ਸ੍ਰ. ਕਰਮ ਸਿੰਘ ਹਿਸਟੋਰੀਅਨ ਲਿਖਿਤ ਪੁਸਤਕ ‘ਬਹੁਮੁੱਲੇ ਇਤਿਹਾਸਕ ਲੇਖ’ ਵਿੱਚੋਂ
ਪ੍ਰਕਾਸ਼ਕ: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ
ਸਾਕਾ ਚਮਕੌਰ ਸਾਹਿਬ ਦਾ ਇਤਿਹਾਸਕ ਸਥਾਨ ਬਹੁਤ ਲੰਮਾ ਸਮਾਂ ਗੁਪਤ ਹੀ ਰਿਹਾ। ਚਮਕੌਰ ਦੀ ਜੰਗ ਦੇ ਸ਼ਹੀਦਾਂ ਦੀ ਕਤਾਰ ਵਿੱਚ ਜਾ ਖੜੀ ਹੋਣ ਵਾਲੀ ਬੀਬੀ ਸ਼ਰਨ ਕੌਰ, ਜਿਸ ਨੇ ਸਾਰੇ ਸ਼ਹੀਦਾਂ ਦੇ ਪਵਿੱਤਰ ਸਰੀਰਾਂ ਨੂੰ ਇੱਕਠਾ ਕਰਕੇ ਉਨ੍ਹਾਂ ਦਾ ਸਸਕਾਰ ਕਰਦੀ ਕਰਦੀ ਆਪ ਵੀ ਉੱਥੇ ਹੀ ਸ਼ਹੀਦ ਹੋ ਗਈ ਸੀ।
ਸਸਕਾਰ ਉਪਰੰਤ ਉਹ ਸੁਭਾਗੀ ਤੇ ਪਵਿੱਤਰ ਬਿਭੂਤੀ ਕਿਸੇ ਗੁਰਮੁਖ ਪ੍ਰੇਮੀ ਨੇ ਇੱਕਠੀ ਕਰਕੇ ਟੋਆ ਪੁੱਟ ਕੇ ਉੱਥੇ ਹੀ ਦੱਬ ਦਿੱਤੀ ਸੀ।
ਇਸ ਪਵਿੱਤਰ ਅਸਥਾਨ ਦੀ ਸਿਦਕੀ ਸਰਦਾਰ, ਸਰਦਾਰ ਦਿਆਲ ਸਿੰਘ ਜੀ ਰਈਸ (ਵਾਸੀ ਬੇਲਾ ਜਿਲ੍ਹਾ ਰੋਪੜ) ਨੇ ਖੋਜ ਕੀਤੀ।
ਸ੍ਰ. ਦਿਆਲ ਸਿੰਘ ਨੇ ਹਰ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ, ਨਿਤਨੇਮ ਕਰਕੇ ਚਮਕੌਰ ਸਾਹਿਬ ਆ ਕੇ ਆਪਣੇ ਕੋਲੋਂ ਮਾਇਆ ਖਰਚ ਕੇ, ਪੁਟਾਈ ਕਰਵਾ-ਕਰਵਾ ਕੇ ਸ਼ਹੀਦਾ ਦੀ ਬਿਭੂਤੀ ਵਾਲੇ ਅਸਥਾਨ ਨੂੰ ਲੱਭਿਆ। ਫਿਰ ਆਪਣੇ ਖ਼ਰਚੇ ਤੇ ਆਪਣੀ ਨਿਗਰਾਨੀ ਹੇਠ ਇਮਾਰਤੀ ਸਮਾਨ ਇੱਕਤਰ ਕਰਕੇ, ਰਾਜ ਮਜਦੂਰਾਂ ਦੀਆਂ ਨਿਤ-ਪ੍ਰਤੀ ਦਿਹਾੜੀਆਂ ਭਰਕੇ ਇਸ ਪਵਿੱਤਰ ਅਸਥਾਨ ਤੇ ਪਹਿਲੀ ਉਸਾਰੀ ਨੂੰ ਮੁਕੰਮਲ ਕਰਵਾਇਆ।
ਇਸ ਸਥਾਨ ਤੇ ਬਣੇ ਧਰਮ ਅਸਥਾਨ ਦੀ ਆਰੰਭਤਾ ਵਾਲੇ ਦਿਨ ਸੰਗਤ ਨੇ ਸਰਦਾਰ ਜੀ ਨੂੰ ਉਂਨਾਂ ਦੀ ਸੇਵਾ ਬਦਲੇ ਸਿਰੋਪਾਉ ਦੇਣ ਦੀ ਪੇਸ਼ਕਸ਼ ਕੀਤੀ, ਜੋ ਉਨਾਂ ਨੇ ਨਿਮਰਤਾ ਸਹਿਤ ਅਸਵੀਕਾਰ ਕਰ ਦਿੱਤੀ।
ਸਮਾਪਤੀ ਉਪਰ ਗ੍ਰੰਥੀ ਸਿੰਘ ਜਦੋਂ ਅਰਦਾਸ ਕਰਨ ਲਈ ਖੜਾ ਹੋਇਆ ਤਾਂ ਸਰਦਾਰ ਜੀ ਨੇ ਅਰਦਾਸੀਏ ਦੇ ਕੰਨ ਵਿੱਚ ਕੁਝ ਬੇਨਤੀ ਕੀਤੀ।
ਗ੍ਰੰਥੀ ਸਿੰਘ ਠਠੰਬਰ ਗਿਆ ਤੇ ਅਜਿਹੀ ਅਰਦਾਸ ਕਰਨ ਤੋਂ ਮਨ੍ਹਾ ਕਰ ਗਿਆ। ਸਰਦਾਰ ਦਿਆਲ ਸਿੰਘ ਨੇ ਉਠ ਕੇ ਆਪ ਗਲ ਵਿੱਚ ਪੱਲ੍ਹਾ ਪਾ ਕੇ ਅਰਦਾਸ ਕੀਤੀ।
ਇਹ ਉਹ ਹੈਰਾਨੀਜਨਕ ਸ਼ਬਦ ਸਨ ਜਿੰਨਾਂ ਕਰਕੇ ਗ੍ਰੰਥੀ ਸਿੰਘ ਨੂੰ ਅਰਦਾਸ ਕਰਨ ਦੀ ਹਿੰਮਤ ਨਹੀ ਸੀ ਪਈ-
"ਸ਼ਹੀਦਾਂ ਦੇ ਸਰਤਾਜ, ਚੋਜੀ ਪ੍ਰੀਤਮ ਕਲਗੀਆਂ ਵਾਲਿਆ, ਮੇਰੀ ਕੋਈ ਔਲਾਦ ਨਾ ਹੋਵੇ ,ਮੇਰਾ 'ਦਿਆਲ ਸਿੰਘ' ਦਾ ਬੰਸ ਨਾਸ ਹੋ ਜਾਵੇ।"
ਇਹ ਅਰਦਾਸ ਸੁਣ ਕੇ ਸੰਗਤ ਹੈਰਾਨ ਹੋ ਗਈ, ਸੰਗਤ ਦੇ ਨੇਤਰਾਂ ਵਿੱਚੋਂ ਹੰਝੂਆਂ ਦਾ ਦਰਿਆ ਵਹਿ ਤੁਰਿਆ। ਸੰਗਤ ਵਲੋਂ ਅਰਦਾਸ ਦੀ ਐਸੀ ਹੈਰਾਨੀਜਨਕ ਮੰਗ ਬਾਰੇ ਪੁੱਛਣ ਤੇ ਸਰਦਾਰ ਜੀ ਨੇ ਗਰੀਬੜੇ ਜਿਹੇ ਅੰਦਾਜ਼ ਵਿੱਚ ਜਵਾਬ ਦਿੱਤਾ -
"ਗੁਰਮੁਖੋ! ਇਹ ਸ਼ਹੀਦ ਗੰਜ ਪੰਥ ਦੀ ਅਮਾਨਤ ਹੈ। ਜੇ ਮੇਰੀ ਔਲਾਦ ਹੋਈ ਤਦ ਓਹ ਇਸ ਅਸਥਾਨ ਉੱਪਰ ਆਪਣੀ ਮਾਲਕੀ ਜਤਲਾਏਗੀ ।
ਹਾਲਾਂ ਕਿ ਮਾਇਆ ਕਲਗੀਆ ਵਾਲੇ ਦੀ ਲਗੀ ਹੈ, ਸੇਵਾ ਉਸੇ ਨੇ ਕਰਵਾਈ ਹੈ, ਉਦਮ ਉਸੇ ਨੇ ਬਖਸ਼ਿਆ ਹੈ। ਨਾ ਮੇਰੀ ਔਲਾਦ ਹੋਵੇ, ਨਾ ਕੋਈ ਅਪਣੱਤ ਜ਼ਾਹਰ ਕਰੇ, ਅਸਥਾਨ ਕਲਗੀਆਂ ਵਾਲੇ ਦਾ ਹੀ ਰਹੇ।"
ਇਤਿਹਾਸ ਗਵਾਹ ਹੈ ਕਿ ਅਜ ਸਰਦਾਰ ਦਿਆਲ ਸਿੰਘ ਦੀ ਬੰਸ ਨਹੀ ਹੈ।
ਵਾਹ ਕਲਗੀਆਂ ਵਾਲਿਆ ! ਧੰਨ ਤੂੰ ਤੇ ਧੰਨ ਤੇਰੇ ਸਿਦਕੀ ਸਿੱਖ ..
-
ਸ੍ਵ : ਕਰਮ ਸਿੰਘ ਹਿਸਟੋਰੀਅਨ, ਹਿਸਟੋਰੀਅਨ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.