ਡਿਜੀਟਲ-ਟੈੱਕ-ਗਿਆਨ ਲੜੀ
ਕਾਲਮ - 7
ਡਾ. ਸੀ.ਪੀ ਕੰਬੋਜ
ਦੋਸਤੋ, ਕਈ ਵਾਰ ਸਾਡੀ ਕਿਸੇ ਕਿਤਾਬ, ਲੇਖ ਜਾਂ ਦਸਤਾਵੇਜ਼ ਦੀ ਸੌਫ਼ਟ-ਕਾਪੀ ਗੁੰਮ ਜਾਵੇ ਤਾਂ ਅਸੀਂ ਪ੍ਰੇਸ਼ਾਨ ਹੋ ਜਾਂਦੇ ਹਾਂ। ਉਸ ਕੰਮ ਨੂੰ ਦੁਬਾਰਾ ਟਾਈਪ ਕਰਨ ਦੇ ਝੰਜਟ ਕਾਰਨ ਪ੍ਰੇਸ਼ਾਨੀ ਹੋਣੀ ਸੁਭਾਵਿਕ ਹੀ ਹੈ। ਅਸੀਂ ਆਪਣੇ ਪੁਰਾਣੇ ਦਸਤਾਵੇਜ਼ ਨੂੰ ਸੋਧ ਕੇ ਦੁਬਾਰਾ ਪ੍ਰਿੰਟ ਜਾਂ ਪ੍ਰਕਾਸ਼ਿਤ ਕਰਨਾ ਚਾਹੁੰਦੇ ਹਾਂ ਪਰ ਸਾਡੇ ਕੋਲ ਤਾਂ ਉਸ ਦਾ ਹਾਰਡ (ਛਪਿਆ) ਰੂਪ ਹੀ ਹੈ। ਇਕ ਆਮ ਪਾਠਕ ਲਈ ਇਕੋ-ਇਕ ਵਿਕਲਪ ਬਚਦਾ ਹੈ ਕਿ ਉਸ ਨੂੰ ਦੁਬਾਰਾ ਟਾਈਪ ਕਰ ਲਿਆ ਜਾਵੇ ਪਰ ਜੇਕਰ ਕੋਈ ਸੌਫ਼ਟਵੇਅਰ ਬਿਨਾਂ ਟਾਈਪ ਕੀਤਿਆਂ ਤੁਹਾਡਾ ਕੰਮ ਕਰ ਦੇਵੇ ਤਾਂ ਕਿਵੇਂ ਰਹੇਗਾ? ਚੰਗਾ ਲੱਗੇਗਾ ਨਾ!
ਦੋਸਤੋ, ਅਜਿਹਾ ਹੀ ਕ੍ਰਿਸ਼ਮਾ ਕਰ ਵਿਖਾਇਆ ਹੈ ਇਕ ਆਪਟੀਕਲ ਕਰੈਕਟਰ ਰਿਕੋਗਨੀਸ਼ਨ (OCR) ਨਾਂ ਦੇ ਸੌਫ਼ਟਵੇਅਰ ਨੇ। ਇਹ ਸੌਫ਼ਟਵੇਅਰ ਸਕੈਨ ਜਾਂ ਫੋਟੋ ਰੂਪ ਵਾਲੇ ਮੈਟਰ ਨੂੰ ਟਾਈਪ ਰੂਪ ਵਿਚ ਬਾਖ਼ੂਬੀ ਬਦਲਣ ਦੀ ਮੁਹਾਰਤ ਰੱਖਦਾ ਹੈ।
ਆਓ ਹੁਣ ਜਾਣਦੇ ਹਾਂ ਕਿ ਇਹ ਸੌਫ਼ਟਵੇਅਰ ਕਿੱਥੋਂ ਲਿਆ ਜਾਵੇ ਤੇ ਕਿਵੇਂ ਚਲਾਇਆ ਜਾਵੇ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਤਿਆਰ ਕੀਤੇ ‘ਅੱਖਰ-2016’ ਨਾਂ ਦੇ ਵਰਡ ਪ੍ਰੋਸੈੱਸਰ ਵਿਚ ਓਸੀਆਰ ਦੀ ਸਹੂਲਤ ਹੈ। ਇਹ ਹੋਰਨਾਂ ਭਾਰਤੀ ਭਾਸ਼ਾਵਾਂ ਦੇ ਮੁਕਾਬਲੇ ਸਭ ਤੋਂ ਵੱਧ ਗੁਣਵੱਤਾ ਨਾਲ ਕੰਮ ਕਰ ਸਕਦਾ ਹੈ।
ਧਿਔਨ ਰਹੇ ਇਹ ਸਿਰਫ਼ ਕੰਪਿਊਟਰ ’ਤੇ ਹੀ ਚੱਲਣ ਵਾਲਾ ਸੌਫ਼ਟਵੇਅਰ ਹੈ ਜਿਸ ਨੂੰ ਵੈੱਬਸਾਈਟ akhariwp.com ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਦੀ ਵਰਤੋਂ ਬਿਲਕੁਲ ਮੁਫ਼ਤ ਹੈ ਤੇ ਇਸ ਰਾਹੀਂ ਤੁਸੀਂ ਵੱਡੀਆਂ-ਵੱਡੀਆਂ ਕਿਤਾਬਾਂ ਦੇ ਸਕੈਨ ਕੀਤੇ ਪੰਨਿਆਂ ਨੂੰ ਟਾਈਪ ਕਰਵਾ ਸਕਦੇ ਹੋ।
ਉੱਤੇ ਦੱਸੇ ਅਨੁਸਾਰ ‘ਅੱਖਰ-2016’ ਨੂੰ ਡਾਊਨਲੋਡ ਕਰਨ ਉਪਰੰਤ ਇੰਸਟਾਲ ਕਰ ਲਓ। ਅੱਖਰ ਦੀ ਸਕਰੀਨ ਨਵੇਂ ਐੱਮਐੱਸ ਵਰਡ ਦੀ ਤਰ੍ਹਾਂ ਖੁੱਲ੍ਹੇਗੀ। ਉਤਲੇ ਪਾਸੇ ਟੈਬ ਬਾਰ ਨਜ਼ਰ ਆਵੇਗੀ। ਇੱਥੋਂ ਲੈਂਗੂਏਜ ਟੂਲ (Language Tool) ਦੀ ਚੋਣ ਕਰਕੇ (ਹੇਠਾਂ) ਰੀਬਨ ਤੋਂ ਆਪਟੀਕਲ ਕਰੈਕਟਰ ਰਿਕੋਗਨੀਸ਼ਨ ਵਾਲੇ ਬਟਣ ’ਤੇ ਕਲਿੱਕ ਕਰੋ। ਇੱਥੇ ਗੁਰਮੁਖੀ ਤੇ ਅੰਗਰੇਜ਼ੀ ਓਸੀਆਰ ਚੁਣੋ। ਇਕ ਸਨੇਹਾ ਆਵੇਗਾ ਉਸ ਨੂੰ ਪੜ੍ਹ ਕੇ ਅੱਗੇ ਵਧੋ। ਹੁਣ ਨਵੀਂ ਸਕਰੀਨ ਤੋਂ ‘ਐਡ ਫਾਈਲ’ (Add File) ਜਾਂ ‘ਐਡ ਫੋਲਡਰ’ ’ਤੇ ਕਲਿੱਕ ਕਰੋ। ਧਿਔਨ ਰਹੇ ਕਿ ਜੇ ਤੁਸੀਂ ਕਈ ਪੇਜ ਇਕੱਠੇ ਸਕੈਨ ਕਰਨੇ ਹਨ ਤੇ ਉਹ ਇਕ ਹੀ ਫੋਲਡਰ ਵਿਚ ਪਏ ਹਨ ਤਾਂ ‘ਐਡ ਫੋਲਡਰ’ ਆਪਸ਼ਨ ਹੀ ਲਈ ਜਾਵੇਗੀ। ਇਕੱਲੀ ਫਾਈਲ ਨੂੰ ਟਾਈਪ ਰੂਪ ਵਿਚ ਬਦਲਣ ਲਈ ‘ਐਡ ਫਾਈਲ’ ਚੁਣਿਆ ਜਾਵੇ।
ਹੁਣ ਇਹ ਜਾਣਨਾ ਵੀ ਬੜਾ ਜ਼ਰੂਰੀ ਹੈ ਕਿ ਓਸੀਆਰ ਚਾਲੂ ਕਰਨ ਤੋਂ ਪਹਿਲਾਂ ਕਿਹੜੀ-ਕਿਹੜੀ ਤਿਆਰੀ ਕੀਤੀ ਜਾਵੇ। ਸਭ ਤੋਂ ਪਹਿਲਾਂ ਦਸਤਾਵੇਜ਼ ਨੂੰ ਸਕੈਨਰ ਨਾਲ ਸਕੈਨ ਕਰ ਲਿਆ ਜਾਵੇ। ਯਾਦ ਰਹੇ ਇੱਥੇ ਸਮਾਰਟ ਫੋਨ ਨਾਲ ਫੋਟੋ ਖਿੱਚ ਕੇ ਕੰਮ ਨਹੀਂ ਚਲਣਾ। ਸਕੈਨ ਕਰਨ ਸਮੇਂ ਸਕੈਨਰ ਦੀ ਸੈਟਿੰਗ 300 ਡੀਪੀਆਈ (dpi) ’ਤੇ ਰੱਖੋ। ਫ਼ਾਲਤੂ ਹਿੱਸਾ ਕਰੌਪ (crop) ਅਰਥਾਤ ਕਟ ਕਰ ਲਓ। ਇਹ ਵੀ ਧਿਔਨ ਰਹੇ ਕਿ ਮੈਟਰ ਇਕ ਹੀ ਕਾਲਮ ਵਿਚ ਹੋਣਾ ਚਾਹੀਦਾ ਹੈ। ਪੇਪਰ ਅਤੇ ਛਪਾਈ ਦੀ ਗੁਣਵੱਤਾ ਜਿੰਨੀ ਵੱਧ ਹੋਵੇਗੀ ਆਊਟਪੁਟ ’ਤੇ ਟਾਈਪ ਹੋਇਆ ਮੈਟਰ ਉਨ੍ਹਾਂ ਹੀ ਸਹੀ ਮਿਲੇਗਾ। ਪੁਰਾਣਾ ਪੀਲਾ ਪੈ ਚੁੱਕਿਆ ਪੇਪਰ, ਛਪਾਈ ਫੌਂਟ ਵਿਚ ਗੜਬੜੀ, ਮੈਟਰ ਵਿਚ ਤਸਵੀਰਾਂ ਜਾਂ ਟੇਬਲਾਂ ਦਾ ਹੋਣਾ, ਪੈੱਨ ਦੇ ਨਿਸ਼ਾਣ ਆਦਿ ਆਊਟਪੁਟ ਦੀ ਗੁਣਵੱਤਾ ਨੂੰ ਡੇਗਦੇ ਹਨ।
ਦੋਸਤੋ, ਤੁਸੀ ਦੇਖਿਆ ਹੈ ਕਿ ਫੋਟੋ ਰੂਪ (jpg ਫਾਰਮੈਟ) ਨੂੰ ਟਾਈਪ (text) ਰੂਪ ਵਿਚ ਕਿਵੇਂ ਸੌਖੇ ਤਰੀਕੇ ਰਾਹੀਂ ਬਦਲਿਆ ਜਾ ਸਕਦਾ ਹੈ ਜੋ ਸਾਡੇ ਸਮੇਂ ਤੇ ਪੈਸੇ ਦੀ ਵੱਡੀ ਬਚਤ ਕਰਦਾ ਹੈ।
ਫੋਟੋਆਂ ਸਾਂਝੀਆਂ ਕਰਨ ਲਈ ਵਰਤੋ ਗੂਗਲ ਪਲੱਸ
ਗੂਗਲ ਪਲੱਸ (Google+) ਰਾਹੀਂ ਅਸੀਂ ਆਪਣੀਆਂ ਫ਼ੋਟੋਆਂ ਅਤੇ ਵੀਡੀਓ ਨੂੰ ਸਟੋਰ
ਕਰ ਸਕਦੇ ਹਾਂ ਤੇ ਦੁਨੀਆ 'ਚ ਕਿਸੇ ਵੀ ਥਾਂ 'ਤੇ ਬੈਠ ਕੇ ਵਰਤ ਸਕਦੇ ਹਾਂ। ਇਸ ਐਪ ਦੀਆਂ ਸੁਵਿਧਾਵਾਂ ਮੁਫ਼ਤ 'ਚ ਉਪਲਬਧ ਹਨ। ਇਸ ਰਾਹੀਂ ਅਸੀਂ ਆਪਣੀਆਂ ਰੁਚੀਆਂ ਵਾਲੇ ਦੋਸਤਾਂ ਨੂੰ ਲੱਭ ਕੇ ਉੁਨ੍ਹਾਂ ਨਾਲ ਸਬੰਧ ਬਣਾਇਆ ਜਾ ਸਕਦਾ ਹੈ।
- ਇਸ ਵਿਚ ਫ਼ੋਟੋਆਂ ਨੂੰ ਸਲਾਈਡ ਸ਼ੋਅ ਦੇ ਰੂਪ ਵਿਚ ਦਿਖਾਉਣ ਦੀ ਸੁਵਿਧਾ ਹੈ।
- ਗੂਗਲ ਪਲੱਸ ਨੂੰ ਪਿਕਾਸਾ (Picasa) ਨਾਲ ਜੋੜ ਕੇ ਫ਼ੋਟੋਆਂ ਦੀ ਕਾਂਟ-ਛਾਂਟ ਅਤੇ ਖ਼ੂਬਸੂਰਤ ਬਣਾਉਣ ਦਾ ਕੰਮ ਕੀਤਾ ਜਾ ਸਕਦਾ ਹੈ।
- ਇਸ 'ਤੇ ਸਿੰਗਲ ਕਲਿੱਕ ਰਾਹੀਂ ਫ਼ੋਟੋਆਂ ਨੂੰ ਅੱਪਲੋਡ ਕੀਤਾ ਜਾ ਸਕਦਾ ਹੈ।
- ਇਹ ਇੱਕ ਮੁਫ਼ਤ ਐਪ ਹੈ ਜਿਸ ਰਾਹੀਂ ਆਪਣੇ ਦੋਸਤਾਂ ਨੂੰ ਲੱਭ ਕੇ ਉਨ੍ਹਾਂ ਨਾਲ ਸੰਪਰਕ ਕਾਇਮ ਕੀਤਾ ਜਾ ਸਕਦਾ ਹੈ।
- ਅਸੀਂ ਫ਼ੋਟੋਆਂ ਨਾਲ ਸਬੰਧਿਤ ਟਿੱਪਣੀਆਂ ਅਤੇ ਹੋਰ ਸਮਗਰੀ ਨੂੰ ਸਰਚ ਬਕਸੇ ਰਾਹੀਂ ਲੱਭ ਸਕਦੇ ਹਾਂ।
- ਅੱਪਲੋਡ ਕੀਤੀਆਂ ਫ਼ੋਟੋਆਂ ਨੂੰ ਆਪਣੀ ਪ੍ਰਾਈਵੇਟ ਐਲਬਮ ਵਿਚ ਸਟੋਰ ਕੀਤਾ ਜਾ ਸਕਦਾ ਹੈ।
- ਇਸ ਵਿਚ ਆਟੋ-ਬੈਕਅਪ ਦੀ ਸੁਵਿਧਾ ਹੈ। ਇਸ ਦਾ ਅਰਥ ਇਹ ਹੈ ਕਿ ਫ਼ੋਨ ਵਿਚ ਸੇਵ ਹੋਈਆਂ ਫ਼ੋਟੋਆਂ ਦਾ ਐਪ ਆਪਣੇ-ਆਪ ਬੈਕਅਪ ਲੈ ਕੇ ਤੁਹਾਡੇ ਪ੍ਰਾਈਵੇਟ ਟਿਕਾਣੇ 'ਤੇ ਪਾਉਂਦੀ ਰਹਿੰਦੀ ਹੈ।
- ਇਸ ਰਾਹੀਂ ਫ਼ੋਟੋਆਂ ਦੇ ਨਾਲ-ਨਾਲ ਵੀਡੀਓ, ਮੂਵੀ ਅਤੇ ਐਨੀਮੇਸ਼ਨ ਨੂੰ ਵੀ ਸ਼ੇਅਰ ਕੀਤਾ ਜਾ ਸਕਦਾ ਹੈ।
- ਇਸ ਵਿਚ ਫ਼ੋਟੋਆਂ ਨੂੰ ਛਾਂਟ ਕੇ ਉਨ੍ਹਾਂ ਦੀ ਸੰਪਾਦਨਾ ਕੀਤੀ ਜਾ ਸਕਦੀ ਹੈ।
- ਇਸ ਵਿਚ ਸਮੂਹ (Group) ਬਣਾਉਣ ਦੀ ਵਿਵਸਥਾ ਹੈ। ਅਸੀਂ ਆਪਣੇ ਸਮੂਹ ਦੇ ਮੈਂਬਰਾਂ ਨਾਲ ਵੀਡੀਓ ਕਾਲ ਰਾਹੀਂ ਜੁੜ ਸਕਦੇ ਹਾਂ। ਇੱਕ ਸਮੂਹ ਵਿਚ 10 ਮੈਂਬਰਾਂ ਨਾਲ ਇਕੱਠੇ ਗੱਲ-ਬਾਤ ਕਰ ਸਕਦੇ ਹਾਂ।
ਹਾਲਾਂਕਿ ਗੂਗਲ ਦਾ ਇਹ ਸ਼ਕਤੀਸ਼ਾਲੀ ਪ੍ਰੋਗਰਾਮ ਬੇਹੱਦ ਫ਼ਾਇਦੇਮੰਦ ਹੈ ਪਰ ਇਸ ਵਿਚ ਸਹੀ ਤਰੀਕੇ ਨਾਲ ਕੰਮ ਕਰਨ ਲਈ ਉੱਚ ਰਫ਼ਤਾਰ ਵਾਲਾ (3-ਜੀ ਜਾਂ ਵਾਈ-ਫਾਈ) ਇੰਟਰਨੈੱਟ ਕਨੈੱਕਸ਼ਨ ਹੋਣਾ ਚਾਹੀਦਾ ਹੈ। ਵਰਤੋਂਕਾਰ ਦਾ ਗੂਗਲ 'Ú ਖਾਤਾ ਹੋਣਾ ਜ਼ਰੂਰੀ ਹੈ 'ਤੇ ਅੱਪਲੋਡ ਕੀਤੀ ਜਾਣ ਵਾਲੀ ਫ਼ੋਟੋ 2048 ਪਿਕਸਲ ਤੋਂ ਵੱਡੀ ਨਹੀਂ ਹੋਣੀ ਚਾਹੀਦੀ।
ਪਿਛਲੀ ਲੜੀ ਪੜ੍ਹਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
http://www.babushahi.com/punjabi/opinion.php?oid=2259
-
ਡਾ. ਸੀ.ਪੀ ਕੰਬੋਜ , ਅਸਿਸਟੈਂਟ ਪ੍ਰੋਫ਼ੈਸਰ; ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ; ਪੰਜਾਬੀ ਯੂਨੀਵਰਸਿਟੀ, ਪਟਿਆਲਾ
cpk@pbi.ac.in
94174-55614
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.