ਖ਼ਬਰ ਹੈ ਕਿ ਆਰ ਐਸ ਐਸ(ਸੰਘ) ਤੇ ਇਸਦੇ ਸੰਗਠਨਾਂ 'ਚ ਵਿਚਾਰ ਮੰਥਨ ਦਾ ਦੌਰ ਗਰਮ ਹੈ ਕਿ ਭਾਜਪਾ ਦੀ ਹਿੰਦੀ ਪੱਟੀ 'ਚ 5 ਰਾਜਾਂ ਦੀਆਂ ਚੋਣਾਂ 'ਚ ਸਾਹਮਣੇ ਆਇਆ ਕਿ ਭਾਜਪਾ ਪ੍ਰਧਾਨ ਅਤੇ ਪ੍ਰਧਾਨ ਮੰਤਰੀ ਦੋਨੋਂ ਹੀ ਗੁਜਰਾਤੀ ਹਨ ਅਤੇ ਇਹ ਹਿੰਦੀ ਪੱਟੀ ਨੂੰ ਹਜ਼ਮ ਨਹੀਂ ਹੋ ਰਿਹਾ। ਉਂਜ ਵੀ ਅਮਿਤ ਸ਼ਾਹ ਕਿਸੇ ਦੀ ਗੱਲ ਸੁਣਦੇ ਹੀ ਨਹੀਂ। ਨਵਾਂ ਪ੍ਰਧਾਨ ਬਦਲਣ ਲਈ ਸ਼ਿਵਰਾਜ ਸਿੰਘ ਚੌਹਾਨ ਅਤੇ ਨਿਤਿਨ ਗਡਕਰੀ ਦੇ ਨਾਮ ਆਏ ਪਰ ਇਹ ਨਾਮ ਪ੍ਰਵਾਨ ਨਹੀਂ ਹੋਏ। ਸੰਭਾਵਨਾ ਹੈ ਕਿ ਭਾਜਪਾ ਪ੍ਰਧਾਨ ਵਜੋਂ ਰਾਜਨਾਥ ਸਿੰਘ ਦਾ ਨਾਮ ਸਾਹਮਣੇ ਆ ਰਿਹਾ ਹੈ ਜੋ ਸੰਘ ਨੂੰ ਤੇ ਮੋਦੀ ਨੂੰ ਪ੍ਰਵਾਨ ਹੋਏਗਾ।
ਜਦੋਂ ਹਿੰਦੀ, ਹਿੰਦੂ, ਹਿੰਦੋਸਤਾਨ ਦਾ ਰਾਗ ਹੀ ਅਲਾਪਿਆ ਨਹੀਂ ਜਾ ਰਿਹਾ! ਜਦੋਂ ਹਿੰਦੋਸਤਾਨ 'ਚ ਭਗਵਾਕਰਨ ਲਾਗੂ ਹੀ ਨਹੀਂ ਕੀਤਾ ਜਾ ਰਿਹਾ। ਜਦੋਂ ਆਯੁਧਿਆ ਦਾ ਮੰਦਰ ਹੀ ਉਸਾਰਿਆ ਨਹੀਂ ਜਾ ਸਕਿਆ। ਜਦੋਂ ਕਿਤਾਬਾਂ 'ਚ ਇਤਿਹਾਸ ਆਪਣੇ ਅਨੁਸਾਰ ਬਦਲਿਆ ਹੀ ਨਹੀਂ ਜਾ ਰਿਹਾ ਤਾਂ ਭਲਾ 'ਸੰਘ' ਵਾਲਿਆ ਮੋਦੀ ਅਤੇ ਸ਼ਾਹ ਦਾ ਅਚਾਰ ਪਾਉਣਾ ਆ?
ਮੋਦੀ ਤੇ ਸ਼ਾਹ ਤਾਂ ਭਾਈ ਮਾਇਆ ਦੇ ਗੱਫਿਆਂ ਨੇ ਕਮਲੇ ਕੀਤੇ ਹੋਏ ਆ। ਰਾਫੇਲ ਦੀ ਗੱਲ ਚੱਲਦੀ ਆ ਤਾਂ ਅਡਾਨੀਆਂ ਅੰਬਾਨੀਆਂ ਨਾਲ ਉਹਨਾ ਦੀ ਦੋਸਤੀ ਦੀ ਗੱਲ ਤੁਰ ਪੈਂਦੀ ਆ।ਹਰ ਦੂਜੇ ਚੌਥੇ ਮੁੱਕਦਮੇ 'ਚ ਉਪਰਲੀ ਹੇਠਲੀ ਅਦਾਲਤ 'ਚ ਕਿਧਰੇ ਮੋਦੀ ਦਾ ਤੇ ਕਿਧਰੇ ਸ਼ਾਹ ਦਾ ਨਾ ਵੱਜ ਪੈਂਦਾ ਆ। ਤੇ ਉਪਰੋਂ ਆਹ ਵੇਖੋ ਨਾ ਕਿੱਡਾ ਲੋਹੜਾ ਵੱਜਿਆ, ਸ਼ਾਹ-ਮੋਦੀ ਤਿੰਨ ਸੂਬਿਆਂ 'ਚ ਰਾਹੁਲ ਦੀ ਪੁੱਠੀ ਪਈ ਕਾਂਗਰਸ ਨੇ ਚਾਰੋ ਖਾਨੇ ਚਿੱਤ ਕਰ ਤੇ, ਆਹ ਆਪਣੇ 'ਚਾਚੇ ਸਿੱਧੂ' ਨੇ ਅਜਿਹੇ ਛੱਕੇ ਮਾਰੇ ਕਿ "ਸ਼ਾਹ ਜੀ" ਤਾਂ ਸਾਹ ਸੂਤਕੇ ਹੀ ਬੈਠ ਗਏ।
ਇਹੋ ਜਿਹੇ 'ਚ ਭਾਈ ਸੰਘ ਵਾਲਿਆਂ ਜੇ ਰਾਜ ਕਰਨਾ ਆਂ ਤਾਂ ਮੋਹਰਾ ਤਾਂ ਬਦਲਣਾ ਹੀ ਪਊ। ਸ਼ਾਹ ਮੋਦੀ ਫਿੱਟ ਨਹੀਂ ਤਾਂ ਰਾਜਨਾਥ ਆ ਜਾਊ, ਜਿਵੇਂ ਪਹਿਲਾਂ ਅਡਵਾਨੀ, ਸਿਨਹਾ ਦੀ ਬਲੀ ਚੜ੍ਹਾਈ ਸੀ, ਇਹਨਾ ਦੀ ਵੀ ਬਲੀ ਲੈ ਲੈਣਗੇ। ਉਹ ਭਾਈ ਰਾਜ ਕਰਨ ਵਾਲਿਆਂ ਤਾਂ ਆਪਣੀ ਸਾਰੰਗੀ ਦੀਆਂ ਉਹੋ ਤਾਰਾਂ ਕੱਸਣੀਆਂ ਨੇ ਜਿਹੜੀਆਂ ਉਹਨਾ ਵਰਗਾ ਰਾਗ ਅਲਾਪਣ! ਤਦੇ ਤਾਂ ਕਵੀ ਲਿਖਦਾ ਆ, "ਸਾਜ਼ ਟੁੱਟ ਜਾਏ, ਰਾਗ ਨਿਕਲੇ ਨਾ, ਤਾਰਾਂ ਇਹਦੀਆਂ ਇਸ ਤਰ੍ਹਾਂ ਕੱਸਦਾ ਏ"।
ਚੋਣਾਂ ਲੜਨ ਵਾਲੇ ਬੜਾ ਤੰਗ ਕਰਦੇ,
ਰੱਬਾ! ਮੇਰਿਆ! ਕਿਸ ਤਰ੍ਹਾਂ ਛੋਟ ਪਾਵਾਂ?
ਖ਼ਬਰ ਹੈ ਕਿ ਪੰਜਾਬ ਰਾਜ ਦੀਆਂ 13276 ਗ੍ਰਾਮ ਪੰਚਾਇਤਾਂ ਲਈ ਦਾਇਰ ਨਾਮਜ਼ਦਗੀਆਂ ਦੀ ਪੜਤਾਲ ਉਪਰੰਤ ਸਰਪੰਚੀ ਲਈ 42, 233 ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ ਹਨ। ਜਦ ਕਿ ਪੰਚਾਂ ਦੇ 1,44,662 ਉਮੀਦਵਾਰਾਂ ਦੇ ਕਾਗਜ਼ ਸਹੀ ਗਿਣੇ ਗਏ। ਚੋਣ ਕਮਿਸ਼ਨ ਨੂੰ ਪੂਰੇ ਪੰਜਾਬ 'ਚੋਂ 2000 ਲੋਕਾਂ ਵਲੋਂ ਸ਼ਕਾਇਤਾਂ ਮਿਲੀਆਂ ਹਨ ਕਿ ਉਹਨਾ ਦੇ ਕਾਗਜ਼ ਜ਼ਬਰਦਸਤੀ ਰੱਦ ਕੀਤੇ ਗਏ ਜਾਂ ਉਹਨਾ ਨੂੰ ਕਾਗਜ਼ ਦਾਖਲ ਹੀ ਨਹੀਂ ਕਰਨ ਦਿੱਤੇ ਗਏ।
ਡਾਹਢੇ ਦਾ ਸੱਤੀਂ ਵੀਹੀਂ ਸੌ ਹੁੰਦਾ ਆ, ਉਵੇਂ ਹੀ ਜਿਵੇਂ ਜਿਸ ਦੀ ਲਾਠੀ ਹੁੰਦੀ ਹੈ ਉਸਦੀ ਹੀ ਮੱਝ ਹੁੰਦੀ ਆ। ਪਿਛਲੀਆਂ ਦੋ ਵਾਰੀਆ ਲਾਠੀ ਅਕਾਲੀ ਹੱਥ ਸੀ, ਉਹਨਾ ਖੂਬ ਚਲਾਈ ਤੇ ਲੋਕਾਂ ਦੇ ਤਿੱਕ ਭੰਨੇ।ਠਾਹ-ਠਾਹ ਡਾਂਗਾਂ ਵਰਾਈਆਂ। ਐਤਕਾਂ ਚਿੱਟੀਆਂ ਪੱਗਾਂ ਵਾਲੇ ਕਾਂਗਰਸੀਆਂ ਹੱਥ ਤਾਕਤ ਆ ਤਾਂ ਉਹ ਭਾਜੀ ਮੋੜਨ ਲੱਗੇ ਹੋਏ ਆ। ਉਲਾਭਾਂ ਕਾਹਦਾ? ਸ਼ਿਕਵਾ ਕਾਹਦਾ? ਵੈਸੇ ਤਾਂ ਉਪਰਲੀਆਂ ਚੋਣਾਂ 'ਚ ਵੀ ਏਦਾ ਹੀ ਹੁੰਦਾ, ਪਰ ਆਹ ਹੇਠਲੀਆਂ ਚੋਣਾਂ 'ਚ ਤਾਂ ਤਰਥੱਲੀ ਮੱਚ ਜਾਂਦੀ ਆ। ਸੰਗਰਾਮ ਛਿੜ ਜਾਂਦਾ ਆ। ਗੱਲ ਵਿਚਾਰਾਂ ਦੀ ਲੜਾਈ ਦੀ ਨਹੀਂ, ਅਗਲੀਆਂ-ਪਿਛਲੀਆਂ ਕਿੜਾਂ ਕੱਢਣ ਦੀ ਹੁੰਦੀ ਆ। 'ਚਾਚੇ ਨੇ ਮੇਰੀ ਮੱਝ ਕਿੱਲੇ ਨਾਲੋਂ ਖੋਹਲ ਦਿੱਤੀ ਸੀ, ਇਸ ਲਈ ਮੈਂ ਵੋਟ ਨਹੀਂ ਉਹਨੂੰ ਪਾਉਣੀ। ਤਾਏ ਨੇ ਮੇਰੀ ਮਦਦ ਨਹੀਂ ਸੀ ਕੀਤੀ ਜਦੋਂ ਮੈਨੂੰ ਪੁਲਸ ਫੜਨ ਆਈ ਸੀ। ਗੱਜਾ ਸਿਹੁੰ ਨੇ ਪਿਛਲੇ ਵੇਰ ਚੋਣਾਂ ਵੇਲੇ ਆਈਆਂ ਸ਼ਰਾਬ ਦੀਆਂ ਬੋਤਲਾਂ ਆਪ ਲੁਕਾਕੇ ਰੱਖ ਲਈਆਂ, ਸਾਨੂੰ ਤਿੱਪ ਨਹੀਂ ਦਿੱਤੀ। ਪਰ ਇਸਤੋਂ ਵੀ ਅਗਲੀ ਗੱਲ ਇਹ ਕਿ ਧੱਕਾ ਕਰਨ ਵਾਲੇ, ਪੁਲਸ ਟਾਊਟ, ਜ਼ਮੀਨ ਮਾਫੀਏ ਵਾਲੇ ਜਦੋਂ ਚੋਣਾਂ 'ਚ ਖੜ ਜਾਂਦੇ ਆ ਤੇ ਵਿਚਾਰੇ ਅਮਲੀਆਂ, ਨਸ਼ੱਈਆਂ ਦੇ ਨਾਲ-ਨਾਲ ਪਿੰਡ ਦੇ ਕਰਜ਼ਾਈਆਂ ਦੀ ਸ਼ਾਮਤ ਆਈ ਰਹਿੰਦੀ ਆ। ਕੋਈ ਤੜਕੇ ਹੀ ਦਰਵਾਜ਼ਾ ਆ ਖੜਕਾਊ ਤੇ ਆਖੂ ਅਮਲੀਆ ਆਹ ਲੈ ਮਾਵਾ। ਕੋਈ ਆਖੂ ਭਾਈ ਤੋਟ ਨਾ ਰਹੇ ਚਿੱਟਾ ਲੈਕੇ ਹਾਜ਼ਰ ਆਂ। ਤੇ ਕੋਈ ਪੰਜ ਸੌ ਦੇ ਖੜਕਵੇਂ ਨੋਟ ਮੁੱਹਲੇ 'ਚ ਲਿਆ ਤੁਰਿਆ ਫਿਰੂ , ਬੱਸ ਆਹ ਲੈ ਨੋਟ ਤੇ ਵੱਸ ਕਰਦੇ ਪੱਕੀ ਵੋਟ ਤੇ ਵਿਚਾਰੇ ਸਧਾਰਨ ਬੰਦੇ, ਜਿਹਨਾ ਦਿਹਾੜੀ ਕਰਨੀ ਆ ਤੇ ਰੋਟੀ ਖਾਣੀ ਆ, ਉਹ ਇਹਨਾ ਤੋਂ ਤੰਗ ਆਏ, ਇਹੋ ਕਹਿੰਦੇ ਆ, "ਚੋਣਾਂ ਲੜਨ ਵਾਲੇ ਬੜਾ ਤੰਗ ਕਰਦੇ, ਰੱਬਾ! ਮੇਰਿਆ! ਕਿਸ ਤਰ੍ਹਾਂ ਛੋਟ ਪਾਵਾਂ?
ਗੌਂ ਗਰਜ਼ ਦੇ ਨਾਲ ਸੀ ਜੋ ਬੱਝੇ,
ਸੁੱਕੇ ਪੱਤਿਆਂ ਵਾਂਗ ਉਹ ਯਾਰ ਟੁੱਟੇ।
ਮੰਨਿਆ ਜਾਂਦਾ ਸੀ ਕਿ ਰਾਜਸਥਾਨ, ਮੱਧਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਕਾਂਗਰਸ ਦੀ ਸਫਲਤਾ ਨਾਲ ਵਿਰੋਧੀ ਧਿਰ ਦੀ ਏਕਤਾ ਹੋਰ ਮਜ਼ਬੂਤ ਹੋਏਗੀ ਪਰ ਅਜਿਹਾ ਨਹੀਂ ਹੋ ਸਕਿਆ। ਡੀ ਐਮ ਕੇ ਨੇਤਾ ਸਟਾਲਿਨ ਨੇ ਇੱਕ ਸਮਾਗਮ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਰਾਹੁਲ ਗਾਂਧੀ ਦਾ ਨਾਮ ਲੈ ਦਿੱਤਾ। ਜਿਸ ਤੋਂ ਮਾਇਆਵਤੀ, ਅਖਿਲੇਸ਼ ਯਾਦਵ, ਮਮਤਾ ਬੈਨਰਜੀ ਪ੍ਰੇਸ਼ਾਨ ਹੋ ਗਈ ਅਤੇ ਖੱਬੇ ਪੱਖੀ ਵੀ ਮੂੰਹ ਵੱਟ ਕੇ ਬੈਠ ਗਏ।
ਇੱਕ ਕਵੀ ਲਿਖਦਾ ਆ, "ਸੱਚੀ ਗੱਲ ਭਲਾ ਕੀ ਲੁਕ ਸਾਈਂ, ਪਾਣੀ ਬਿਨਾਂ ਮੱਛੀ, ਕੁਰਸੀ ਬਿਨਾ ਲੀਡਰ, ਤੜਫ ਤੜਫ ਕੇ ਜਾਂਦੇ ਨੇ ਮੁੱਕ ਸਾਈਂ।" ਭਲਾ ਜੇ ਮਾਇਆ ਦੇ ਹੱਥ ਕੁਰਸੀ ਹੀ ਨਹੀਂ ਆਉਣੀ ਤਾਂ ਉਸ ਅਖਿਲੇਸ਼ ਯਾਦਵ ਦੀ ਭੂਆ ਕਿਉਂ ਅਖਵਾਉਣਾ? ਜੇ ਮਮਤਾ ਬੈਨਰਜੀ ਦਾ ਪ੍ਰਧਾਨ ਮੰਤਰੀ ਦਾ ਸੁਫਨਾ ਪੂਰਾ ਹੀ ਨਹੀਂ ਹੋਣਾ, ਤਾਂ ਉਸ ਕਾਂਗਰਸ ਤੋਂ "ਛਿੱਕੂ" ਲੈਣਾ? ਜੇਕਰ ਭਲਾ ਸ਼ਰਦ ਪਵਾਰ ਨੇ "ਸਿਵਿਆ ਨੂੰ ਜਾਂਦਿਆਂ ਜਾਂਦਿਆਂ" ਪ੍ਰਧਾਨ ਮੰਤਰੀ ਦੀ ਕੁਰਸੀ ਦਾ ਸੁਆਦ ਹੀ ਨਹੀਂ ਚੱਖ ਸਕਣਾ ਤਾਂ ਭਲਾ ਉਸ ਰਾਹੁਲ ਗਾਂਧੀ ਨੂੰ ਭਤੀਜ ਕਿਉਂ ਆਖਣਾ?
ਦੇਸ਼ 'ਚ ਛੱਤੀ ਪਾਰਟੀਆਂ ਨੇ। ਉਹਨਾ ਦੇ ਇਕੱਤਰ ਸੌ ਨੇਤਾ ਨੇ। ਸਭਨਾ ਦੀਆਂ ਇਛਾਵਾਂ ਵੱਡੀਆਂ ਨੇ, ਅਕਾਸ਼ ਜਿਡੀਆਂ, ਡੂੰਘੇ ਸਮੁੰਦਰ ਵਰਗੀਆਂ। ਵਿਚਾਰੀ ਧਰਤੀ ਉਤੇ ਬੈਠ, ਉਹਨਾ ਧਰਤੀ ਦੇ ਖਾਕਸਾਰਾਂ ਦੀ ਸਾਰ ਕੋਈ ਨਹੀਂਓ ਲੈਣੀ, ਨਾ ਹੀ ਉਹਨਾ ਨੂੰ ਪੁੱਛਣਾ ਆ ਕਿ ਭਾਈ ਬੰਦੋ "ਚਾਵਲ" ਦੇ ਚਾਰ ਦਾਣੇ ਢਿੱਡ 'ਚ ਅੱਜ ਦਿਨ ਪਏ ਆ ਕਿ ਨਹੀਂ?ਤੇ ਜਦੋਂ ਇਹੋ ਜਿਹੇ ਬੰਦੇ ਇੱਕ ਦੂਜੇ ਨਾਲ ਗਰੀਬਾਂ ਨੂੰ ਕੁੱਟਣ, ਵੱਢਣ, ਖਾਣ ਦੀਆਂ ਸੰਧੀਆਂ ਕਰਦੇ ਆ, ਤਾਂ ਉਹ ਆਪਣੀਆਂ ਗਰਜਾਂ ਨਾਲ ਬੱਝੇ ਹੁੰਦੇ ਆ, ਤੇ ਆਪਣਾ 'ਪਾਲਾ ਝੱਟ ਬਦਲ ਲੈਂਦੇ ਆ। ਕਵੀਓ ਵਾਚ, " ਗੌਂ ਗਰਜ਼ ਦੇ ਨਾਲ ਸੀ ਜੋ ਬੱਝੇ, ਸੁੱਕੇ ਪੱਤਿਆਂ ਵਾਂਗ ਉਹ ਯਾਰ ਟੁੱਟੇ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤ ਦੇਸ਼ ਦੀ ਸਰਕਾਰ ਨੇ ਕਿਹਾ ਹੈ ਕਿ ਦੇਸ਼ ਦੀਆਂ ਬੈਕਾਂ ਦੀਸਿਹਤ ਠੀਕ ਨਹੀਂ ਹੈ, ਇਸ ਲਈ ਕੇਂਦਰ ਸਰਕਾਰ ਬੈਕਾਂ ਨੂੰ 83,000 ਕਰੋੜ ਰੁਪਏ ਦੀ ਪੂੰਜੀ ਦੇਵੇਗੀ।
ਇੱਕ ਵਿਚਾਰ
ਖੇਤੀ ਕਿਸੇ ਵੀ ਸੱਭਿਅਤਾ ਅਤੇ ਸਥਿਰ ਅਰਥ ਵਿਵਸਥਾ ਦੀ ਬੁਨਿਆਦ ਹੈ।................ਏਲਿਨ ਸਾਬੋਰੀ
ਗੁਰਮੀਤ ਪਲਾਹੀ
9815802070
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.