ਇਸ ਸਮੇਂ ਜਦੋਂ ਸਿੱਖ ਕਤਲੇਆਮ ਦੇ ਸਬੰਧ ਵਿੱਚ ਸੱਜਣ ਕੁਮਾਰ ਨੂੰ ਦਿੱਲੀ ਹਾਈ ਕੋਰਟ ਦੁਆਰਾ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਦੁਨੀਆਂ ਭਰ ਦੇ ਸਿੱਖ ਉਸ ਸਮੇਂ ਦੀ ਸਿੱਖ ਨਸਲਕੁਸ਼ੀ ਲਈ ਕਾਂਗਰਸ ਪਾਰਟੀ ਨੂੰ ਦੋਸ਼ੀ ਠਹਿਰਾ ਰਹੇ ਹਨ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਅਤੇ ਗਾਂਧੀ ਪਰਿਵਾਰ ਦਾ ਬਚਾਓ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਕਾਲੀ ਲੀਡਰ ਸੁਖਬੀਰ ਸਿੰਘ ਬਾਦਲ ਖਾਹਮਖਾਹੀ ਗਾਂਧੀ ਪਰਿਵਾਰ ਨੂੰ ਉਸ ਸਮੇਂ ਦੇ ਕਤਲੇਆਮ ਦਾ ਜ਼ਿੰਮੇਵਾਰ ਦੱਸ ਰਹੇ ਹਨ ਜਦਕਿ ਨਾ ਤਾਂ ਗਾਂਧੀ ਪਰਿਵਾਰ ਅਤੇ ਨਾ ਹੀ ਕਾਂਗਰਸ ਨੂੰ ਉਸ ਸਮੇਂ ਦੇ ਕਤਲੇਆਮ ਦਾ ਦੋਸ਼ੀ ਕਿਹਾ ਜਾ ਸਕਦਾ ਹੈ। ਇਸ ਦੇ ਉਲਟ ਅੱਜ ਸਿੱਖ ਕਮਲ ਨਾਥ ਜਿਸ ਨੂੰ ਕਾਂਗਰਸ ਨੇ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਹੈ, ਨੂੰ ਨਵੰਬਰ 1984 ਵਿੱਚ ਸਿੱਖਾਂ ਖਿਲਾਫ ਹੋਈ ਹਿੰਸਾ ਦਾ ਦੋਸ਼ੀ ਮੰਨ ਰਹੇ ਹਨ ਅਤੇ ਮੰਗ ਕਰ ਰਹੇ ਸਨ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕਮਲ ਨਾਥ ਨੂੰ ਮੁੱਖ ਮੰਤਰੀ ਦਾ ਤਾਜ ਨਹੀਂ ਦੇਣਾ ਚਾਹੀਦਾ ਸੀ। ਗੱਲ ਇਥੇ ਹੀ ਨਹੀਂ ਖੜ੍ਹਦੀ ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੇ ਤਾਂ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਖਿਲਾਫ ਵੀ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦਲੀਲ ਦਿੱਤੀ ਹੈ ਕਿ ਉਨ੍ਹਾਂ ਦੇ ਇਸ਼ਾਰੇ ਉਤੇ ਹੀ ਉਸ ਸਮੇਂ ਦਿੱਲੀ ਵਿੱਚ ਸਿੱਖਾਂ ਖਿਲਾਫ ਯੋਜਨਾਬੱਧ ਢੰਗ ਨਾਲ ਹਿੰਸਾ ਹੋਈ ਸੀ।
ਰਾਜੀਵ ਗਾਂਧੀ ਨੇ ਉਸ ਕਤਲੇਆਮ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਸੀ, 'ਜਬ ਕੋਈ ਬੜਾ ਪੇੜ ਗਿਜਤਾ ਹੈ ਤੋਂ ਧਰਤੀ ਹਿਲਤੀ ਹੀ ਹੈ।' ਉਨ੍ਹਾਂ ਦਾ ਕਹਿਣ ਤੋਂ ਭਾਵ ਸੀ ਕਿ ਸਿੱਖਾਂ ਦੇ ਕਤਲ ਇਸੇ ਲਈ ਹੋਏ ਕਿਉਂਕਿ ਉਨ੍ਹਾਂ ਦੀ ਮਾਤਾ ਦਾ ਕਤਲ ਹੋਇਆ ਸੀ। ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜੇਕਰ ਧਰਤੀ ਨੇ ਹਿੱਲੀ ਹੀ ਸੀ ਤਾਂ ਉਸ ਦੀ ਲਪੇਟ ਵਿੱਚ ਹਿੰਦੂ ਕਿਉਂ ਨਹੀਂ ਆਏ ਤੇ ਸਿਰਫ ਸਿੱਖ ਹੀ ਕਿਉਂ ਆਏ। ਅਨਿਲ ਵਿਜ ਨੇ ਇਹ ਵੀ ਮੰਗ ਕੀਤੀ ਹੈ ਕਿ ਰਾਜੀਵ ਗਾਂਧੀ ਉਨ੍ਹਾਂ ਕਤਲਾਂ ਦੇ ਦੋਸ਼ੀ ਹਨ ਅਤੇ ਉਨ੍ਹਾਂ ਨੂੰ ਮਰਨ ਉਪਰੰਤ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਜਿਹੜੇ ਭਾਰਤ ਰਤਨ ਵਰਗੇ ਐਵਾਰਡ ਦਿੱਤੇ ਗਏ ਹਨ ਉਹ ਵੀ ਵਾਪਸ ਲੈ ਲੈਣੇ ਚਾਹੀਦੇ ਹਨ। ਹਰਿਆਣਾ ਦੇ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਵਿੱਚ ਨਵੰਬਰ 1984 ਵਿੱਚ ਜਿਹੜੇ 3400 ਸਿੱਖਾਂ ਦਾ ਕਤਲ ਹੋਇਆ, ਸਿੱਖਾਂ ਦੀਆਂ ਜਾਇਦਾਦਾਂ ਨੂੰ ਸਾੜਨ, ਸਿੱਖ ਔਰਤਾਂ ਦੀ ਇੱਜ਼ਤ ਲੁੱਟਣ ਦੀ ਸਿਰਫ ਤੇ ਸਿਰਫ ਕਾਂਗਰਸ ਹੀ ਜ਼ਿੰਮੇਵਾਰ ਹੈ।
ਇਹ ਸਵਾਲ ਸਿੱਖੀ ਬੁੱਧੀਜੀਵੀਆਂ ਅਤੇ ਸਿੱਖ ਕਾਨੂੰਨਦਾਨਾਂ ਨੂੰ ਵੀ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਹੁਣ ਹੋਰਨਾਂ ਕਾਂਗਰਸੀ ਲੀਡਰਾਂ ਖਿਲਾਫ ਤਾਂ ਮੁਹਿੰਮ ਚਲਾਉਂਦੇ ਰਹੇ ਹਨ, ਉਨ੍ਹਾਂ ਰਾਜੀਵ ਗਾਂਧੀ ਖਿਲਾਫ ਕਾਨੂੰਨੀ ਕਾਰਵਾਈ ਦੀ ਗੱਲ ਕਿਉਂ ਨਹੀਂ ਕੀਤੀ? ਖੈਰ, ਕੈਪਟਨ ਅਮਰਿੰਦਰ ਸਿੰਘ ਦੀ ਇਸ ਗੱਲ ਨਾਲ ਸਹਿਮਤ ਹੋਇਆ ਜਾ ਸਕਦਾ ਹੈ ਕਿ ਅਕਾਲੀ ਦਲ ਲਈ ਬਲਿਊ ਸਟਾਰ ਅਤੇ ਨਵੰਬਰ 1984 ਦਾ ਸਿੱਖ ਕਤਲੇਆਮ ਸਿਆਸੀ ਮੁੱਦੇ ਬਣ ਗਏ ਹਨ ਅਤੇ ਉਹ ਇਨ੍ਹਾਂ ਨੂੰ ਹਥਿਆਰ ਬਣਾ ਕੇ ਕਾਂਗਰਸ ਉਤੇ ਹਮਲਾ ਕਰਦੇ ਹਨ ਪਰ ਇਸ ਹਕੀਕਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਇਸ ਸਭ ਦੇ ਲਈ ਕਾਂਗਰਸ ਹੀ ਜ਼ਿੰਮੇਵਾਰ ਰਹੀ ਹੈ। ਜੇਕਰ ਕੈਪਟਨ ਸਾਹਿਬ ਨੂੰ ਇਸ ਵਿੱਚ ਕੋਈ ਸ਼ੱਕ ਨਜ਼ਰ ਆਉਂਦਾ ਹੈ ਤਾਂ ਉਹ 1984 ਦੀ ਹਿੰਸਾ ਦੇ ਸਿੱਖ ਪੀੜਤਾਂ ਨਾਲ ਗੱਲ ਕਰ ਸਕਦੇ ਹਨ।
ਉਸ ਸਮੇਂ ਜਿਥੇ ਵੀ ਦੇਖਿਆ ਜਾਂਦਾ ਸੀ ਉਥੇ ਜਨੂੰਨੀ ਭੀੜ ਦੀ ਅਗਵਾਈ ਕਾਂਗਰਸੀ ਹੀ ਕਰ ਰਹੇ ਸਨ। ਹੁਣ ਤੱਕ ਉਸ ਹਿੰਸਾ ਦੇ ਲਈ ਜਿੰਨੇ ਵੀ ਨਾਮ ਸਾਹਮਣੇ ਆਏ ਹਨ ਉਹ ਸਾਰੇ ਹੀ ਕਾਂਗਰਸੀ ਸਨ। ਐਚ ਕੇ ਐਲ ਭਗਤ, ਜਗਦੀਸ਼ ਟਾਇਟਲਰ, ਸੱਜਣ ਕੁਮਾਰ, ਕਮਲ ਨਾਥ ਅਤੇ ਹੋਰ ਬਹੁਤ ਸਾਰੇ ਅਜਿਹੇ ਨਾਮ ਹਨ ਜਿਨ੍ਹਾਂ ਦਾ ਪਿਛੋਕੜ ਹੀ ਕਾਂਗਰਸੀ ਸੀ। ਦਿੱਲੀ ਦੇ ਸਿੱਖਾਂ ਖਿਲਾਫ ਹੋਈ ਹਿੰਸਾ ਦੇ ਪੀੜਤ ਇਸ ਗੱਲ ਦੇ ਗਵਾਹ ਹਨ ਕਿ ਜਿੰਨੇ ਵੀ ਹਜ਼ੂਮ ਉਨ੍ਹਾਂ ਦੇ ਘਰਾਂ ਨੂੰ ਅੱਗ ਲਗਾਉਂਦੇ ਸਨ ਉਹ ਕਾਂਗਰਸੀਆਂ ਦੇ ਹੀ ਸਨ ਤੇ ਉਹ ਇਹ ਕਹਿੰਦੇ ਸਨ ਕਿ ਇਨ੍ਹਾਂ ਨੇ ਸਾਡੀ ਮਾਂ ਨੂੰ ਮਾਰਿਆ ਹੈ, ਇਨ੍ਹਾਂ ਨੂੰ ਮਾਰੋ। ਕੈਪਟਨ ਅਮਰਿੰਦਰ ਸਿੰਘ ਇਕ ਕਾਂਗਰਸੀ ਹਨ ਇਸ ਲਈ ਕਾਂਗਰਸ ਦਾ ਬਚਾਓ ਕਰਨਾ ਉਨ੍ਹਾਂ ਦਾ ਫਰਜ਼ ਬਣਦਾ ਹੈ ਪਰ ਉਨ੍ਹਾਂ ਵਲੋਂ ਕਾਂਗਰਸ ਅਤੇ ਗਾਂਧੀ ਪਰਿਵਾਰ ਨੂੰ ਬਰੀ ਕਰਨ ਨਾਲ ਇਤਿਹਾਸ ਬਦਲਣ ਵਾਲਾ ਨਹੀਂ ਹੈ। ਇਹ ਦੋਸ਼ੀ ਕਾਂਗਰਸੀ ਨਿੱਜੀ ਤੌਰ 'ਤੇ ਇਸ ਹਿੰਸਾ ਵਿੱਚ ਸ਼ਾਮਿਲ ਨਹੀਂ ਹੋਏ ਸਨ, ਬਲਕਿ ਇਹ ਇਕ ਗਿਣੀ-ਮਿੱਥੀ ਸਾਜ਼ਿਸ਼ ਨਾਲ ਹੀ ਇੰਨੇ ਉਗਰ ਹੋਏ ਸਨ ਤਾਂ ਜੋ ਸਿੱਖਾਂ ਨੂੰ ਸਬਕ ਸਿਖਾਇਆ ਜਾ ਸਕੇ। ਜਿਨ੍ਹਾਂ-ਜਿਨ੍ਹਾਂ ਨੇ ਸਿੱਖਾਂ ਖਿਲਾਫ ਹਿੰਸਾ ਭੜਕਾਈ ਉਨ੍ਹਾਂ ਨੂੰ ਉਸ ਮੌਕੇ ਰਾਜੀਵ ਗਾਂਧੀ ਨੇ ਉਚੇ-ਉਚੇ ਅਹੁਦੇ ਦੇ ਕੇ ਨਿਵਾਜਿਆ ਵੀ ਸੀ।
ਰਾਜੀਵ ਗਾਂਧੀ ਨੇ ਆਪਣੇ ਕਾਰਜਕਾਲ ਵਿੱਚ ਉਨ੍ਹਾਂ ਨੂੰ ਬਿਲਕੁਲ ਆਂਚ ਵੀ ਨਹੀਂ ਆਉਣ ਦਿੱਤੀ। ਰੰਗ ਨਾਥ ਮਿਸ਼ਰਾ ਕਮਿਸ਼ਨ ਨੂੰ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਕਿਸ ਤਰ੍ਹਾਂ ਵਰਤਿਆ ਉਸ ਬਾਰੇ ਸਭ ਨੂੰ ਪਤਾ ਹੀ ਹੈ। ਉਸ ਨੇ ਸਾਰੇ ਦੋਸ਼ੀਆਂ ਨੂੰ ਸ਼ਰੇਆਮ ਬਰੀ ਕਰ ਦਿੱਤਾ। ਦਿੱਲੀ ਦੀ ਪੁਲਿਸ ਨੂੰ ਵੀ ਕਲੀਨ ਚਿੱਟ ਵੀ ਦੇ ਦਿੱਤੀ। ਪਰ ਹੁਣ ਕੁਝ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਹਨ। ਸੱਚਾਈ ਸਾਹਮਣੇ ਆਉਣ ਲੱਗ ਪਈ ਹੈ। ਕੁਝ ਹੀ ਸਮੇਂ ਵਿੱਚ ਦੋਸ਼ੀਆਂ ਨੂੰ ਮੌਤ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਸੱਜਣ ਕੁਮਾਰ ਨੇ ਹੁਣ ਕਾਂਗਰਸ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ। ਇਹ ਦੋਸ਼ੀ ਕਾਂਗਰਸ ਦਾ ਐਮ ਪੀ ਵੀ ਰਿਹਾ ਹੈ ਅਤੇ ਕਾਂਗਰਸ ਸਰਕਾਰ ਵਿੱਚ ਮੰਤਰੀ ਵੀ ਰਿਹਾ ਹੈ। ਹੋਰ ਕਿਹੜੇ ਸਬੂਤ ਚਾਹੀਦੇ ਹਨ ਜਿਹੜੇ ਇਹ ਦੱਸਣ ਕਿ ਕਤਲੇਆਮ ਸਿਰਫ ਤੇ ਸਿਰਫ ਕਾਂਗਰਸ ਨੇ ਕਰਵਾਇਆ ਸੀ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਂਝ ਆਪਣੀ ਜ਼ਿੰਦਗੀ ਵਿੱਚ ਸਿੱਖ ਮੁੱਦਿਆਂ ਅਤੇ ਪੰਜਾਬ ਲਈ ਬਹੁਤ ਕੁਝ ਕੀਤਾ ਹੈ। ਉਨ੍ਹਾਂ ਵਲੋਂ ਜਿਹੜੇ ਸਟੈਂਡ ਲਏ ਗਏ ਹਨ ਉਹੋ ਜਿਹੇ ਤਾਂ ਅਕਾਲੀ ਲੀਡਰਾਂ ਨੇ ਵੀ ਨਹੀਂ ਲਏ ਜਿਹੜੇ ਆਪਣੇ ਆਪ ਨੂੰ ਸਿੱਖਾਂ ਦੇ ਲੀਡਰ ਦੱਸਦੇ ਹਨ ਪਰ ਉਨ੍ਹਾਂ ਵਲੋਂ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਲਈ ਕਾਂਗਰਸ ਅਤੇ ਗਾਂਧੀ ਪਰਿਵਾਰ ਦਾ ਬਚਾਓ ਕਰਨ ਦਾ ਸਟੈਂਡ ਸਿੱਖਾਂ ਦੇ ਮਨਾਂ ਵਿੱਚ ਇਕ ਅਜਿਹਾ ਦਰਦ ਪੈਦਾ ਕਰ ਰਿਹਾ ਹੈ, ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ ਜਦਕਿ ਇਹ ਇਕ ਅਟੱਲ ਸੱਚਾਈ ਹੈ ਕਿ ਕਾਂਗਰਸ ਇਸ ਸਭ ਲਈ ਕਸੂਰਵਾਰ ਹੈ ਤੇ ਸਿੱਖ ਇਤਿਹਾਸ ਦੇ ਪੰਨਿਆਂ ਉਤੇ ਉਸ ਮੌਕੇ ਦੀ ਕਾਂਗਰਸ ਸਰਕਾਰ ਦੀ ਵਧੀਕੀ ਨੂੰ ਕਾਲੇ ਅਧਿਆਏ ਨਾਲ ਜਾਣਿਆ ਜਾਵੇਗਾ।
-
ਦਰਸ਼ਨ ਸਿੰਘ ਦਰਸ਼ਕ, ਲੇਖਕ
darshandarshak@gmail.com
98555-08918
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.