਕੱਲ ਰਾਤੀਂ ਪੰਚਾਇਤੀ ਚੋਣਾਂ ਦੀ ਕੱਚੀ ਕੱਢੀ ਲਾਹਣ ਪੀ ਕੇ ਉਹ ਰੀਤ ਨਿਭਾ ਗਿਆ ਜਿਹੜੀ ਸਾਡੇ ਪਿੰਡ ‘ਚ ਸ਼ਾਇਦ ਲੋਕਤੰਤਰ ਦੇ ਨਾਲ ਹੀ ਕਾਇਮ ਹੋਈ ਸੀ । ਹਰ ਵਾਰੀਂ ਚੋਣਾਂ ‘ਚ ਇਕ ਦੋ ਵੋਟਾਂ ਏਦਾਂ ਦੀਆਂ ਹੁੰਦੀਆਂ ਜਿਹੜੀਆਂ ਪਿੰਡ ਦੇ ਪੰਚ-ਪਰਮੇਸ਼ਰਾਂ ਦੀ ਚੋਣ ਕਰਨ ਲਈ ਰੱਬ ਦੇ ਦਰਬਾਰ ਜਾ ਭੁਗਤਦੀਆਂ ।
ਢਿੱਲੀ ਜਿਹੀ ਮੰਜੀ ਤੇ ਦੇਹ ਤਾਂ ਖੇਸ ਨਾਲ ਢੱਕੀ ਸੀ ਪਰ ਪੈਰਾਂ ਦੀਆਂ ਤਲੀਆਂ ਤੇ ਅੱਡੀਆਂ ਜਵਾਨ ਦੇ ਸਫਰ ਦੀ ਸ਼ਾਹਦੀ ਭਰਦੀਆਂ ਸਨ।
ਖੇਸ ਦੇ ਉਤੇ ਮੁਰਝਾਏ ਨਿੰਮ ਦੇ ਪੱਤੇ ਤਾਂ ਭਾਵੇਂ ਪੁਛਿਆਂ ਵੀ ਨਾਂ ਦੱਸਦੇ ਪਰ ਪਾਵੇ ਨਾਲ ਸਿਰ ਲਾਈ ਬੈਠੀ ਮਾਂ ਦੇ ਵੈਣ ਨੇ ਗੱਭਰੂ ਪੁੱਤ ਦੀ ਜੀਵਣ ਕਾਹਣੀ ਇਉਂ ਕਹੀਂ, “ਵੇ ਹੁਣ ਕੌਣ ਅੱਧੀ ਰਾਤ ਨੂੰ ਬੂਹਾ ਭੰਨੂ , ਵੇ ਕੋਣ ਆਖੂ ਰੋਟੀ ਦੇ ਦੇ, ਨਹੀਂ ਤੇ ਮਰਨ ਲੱਗਾ ਈ” ।
ਪੱਥਰ ਹੋਈਆਂ ਅੱਖਾਂ 'ਚ ਅਚਾਨਕ ਆਈ ਸਿਲ ਲੁਕਾਉਂਣ ਨੂੰ ਮੂੰਹ ਕੰਧ ਵੱਲ ਨੂੰ ਕੀਤਾ ਤਾਂ ਇਕ ਪੱਥਰ ਦੀ ਸਿਲ ਸਾਹਮਣੇ ਸੀ । ਇਹ ਜੀਤ ਸਿੰਘ ਤੇ ਸਾਬਕਾ ਹਸਪਤਾਲ ਦੀ ਸਾਂਝੀ ਕੰਧ ਸੀ
ਇਬਾਰਤ ਸੀ,
"Community Project Batala,
ਇਸ ਪੰਚਾਇਤ ਘਰ ਤੇ ਦਿਹਾਤੀ ਲਾਇਬ੍ਰੇਰੀ ਦੀ ਬੁਨਿਆਦ ਲਕਸਮੀ ਚੰਦ DC ਗੁਰਦਾਸਪੁਰ ਨੇ 22 ਫਰਵਰੀ 1954 ‘ਚ ਰੱਖੀ" ।
ਮੈਂ ਤਸਵੀਰ ਖਿੱਚੀ ਤੇ ਸਾਬਕਾ ਹਸਪਤਾਲ ਦੀ ਢੱਠੀ ਇਮਾਰਤ ਦੇ ਕੋਨੇ ਤੇ ਖਲੋਤੇ ਇਕ ਬਜੁਰਗ ਨੂੰ ਪੁਛਿਆ, ਬਾਪੂ ਏਥੇ ਲਾਏਬਰੇਰੀ ਹੁੰਦੀ ਸੀ ? ਆਂਹਦਾ ਅਹੀਂ ਤਾਂ ਵੇਖੀ ਨਹੀਂ ਅੱਜ ਤੱਕ । ਮੈਂ ਕਿਹਾ ਇਨ੍ਹਾਂ ਕੋਠਿਆ ‘ਚ ਕੀ ਹੁੰਦਾ ਸੀ ਪਹਿਲਾਂ ? ਆਂਹਦਾ , “ ਹਸਪਤਾਲ” । ਉਦੋਂ ਪਹਿਲਾਂ ? ... “ ਉਦੋਂ ਪਹਿਲਾਂ ਸਾਂਈ ਸਾਂਸੀ ਦਾ ਕੋਠਾ ਢਹਿ ਗਿਆ ਸੀ ਮੀਹਾਂ ‘ਚ , ਉਹਨੇ ਕੀਤਾ ਹੁੰਦਾ ਸੀ ਸਿਰਲੁਕਾਵਾ ”।
ਮੈਨੂੰ ਸਾਂਈ ਦੇ ਟਰੰਕ ‘ਤੇ ਲਾਇਬ੍ਰੇਰੀ ਦੇ ਨੀਂਹ ਪੱਥਰ ‘ਚ ਕੁਝ ਸਾਂਝ ਦੇ ਨਾਲ ਨਾਲ ਫੇਸਬੁਕੀਆ ਲੈਨਿਨ ਝੂਠਾ ਪੈਂਦਾ ਦਿਸਿਆ । 64 ਸਾਲਾਂ ਪੁਰਾਣੀ ਲਾਇਬ੍ਰੇਰੀ ਦਾ ਖੁਰਾ ਖੋਜ ਸਾਂਈ ਦੇ ਟਰੰਕ ਵੱਲ ਨੂੰ ਜਾਂਦਾ ਵੇਖ ਮੈਂ ਜਾ ਉਹਦੇ ਘਰ ਜਾ ਵੜਿਆ । ਸਾਂਈ ਦਾ ਪੋਤਾ ਘਰੇ ਸੀ । ਪੁਛਿਆ ਤਾਂ ਪਤਾ ਲੱਗਾ ਕਿ ਸਾਂਈ ਤਾਂ ਆਪਣੇ ਬੋਲ “ਕਿਸੇ ਰੋਜ ਨੂੰ ਖਾਕ ਨੇ ਖਾਕ ਹੋਣਾ” 2014 ‘ਚ ਈ ਨਿਭਾ ਗਿਆ । ਟਰੰਕ ਤਾਂ ਨਹੀਂ ਪਰ ਇਕ ਝੋਲਾ ਲੱਭਿਆ । ਪੁਰਾਣਾ ਛਪਿਆ ਜਿੰਦਗੀ ਬਿਲਾਸ ਤੇ ਸ਼ੇਖ ਫਰੀਦ ਦੀ ਜੀਵਣੀ ਪਾਕਹਤਾਨ ਦੇ ਵੀਜਿਆਂ ਵਾਲੇ ਪਾਸਪੋਰਟ ਨਾਲ ਝੋਲੇ 'ਚ ਪਈ ਸੀ । ਪਰ ਮੈਨੂੰ ਪੱਕ ਹੋ ਗਈ ਕਿ ਸਾਂਈ ਸ਼ਾਹਮੁਖੀ ਦੇ ਅੱਖਰ ‘ਤੇ ਕਿਤਾਬਾਂ ਕਿਤੋਂ ਲੁੱਟ ਕੇ ਥੋੜਾ ਲਿਆਇਆ ਸੀ , ਉਨੇ ਆਪ ਦੱਸਿਆ ਸੀ ਕਿ ਇਕ ਵਾਰ ਅਮਰਸਰ ਤੁਰਿਆ ਜਾਂਦਾ ਹੀ ਤੇ ਉਥੇ ਸੇਖ ਫਰੀਦ ਦੀ ਕਿਤਾਬ ਸੜਕ ਤੋਂ ਡਿੱਗੀ ਚੁਕੀ ਸੀ , ਕਿਉਂ ਕਿ ਉਹਨੂੰ ਸ਼ੌਕ ਸੀ ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.