ਡਾ. ਮਨਰਾਹੀ ਦੀ ਕ੍ਰਿਪਾ ਦੇ ਨਾਲ ਮੈਂ ਵੀ ਪੀ-ਐਚ. ਡੀ. ਦੀ ਡਿਗਰੀ ਲੈ ਕੇ ਆਪਣੇ ਨਾਂ ਅੱਗੇ ਡਾਕਟਰ ਪਿਆਜ਼ ਦਾਸ ਲਿਖਣ ਲੱਗ ਪਿਆ ਸੀ। ਮੈਂ ਆਪਣੀ ਕੋਠੀ ਦੇ ਅੱਗੇ ਵੀ ਨੇਮ ਪਲੇਟ ਉੱਤੇ ਮੋਟੇ ਅੱਖਰਾਂ ਵਿੱਚ ਡਾ. ਪਿਆਜ਼ ਦਾਸ ਲਿਖਵਾ ਲਿਆ ਸੀ। ਹੁਣ ਜਿਹੜਾ ਵੀ ਵਿਅਕਤੀ ਮੇਰੀ ਕੋਠੀ ਦੇ ਅੱਗੋਂ ਦੀ ਲੰਘਦਾ ਤਾਂ ਮੇਰਾ ਨਾਂ ਪੜ• ਕੇ ਕੋਠੀ ਵੱਲ ਵੇਖਦਾ।
ਮੈਨੂੰ ਡਾਕਟਰ ਬਣਿਆਂ ਅਜੇ ਬਹੁਤੀ ਦੇਰ ਨਹੀਂ ਸੀ ਹੋਈ ਤਾਂ ਸਾਰੇ ਮੁਹੱਲੇ ਵਿੱਚ ਮੇਰੀਆਂ ਧੂਮਾਂ ਪੈ ਗਈਆਂ। ਹਰ ਕੋਈ ਮੇਰੇ ਨਾਲ ਹੱਥ ਮਿਲਾਉਣਾ ਤੇ ਮੈਨੂੰ ਮੁਬਾਰਕਾਂ ਦੇਣੀਆਂ ਆਪਣਾ ਫ਼ਖਰ ਸਮਝਦਾ ਸੀ।
ਮੇਰੀ ਹਾਲਤ ਉਸ ਚੂਹੇ ਵਰਗੀ ਸੀ, ਜਿਸਨੂੰ ਅਦਰਕ ਦੀ ਗੱਠੀ ਲੱਭ ਗਈ ਤੇ ਉਹ ਪੰਸਾਰੀ ਬਣ ਕੇ ਬਹਿ ਗਿਆ ਸੀ। ਮੁੱਲ ਦੀ ਡਿਗਰੀ ਨੇ ਮੈਨੂੰ ਨੌਕਰੀ ਤਾਂ ਸਥਾਨਕ ਕਾਲਜ ਵਿੱਚ ਦਿਵਾ ਦਿੱਤੀ ਸੀ, ਪਰ ਜਦੋਂ ਮੈਂ ਕਾਲਜ ਵਿੱਚ ਜਾਂਦਾ ਸੀ ਤਾਂ ਸਿਆਲ ਮਹੀਨੇ ਮੈਨੂੰ ਪਸੀਨਾ ਆਉਂਦਾ, ਗਰਮੀਆਂ ਮੌਕੇ ਮੈਨੂੰ ਠੰਡ ਲੱਗਣ ਲੱਗ ਪੈਂਦੀ। ਮੇਰੀ ਇਸ ਤਰ•ਾਂ ਅਜੀਬ ਜਿਹੀ ਸਥਿਤੀ ਬਣ ਗਈ ਸੀ।
ਕਦੇ-ਕਦੇ ਮੈਨੂੰ ਸੱਚੀ-ਮੁੱਚੀ ਲੱਗਦਾ ਕਿ ਡਾਕਟਰ ਬਣ ਗਿਆ ਹਾਂ, ਲੋਕ ਮੈਨੂੰ ਵਿਦਵਾਨ ਸਮਝਦੇ ਹਨ। ਉਦੋਂ ਤਾਂ ਮੈਂ ਹੋਰ ਵੀ ਗੁਬਾਰੇ ਵਾਂਗ ਫੁੱਲ ਗਿਆ ਜਦੋਂ ਕੋਈ ਅਜਨਬੀ ਮੈਨੂੰ ਡਾਕਟਰ ਸਾਹਿਬ ਕਹਿ ਕੇ ਬੁਲਾਉਂਦਾ।
ਇੱਕ ਦਿਨ ਬੜੀ ਅਜੀਬ ਸਥਿਤੀ ਬਣ ਗਈ । ਮੈਂ ਘਰ ਵਿੱਚ ਹੀ ਸੀ। ਮੇਰੇ ਰਿਸ਼ਤੇਦਾਰ ਵੀ ਘਰ ਹੀ ਆਏ ਹੋÂੈ ਸਨ। ਅਸੀਂ ਸਾਰਿਆਂ ਰਲ ਕੇ ਇੱਕ ਸਮਾਗਮ ਉੱਤੇ ਜਾਣ ਸੀ। ਅਸੀਂ ਜਾਣ ਦੀ ਤਿਆਰੀ ਵਿੱਚ ਸੀ। ਟੈਕਸੀ ਦੀ ਉਡੀਕ ਕਰ ਰਹੇ ਸਾਂ ਤਾਂ ਇੱਕ ਪੇਂਡੂ ਜਿਹਾ ਬੰਦਾ ਧੁੱਸ ਦਿੰਦਾ ਅੰਦਰ ਆ ਵੜਿਆ। ਮਗਰ ਇੱਕ ਭਈਆ, ਮੱਝ ਤੇ ਕੱਟਾ ਆ ਵੜੇ। 'ਡਾਕਟਰ ਸਾਹਿਬ! ਆ ਮੇਰੀ ਮੱਝ ਨੂੰ ਦੇਖਿਓ, ਇਹ ਕਈ ਦਿਨਾਂ ਤੋਂ ਬਿਨ•ਾ ਕੁੱਝ ਖਾਧੇ ਪੀਤੇ ਦੁੱਧ ਦੇਈ ਜਾ ਰਹੀ ਹੈ। ਅਸੀਂ ਤਾਂ ਹੈਰਾਨ ਹੋ ਗਏ। ਇਹ ਮਾਜਰਾ ਕੀ ਐ? ''ਆ ਦੇਖਿਓ।'' ਉਹ ਮੈਨੂੰ ਧੂਹ ਕੇ ਮੱਝ ਕੋਲ ਲੈ ਗਿਆ। ਉਸਨੇ ਮੈਨੂੰ ਬੋਲਣ ਦਾ ਮੌਕਾ ਹੀ ਨਾ ਦਿੱਤਾ। ਮੇਰੀ ਹਾਲਤ ਉਸ ਬਿੱਲੇ ਵਰਗੀ ਹੋ ਗਈ, ਜਿਸ ਦੇ ਸਾਹਮਣੇ ਤਾਂ ਚੂਹਾ ਹੈ ਮਗਰ ਕੁੱਤਾ ਜੀਭ ਕੱਢੀ ਖੜ•ਾ ਹੈ। ਮੈਂ ਜਦੋਂ ਆਪਣੇ ਟੱਬਰ ਵੱਲ ਵੇਖਿਆ ਤਾਂ ਉਹ ਹੱਸ ਹੱਸ ਕੇ ਦੂਹਰੇ-ਤੀਹਰੇ ਹੋਈ ਜਾ ਰਹੇ ਸਨ। ਕਈਆਂ ਨੂੰ ਤਾਂ ਹੱਸਦਿਆਂ ਹੁੱਥੂ ਵੀ ਆ ਗਏ ਸਨ।
''ਨਾ ਤਾਂ ਮੈਨੂੰ ਕੁੱਝ ਸਮਝ ਆ ਰਿਹਾ ਸੀ ਤੇ ਨਾ ਹੀ ਉਸ ਪੇਂਡੂ ਨੂੰ, ਉਹ ਮੇਰੇ ਸਾਹਮਣੇ ਹੱਥ ਜੋੜੀ ਖੜ•ਾ ਸੀ। ਡਾਕਟਰ ਸਾਹਿਬ ਕਰੋ ਕੋਈ ਹੀਲਾ।'' ਮੈਂ ਉਸਨੂੰ ਕਿਹਾ ਕਿ ''ਭਾਈ ਸਾਹਿਬ ਮੈਂ ਡੰਗਰਾਂ ਦਾ ਨਹੀਂ, ਕਿਤਾਬਾਂ ਦਾ ਡਾਕਟਰ ਹਾਂ। ਡੰਗਰ ਡਾਕਟਰ ਪਹਿਲਾਂ ਕਦੇ ਇੱਥੇ ਰਹਿੰਦਾ ਸੀ। ਹੁਣ ਉਹ ਵਿਦੇਸ਼ ਚੱਲੇ ਗਿਆ ਹੈ ਤੇ ਉਸਦੀ ਕੋਠੀ ਮੈਂ ਖ਼ਰੀਦ ਲਈ ਹੈ। ਉਹ ਡਾਕਟਰ ਗੱਧਾ ਮਲ ਸੀ। ਮੇਰਾ ਨਾਂ ਡਾਕਟਰ ਪਿਆਜ਼ ਦਾਸ ਹੈ।'' ਮੈਂ ਉਸਨੂੰ ਸਮਝਾਉਣ ਦਾ ਯਤਨ ਕਰ ਰਿਹਾ ਸੀ।
ਉਹ ਮੇਰੇ ਵੱਲ ਇਉਂ ਦੇਖ ਰਿਹਾ ਸੀ, ਜਿਵੇਂ ਮੈਂ ਝੂਠ ਬੋਲ ਰਿਹਾ ਹੋਵਾਂ। ਉਹ ਫੇਰ ਮੇਰੇ ਕੋਲ ਆ ਕੇ ਕਹਿੰਦਾ, ''ਡਾਕਟਰ ਸਾਹਿਬ ਤੁਸੀਂ ਮਜ਼ਾਕ ਬਹੁਤ ਵਧੀਆ ਕਰਦੇ ਹੋ, ਲੱਗਦੈ ਤੁਸੀਂ ਜ਼ਰੂਰ ਕਮੇਡੀਅਨ ਹੋ। ਹਾਸੇ ਨਾਲ ਹਾਸਾ ਰਿਹਾ, ਤੁਸੀਂ ਮੱਝ ਨੂੰ ਦੇਖੋ।'' ਉਸਨੇ ਗੰਭੀਰ ਹੁੰਦਿਆਂ ਕਿਹਾ।
ਮੈਂ ਫਿਰ ਮਾਫ਼ੀ ਮੰਗਦਿਆਂ ਕਿਹਾ, ''ਜਨਾਬ ਮੈਂ ਡਾਕਟਰ ਨਹੀਂ। ਮੈਂ ਤਾਂ ਵਿਦਵਾਨ ਹਾਂ।''
''ਮੈਂ ਵੀ ਸੋਚਾਂ ਕਿ ਇਹ ਜੇ ਡਾਕਟਰ ਨਹੀਂ ਤਾਂ ਵੈਦ ਜ਼ਰੂਰ ਹੋਣਗੇ। ਵੈਦ ਜੀ ਤੁਸੀਂ ਤਾਂ ਮੱਝ ਦਾ ਦੇਸੀ ਇਲਾਜ ਕਰ ਸਕਦੇ ਹੋ। ਨਾਲੇ ਦੇਸੀ ਇਲਾਜ ਦਾ ਕੋਈ ਵੀ ਨੁਕਸਾਨ ਨਹੀਂ ਹੁੰਦੈ। ਮੈਂ ਤਾਂ ਤੁਹਾਡਾ ਮਸਤਕ ਦੇਖ ਕੇ ਸਮਝ ਗਿਆ ਸੀ ਕਿ ਤੁਸੀਂ ਜੇ ਡਾਕਟਰ ਨਹੀਂ ਤਾਂ ਵੈਦ ਜ਼ਰੂਰ ਹੋ। ਇਹ ਤੁਸੀਂ ਆਪ ਹੀ ਦੱਸ ਦਿੱਤਾ।'' ਪੇਂਡੂ ਨੇ ਆਪਣਾ ਨਵਾਂ ਰਿਕਾਟ ਲਾ ਲਿਆ।
ਮੈਂ ਕਿਹਾ ''ਭਾਈ ਸਾਹਿਬ, ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਦੇ। ਨਾ ਮੈਂ ਡਾਕਟਰ ਹਾਂ ਤੇ ਨਾ ਹੀ ਕੋਈ ਵੈਦ। ਮੈਂ ਤਾਂ ਵਿਦਵਾਨ ਹਾਂ। ਜੇ ਤੁਸੀ ਮੇਰੀ ਕੋਈ ਗੱਲ ਨਹੀਂ ਮੰਨਦੇ ਤਾਂ ਫਿਰ ਮੈਂ ਤੁਹਾਡੀ ਮੱਝ ਦਾ ਇਲਾਜ ਕਰ ਦਿੰਨਾ ਹਾਂ, ਫੇਰ ਤੁਸੀਂ ਮੇਰਾ ਖਹਿੜਾ ਛੱਡ ਸਕਦੇ ਹੋ?''
''ਸਾਡੀ ਮੱਝ ਠੀਕ ਹੋਣੀ ਚਾਹੀਦੀ ਐ, ਅਸੀਂ ਹੋਰ ਕੀ ਚਾਹੁੰਦੇ ਹਾਂ।'' ਉਸਨੇ ਤਸੱਲੀ ਨਾਲ ਸਿਰ ਹਿਲਾਉਂਦਿਆਂ ਕਿਹਾ।
''ਪਾਈਆ ਮਿੱਠਾ ਸੋਡਾ, ਗੁੜ ਵਿੱਚ ਲਪੇਟ ਕੇ ਦਿਹਾੜੀ ਵਿੱਚ ਦੋ-ਤਿੰਨ ਵਾਰ ਦੇਣਾ।'' ਮੈਂ ਇਹ ਨੁਕਸਾ ਕਿਸੇ ਪੇਂਡੂ ਤੋਂ ਸੁਣਿਆ ਹੋਇਆ ਸੀ, ਉਹ ਉਸਨੂੰ ਦੱਸ ਦਿੱਤਾ। ਉਸਨੇ ਮੇਰੀ ਦਵਾਈ ਸੁਣ ਕੇ ਪੰਜਾਹ ਦਾ ਨੋਟ ਜੇਬ ਵਿੱਚੋਂ ਕੱਢਿਆ ਤੇ ਮੇਰੀ ਤਲੀ ਉੱਤੇ ਟਿਕਾ ਦਿੱਤਾ। ''ਜੇ ਵੈਦ ਜੀ ਮੱਝ ਠੀਕ ਹੋ ਗਈ ਤਾਂ ਅਗਲੇ ਸੂਏ ਦਾ ਜਾਨਵਰ ਤੁਹਾਡਾ।'' ਉਹ ਇੰਨੀ ਗੱਲ ਕਰਕੇ ਬਾਹਰ ਨਿਕਲੇ। ਮੈਨੂੰ ਸੁੱਖ ਦਾ ਸਾਹ ਆਇਆ।
ਮੈਂ ਪਹਿਲਾਂ ਅੰਦਰ ਗਿਆ, ਫੇਰ ਬਾਹਰ ਆ ਕੇ ਨੇਮ ਪਲੇਟ ਪੱਟ ਕੇ ਖੜ• ਗਿਆ। ਆਪਣੇ ਨਾਂ ਨਾਲੋਂ ਡਾਕਟਰ ਸ਼ਬਦ ਹਟਾਉਣ ਲੱਗ ਪਿਆ। ਇੱਕ ਦਿਨ ਇਉਂ ਹੀ ਕਾਲਜ ਵਿੱਚ ਹੋਇਆ। ਸਾਡੇ ਡਿਪਾਰਟਮੈਂਟ ਵਿੱਚ ਹਰ ਕੋਈ ਇੱਕ-ਦੂਜੇ ਨੂੰ ਡਾਕਟਰ ਕਹਿ ਕੇ ਸੰਬੋਧਨ ਕਰਦੇ ਹਨ, ਨਾਂ ਕੋਈ ਇੱਕ-ਦੂਜੇ ਦਾ ਨਹੀਂ ਲੈਂਦਾ।
''ਡਾਕਟਰ ਸਾਹਿਬ! ਆ ਰਚਨਾ, ਵਿਚਰਨਾ, ਸਰੰਚਨਾ ਰੂਪਵਾਦ ਇਹ ਕੀ ਬਲਾ ਹੁੰਦੀ ਹੈ?'' ਦੋ-ਤਿੰਨ ਵਿਦਿਆਰਥੀਆਂ ਨੇ ਮੈਨੂੰ ਇਉਂ ਘੇਰ ਲਿਆ, ਜਿਵੇਂ ਕੁੱਤਿਆਂ ਨੇ ਬਿੱਲੀ ਘੇਰੀ ਹੁੰਦੀ ਐ।
ਮੈਨੂੰ ਸਮਝ ਨਾ ਲੱਗੇ ਮੈਂ ਕੀ ਜਵਾਬ ਦੇਵਾਂ, ਮੈਂ ਪੇਸ਼ਾਬ ਕਰਨ ਦੇ ਬਹਾਨੇ ਉੱਥੋਂ ਖਿਸਕ ਗਿਆ ਤੇ ਆਪਣਾ ਅਸਤੀਫ਼ਾ ਲਿਖ ਕੇ ਹੈੱਡ ਨੂੰ ਦੇ ਆਇਆ।
ਮੇਰਾ ਅਸਤੀਫ਼ਾ ਤਾਂ ਮਨਜੂਰ ਨਾ ਹੋਇਆ, ਸਗੋਂ ਦਿੱਲੀ ਦੀ ਇਕ ਫਰਮ ਨੇ ਇਕ ਰਸਾਲੇ ਦੇ ਨਾਟਕ ਉੱਤੇ ਅੰਕ ਕੱਢਣ ਲਈ ਮੈਨੂੰ ਨਿਯੁਕਤ ਕਰ ਦਿੱਤਾ। ਬੱਸ ਫਿਰ ਕੀ ਸੀ। ਆਪਾਂ ਡਾਕਟਰ ਮਨਰਾਹੀ ਵਾਲੀ ਵਿਧੀ ਨਾਲ ਰਸਾਲਾ ਮਹੀਨੇ ਵਿਚ ਤਿਆਰ ਕਰਕੇ ਫਰਮ ਤੋਂ ਚੈਕ ਲੈ ਕੇ ਬੈਂਕ ਵਿਚ ਜਮ•ਾਂ ਕਰਵਾ ਦਿੱਤਾ। ਹੁਣ ਮੇਰੇ ਵਿਭਾਗ ਦੇ ਸਾਥੀ ਮੇਰੇ ਵਿਦਵਾਨ ਹੋਣ ਤੋਂ ਖਾਰ ਖਾਂਦੇ ਹਨ। ਕਈ ਤਾਂ ਮੇਰੇ ਖ਼ਿਲਾਫ਼ ਕਈ ਸਾਜਿਸ਼ਾਂ ਵੀ ਘੜ•ਦੇ ਹਨ, ਪਰ ਮੈਨੂੰ ਪਤਾ ਹੈ ਕਿ ਮੈਨੂੰ ਇਕ ਫਰਮ ਨੇ ਵਿਦਵਾਨ ਸਵੀਕਾਰ ਕਰ ਲਿਆ ਹੈ, ਹੁਣ ਆਪਾਂ ਡਿਪਾਰਮੈਂਟ ਤੋਂ ਕੀ ਲੈਣਾ? ਨਾਲੇ ਹੁਣ ਆਪਣੀ ਵੀ. ਸੀ. ਦੇ ਨਾਲ ਵੀ ਯਾਰੀ ਹੈ। ਅਸੀਂ ਸ਼ਾਮ ਵੇਲੇ ਕੱਠੇ ਗਲਾਸੀ ਖੜਕਾਉਂਦੇ ਹਾਂ। ਹੁਣ ਕਈ ਡਾਕਟਰ ਮੇਰੇ ਤੋਂ ਖਾਰ ਖਾਂਦੇ ਹਨ, ਅਗਲੇ ਸ਼ੈਸਨ ਚ ਆਪਾਂ ਨੇ ਵਿਭਾਗ ਦਾ ਚੇਅਰਮੈਨ ਬਣ ਜਾਣਾ ਹੈ। ਫੇਰ ਆਪਾਂ ਕੀ ਲੈਣਾ ਏ ਪੜ•ਾਈ ਲਿਖਾਈ ਤੋਂ ਆਪਾਂ ਤਾਂ ਮੌਜਾਂ ਮਾਣਾਂਗੇ ਜੇ ਤੁਸੀਂ ਵੀ ਮੌਜਾਂ ਲੈਣੀਆਂ ਹਨ ਤਾਂ ਮੇਰੇ ਵਾਲਾ ਸ਼ਾਟਕੱਟ ਰਸਤਾ ਅਪਣਾਓ ਤੇ ਢੇਲੇ ਦੀਆਂ ਲਾਓ ਜਿਵੇਂ ਮੈਂ ਲਾ ਰਿਹਾ ਹਾਂ।
-
ਬੁੱਧ ਸਿੰਘ ਨੀਲੋਂ, ਲੇਖਕ
budhsinghneelon0gmail.com
94643-70823
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.