ਮੈਂ ਇਹ ਵਾਕ 1965-66 ਚ ਜਿਸ ਵਿਅਕਤੀ ਪਾਸੋਂ ਸੁਣਿਆ ਸੀ, ਉਨ੍ਹਾਂ ਦੀ ਗੱਲ ਹੁਣ ਸਮਝ ਪਈ ਹੈ 50 ਸਾਲਾਂ ਬਾਦ।
ਉਹ ਲਾਇਲਪੁਰ ਖਾਲਸਾ ਕਾਲਿਜ ਚ ਜਲੰਧਰ ਪੜ੍ਹਦੇ ਸੀ ਤੇ ਬਟਾਲੇ ਬੇਰਿੰਗ ਯੂਨੀਅਨ ਕਰਿਸਚਨ ਕਾਲਿਜ ਦੇ ਭਾਸ਼ਨ ਮੁਕਾਬਲਿਆਂ ਚ ਭਾਗ ਲੈਣ ਆਏ ਸੀ।
ਰਾਤੀਂ ਸੁੱਤੇ। ਸਵੇਰਸਾਰ ਉਹ ਆਪਣਾ ਭਾਸ਼ਨ ਸ਼ੀਸ਼ੇ ਸਾਹਮਣੇ ਖਲੋ ਕੇ ਦੁਹਰਾ ਰਹੇ ਸਨ। ਲੱਗ ਰਿਹਾ ਸੀ ਕਿ ਉਹ ਸ਼ੀਸ਼ੇ ਦੀ ਗਵਾਹੀ ਪੁਆ ਰਹੇ ਨੇ।
ਮੈਂ ਸਿਰਫ਼ 12-13 ਸਾਲ ਦਾ ਬਾਲਕਾ ਸਾਂ। ਗਹੁ ਨਾਲ ਵਾਚਦਿਆਂ ਪੁੱਛ ਹੀ ਲਿਆ।
ਭਾ ਜੀ ਇਹ ਕੀ ਕਰਦੇ ਸੀ?
ਉਹ ਬੋਲੇ, ਸ਼ੀਸ਼ਾ ਦੱਸ ਦਿੰਦਾ ਹੈ ਕਿ ਕਿਹੜੀ ਗੱਲ ਕਰਨ ਲੱਗਿਆਂ ਮੇਰੇ ਹਾਵ ਭਾਵ ਕੀ ਸਨ। ਸ਼ਬਦ ਦੀ ਬਹੁਤੀ ਸ਼ਕਤੀ ਵਿਸ਼ਵਾਸ ਤੇ ਪ੍ਰਗਟਾਵੇ ਵਿੱਚ ਹੈ।
ਉਦੋਂ ਇਹ ਗੱਲ ਬੜੀ ਅਜੀਬ ਲੱਗੀ ਪਰ ਆਪਣੇ ਸੰਬੋਧਨਾਂ ‘ਚ ਵਰਤੀ ਬਹੁਤ ਹੈ। ਸ਼ੀਸ਼ੇ ਨੂੰ ਬਿਨ ਦੱਸਿਆਂ।
ਭਾ ਜੀ ਸ਼ੀਸ਼ਾ ਬਣ ਗਏ।
ਉਹ ਬੀ ਏ ਬੀ ਐੱਡ ਕਰਕੇ ਜਲੰਧਰ ਦੇ ਇੱਕ ਖਾਲਸਾ ਸਕੂਲ ਚ ਪੜ੍ਹਾਉਣ ਲੱਗ ਪਏ। ਸਾਹਿੱਤ ਸਿਰਜਦੇ ਪਰ ਕਲਮੀ ਨਾਮ ਹੇਠ। ਪ੍ਰਗਟ ਘੱਟ ਹੀ ਹੁੰਦੇ।
ਇਕਨਾਮਿਕਸ ਚ ਐੱਮ ਏ ਕਰਕੇ ਕਰਨਾਲ ਮਾਪਿਆਂ ਦੇ ਜ਼ੋਰ ਪਾਉਣ ਤੇ ਗੁਰੂ ਨਾਨਕ ਖਾਲਸਾ ਕਾਲਿਜ ਚ ਲੈਕਚਰਰ ਲੱਗ ਗਏ।
ਸ਼ਾਮਾਂ ਨੂੰ ਅਕਾਦਮਿਕ ਕਾਰਜਾਂ ਚ ਪਾਉਣ ਲਈ ਕੁਰੂਖੇਤਰ ਤੋਂ ਲਾਅ ਦੀ ਡਿਗਰੀ ਕਰ ਲਈ।
ਅਧਿਆਪਨ ਸ਼ੌਕ ਸੀ ਪਰ ਨਿੱਕੇ ਵੀਰ ਦੀ ਹਾਦਸੇ ਚ ਅਚਨਚੇਤੀ ਮੌਤ ਨੇ ਸਾਡਾ ਸਾਰਾ ਟੱਬਰ ਝੰਜੋੜ ਕੇ ਰੱਖ ਦਿੱਤਾ।
ਵਕਾਲਤ ਚ ਪਿਤਾ ਜੀ ਦਾ ਵੱਡਾ ਨਾਮ ਸੀ। ਇੱਛਾ ਅੱਗੇ ਝੁਕਦਿਆਂ ਕਾਲਾ ਕੋਟ ਪਾ ਲਿਆ। ਕਾਨੂੰਨ ਦੀਆਂ ਕਿਤਾਬਾਂ ਦੇ ਅੰਦਰ ਬਾਹਰ ਵੇਖਿਆ। ਸ਼ੀਸ਼ਾ ਨਾਲ ਨਾਲ ਸੀ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਬਿਰਧ ਬਿਰਖਾਂ ਨਾਲ ਯਾਰੀ ਪਾ ਲਈ।
ਲਿਆਕਤ ਦਾ ਸੁਮੇਲ ਕਰਕੇ ਪਿਰਧ ਬਾਬਿਆਂ ਦੇ ਤਜ਼ਰਬੇ ਨਾਲ ਮਿਲਾਏ। ਵਿਸ਼ਲੇਸ਼ਣੀ ਅੱਖ ਤੇ ਮਾਨਵ ਹਿਤੈ਼ਸ਼ੀ ਸਾਹਿੱਤ ਸੂਝ ਨਾਲ ਨਾਲ ਤੁਰੀ।
ਹਕੂਮਤੀ ਤਾਣਾ ਬਾਣਾ ਇਨ੍ਹਾਂ ਦੀ ਲਿਆਕਤ ਅੱਗੇ ਨਤਮਸਤਕ ਹੋਣ ਲੱਗਾ।
ਇੱਕ ਵੇਲਾ ਆਇਆ
ਸਰਕਾਰ ਦਾ ਐਡਵੋਕੇਟ ਜਨਰਲ ਬਣਨਾ ਪਿਆ।
ਖੂਬ ਨਿਭਾਈ ਖ਼ਾਨਦਾਨੀ ਦਸਤਾਰ ਦੀ ਲਾਜ।
ਸਿਰਜਕ ਆਪਾ ਕਹਿੰਦਾ
ਉਹਦਾ ਅੰਦਾਜ਼ ਹੋ ਜਾਂਦਾ ਏ ਖਚਰੀ ਵੇਸਵਾ ਵਰਗਾ,
ਕਲਾ ਜਦ ਰਾਜ ਦਰਬਾਰੇ ਸਲਾਮਾਂ ਕਰਨ ਲੱਗਦੀ ਏ।
ਉਨ੍ਹਾਂ ਹਾਈਕੋਰਟ ਦੇ ਨਾਲ ਨਾਲ ਸੁਪਰੀਮ ਕੋਰਟ ਵੱਲ ਰੁਖ਼ ਕਰ ਲਿਆ।
ਦੇਸ਼ ਦੇ ਵੱਡੇ ਵਕੀਲਾਂ ਨੇ ਉਨ੍ਹਾਂ ਦਾ ਨਾਮ ਸਤਿਕਾਰ ਨਾਲ ਲੈਣਾ ਸ਼ੁਰੂ ਕਰ ਦਿੱਤਾ।
ਵੱਡੇ ਕੇਸਾਂ ਦੇ ਵੱਡੇ ਫੈਸਲਿਆਂ ਚ ਉਨ੍ਹਾਂ ਦੀ ਰਾਇ ਮੁੱਲਵਾਨ ਗਿਣੀ ਜਾਂਦੀ ਹੈ।
ਉਨ੍ਹਾਂ ਦੀ ਗੁੜ੍ਹਤੀ ਚ ਦੇਸ਼ ਭਗਤ ਸੂਰਮੇ ਹਨ।
ਉਨ੍ਹਾਂ ਕਦੇ ਲਿਖਿਆ ਸੀ
ਉੱਠ ਬਦਲੀ ਨਹੀਂ ਇਨਸਾਨ ਦੀ ਤਕਦੀਰ ਹਾਲੇ ਵੀ।
ਨਜ਼ਰ ਸੱਖਣੀ ਤੇ ਗਲਮਾ ਲੀਰੋ ਲੀਰ ਹਾਲੇ ਵੀ।
ਤੇ ਵਾਜਾਂ ਮਾਰਦੀ ਏ ਦੇਸ਼ ਦੀ ਭਟਕੀ ਜਵਾਨੀ ਨੂੰ, ਮਾਨਵਤਾ ਦੇ ਪੈਰੀਂ ਛਣਕਦੀ ਜੰਜ਼ੀਰ ਹਾਲੇ ਵੀ।
ਇੱਕ ਹੋਰ ਥਾਂ ਲਿਖਿਆ ਸੀ
ਵਤਨਾਂ ਦੇ ਲੇਖੇ ਲੱਗਦਾ ਏ, ਇੱਕ ਇੱਕ ਅਰਮਾਨ ਸ਼ਹੀਦਾਂ ਦਾ।
ਤੇ ਦੇਸ਼ ਦੀ ਖ਼ਾਤਰ ਮਰਨਾ ਹੀ, ਹੁੰਦਾ ਈਮਾਨ ਸ਼ਹੀਦਾਂ ਦਾ।
ਦੇ ਦੇ ਕੁਰਬਾਨੀ ਵੀਰਾਂ ਦੀ, ਹਰ ਕੌਮ ਜਵਾਨੀ ਚੜ੍ਹਦੀ ਏ,
ਵਤਨਾਂ ਦੇ ਸਿਰ ਤੇ ਰਹਿੰਦਾ ਏ ਹਰ ਦਮ ਅਹਿਸਾਨ ਸ਼ਹੀਦਾਂ ਦਾ।
ਪਰ ਤੁਹਾਨੂੰ ਪਤਾ ਨਹੀਂ ਲੱਗਣਾ ਕਿਉਂਕਿ ਰਾਜ ਕਸ਼ਮੀਰੀ ਨਾਮ ਦੇ ਕਲਮੀ ਹੇਠ ਇਹ ਰੁਬਾਈਆਂ ਕਿਸੇ ਵੇਲੇ ਦੇਸ਼ ਭਗਤ ਯਾਦਾਂ ਮੈਗਜ਼ੀਨ ਚ ਛਪੀਆਂ ਸਨ।
ਦੋਸਤੋ! ਗੱਲ ਲੰਮੀ ਨਾ ਕਰਾਂ
ਇਹ ਉਹੀ ਰਾਜ ਕਸ਼ਮੀਰੀ ਹਨ, ਜਿੰਨ੍ਹਾਂ ਨੂੰ ਸੁਪਰੀਮ ਕੋਰਟ ਦੇ ਚੀਫ ਜਸਟਿਸ ਏ ਬੀ ਸ਼ਾਹ ਨੇ ਸੀ ਬੀ ਆਈ ਵੱਲੋਂ ਦਿੱਲੀ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਖ਼ਿਲਾਫ਼ਵਕੀਲਾਂ ਦੇ ਪੈਨਲ ਦਾ ਮੁਖੀ ਥਾਪਿਆ ਸੀ।
ਇਹ ਸ਼ੀਸ਼ੇ ਨੂੰ ਆਪਣਾ ਸੱਚ ਸੁਣਾਉਣ ਵਾਲੇ ਸਾਬਕਾ ਅਧਿਆਪਕ, ਸਾਬਕਾ ਪ੍ਰੋਫੈਸਰ, ਸਾਬਕਾ ਐਡਵੋਕੇਟ ਜਨਰਲ ਕੋਈ ਹੋਰ ਨਹੀਂ, ਮੋਟੀ ਮੋਟੀ ਅੱਖ ਤੇ ਪਾਰਦਰਸ਼ੀ ਨੀਝ ਵਾਲੇ ਕੋਈ ਹੋਰ ਨਹੀਂ
ਸਾਡੇ ਪਰਿਵਾਰ ਦੇ ਰੌਸ਼ਨ ਚਿਰਾਗ ਸ: ਰਾਜਿੰਦਰ ਸਿੰਘ ਚੀਮਾ ਹਨ।
ਮੇਰੇ ਸਭ ਤੋਂ ਵੱਡੀ ਲੱਧੇ ਵਾਲਾ ਵੜੈਚ (ਗੁਜਰਾਂਵਾਲਾ)ਵਿਆਹੀ ਭੂਆ ਜੀ ਦੀ ਇਕਲੌਤੀ ਧੀ ਭੈਣ ਜੀ ਹਰਬੰਸ ਦੇ ਪਲੇਠੇ ਪੁੱਤਰ।
ਉਮਰੋਂ ਚੋਖੇ ਵੱਡੇ ਪਰ ਰਿਸ਼ਤਿਉਂ ਭਣੇਵੇਂ
ਇਨ੍ਹਾਂ ਦੇ ਸਤਿਕਾਰਯੋਗ ਪਿਤਾ ਜੀ ਤੇ ਸਾਡੇ ਭਾ ਜੀ ਸ: ਜੋਗਿੰਦਰ ਸਿੰਘ ਚੀਮਾ
ਵੇਸ਼ ਵੰਡ ਉਪਰੰਤਲੇ ਪੰਜਾਬ ਦੇ ਵੱਡੇ ਵਕੀਲ ਸਨ।
ਕਰਨਾਲ ਚ ਸ: ਜੋਗਿੰਦਰ ਸਿੰਘ ਚੀਮਾ ਤੇ ਸ: ਨਿਸ਼ਾਨ ਸਿੰਘ ਭਿੰਡਰ ਦੀ ਮਿਸਾਲੀ ਦੋਸਤੀ ਦਾ ਜ਼ਿਕਰ ਹੁਣ ਤੀਕ ਜਿਉਂਦਾ ਹੈ। ਸ: ਪ੍ਰਤਾਪ ਸਿੰਘ ਕੈਰੋਂ ਨਾਲ ਮੁਹੱਬਤੀ ਰਿਸ਼ਤਾ ਸੀ ਬਿਨਾ ਲਾਗ ਤੇ ਲਗਾਓ।
ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਚੋਂ ਬਰੀ ਕਰਵਾਉਣ ਵਾਲੀ ਲਿਆਕਤ ਵੀ ਸ: ਰਾਜਿੰਦਰ ਸਿੰਘ ਚੀਮਾ ਹੀ ਸਨ।
ਸੱਜਣ ਕੁਮਾਰ ਨੂੰ ਦੁਰਜਨ ਕੁਮਾਰ ਸਾਬਤ ਕਰਨਾ ਏਨਾ ਸੌਖਾ ਨਹੀਂ ਸੀ। ਉਨ੍ਹਾਂ ਕਰ ਵਿਖਾਇਆ।
ਉਮਰ ਕੈਦ ਚ ਬੈਠਾ ਦੁਰਜਨ ਕੁਮਾਰ ਨਾਲੇ ਤਾਂ ਉਹ ਆਪਣੀ ਕਰਤੂਤ ਤੇ ਰੋਵੇਗਾ ਨਾਲੇ ਮਰਦੇ ਦਮ ਤੀਕ ਸ਼ੀਸ਼ੇ ਨੂੰ ਕੋਸੇਗਾ ਕਿ ਦੁਨਿਆਵੀ ਤਾਕਤ ਦੇ ਹੁੰਦਿਆਂ ਤੂੰ ਮੈਨੂੰ ਅੰਨ੍ਹਾ ਕਿਉਂ ਕਰੀ ਰੱਖਿਆ।
ਤਰਲੇ ਮਾਰੇਗਾ ਪਰ ਪਾਣੀ ਬਹੁਤ ਅੱਗੇ ਨਿਕਲ ਚੁਕਾ ਹੈ।
ਪਿੱਛੋਂ ਸੁੱਝੀ: ਉਮਰੋਂ ਫਾਸਲੇ ਕਾਰਨ ਮੈਂ ਉਨ੍ਹਾਂ ਨੂੰ ਹਮੇਸ਼ਾਂ ਭਾ ਜੀ ਸੰਬੋਧਨ ਨਾਲ ਹੀ ਬੁਲਾਉਂਦਾ ਹਾਂ।
ਪਰ ਉਹ ਮੈਨੂੰ ਕਦੇ ਕਦੇ ਮਿਲਣ ਤੇ
ਹੋਰ ਫਿਰ ਮਾਮਾ ਜੀ! ਕੀ ਹਾਲ ਹੈ, ਕਹਿ ਕੇ ਛੇੜ ਲੈਂਦੇ ਹਨ।
ਮੈਨੂੰ ਚੇਤੇ ਹੈ, ਜਦ ਉਨ੍ਹਾਂ ਵਕਾਲਤ ਕੀਤੀ ਤਾਂ ਹੱਸ ਕੇ ਕਹਿਣ ਲੱਗੇ, ਬਹੁਤਾ ਨਹੀਂ ਪੜ੍ਹਨਾ ਪਿਆ, ਵੜੈਚਾਂ ਦਾ ਦੋਹਤਰਾ ਹੋਣ ਕਰਕੇ ਅੱਧਾ ਵਕੀਲ ਤਾਂ ਮੈਂ ਜਮਾਂਦਰੂ ਹੀ ਸਾਂ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.