ਮਹਾਤਮਾਂ ਬੁੱਧ ਮਨੁੰਖ ਦੀਆਂ ਬੇਲਗਾਮ ਇੱਛਾਵਾਂ ਨੂੰ ਉਸਦੇ ਦੁੱਖਾਂ ਦਾ ਮੂਲ ਕਾਰਨ ਦੱਸਦੇ ਹਨ। ਨਾ ਪੂਰੀਆਂ ਹੋਣ ਵਾਲੀਆਂ ਇਹ ਇੱਛਾਵਾਂ ਮਨੁੰਖੀ ਮਨ ਨੂੰ ਬੇਚੈਨ ਕਰਦੀਆਂ ਹਨ। ਮਨੁੰਖੀ ਸ਼ਰੀਰ ਅਤੇ ਮਾਨਸਿਕ ਹਾਲਤ 'ਤੇ ਬੇਚੈਨੀ ਦਾ ਬੇਹੱਦ ਬੂਰਾ ਪ੍ਰਭਾਵ ਪੈਂਦਾ ਹੈ ਜਦਕਿ ਸ਼ਾਂਤ ਅਤੇ ਟਿਕਾਊ ਮਨ ਚਿਹਰੇ ਨੂੰ ਚਮਕ ਅਤੇ ਸ਼ਰੀਰ ਨੂੰ ਤਾਕਤ ਦਿੰਦਾ ਹੈ। ਵਧੀ ਲਾਲਸਾ ਅਤੇ ਪੈਸੇ ਜੋੜਨ ਦੀ ਲੱਗੀ ਦੌੜ ਕਾਰਨ ਅੱਜ ਮਨੁੰਖੀ ਮਨ ਬੂਰੀ ਤਰਾਂ ਬੇਕਾਬੂ ਅਤੇ ਬੇਚੈਨ ਹੋ ਚੁੱਕਿਆ ਹੈ ਜਿਸ ਉੱੱਤੇ ਕਾਬੂ ਪਾਉਣਾਂ ਨਾਮੁਮਕਿਨ ਨਜ਼ਰ ਆ ਰਿਹਾ ਹੈ। ਹਾਲਾਤ ਇਹ ਹਨ ਕਿ ਜਿਸ ਕੋਲ ਖਾਣ ਲਈ ਘੱਟ ਹੈ ਅਤੇ ਪਹਿਨਣ ਲਈ ਥੋੜਾ ਹੈ ਉਸਦੀ ਕੋਸ਼ਿਸ਼ ਕੁੱਝ ਹੋਰ ਵਧੀਆ ਖਾਣ ਅਤੇ ਪਹਿਨਣ ਦੀ ਹੈ ਅਤੇ ਜਿਸ ਕੋਲ ਪੈਸਾ ਵੀ ਹੈ ਅਤੇ ਲੋਕਾਂ 'ਚ ਚੰਗੀ ਪਹਿਚਾਣ ਵੀ ਉਸ ਦੀ ਚਾਹਨਾਂ ਕੁੱਝ ਹੋਰ ਪੈਸੇ ਜੋੜ ਕੇ ਅਮੀਰਾਂ ਦੀ ਸੂਚੀ 'ਚ ਉਪਰਲਾ ਸਥਾਨ ਹਾਸਿਲ ਕਰਨ ਦੀ ਹੈ। ਇਹ ਸਿਲਸਿਲਾ ਮਨੁੰਖੀ ਜਿੰਦਗੀ ਦਾ ਇੱਕ ਹਿੱਸਾ ਬਣ ਚੁੱਕਿਆ ਹੈ ਜੋ ਉਸਦਾ ਮੌਤ ਤੱਕ ਖਹਿੜਾ ਨਹੀਂ ਛੱਡਦਾ।
ਅੱਜ ਕੱਲ ਦੀ ਤੇਜ਼ ਤਰਾਰ ਜਿੰਦਗੀ ਨੇ ਇਨਸਾਨ ਨੂੰ ਮਾਨਸਿਕ ਅਤੇ ਸ਼ਰੀਰਕ ਤੌਰ 'ਤੇ ਡਾਵਾਂਡੋਲ ਕਰ ਦਿੱਤਾ ਹੈ। ਰੋਜਾਨਾਂ ਹੁੰਦੇ ਕਤਲਾਂ ਅਤੇ ਝਗੜਿਆਂ ਦਾ ਮੁੱਖ ਕਾਰਨ ਬੇਚੈਨ ਮਨ ਹਨ ਜੋ ਚੈਨ ਨੂੰ ਤਲਾਸ਼ਣ ਦੀ ਕੋਸ਼ਿਸ਼ 'ਚ ਵੱਡੇ ਵੱਡੇ ਗੁਨਾਹ ਕਰਦੇ ਹਨ ਅਤੇ ਗੁਨਾਹ ਕਰਨ ਤੋਂ ਬਾਅਦ ਆਪਣੇ ਕੀਤੇ 'ਤੇ ਪਛਤਾਉਂਦੇ ਹਨ। ਨਿਤਾਣਿਆਂ ਦੀ ਖੱਲ ਉਧੇੜ ਕੇ ਕਮਾਇਆ ਜਾ ਰਿਹਾ ਪੈਸਾ ਸਮਾਜ ਵਿਚਲੇ ਬੇਚੈਨ ਮਨਾਂ ਦੀ ਤਸਵੀਰ ਪੇਸ਼ ਕਰਦਾ ਹੈ। ਇਹ ਟੁੱਟਦੇ ਸੰਜਮ ਦਾ ਹੀ ਕਾਰਨ ਹੈ ਕਿ ਮਹਿੰਗੀਆਂ ਕਦਰਾਂ ਕੀਮਤਾਂ ਵਾਲੀ ਇਸ ਧਰਤੀ 'ਤੇ ਅੱਜ ਹਰ ਚੀਜ਼ ਨਿਲਾਮ ਹੋ ਰਹੀ ਹੈ। ਛੇਤੀ ਅਮੀਰ ਬਨਣ ਦੀ ਲਾਲਸਾ ਨੇ ਇਨਸਾਨ ਨੂੰ ਠੱਗੀਆਂ ਅਤੇ ਚੋਰੀਆਂ ਕਰਨ ਲਈ ਮਜਬੂਰ ਕਰ ਦਿੱਤਾ ਹੈ। ਮਨ ਦੀ ਭੁੱਖ ਕਾਰਨ ਬੇਚੈਨ ਹੋ ਚੁੱਕਿਆ ਇਨਸਾਨ ਸ਼ਾਇਦ ਜਾਨਵਰਾਂ ਤੋਂ ਕੁੱਝ ਸਿੱਖਿਆ ਲੈ ਕੇ ਸੰਜਮ ਦੀ ਪ੍ਰਾਪਤ ਕਰ ਸਕਦਾ ਹੈ। ਪੂਰੇ ਦਿਨ ਦਾ ਭੁੱਖਾ ਕੁੱਤਾ ਰੋਟੀ ਦੇ ਇੱਕ ਟੁੱਕ ਨਾਲ ਸਬਰ ਕਰਕੇ ਇਨਸਾਨ ਲਈ ਇੱਕ ਮਿਸਾਲ ਬਣਦਾ ਹੈ। ਸ਼ੌਂਕ ਨਾਲ ਘਰਾਂ 'ਚ ਰੱਖੇ ਕੁੱਤੇ ਇਨਸਾਨ ਲਈ ਮਾਰਗਦਰਸ਼ਕ ਬਣ ਸਕਦੇ ਹਨ।
ਜਿਸ ਦਰ ਤੋਂ ਰੋਟੀ ਮਿਲ ਜਾਵੇ ਕੁੱਤਾ ਦੂਜੇ ਦਿਨ ਉਸ ਦਰ 'ਤੇ ਆਸ ਨਾਲ ਜਰੂਰ ਆਉਂਦਾ ਹੈ ਪਰ ਉਹ ਆਪਣਾ ਸੰਜਮ ਨਹੀਂ ਟੁੱਟਣ ਦਿੰਦਾ। ਸੰਜਮ ਦੀ ਇਸ ਬੇਮਿਸਾਲ ਵਿਸ਼ੇਸ਼ਤਾ ਨੇ ਕੁੱਤੇ ਨੂੰ ਇਨਸਾਨ ਦਾ ਵਫਾਦਾਰ ਸਾਥੀ ਬਣਾ ਦਿੱਤਾ ਹੈ। ਜੇਕਰ ਇਹ ਸੰਜਮ ਮਨੁੰਖੀ ਵਿਵਹਾਰ ਦਾ ਹਿੱਸਾ ਬਣ ਜਾਵੇ ਤਾਂ ਇਹ ਦੁਨੀਆਂ ਸਵਰਗ ਬਣ ਸਕਦੀ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਜਿਉਂਦਾ ਮਨੁੰਖ ਆਪਣੇ ਆਪ ਨੂੰ ਕਾਮਯਾਬੀ ਦੇ ਸਿਖਰਲੇ ਪਾਏਦਾਨ 'ਤੇ ਲਿਜਾਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ ਪਰ ਹੱਦੋਂ ਵੱਧ ਲਾਲਸਾ ਅਤੇ ਲੋਭ ਨੇ ਇਸ ਕੋਸ਼ਿਸ਼ ਦੇ ਅਰਥ ਹੀ ਬਦਲ ਦਿੱਤੇ ਹਨ। ਵਕਤ ਦੇ ਹਿਸਾਬ ਨਾਲ ਇਨਸਾਨ ਨੂੰ ਜੋ ਕੁੱਝ ਮਿਲਿਆ ਹੈ ਉਸ ਵਿੱਚੋਂ ਹੀ ਖੁਸ਼ੀ ਅਤੇ ਸੰਤੁਸ਼ਟੀ ਨੁੰ ਤਲਾਸ਼ਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਔਖੇ ਸਮੇਂ 'ਚ ਚੰਗੇ ਦੀ ਆਸ ਰੱਖ ਕੇ ਅੱਗੇ ਵੱਧਣਾ ਚਾਹੀਦਾ ਹੈ ਪਰ ਸੰਜਮ ਨੂੰ ਬਰਕਰਾਰ ਰੱਖਣਾ ਬਹੁਤ ਜਰੂਰੀ ਹੈ। ਸੰਜਮ ਨਾਲ ਬਤੀਤ ਕੀਤਾ ਸਮਾਂ ਇਨਸਾਨ ਨੂੰ ਦਿਮਾਗੀ ਅਤੇ ਸਰੀਰਕ ਤੌਰ 'ਤੇ ਚੈਨ ਦਿੰਦਾ ਹੈ। ਅੱਜ ਹਸਪਤਾਲਾਂ 'ਚ ਡਾਕਟਰਾਂ ਕੋਲ਼ ਮਰੀਜਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ 'ਚ ਜਿਆਦਾ ਗਿਣਤੀ ਮਾਨਸਿਕ ਤੌਰ 'ਤੇ ਬਿਮਾਰ ਲੋਕਾਂ ਦੀ ਹੈ। ਸਭ ਕੁੱਝ ਹੁੰਦੇ ਹੋਏ ਵੀ ਹੋਰ ਜਿਆਦਾ ਹੋਣ ਦੀ ਇੱਛਾ ਇਨਸਾਨ ਦੇ ਦਿਮਾਗ ਨੂੰ ਟਿੱਕਣ ਨਹੀਂ ਦੇ ਰਹੀ। ਸੰਜਮ ਦੀ ਅਵਸਥਾ 'ਚ ਇਨਾਸਾਨ ਸ਼ਾਂਤ ਚਿੱਤ ਆਪਣੇ ਕੰਮ 'ਚ ਜੁੱਟਿਆ ਰਹਿੰਦਾ ਹੈ। ਹੌਲ਼ੀ ਹੌਲ਼ੀ ਅਤੇ ਟਿਕਾਈ ਨਾਲ ਚਲਦਾ ਇਨਸਾਨ ਜਿੰਦਗੀ 'ਚ ਬਹੁਤ ਕੁੱਝ ਹਾਸਿਲ ਕਰ ਸਕਦਾ ਹੈ ਪਰ ਬੇਚੈਨ ਮਨ ਸ਼ਰੀਰ ਨੂੰ ਵੀ ਬੇਚੈਨ ਕਰ ਦਿੰਦਾ ਹੈ ਅਤੇ ਇਨਸਾਨ ਕੋਈ ਵੀ ਪ੍ਰਾਪਤੀ ਕਰਨ ਤੋਂ ਪੱਛੜ ਜਾਂਦਾ ਹੈ। ਮਹਾਨ ਰੂਸੀ ਲੇਖਕ ਲਿਓ ਟਾਲਸਟਾਏ, ਜਿਹਨਾਂ ਨੇ ਦਰਮਿਆਨੇ ਅਤੇ ਕਮਜ਼ੋਰ ਲੋਕਾਂ ਦੀ ਜਿੰਦਗੀ ਨੂੰ ਨੇੜਿੳੇ ਦੇਖਿਆ, ਸੰਜਮ ਨੂੰ ਇੱਕ ਜਹਾਨ ਯੋਧਾ ਕਹਿੰਦੇ ਹਨ ਜੋ ਵੱਡੀਆਂ ਵੱਡੀਆਂ ਚਣੌਤੀ ਰੂਪੀ ਫੌਜਾਂ ਨੂੰ ਮਾਤ ਦੇਣ ਦੇ ਕਾਬਿਲ ਹੈ। ਸੰਜਮ ਦੀ ਤਾਕਤ ਮੁਸਕਿਲਾਂ 'ਚ ਘਿਰੇ ਇਨਸਾਨ ਨੂੰ ਸਹਾਰਾ ਦਿੰਦੀ ਹੈ ਅਤੇ ਮਨ ਦਾ ਠਹਿਰਾਉ ਅਗਲੀ ਬਾਜੀ ਜਿੱਤਣ ਲਈ ਤਿਆਰ ਹੋ ਜਾਂਦਾ ਹੈ।
ਸ਼ਰੀਰਕ ਖੁਰਾਕ ਇਨਸਾਨ ਨੂੰ ਮਾਨਸਿਕ ਚੈਨ ਨਹੀਂ ਦੇ ਸਕਦੀ ਇਸ ਲਈ ਇਨਸਾਨ ਨੂੰ ਸੰਜਮ 'ਚੋਂ ਬੇਲਗਾਮ ਇੱਛਾਵਾਂ ਦੀ ਦਵਾਈ ਤਲਾਸ਼ਣੀ ਹੋਵੇਗੀ। ਬੇਚੈਨ ਮਨ ਵਾਲਿਆਂ ਨੂੰ ਚੈਨ ਦੇਣ ਲਈ ਡਾਕਟਰਾਂ ਦਵਾਰਾ ਦਿੱਤੀਆਂ ਜਾਂਦੀਆਂ ਗੋਲ਼ੀਆਂ ਕੁੱਝ ਪਲ ਲਈ ਤਾਂ ਬੇਚੈਨੀ ਤੋਂ ਰਾਹਤ ਦੇ ਸਕਦੀਆਂ ਹਨ ਪਰ ਸਦਾ ਲਈ ਨਹੀਂ। ਮਨ ਦੀ ਭੁੱਖ ਨੂੰ ਖਤਮ ਕਰਨ ਨਾਲ ਮਨੁੰਖ ਆਸਾਨੀ ਨਾਲ ਚੈਨ ਦੀ ਅਵਸਥਾ 'ਚ ਆ ਸਕਦਾ ਹੈ ਜਿਸ ਲਈ ਸੰਜਮ ਦੀ ਜਰੂਰਤ ਹੈ। ਸਵਰਗ ਰੂੁਪੀ ਇਸ ਧਰਤੀ 'ਤੇ ਜਿੰਦਗੀ ਜਿਊਂਦੇ ਹੋਏ ਹਰ ਇੱਕ ਇਨਸਾਨ ਨੂੰ ਸੰਜਮ ਨਾਲ ਜਿੰਦਗੀ ਦੇ ਪੈਂਡੇ 'ਤੇ ਅੱਗੇ ਵੱਧਣਾ ਹੋਵੇਗਾ। ਫਿਰ ਦੇਖਣਾ ਮਨ ਦੀ ਸ਼ਾਤੀ ਅਤੇ ਸੰਤੁਸਟੀ ਦੁਨੀਆਂ ਦੇ ਇਸ ਮੇਲੇ ਨੂੰ ਹੋਰ ਵੀ ਰੰਗੀਨ ਬਣਾ ਦੇਣਗੇ।
-
ਡਾ: ਧਰਮਜੀਤ ਸਿੰਘ ਮਾਨ (ਜਲਵੇੜਾ), ਪ੍ਰੋਫੈਸਰ ਜਵਾਹਰਲਾਲ ਨਹਿਰੂ ਸਰਕਾਰੀ ਕਾਲਜ
mannjalbhera@gmail.com
9478460084
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.