ਪੰਜਾਬ ‘ਚ 12 ਹਜ਼ਾਰ ਪਿੰਡਾਂ ਦੀਆਂ ਪੰਚਾਇਤੀ ਚੋਣਾ ਹੋਣ ਜਾ ਰਹੀਆਂ ਨੇ, ਇਨ੍ਹਾਂ ਚੋਣਾ ‘ਚ ਵਿਕਾਸ ਦੇ ਬਹੁਤੇ ਸਾਰੇ ਕੰਮਾਂ ਨੂੰ ਚੋਣ ਮੁਦਾ ਬਣਾਇਆ ਜਾਦਾਂ ਹੈ, ਪਰ ਕਦੇ ਵੀ ਕਿਸੇ ਕੱਲੇ-ਕਹਿਰੇ ਬੰਦੇ ਦੀ ਮੁਸ਼ਕਿਲ ਨੂੰ ਮੁੱਦਾ ਨਹੀਂ ਬਣਾਇਆ ਜਾਦਾਂ। ਇਹੋ ਜਿਹੀ ਹੀ ਇੱਕ ਕਹਾਣੀ ਡੇਰਾਬੱਸੀ ਹਲਕੇ 'ਚ ਪੈਂਦੇ ਪਿੰਡ ਮਲਕਪੁਰ ਦੇ ਇੱਕ ਮਜ਼ਦੂਰ ਪਰਿਵਾਰ ਦੀ ਹੈ, ਜੋ ਮਿਹਨਤ ਦੀ ਰੋਟੀ ਖਾ ਕੇ ਖੁਸ਼ ਹੈ। ਕਾਲੇ (ਅਮਰਜੀਤ ਸਿੰਘ) ਕੋਲ ਦੋ ਬੱਚੇ ਹਨ। ਕਾਲਾ ਪਿੰਡ ਦੇ ਹੀ ਜ਼ਿਮੀਂਦਾਰਾਂ ਕੋਲ ਪਿਛਲੇ ਢਾਈ ਦਹਾਕਿਆਂ ਤੋਂ ਨੌਕਰੀ ਕਰਦਾ ਆ ਰਿਹਾ ਹੈ ਅਤੇ ਉਸ ਦੀ ਪਤਨੀ ਪਿੰਡ ਦੇ ਵੱਖ-ਵੱਖ ਘਰਾਂ 'ਚ ਝਾੜੂ-ਪੋਚੇ ਦਾ ਕੰਮ ਕਰਦੀ ਹੈ। ਦੋਵਾਂ ਜੀਆਂ ਨੇ ਮਿਹਨਤ-ਮਜ਼ਦੂਰੀ ਕਰਕੇ ਆਪਣੇ ਕੱਚੇ ਘਰ 'ਤੇ ਛੱਤ ਤਾਂ ਪੱਕੀ ਪਾ ਲਈ , ਪਰ ਉਹ ਕਹਿੰਦਾ ਹੈ, ਕਿ ਘਰ ਨੂੰ ਰਾਹ ਕਿੱਥੋ ਲਿਆਵਾਂ । ਹੈਰਾਨੀ ਦੀ ਗੱਲ ਹੈ, ਕਿ ਉਸ ਦੇ ਘਰ ਨੂੰ ਕੋਈ ਰਸਤਾ ਹੀ ਨਹੀਂ ਲੱਗਾ ਹੋਇਆ ਅਤੇ ਨਾ ਪਾਣੀ ਦੀ ਨਿਕਾਸੀ ਦਾ ਇੰਤਜ਼ਾਮ ਹੈ। ਘੱਟੋ-ਘੱਟ ਲੰਘੇ 2 ਦਹਾਕੇ ਤੋਂ ਇਹ ਪਰਿਵਾਰ ਬਿਨ੍ਹਾਂ ਰਾਹ ਤੋਂ ਹੀਲੋਕਾਂ ਦੀਆਂ ਰੂੜੀਆਂ ਟੱਪ ਕੇ ਲੰਘਣ ਲਈ ਮਜ਼ਬੂਰ ਹੈ। ਵੱਡੀ ਗੱਲ ਇਹ ਹੈ, ਕਿ ਇਹ ਪਰਿਵਾਰ ਲੋਕਤੰਤਰ ਦਾ ਥੰਮ ਮੰਨੀਆਂ ਜਾਂਦੀਆਂ ਚੋਣਾਂ, ਭਾਵੇ ਲੋਕ ਸਭਾ ਦੀਆਂਹੋਣ, ਚਾਹੇ ਵਿਧਾਨ ਸਭਾ ਦੀਆਂ ਜਾਂ ਫਿਰ ਪੰਚਾਇਤੀ ਚੋਣਾਂ ਹੋਣ, ਕਦੇ ਵੀ ਵੋਟਾਂ ਪਾਉਣ ਤੋਂ ਨਹੀਂ ਖੁੰਜਿਆ। ਪਰ ਉਹਨਾਂ ਦੇ ਪੱਲੇ ਸਿਆਸਤਦਾਨਾਂ ਦੇ ਲਾਰਿਆਂ ਤੋਂ ਬਿਨ੍ਹਾਂ ਕੁੱਝ ਨਹੀਂ ਪਿਆ । ਜਦੋਂ ਲੰਘੀਆਂ ਪੰਚਾਇਤਾਂ ਦੇ ਮੈਂਬਰਾਂ ਨਾਲ ਗੱਲ ਕੀਤੀ ਜਾਂਦੀ ਹੈ, ਤਾਂ ਉਹ ਕਾਲੇ ਦੇ ਘਰ ਦੇ ਨੇੜੇ ਕੋਈ ਪੰਚਾਇਤੀ ਥਾਂ ਨਾ ਹੋਣ ਦਾ ਬਹਾਨਾ ਲਾ ਕੇ ਪੱਲਾ ਝਾੜ ਲੈਂਦੇ ਨੇ। ਪਰ ਕਹਿੰਦੇ ਨੇ ਕਿ ਜੇਕਰ ਬੰਦਾ ਚਾਹੇ, ਤਾਂ ਆਸਮਾਨ ਨੂੰ ਵੀ ਪੌੜੀ ਲਾਉਣ ਤੱਕ ਜਾਂਦਾ ਹੈ, ਇਹ ਤਾਂ ਫਿਰ ਪਿੰਡ ਦੇ ਲੋਕਾਂ ਵੱਲੋਂ ਚੁਣੇ ਪੰਚ-ਸਰਪੰਚ ਸਨ। ਇਸ ਮਸਲੇ ਦਾ ਹੱਲ ਕੱਢਣਾ ਪੰਚਾਇਤਾਂ ਲਈ ਕੋਈ ਵੱਡੀ ਗੱਲ ਨਹੀਂ ਹੈ, ਜਿਹੜੀ ਥਾਂ 'ਚੋਂ ਰਸਤਾ ਲੰਘਣਾ ਹੈ, ਉਹ ਕੋਈ ਲਗਭਗ 2ਵਿਸਵੇ ਥਾਂ ਹੈ, ਜਿਸ ਨੂੰ ਪੰਚਾਇਤ ਖਰੀਦ ਵੀ ਸਕਦੀ ਸੀ ਅਤੇ ਥਾਂ ਦੇ ਮਾਲਕਾਂ ਨਾਲ ਪਿੰਡ ਦੇ ਕਿਸੇ ਹੋਰ ਕੋਨੇ 'ਚ ਥਾਂ ਦਾ ਇੰਤਜ਼ਾਮ ਕਰਕੇ ਤਬਾਦਲਾ ਵੀ ਕਰ ਸਕਦੀ ਸੀ, ਪਰ ਇਸ ਮਸਲੇ 'ਤੇ ਲੰਘੀਆਂ ਪੰਚਾਇਤਾਂ ਨੇ ਰਸਤੇ 'ਚ ਪੈਦੇਂ ਥਾਂ ਦੇ ਮਾਲਕਾਂ ਨਾਲ ਕਦੇ ਕੋਈ ਰਾਬਤਾ ਕਰਨਾ ਵੀ ਮੁਨਾਸਿਬ ਨਹੀਂ ਸਮਝਦਾ।
ਇਹ ਪਰਿਵਾਰ ਅੱਜ ਵੀ ਸਰਪੰਚੀ ਦੀ ਚੋਣ ਲੜ ਰਹੇ, ਉਮੀਦਵਾਰਾਂ ਤੋਂ ਆਪਣੇ ਢਾਰੇ ਨੂੰ ਰਾਹ ਲੱਗਣ ਦੀ ਉਮੀਦ ਕਰੀ ਬੈਠਾ ਹੈ, ਪਰ ਅਜੇ ਇਹ ਇੱਕ ਸੁਫ਼ਨੇ ਵਾਂਗ ਹੀ ਹੈ। ਦੂਜੇ ਪਾਸੇ ਐਤਕੀ ਸਰਪੰਚੀ ਦੀ ਚੋਣ ਲਈ ਤਿੰਨ ਉਮੀਦਵਾਰ ਮੈਦਾਨ 'ਚ ਨਿੱਤਰੇ ਨੇ ਅਤੇ ਤਿੰਨੇ ਜਣੇ ਸੂਝਵਾਨ, ਪੜ੍ਹੇ -ਲਿਖੇ ਅਤੇ ਸ਼ਰੀਫ ਇਨਸਾਨ ਨੇ। ਇਸ ਤੋਂ ਵੀ ਅਹਿਮ ਗੱਲ ਇਹ ਹੈ, ਕਿ ਤਿੰਨ ਉਮੀਦਵਾਰਾਂ 'ਚੋ ਦੋ ਸਿੱਧੇ ਤੌਰ 'ਤੇ ਸੱਤਾਧਾਰੀ (ਕਾਂਗਰਸ) ਪਾਰਟੀ ਨਾਲ ਜੁੜੇ ਹੋਏ ਹਨ ਅਤੇ ਤੀਜੇ ਉਮੀਦਵਾਰ ਦਾ ਸਿਆਸੀ ਤਜ਼ਰਬਾ ਬਹੁਤ ਲੰਮਾ ਹੈ। ਹੁਣ ਕਾਲੇ ਦੇ ਪਰਿਵਾਰ ਨੂੰ ਤਿੰਨੇ ਉਮੀਦਵਾਰ ਉਸਦੇ ਘਰ ਨੂੰ 'ਰਾਹ' ਲਾਉਣ ਦਾ ਢਾਰਸ ਦੇ ਰਹੇ ਨੇ। ਇਸ ਗਰੀਬ ਪਰਿਵਾਰ ਦੇ ਘਰ ਨੂੰ ਰਾਹ ਨਸੀਬ ਹੁੰਦਾ ਹੈ ਜਾਂ ਨਹੀਂ, ਇਹ ਵੇਖਣ ਵਾਲੀ ਗੱਲ ਹੋਵੇਗੀ। ਇਹ ਕਹਾਣੀ ਤਾਂ ਪੰਜਾਬ ਦੇ ਇੱਕ ਪਿੰਡ ਦੇ ਇੱਕ ਲੋੜਵੰਦ ਪਰਿਵਾਰ ਦੀ ਹੈ, ਬਾਕੀ ਪੰਜਾਬ ‘ਚ ਪਤਾ ਨਹੀਂ ਹੋਰ ਕਿੰਨੇ ਅਜਿਹੇ ਪਰਿਵਾਰ ਨੇ ਜੋ ਇਹੋ ਜਿਹੀਆਂ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਹੋਣਗੇ।
-
ਮਲਕੀਤ ਸਿੰਘ ਮਲਕਪੁਰ ,
surjitkuhar@gmail.com
98154-48201
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.