ਪ੍ਰੋ: ਸੁਖਵੰਤ ਸਿੰਘ ਗਿੱਲ ਮੇਰੇ ਵੱਡੇ ਵੀਰ ਹਨ। ਬਟਾਲਾ ਦੇ ਅਰਬਨ ਅਸਟੇਟ ਚ ਵੱਸਦੇ ਹਨ। ਸਮਾਜਿਕ ਸਰੋਕਾਰਾਂ ਨੂੰ ਸਮਝਣਾ, ਸਮਝਾਉਣਾ ਤੇ ਨਜਿੱਠਣਾ ਉਨ੍ਹਾਂ ਦਾ ਪੁਰਾਣਾ ਸ਼ੌਕ ਹੈ।
ਜ਼ਿੰਦਗੀ ਦੇ ਨਿੱਕੇ ਨਿੱਕੇ ਵੇਰਵੇ ਲਿਖਦੇ ਲਿਖਦੇ ਉਹ ਫਾਈਲਾਂ ਨੂੰ ਸੌਪੀ ਜਾਂਦੇ ਸਨ। ਮੈਂ ਇੱਕ ਵਾਰ ਕਿਹਾ ਕਿ ਇਹ ਲੇਖ ਕਹਾਣੀਆਂ ਫਾਈਲਾਂ ਰੂਪੀ ਕਬਰਾਂ ਚ ਨਾ ਪਾਈ ਜਾਉ। ਇਸ ਦੀਆਂ ਕਲਮਾਂ ਲੋਕ ਮਨਾਂ ਚ ਲਾਉ, ਪ੍ਰਕਾਸ਼ਿਤ ਕਰਕੇ।
ਪਿੰਡ ਬਸੰਤ ਕੋਟ ਤੋਂ ਲੈ ਕੇ ਇੰਗਲੈਂਡ , ਆਸਟਰੇਲੀਆ ਤੀਕ ਉਨ੍ਹਾਂ ਦੇ ਤਜ਼ਰਬੇ ਫ਼ੈਲੇ ਹੋਏ ਨੇ।
ਉਹ ਲਿਖਣ ਵਿੱਚ ਮੁਹਾਰਤ ਹਾਸਲ ਕਰ ਗਏ ਹਨ।
ਵਕਤਨਾਮਾ ਉਨ੍ਹਾਂ ਦੀ ਤੀਸਰੀ ਕਿਤਾਬ ਹੈ। ਵਾਰਤਕ ਦੀ ਦੂਸਰੀ। ਇੱਕ ਕਿਤਾਬ ਕਹਾਣੀਆਂ ਦੀ ਸੀ ਵਿਚਕਾਰ
ਧਰਤੀ ਗਾਥਾ
ਹੁਣ ਵਕਤਨਾਮਾ ਵਿੱਚ ਪੇਸ਼ ਲੇਖਾਂ ਬਾਰੇ ਉਨ੍ਹਾਂ ਦਾ ਕਥਨ ਹੈ ਕਿ ਇਹ ਸਿਰਫ਼ ਵਕਤ ਦੀ ਪੈੜ ਸੰਭਾਲਣ ਦੀ ਕੋਸ਼ਿਸ਼ ਹੈ।
ਅੰਮ੍ਰਿਤਾ ਪ੍ਰੀਤਮ ਜੀ ਦੇ ਕਹਿਣ ਮੁਤਾਬਕ
ਮਾਣ ਸੁੱਚੇ ਇਸ਼ਕ ਦਾ ਹੈ
ਹੁਨਰ ਦਾ ਦਾਅਵਾ ਨਹੀਂ।
ਗੌਰਮਿੰਟ ਕਾਲਿਜ ਕਾਲਾ ਅਫਗਾਨਾ ਤੇ ਗੌਰਮਿੰਟ ਕਾਲਿਜ ਗੁਰਦਾਸਪੁਰ ਚ ਲਗਪਗ 35 ਸਾਲ ਪੁਲਿਟੀਕਲ ਸਾਇੰਸ ਪੜ੍ਹਾਉਂਦੇ ਰਹੇ ਮੇਰੇ ਭਾ ਜੀ ਰਾਜਨੀਤਕ ਅਰਥਚਾਰੇ, ਸਭਿਆਚਾਰਕ ਸ਼ਕਤੀ, ਭਾਈਚਾਰਕ ਵਿਗਠਨ ਤੇ ਸਮਾਜਿਕ ਤਣਾਉ ਦੇ ਨਾਲ ਨਾਲ ਆਮ ਬੰਦੇ ਦੀ ਹੋਣੀ ਰਗ ਰਗ ਤੋਂ ਵਾਕਿਫ਼ ਹਨ, ਸ਼ਾਇਦ ਇਸੇ ਕਰਕੇ ਵੱਖਰੀ ਕਿਸਮ ਦੀ ਬੇਚੈਨੀ ਉਨ੍ਹਾਂ ਦੇ ਸੁਭਾਅ ਦੀ ਭਾਗ ਰੇਖਾ ਬਣ ਗਈ ਹੈ।
ਇਹ ਸੁਲੱਖਣੀ ਬੇਚੈਨੀ ਹੀ ਕਲਮਕਾਰ ਬਣਨ ਦੇ ਰਾਹ ਤੋਰਦੀ ਹੈ।
ਸਹਿਜ ਤੇ ਸੁਹਜ ਸਿਰਜਣ ਚ ਕਰਮਸ਼ੀਲਤਾ ਕਈ ਵਾਰ ਸਮਾਜਿਕ ਰਫ਼ਤਾਰ ਨਾਲ ਮੇਲ ਨਾ ਖਾਵੇ ਤਾਂ ਮਨ ਉਤੇਜਿਤ ਹੋ ਜਾਂਦਾ ਹੈ।
ਇਹ ਉਤੇਜਨਾ ਪ੍ਰਜਵਲਿਤ ਰਹਿਣੀ ਹੀ ਜਿਉਂਦੇ ਹੋਣ ਦਾ ਪ੍ਰਮਾਣ ਹੈ।
ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਵੱਲੋਂ ਹੀ ਅਮਿਤ ਮਿੱਤਰ ਉਨ੍ਹਾਂ ਦੀ ਤੀਸਰੀ ਕਿਤਾਬ ਵਕਤਨਾਮਾ ਪ੍ਰਕਾਸ਼ਿਤ ਕਰ ਰਿਹਾ ਹੈ। ਸਵਰਨਜੀਤ ਸਵੀ ਨੇ ਇਸ ਨੂੰ ਤੇਜਪ੍ਰਤਾਪ ਸਿੰਘ ਸੰਧੂ ਦੀ ਤਸਵੀਰ ਨਾਲ ਕਵਰ ਡੀਜ਼ਾਈਨ ਨਾਲ ਸ਼ਿੰਗਾਰਿਆ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ ਨੇ ਆਪਣੀ ਮੁੱਲਵਾਨ ਟਿੱਪਣੀ ਚ ਕਿਹਾ ਹੈ ਕਿ ਸੁਖਵੰਤ ਨੇ ਵਕਤ ਦੀ ਨਬਜ਼ ਨੂੰ ਫੜਿਆ ਹੈ, ਇਸ ਦਾ ਮੈਨੂੰ ਮਾਣ ਹੈ।
ਨਵਾਂ ਸਾਲ 2019 ਚੜ੍ਹਦਿਆਂ ਪੁਸਤਕ ਦਾ ਸੁਆਗਤ ਕਰਾਂਗੇ।
ਗੁਰਭਜਨ ਗਿੱਲ
19.12.2018
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.