ਅੱਜ ਵੀਹ ਦਸੰਬਰ ਹੈ। ਅੱਜ ਪੰਜਾਬੀ ਲੋਕ ਗਾਇਕੀ ਦਾ ਸੂਰਜ ਸਦੀਵੀ ਤੌਰ ਤੇ ਅਸਤਿਆ ਸੀ।
ਉਹ ਲਾਲ ਵੀ ਸੀ ਚੰਦ ਵੀ।
ਯਮਲਾ ਜੱਟ ਸੀ ਸਿਆਲਕੋਟੀਆ।
ਬਾਰ ਦੇ ਜੰਗਲਾਂ ਚ ਮਾਪੇ ਤੁਰ ਗਏ। ਨਾਲ ਹੀ ਲਾਲ ਚੰਦ ਦਾ ਸਿਆਲਕੋਟ ਛੁੱਟ ਗਿਆ।
ਪਰ ਗਾਇਕੀ ਚ ਹਾਜ਼ਰ ਨਾਜ਼ਰ ਰਿਹਾ।
18 ਦਸੰਬਰ 1991 ਚ ਉਸ ਆਖਰੀ ਗੱਲਾਂ ਕੀਤੀਆਂ ਸਾਡੇ ਨਾਲ। ਸ: ਜਗਦੇਵ ਸਿੰਘ ਜੱਸੋਵਾਲ ਤੇ ਮੈਂ ਮੋਹਨ ਦੇਈ ਓਸਵਾਲ ਹਸਪਤਾਲ ਚ ਖ਼ਬਰ ਲੈਣ ਗਏ ਤਾਂ ਉਹ ਉਦਾਸ ਸੀ।
ਹਾਉਕਾ ਭਰ ਕੇ ਬੋਲਿਆ, ਗੈਂਗਰੀਨ ਦਾ ਜ਼ਖ਼ਮ ਠੀਕ ਨਹੀਂ ਹੋ ਰਿਹਾ। ਕਹਿੰਦੇ ਲੱਤ ਕੱਟਣੀ ਪਊ। ਫਿਰ ਜੀਅ ਕੇ ਵੀ ਕੀ ਲੈਣੈਂ।
ਉਸ ਨਾਲ ਪੂਰੀ ਹਯਾਤੀ ਬਹੁਤ ਗੱਲਾਂ ਕੀਤੀਆਂ। ਵੱਖਰੀ ਰੂਹ ਸੀ ਉਹ।
ਯਮਲਾ ਆਪਣੇ ਸਿਰਜਕ ਆਪੇ ਦੀ ਗੱਲ ਕਰਦਿਆਂ ਦੱਸਦਾ।
ਮੈਂ ਸੁੰਦਰ ਦਾਸ ਆਸੀ ਦਾ ਸ਼ਾਗਿਰਦ ਹਾਂ। ਉਹ ਧਨੀ ਰਾਮ ਚਾਤ੍ਰਿਕ ਦੇ ਸ਼ਾਗਿਰਦ ਸਨ ਤੇ ਉਹ ਅੱਗਿਉਂ ਭਾਈ ਵੀਰ ਸਿੰਘ ਜੀ ਦੇ।
ਗਿਆਨੀ ਰਾਮ ਨਰੈਣ ਸਿੰਘ ਦਰਦੀ ਨੇ ਮੈਨੂੰ ਆਸੀ ਜੀ ਦਾ ਸ਼ਾਗਿਰਦ ਪਾਇਆ ਸੀ।
ਗੁਰਮੁੰਖੀ ਅੱਖਰ ਮੈਂ ਤੇਜ ਕੌਰ ਦਰਦੀ ਜੀ ਤੋਂ ਲਿਖਣੇ ਸਿੱਖੇ।
ਉਹ ਆਪਣੀਆਂ ਤਿੰਨ ਕਿਤਾਬਾਂ
ਤੂੰਬੀ ਦੀ ਤਾਰ, ਤੂੰਬੀ ਦੀ ਪੁਕਾਰ ਤੇ ਤੂੰਬੀ ਦਾ ਸ਼ਿਗਾਰ ਦੇ ਹਵਾਲੇ ਨਾਲ ਗੱਲ ਅੱਗੇ ਤੇਰਦਿਆਂ ਦੱਸਦੇ ਕਿ ਇਹ ਕਿਤਾਬਾਂ ਪ੍ਰੋ: ਕਿਰਪਾਲ ਸਿੰਘ ਕਸੇਲ ਜੀ ਦੀ ਦੋਸਤੀ ਤੇ ਮੁਹੱਬਤ ਦਾ ਪ੍ਰਤਾਪ ਹੈ।
ਕਸੇਲ ਜੀ ਦੀ ਸਾਲੀ ਮਹਿੰਦਰਜੀਤ ਕੌਰ ਨੇ ਵੀ ਲੰਮਾ ਸਮਾਂ ਯਮਲਾ ਜੱਟ ਜੀ ਨਾਲ ਗਾਇਆ।
ਯਮਲਾ ਜੱਟ ਦੀ ਅੱਜ ਬਰਸੀ ਹੈ।
ਇਸ ਮੌਕੇ ਪਰਿਵਾਰ ਵੱਲੋਂ ਬੱਸ ਸਟੈਂਡ ਲੁਧਿਆਣਾ ਸਾਹਮਣੇ ਪਾਰਕ ਵਿੱਚ ਮੈਡੀਕਲ ਕੈਂਪ ਲਗਾਇਆ ਗਿਐ।
ਯਮਲਾ ਜੱਟ ਵੀ ਜਵਾਹਰ ਨਗਰ ਕੈਂਪ ਚ ਗਰੀਬ ਗਵਾਂਢੀਆਂ ਲਈ ਵੱਡੀ ਬੁੱਕਲ ਬਣਦੇ ਸਨ। ਹੁਣ ਇੱਕੋ ਪੁੱਤਰ ਕਰਤਾਰ ਹੀ ਹੈ ਜਾਂ ਅੱਗਿਉਂ ਪੋਤਰੇ।
ਵਿਰਾਸਤ ਦੇ ਵਾਰਿਸ ਵਿਜੈ ਯਮਲਾ ਜੱਟ ਤੇ ਸੁਰੇਸ਼ ਯਮਲਾ ਸਮੇਤ ਪੂਰਾ ਪਰਿਵਾਰ ਬਾਪੂ ਦੀ ਗੱਲ ਅੱਗੇ ਤੋਰ ਰਿਹੈ।
ਯਮਲਾ ਜੱਟ ਨੂੰ ਅਕੀਦਤ ਦੇ ਫੁੱਲ ਭੇਂਟ ਕਰਦਿਆਂ ਯਾਦਾਂ ਦੇ ਪੰਖੇਰੂ ਘੁੰਮਰੀਆਂ ਪਾਉਂਦੇ ਫਿਰ ਰਹੇ ਨੇ।
ਹਾਲ ਦੀ ਘੜੀ ਇਹੀ ਪ੍ਰਵਾਨ ਕਰੋ।
ਯਮਲਾ ਜੱਟ ਵਰਗੇ ਦਰਵੇਸ਼ ਗਵੱਈਆਂ ਦੀ ਫ਼ਸਲ ਮੁੱਕ ਗਈ ਗਈ ਹੈ।
ਉਨ੍ਹਾਂ ਨੂੰ ਚਿਤਵਦਿਆਂ ਇੱਕ ਨਜ਼ਮ ਲਿਖੀ ਸੀ ਤੁਸੀਂ ਵੀ ਪੜ੍ਹੋ।
ਸਾਈਂ ਲੋਕ ਗਾਉਂਦੇ
ਗੁਰਭਜਨ ਗਿੱਲ
ਸਾਈਂ ਲੋਕ ਗਾਉਂਦੇ
ਮੈਨੂੰ ਬੜੇ ਹੀ ਚੰਗੇ ਲੱਗਦੇ ਨੇ।
ਜਿਵੇਂ ਦਰਿਆ ਵਜਦ ਚ
ਲਹਿਰ ਲਹਿਰ ਸੁਰ ਲਾਉਂਦਾ।
ਸ਼ਰੀਂਹ ਦੀਆਂ ਸੁੱਕੀਆਂ ਫ਼ਲੀਆਂ
ਛਣਕਦੀਆਂ ਪੱਤਝੜ ਰੁੱਤੇ।
ਖ਼ਾਨਗਾਹ ਤੇ ਬਲ਼ਦਾ
ਸਰ੍ਹੋਂ ਦੇ ਤੇਲ ਵਾਲਾ ਚਿਰਾਗ।
ਸਾਈਂ ਲੋਕ ਗਾਉਂਦੇ
ਮੈਨੂੰ ਕੀਲ ਬਿਠਾਉਂਦੇ ਨੇ
ਬੇਚੈਨ ਬਿਰਤੀਆਂ
ਪਾਣੀ ‘ਚ ਡੁੱਬੇ ਭਰੇ ਘੜੇ ਵਾਂਗ
ਰੱਜ ਜਾਂਦੀ ਹੈ ਦੋਤਾਰਾ ਸੁਣਦਿਆਂ।
ਸਵੇਰ ਸਾਰ ਪ੍ਰਭਾਤੀ ਗਾਉਂਦਾ
ਜੋਗੀਆ ਲੀੜਿਆਂ ਵਾਲਾ
ਬਾਬਾ ਗਿਰ ਆਉਂਦਾ ਦਿਨ ਚੜ੍ਹੇ।
ਉਹਦੀ ਚਿੱਪੀ ਚ ਗੁੜ ਵਾਲੀ ਚਾਹ
ਮੈਂ ਹੀ ਉਲੱਦਦਾ।
ਲੱਗਦਾ ਕਿ ਸੁਰੀਲਾ ਰੱਬ
ਸਾਡੇ ਬਰੂੰਹੀਂ ਬੈਠਾ ਆਣਕੇ।
ਆਾਟਾ ਮੰਗਦਾ ਆਪਣੇ ਟੱਬਰ ਲਈ
ਸਾਡੇ ਟੱਬਰ ਲਈ ਅਸੀਸਾਂ ਵੰਡਦਾ
ਨਿੱਕਾ ਜਿਹਾ ਸੁਰਵੰਤਾ ਵਕਤ।
ਅਜੇ ਵੀ ਮੇਰੇ ਨਾਲ ਨਾਲ
ਤੁਰਦੀਆਂ ਨੇ ਉਹਦੀਆਂ ਪ੍ਰਭਾਤੀਆਂ
ਸਾਢੇ ਤਿੰਨ ਹੱਥ ਧਰਤੀ
ਬਹੁਤੀਆਂ ਜਾਗੀਰਾਂ ਵਾਲਿਆ।
ਕੰਮ ਕਰ ਲੈ ਨਿਮਾਣੀਏ ਜਿੰਦੇ,
ਸੁੱਤਿਆਂ ਨਾ ਦਿਨ ਚੜ੍ਹਨਾ।
ਵੇਖ ਤੁਰ ਪਏ ਹਲਾਂ ਨੂੰ ਹਾਲੀ,
ਜਿੰਦੇ ਤੂੰ ਘੁਰਾੜੇ ਮਾਰਦੀ।
ਤੇਰਾ ਚੰਮ ਨਹੀਂ ਕਿਸੇ ਕੰਮ ਆਉਣਾ,
ਪਸ਼ੂਆਂ ਦੇ ਹੱਡ ਵਿਕਦੇ।
ਪਰਤਦਾ ਤਾਂ ਲੱਗਦਾ
ਪਿੰਡੋਂ ਰੂਹ ਚਲੀ ਗਈ ਹੈ
ਸੁਰਮੰਡਲ ਸਮੇਟ ਕੇ।
ਨਾਲ ਹੀ ਲੈ ਗਿਆ ਹੈ ਬਾਵਾ ਗਿਰ
ਸੁਰ ਲਹਿਰੀਆਂ।
ਕਿਤਾਬਾਂ ਚ ਬੜਾ ਲੱਭਿਐ ਪੂਰੀ ਉਮਰ
ਉਹ ਕੌਣ ਸੀ
ਤੁਰਦੇ ਫਿਰਦੇ ਵਿਸਮਾਦ ਨਾਦ ਜਿਹਾ
ਹੱਡ ਮਾਸ ਦਾ ਪੁਤਲਾ ਜਿਹਾ।
ਆਟੇ ਦੀ ਲੱਪ ਬਦਲੇ
ਗਲੀ ਗਲੀ ਫਿਰਦਾ ਸਮੂਲਚਾ ਰੱਬ।
ਬਹੁਤ ਬਾਦ ਚ ਪਤਾ ਲੱਗਿਆ
ਰੱਬ ਬੜੀ ਸ਼ੈਅ ਹੈ
ਕਦੇ ਛਿਪ ਜਾਂਦਾ ਹੈ
ਮਰਦਾਨੇ ਦੀ ਰਬਾਬ ‘ਚ
ਬਾਣੀ ਦੇ ਅੰਗ ਸੰਗ ਤੁਰਨ ਲਈ।
ਪੈਰੀਂ ਘੁੰਗਰੂ ਬੰਨ੍ਹ ਕੇ
ਬਣ ਜਾਂਦਾ ਹੈ ਬੁੱਲ੍ਹਾ
ਇਸ਼ਕ ਚ ਨੱਚਦਾ
ਕਰਦਾ ਥੱਈਆ ਥੱਈਆ।
ਤੂੰਬੇ ਦੀ ਤੂੰਬੀ ਬਣਾ
ਬਣ ਜਾਂਦਾ ਹੈ ਯਮਲਾ ਜੱਟ।
ਵਜਦ ਚ ਗਾਉਂਦਾ ਹੋ ਜਾਂਦਾ ਹੈ
ਸਾਈਂ ਦੀਵਾਨਾ,
ਸਾਈਂ ਮੁਸ਼ਤਾਕ,
ਸਾਈਂ ਜ਼ਹੂਰ,
ਮੇਰਾ ਹਜ਼ੂਰ।
ਤੂੰਬਾ ਬੁੜ੍ਹਕਦਾ ਹੈ
ਘੁਲ ਜਾਂਦਾ ਹੈ ਸਾਹਾਂ ਚ
ਇਸ਼ਕ ਅੱਲ੍ਹਾ ਚੰਬੇ ਦੀ ਬੂਟੀ ਬਣ
ਕਣ ਕਣ ਸਰੂਰਦਾ।
ਘੜਾ ਵੱਜਦਾ,
ਕਿੰਗ ਵੱਜਦੀ,
ਤੂੰ ਤੂੰਬਾ ਵੱਜਦਾ
ਸੁਣ ਜਿੰਦੜੀ
ਇਹ ਦੁਨੀਆ ਬਾਗ
ਬਹਿਸ਼ਤੀ ਏ,
ਹਰ ਰੰਗ ਦੇ ਫੁੱਲ ਤੂੰ
ਚੁਣ ਜਿੰਦੜੀ।
ਹੁਣ ਪਤਾ ਲੱਗੈ ਕਿ ਸਾਈਂ ਲੋਕ
ਮੈਨੂੰ ਕਿਉਂ ਚੰਗੇ ਲੱਗਦੇ?
ਇਹ ਕਿਤਾਬਾਂ ਦੇ ਗੁਲਾਮ ਨਹੀਂ
ਧਰਤੀ ਕਾਗਦੁ ਬਣਾਉਂਦੇ
ਸੁਰਾਂ ਨਾਲ ਅੰਬਰ ਤੇ
ਇਬਾਰਤ ਲਿਖਦੇ ਰਮਤੇ ਜੋਗੀ।
ਸਾਗਰ ਜਿੱਡੇ ਜੇਰੇ
ਤੋੜਨ ਬੰਧਨ ਘੇਰੇ।
ਸਾਈਂ ਲੋਕ ਗਾਉਂਦੇ ਤਾਂ ਹੀ ਜਾਪਦੇ ਨੇ
ਗਲੀਆਂ ‘ ਚ ਤੁਰਦੇ ਫਿਰਦੇ ਰੱਬ।
????????????????????
ਸੰਪਰਕ: 0161-2970999
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.