ਪੰਜਾਬ ਦਾ ਕਾਲੇ ਦਿਨਾਂ ਸਮੇਂ ਬਹੁਤ ਨੁਕਸਾਨ ਹੋਇਆ ਸੀ। ਘਰਾਂ ਦੇ ਘਰ ਤਬਾਹ ਹੋ ਗਏ ਸਨ। ਪਰ ਇਹ ਵਕਤ ਕਈਆਂ ਦੇ ਬਹੁਤ ਰਾਸ ਆਇਆ। ਉਹਨਾਂ ਨੇ ਅੱਤਵਾਦ ਦੀ ਆੜ ਵਿੱਚ ਰੱਜ ਕੇ ਹੱਥ ਰੰਗੇ। ਮੈਨੂੰ ਇਸ ਸਮੇਂ ਦੀਆਂ ਦੋ ਦਿਲਚਸਪ ਘਟਨਾਵਾਂ ਕਈ ਵਾਰ ਯਾਦ ਆਉਂਦੀਆਂ ਹਨ।
ਰਈਏ ਇਲਾਕੇ ਦੇ ਇੱਕ ਖਾੜਕੂ ਗੁਰਜੀਤ ਸਿੰਘ ਚੈਂਟੇ (ਨਾਮ ਬਦਲਿਆ ਹੋਇਆ) ਦੀ ਇਲਾਕੇ ਵਿੱਚ ਬਹੁਤ ਦਹਿਸ਼ਤ ਸੀ। ਲੋਕ ਉਸ ਦੇ ਨਾਮ ਤੋਂ ਹੀ ਕੰਬਦੇ ਸਨ। ਸੇਠ ਉਸ ਦੇ ਇੱਕ ਸੁਨੇਹੇ 'ਤੇ ਪੈਸਿਆਂ ਦੇ ਢੇਰ ਲਗਾ ਦਿੰਦੇ ਸਨ। ਬਾਅਦ ਵਿੱਚ ਉਹ 1988 ਵਿੱਚ ਹੋਏ ਆਪਰੇਸ਼ਨ ਬਲੈਕ ਥੰਡਰ ਵਿੱਚ ਮਾਰਿਆ ਗਿਆ ਸੀ। 1986 ਨੂੰ ਰਈਏ ਇਲਾਕੇ ਦੇ ਇੱਕ ਸਰਕਾਰੀ ਸਕੂਲ ਵਿੱਚ ਦਸਵੀਂ ਦੇ ਫਾਈਨਲ ਪੇਪਰ ਹੋ ਰਹੇ ਸਨ। ਉਸ ਦਿਨ ਅੰਗਰੇਜ਼ੀ ਦਾ ਪੇਪਰ ਸੀ। ਪੇਂਡੂ ਬੱਚਿਆਂ ਦਾ ਹੱਥ ਅੰਗਰੇਜ਼ੀ ਵਿੱਚ ਵੈਸੇ ਹੀ ਤੰਗ ਹੁੰਦਾ ਹੈ। ਐਨੇ ਨੂੰ ਫਲਾਇੰਗ ਵਾਲੇ ਵੀ ਐਲੀ ਐਲੀ ਕਰਦੇ ਆ ਪਏ। ਬਾਕੀ ਸਭ ਤਾਂ ਠੀਕ ਸੀ ਪਰ ਇੱਕ ਕਮਰੇ ਇੱਕ ਲੜਕੀ ਇਕੱਲੀ ਬੈਠੀ ਗਾਈਡ ਤੋਂ ਵੇਖ ਵੇਖ ਕੇ ਪੇਪਰ ਹੱਲ ਕਰ ਰਹੀ ਸੀ। ਸ਼ਿਕਾਰ ਹੱਥ ਆਇਆ ਵੇਖ ਕੇ ਫਲਾਇੰਗ ਵਾਲਿਆਂ ਨੇ ਸੁਪਰਡੰਟ ਨੂੰ ਘੇਰ ਲਿਆ, “ਇਹ ਕੀ ਬਦਤਮੀਜ਼ੀ ਹੈ। ਇਸ ਨੂੰ ਕਿਉਂ ਨਕਲ ਮਾਰਨ ਲਈ 'ਕੱਲੀ ਬਿਠਾਇਆ। ਅਸੀਂ ਕਰਦੇ ਆਂ ਤੇਰੀ ਰਿਪੋਰਟ ਉੱਪਰ।”
ਸੁਪਰਡੰਟ ਪਹਿਲਾਂ ਤਾਂ ਡਰ ਗਿਆ, ਫਿਰ ਹੌਂਸਲਾ ਕਰ ਕੇ ਬੋਲਿਆ, “ਸਰ ਤੁਸੀਂ ਤਾਂ ਮੇਰੀ ਰਿਪੋਰਟ ਕਰ ਕੇ ਮੈਨੂੰ ਵੱਧ ਤੋਂ ਵੱਧ ਸਸਪੈਂਡ ਹੀ ਕਰਵਾ ਸਕਦੇ ਉ, ਇਸ ਲੜਕੀ ਨੂੰ ਨਕਲ ਮਾਰਨ ਤੋਂ ਰੋਕ ਮੈਂ ਆਪਣਾ ਟੱਬਰ ਨਹੀਂ ਮਰਵਾਉਣਾ। ਤੁਹਾਨੂੰ ਸ਼ਾਇਦ ਪਤਾ ਨਹੀਂ ਇਹ ਫਲਾਣੀ ਫੋਰਸ ਦੇ ਲੈਫਟੀਨੈਂਟ ਜਨਰਲ ਗੁਰਜੀਤ ਸਿੰਘ ਚੈਂਟੇ ਦੀ ਭੈਣ ਆ।” ਸੁਣ ਕੇ ਫਲਾਇੰਗ ਵਾਲਿਆਂ ਦੇ ਕੰਨਾਂ ਵਿੱਚ ਟੀਂ ਟੀਂ ਹੋਣ ਲੱਗ ਪਈ। ਰੰਗ ਬੱਗਾ ਪੈ ਗਿਆ ਤੇ ਲੱਤਾਂ ਕੰਬਣ ਲੱਗ ਪਈਆਂ। ਉਹਨਾਂ ਨੂੰ ਯਮਦੂਤ ਮਾਰੋ ਮਾਰ ਕਰਦੇ ਹੋਏ ਆਪਣੇ ਵੱਲ ਆਉਂਦੇ ਹੋਏ ਦਿਖਾਈ ਦੇਣ ਲੱਗੇ। ਫਲਾਇੰਗ ਦੇ ਇੰਚਾਰਜ ਨੇ ਸੁਪਰਡੰਟ ਨੂੰ ਡਾਂਟ ਕਿ ਕਿਹਾ, “ਤੂੰ ਤਾਂ ਮਰਨਾ ਈ ਆ ਨਾਲ ਸਾਨੂੰ ਵੀ ਮਰਵਾਏਂਗਾ। ਜੇ ਇਹ ਫੇਲ ਹੋ ਗਈ ਤਾਂ ਆਪਾਂ ਸਾਰੇ ਗਏ ਸਮਝੋ। ਇਸ ਨੂੰ 'ਕੱਲੀ ਕਿਉਂ ਬਿਠਾਇਆ? ਇਸ ਦੇ ਨਾਲ ਕਿਸੇ ਸਿਆਣੇ ਮਾਸਟਰ ਦੀ ਡਿਊਟੀ ਲਗਾ ਜੋ ਇਸ ਨੂੰ ਪੇਪਰ ਹੱਲ ਕਰਵਾਏ।” ਫਲਾਇੰਗ ਵਾਲੇ ਸ਼ੂਟ ਵੱਟ ਕੇ ਕਾਰ ਵਿੱਚ ਬੈਠੇ ਤੇ ਅੰਮ੍ਰਿਤਸਰ ਜਾ ਕੇ ਸਾਹ ਲਿਆ।
ਇਸੇ ਤਰਾਂ ਮੇਰੇ ਨਜ਼ਦੀਕੀ ਪਿੰਡ ਦਾ ਇੱਕ ਲੜਕਾ ਛਿੰਦਾ, ਜੋ ਮੇਰਾ ਜ਼ਮਾਤੀ ਸੀ, ਰਾਤ ਨੂੰ 8-9 ਵਜੇ ਬਾਸਮਤੀ ਵਾਲੀਆਂ ਪੈਲੀਆਂ ਵਿੱਚ ਕਣਕ ਬੀਜਣ ਲਈ ਖੇਤ ਵਾਹ ਰਿਹਾ ਸੀ। ਬਾਸਮਤੀ ਵਾਲੇ ਖੇਤਾਂ ਵਿੱਚ ਕਣਕ ਕਾਫੀ ਪਛੇਤੀ ਹੋ ਜਾਂਦੀ ਹੈ। ਅਚਾਨਕ ਕਿਸੇ ਪਾਸੇ ਤੋਂ ਤਿੰਨ ਚਾਰ ਖਾੜਕੂਆਂ ਨੇ ਉਸ ਨੂੰ ਆਣ ਘੇਰਿਆ। ਖਾੜਕੂ ਫੋਰਡ ਟਰੈਕਟਰ ਅਤੇ ਹੀਰੋ ਹਾਂਡੇ ਮੋਟਰ ਸਾਇਕਲ ਨੂੰ ਬਹੁਤ ਪਸੰਦ ਕਰਦੇ ਸਨ। ਉਸ ਕੋਲ ਵੀ ਫੋਰਡ ਟਰੈਕਟਰ ਸੀ। ਉਹਨਾਂ ਅਸਾਲਟਾਂ ਵਿਖਾਈਆਂ ਤੇ ਦਬਕਾ ਮਾਰ ਕੇ ਕਿਹਾ ਕਿ ਸਾਨੂੰ ਫਲਾਣੇ ਪਿੰਡ ਛੱਡ ਕੇ ਆ। ਉਸ ਨੇ ਬਹੁਤ ਤਰਲੇ ਵਾਸਤੇ ਪਾਏ ਕਿ ਤੁਸੀਂ ਟਰੈਕਟਰ ਲੈ ਜਾਉ, ਮੈਂ ਸਵੇਰੇ ਜਿੱਥੋਂ ਕਹੁਗੇ, ਜਾ ਕੇ ਲੈ ਆਵਾਂਗਾ। ਉਸ ਨੂੰ ਪਤਾ ਸੀ ਕਿ ਜੇ ਰਸਤੇ ਵਿੱਚ ਕਿਧਰੇ ਪੁਲਿਸ ਮੁਕਾਬਲਾ ਹੋ ਗਿਆ ਤਾਂ ਇਹਨਾਂ ਦੇ ਨਾਲ ਮੈਂ ਵੀ ਮਾਰਿਆ ਜਾਵਾਂਗਾ।
ਜਦੋਂ ਖਾੜਕੂ ਨਾ ਮੰਨੇ ਤਾਂ ਵਿਚਾਰਾ ਰੱਬ ਰੱਬ ਕਰਦਾ ਉਹਨਾਂ ਨੂੰ ਲੈ ਕੇ ਚੱਲ ਪਿਆ। ਅਜੇ ਦੂਸਰੇ ਪਿੰਡ ਦੀ ਜੂਹ ਵਿੱਚ ਪਹੁੰਚੇ ਹੀ ਸਨ ਕਿ ਅੱਗੋਂ ਗਸ਼ਤ ਕਰਦੀ ਆ ਰਹੀ ਪੁਲਿਸ ਦੀਆਂ ਗੱਡੀਆਂ ਦੀਆਂ ਲਾਈਟਾਂ ਚਮਕਣ ਲੱਗੀਆਂ। ਅੱਤਵਾਦ ਦੇ ਦਿਨਾਂ ਵਿੱਚ ਅਫਸਰ 2-4 ਗੱਡੀਆਂ ਤੋਂ ਘੱਟ ਗਸ਼ਤ ਕਰਨ ਨਹੀਂ ਨਿਕਲਦੇ ਸਨ। ਲਾਈਟਾਂ ਵੇਖ ਕੇ ਖਾੜਕੂ ਇੱਕ ਦਮ ਟਰੈਕਟਰ ਛੱਡ ਕੇ ਖੇਤਾਂ ਵੱਲ ਭੱਜ ਨਿਕਲੇ। ਗੱਡੀਆਂ ਅਜੇ ਦੂਰ ਸਨ। ਪਰ ਛਿੰਦੇ ਨੂੰ ਪਤਾ ਸੀ ਕਿ ਜੇ ਮੇਰੀ ਪੁੱਛ ਗਿੱਛ ਹੋ ਗਈ ਤਾਂ ਪੁਲਿਸ ਨੂੰ ਪੱਕਾ ਸ਼ੱਕ ਪੈ ਜਾਣਾ ਹੈ ਕਿ ਇਹ ਰਾਤ ਨੂੰ ਇਥੇ ਕੀ ਕਰਦਾ ਫਿਰਦਾ ਹੈ ? ਉਸ ਨੇ ਇੱਕ ਦਮ ਫੁਰਤੀ ਨਾਲ ਟਰੈਕਟਰ ਨਜ਼ਦੀਕੀ ਖੇਤ ਵਿੱਚ ਵਾੜ ਦਿੱਤਾ ਤੇ ਹੱਲਾਂ ਸੁੱਟ ਕੇ ਵਾਹੁਣ ਲੱਗ ਪਿਆ। ਉਸ ਨੇ ਸੋਚਿਆ ਕਿ ਪੁਲਿਸ ਨੂੰ ਕਿਹੜਾ ਪਤਾ ਖੇਤ ਕਿਸਦਾ ਹੈ? ਪੁਲਿਸ ਵਾਲੇ ਸ਼ਾਇਦ ਕਿਸੇ ਖਾਸ ਕੰਮ ਜਾ ਰਹੇ ਸਨ, ਉਹ ਬਿਨਾਂ ਛਿੰਦੇ ਨੂੰ ਗੌਲਿਆਂ ਕਾਹਲੀ ਕਾਹਲੀ ਅੱਗੇ ਲੰਘ ਗਏ। ਉਹਨਾਂ ਦੇ ਜਾਂਦੇ ਸਾਰ ਉਸ ਨੇ ਵਾਹੋ ਦਾਹੀ ਟਰੈਕਟਰ ਭਜਾਇਆ ਤੇ ਘਰ ਜਾ ਵੜਿਆ ਕਿ ਕਿਤੇ ਦੁਬਾਰਾ ਖਾੜਕੂ ਨਾ ਆ ਚੰਬੜਨ।
ਜਦੋਂ ਅਸੀਂ ਸਵੇਰੇ ਸਕੂਲ ਜਾਣ ਲਈ ਉਸ ਰਸਤੇ ਲੰਘੇ ਤਾਂ ਅੱਧਾ ਪਿੰਡ ਉਸ ਖੇਤ ਵਿੱਚ ਖੜਾ ਸੀ। ਖੇਤ ਦਾ ਮਾਲਕ ਉੱਚੀ ਉੱਚੀ ਉਸ ਅਣਪਛਾਤੇ ਦੁਸ਼ਮਣ ਨੂੰ ਗਾਲ•ਾਂ ਕੱਢ ਰਿਹਾ ਸੀ, ਜਿਸ ਨੇ ਰਾਤ ਉਸ ਦੀ ਅੱਧਾ ਕਿੱਲਾ ਗਿੱਠ ਗਿੱਠ ਹੋਈ ਕਣਕ ਵਾਹ ਕੇ ਨਸ਼ਟ ਕਰ ਦਿੱਤੀ ਸੀ। ਛਿੰਦਾ ਘੇਸ ਵੱਟ ਕੇ ਲਾਗੋਂ ਦੀ ਲੰਘ ਗਿਆ। ਉਸ ਨੇ ਕਈ ਮਹੀਨਿਆਂ ਬਾਅਦ ਸਾਡੇ ਨਾਲ ਆਪਣੀ ਇਸ ਹਰਕਤ ਦਾ ਭੇਤ ਖੋਲਿਆ।
-
ਬਲਰਾਜ ਸਿੰਘ ਸਿੱਧੂ, ਐਸ.ਪੀ ਪੰਜਾਬ ਪੁਲਿਸ
bssidhupps@gmail.com
9501100062
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.