ਫ਼ੈਸਲਾ....
..ਕਈ ਦਿਨ ਮੈਂ ਆਵਦੇ ਡੈਡੀ ਤੋਂ ਡਰਦਾ ਰਿਹਾ, ਸੱਦਣ 'ਤੇ ਕੋਲੇ ਨੀਂ ਜਾਂਦਾ ਸੀ, ਹਾਕ ਮਾਰਦੇ ਤਾਂ ਭੱਜ ਜਾਂਦਾ, ਵਾਲ ਕਟਵਾ ਕੇ ਬੜੇ ਅਜੀਬ ਲੱਗਦੇ ਸੀ ਮੇਰੇ ਡੈਡੀ । ਇਹ ਮਨੋਦਸ਼ਾ ਹੈ ਉਸ ਬੱਚੇ ਦੀ ਜਿਸ ਨੂੰ ਇਹ ਪਤਾ ਨਹੀਂ ਸੀ ਕਿ ਵਾਪਰਿਆ ਕੀ ਹੈ । ਗੱਲ ਨਵੰਬਰ 1984 ਦੀ ਹੈ, 1984 ਚ ਮੈਂ 7 ਸਾਲ ਦਾ ਬੱਚਾ ਸੀ, ਮੇਰੇ ਡੈਡੀ ਸ: ਜਸਵੀਰ ਸਿੰਘ ਬਰਾੜ ਨੇ ਕੇਸ ਰੱਖੇ ਹੋਏ ਸੀ ਤੇ ਪੱਗ ਬੰਨ੍ਹਦੇ ਹੁੰਦੇ ਸੀ. ਮੈਂ ਬਚਪਨ ਤੋਂ ਡੈਡੀ ਨੂੰ ਪੱਗ ਬੰਨ੍ਹਦੇ ਹੀ ਦੇਖਿਆ ਸੀ . ਜਦੋਂ ਨਵੰਬਰ 1984 ਚ ਉਹ ਕਈ ਦਿਨਾਂ ਬਾਅਦ ਘਰ ਪਰਤੇ ਤਾਂ ਵਾਲ ਕੱਟੇ ਹੋਏ ਸਨ . ਮੈਂ ਡਰਦਾ ਕਈ ਦਿਨਾਂ ਤੱਕ ਉਨ੍ਹਾਂ ਦੇ ਕੋਲੇ ਵੀਂ ਨੀਂ ਗਿਆ ।
ਦਰਅਸਲ ਸਾਡੇ ਪਰਿਵਾਰ ਦਾ ਸ਼ੁਰੂ ਤੋਂ ਹੀ ਟਰਾਂਸਪੋਰਟ ਦਾ ਕੰਮ ਸੀ ਤੇ ਡੈਡੀ ਅਕਸਰ ਟਰੱਕਾਂ ਨਾਲ ਬਾਹਰ-ਅੰਦਰ ਜਾਂਦੇ ਰਹਿੰਦੇ ਸੀ । 31 ਅਕਤੂਬਰ 1984 ਵਾਲੇ ਦਿਨ ਵੀ ਉਹ ਦਿੱਲੀ ਚ ਸਨ ਜਦੋਂ ਅਚਾਨਕ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੀ ਖ਼ਬਰ ਆਈ, ਮੇਰੇ ਡੈਡੀ ਉਸ ਵੇਲੇ ਆਪਣੇ ਕੁਝ ਹੋਰ ਸਾਥੀ ਟਰਾਂਸਪੋਰਟਰਾਂ ਨਾਲ ਬੈਠੇ ਸਨ ਤਾਂ ਉਨ੍ਹਾਂ ਚ ਚਰਚਾ ਵੀ ਹੋਈ ਕਿ ਇੰਦਰਾ ਗਾਂਧੀ ਦੀ ਹੱਤਿਆ ਕਰਨ ਵਾਲੇ ਸਿੱਖ ਵਿਅਕਤੀ ਸਨ ਇਸ ਕਰਕੇ ਮਹੌਲ ਵਿਗੜਨ ਦਾ ਖ਼ਤਰਾ ਹੈ ਪਰ ਕਿਸੇ ਨੇ ਜ਼ਿਆਦਾ ਗੰਭੀਰਤਾ ਨਾਲ ਨਹੀਂ ਲਿਆ ।
ਉਹ ਦਿਨ ਤਾਂ ਲੰਘ ਗਿਆ ਪਰ ਅਗਲੇ ਦਿਨ ਮਹੌਲ ਵਿਗੜ ਗਿਆ ਤੇ ਕਤਲੇਆਮ ਸ਼ੁਰੂ ਹੋ ਗਿਆ, ਸਿੱਖਾਂ ਨੂੰ ਲੱਭ ਲੱਭ ਕੇ ਕਤਲ ਕੀਤਾ ਜਾਣ ਲੱਗਿਆ, ਰਾਜਧਾਨੀ ਅੱਗ ਦੇ ਭਾਂਬੜ ਚ ਬਦਲ ਗਈ, ਮੇਰੇ ਡੈਡੀ ਆਪਣੇ ਸਾਥੀਆਂ ਨਾਲ ਟਰੱਕ ਲੈਕੇ ਦਿੱਲੀ ਤੋਂ ਮੇਰਠ ਵਾਲੇ ਪਾਸੇ ਚੱਲ ਪਏ ਕਿਉਂਕਿ ਟਰੱਕਾਂ ਚ ਉੱਥੋਂ ਦਾ ਮਾਲ ਭਰਿਆ ਸੀ, ਕਿਸੇ ਤਰਾਂ ਉਹ ਬਚਦੇ ਬਚਾਉਂਦੇ ਦਿੱਲੀ ਚੋਂ ਤਾਂ ਨਿਕਲ ਗਏ ਪਰ ਦਿੱਲੀ ਦੇ ਬਾਹਰ ਮੇਰਠ ਰੋਡ 'ਤੇ ਭੀੜ ਨੇ ਘੇਰਾ ਪਾ ਲਿਆ । ਸਾਰੇ ਟਰੱਕ ਛੱਡ ਕੇ ਜੰਗਲ ਵੱਲ ਦੌੜ ਗਏ, ਤੇ ਭੀੜ ਨੇ ਇੱਕ ਵਾਢਿਓ ਸਾਰੇ ਟਰੱਕਾਂ ਨੂੰ ਲਾਂਬੂ ਲਾ ਤੇ । ਦੂਰ ਜੰਗਲ ਚ ਲੁਕੇ ਹੋਏ ਮੇਰੇ ਡੈਡੀ ਹੋਰੀਂ ਅੱਗ ਦੀਆਂ ਲਪਟਾਂ ਵੇਖਦੇ ਰਹੇ, ਸਮਝ ਆ ਚੁੱਕਿਆ ਸੀ ਕਿ ਪੰਜਾਬ ਵੱਲ ਸਿਰ ਤੇ ਪੱਗ ਰੱਖ ਕੇ ਕਦੇ ਨੀਂ ਪਰਤ ਸਕਦੇ, ਅਖੀਰ ਖ਼ੁਦ ਹੀ ਇਕ ਦੂਜੇ ਦੇ ਵਾਲ ਕੱਟੇ ਤੇ ਲੁਕਦੇ ਲਕਾਂਉਦੇ ਕਈ ਦਿਨਾਂ ਬਾਅਦ ਪੰਜਾਬ ਪਰਤੇ, ਜਾਨ ਤਾਂ ਬਚ ਗਈ ਪਰ ਕੰਮਕਾਰ ਸਾਰਾ ਤਬਾਹ ਹੋ ਗਿਆ । ਮੈਨੂੰ ਯਾਦ ਹੈ ਉਸ ਵੇਲੇ ਮੇਰੇ ਡੈਡੀ ਦੱਸਦੇ ਹੁੰਦੇ ਸੀ ਵੀ ਕਰੀਬ 8 ਲੱਖ ਦਾ ਨੁਕਸਾਨ ਹੋਇਆ ਸਾਡਾ ਤੇ 1984 ਚ 8 ਲੱਖ ਦੀ ਕੀ ਅਹਿਮੀਅਤ ਸੀ ਇਹ ਮੈਨੂੰ ਬਹੁਤ ਸਾਲਾਂ ਬਾਅਦ ਸਮਝ ਆਇਆ ।
ਇਹ ਵੀ ਸਮਝ ਨੀਂ ਸਕਿਆ ਕਿ ਪੱਗ ਬੰਨ੍ਹਣ ਵਾਲਿਆਂ ਨੂੰ ਕਿਉਂ ਮਾਰਦੇ ਸੀ ਤੇ ਨਾਂ ਹੀ ਡੈਡੀ ਨੇ ਕਦੇ ਜ਼ਿਆਦਾ ਦੱਸਿਆ ਇਸ ਬਾਰੇ । ਪਤਾ ਨੀਂ ਕਿੰਨੇ ਪਰਿਵਾਰ ਉੱਜੜ ਗਏ, ਕਿੰਨੇ ਬੇਦੋਸ਼ਿਆਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ, ਮੇਰੇ ਡੈਡੀ ਨੇ ਕਦੇ ਵੀ ਹੌਸਲਾ ਨੀਂ ਹਾਰਿਆ, ਤਿਣਕਾ ਤਿਣਕਾ ਇਕੱਠਾ ਕਰ ਦੁਬਾਰਾ ਕੰਮਕਾਰ ਦੀ ਸ਼ੁਰੂਆਤ ਕੀਤੀ ਤੇ ਬਾਕੀ ਦੀ ਜ਼ਿੰਦਗੀ ਸੰਘਰਸ਼ ਕਰਦੇ ਹੀ ਨਿਕਲ਼ ਗਈ । ਨਿੱਕੇ ਹੁੰਦਿਆਂ ਮੈਂ ਉਹ ਪੀੜ੍ਹ ਹਰ ਪਲ ਮਹਿਸੂਸ ਕੀਤੀ, ਕਦੇ ਕਦੇ ਡੈਡੀ ਕਹਿੰਦੇ ਸੀ ਕਿ ਕੇਸ ਚੱਲਦੇ ਆ, ਫ਼ੈਸਲਾ ਆਊਗਾ ਇੱਕ ਦਿਨ, ਫ਼ੈਸਲਾ ਤਾਂ ਨਹੀਂ ਆਇਆ, ਪਰ ਡੈਡੀ ਨੂੰ ਫ਼ੈਸਲਾ ਉਡੀਕਦੇ ਉਡੀਕਦੇ ਜਹਾਨੋਂ ਤੁਰਿਆਂ ਨੂੰ ਵੀ ਅੱਜ 13 ਸਾਲ ਹੋਗੇ ਤੇ ਆਰਥਿਕ ਤੌਰ ਤੇ ਵੱਜੀ ਸੱਟ ਨੇ ਮੇਰੀ ਵੀ ਜ਼ਿੰਦਗੀ ਦੇ ਸੰਘਰਸ਼ ਦਾ ਪੈਂਡਾ ਬਹੁਤ ਲੰਮਾ ਕਰ ਦਿੱਤਾ ਜੋ ਅੱਜ ਤੱਕ ਜਾਰੀ ਹੈ ਤੇ ਦਿੱਲੀ ਹਾਈਕੋਰਟ ਦੇ ਅੱਜ ਦੇ ਫ਼ੈਸਲੇ ਨਾਲ ਦਿਲ ਨੂੰ ਸਕੂਨ ਜ਼ਰੂਰ ਮਿਲਿਆ ਹੈ ।
ਫ਼ੈਸਲਾ ਆਉਣ ਤੋਂ ਬਾਅਦ ਸਿਆਸੀ ਜਮਾਤ ਵੱਲੋਂ ਆਪਣੇ ਸਿਰ ਸਿਹਰਾ ਲੈਣ ਦੀ ਹੋੜ ਲੱਗੀ ਹੋਈ ਹੈ, ਉਨ੍ਹਾਂ ਤੋਂ ਵੀ ਮੇਰੇ ਕੁਝ ਸਵਾਲ ਨੇ ਕਿ ਇਸ ਕਤਲੇਆਮ ਤੋਂ ਬਾਅਦ ਆਰਥਿਕ ਤੌਰ ਤੇ ਟੁੱਟ ਚੁੱਕੇ ਪਰਿਵਾਰਾਂ ਦੀ ਕਿਸੇ ਨੇ ਬਾਂਹ ਫੜ੍ਹੀ? ਮੇਰੇ ਸਕੂਲ ਚ ਫ਼ੀਸ ਨਾਂ ਭਰ ਸਕਣ ਕਰਕੇ ਮੈਨੂੰ ਕਲਾਸ ਚ ਖੜ੍ਹਾ ਰੱਖਿਆ ਜਾਂਦਾ ਸੀ, ਉਦੋਂ ਸਿਆਸੀ ਜਮਾਤਾਂ ਜਾਂ ਧਾਰਮਿਕ ਜਥੇਬੰਦੀਆਂ ਕਿੱਥੇ ਸਨ? ਪੰਥਕ ਜਮਾਤਾਂ ਨੇ ਆਪਣੇ ਰਾਜਭਾਗ ਦੌਰਾਨ ਕਿੰਨੇ 84 ਪੀੜਤ ਪਰਿਵਾਰਾਂ ਦੀ ਮਦਦ ਕੀਤੀ ? ਆਰਥਿਕ ਤੌਰ ਤੇ ਜੋ ਸੰਘਰਸ਼ ਮੈਂ ਖ਼ੁਦ ਹੰਢਾਇਆ, ਉਹ ਸ਼ਾਇਦ ਸਿਹਰਾ ਲੈਣ ਵਾਲੇ ਨਾਂ ਤਾਂ ਕਦੇ ਸਮਝ ਸਕੇ ਨੇ ਤੇ ਨਾਂ ਕੀ ਕਦੇ ਸਮਝ ਸਕਦੇ ਨੇ ।
ਖ਼ੈਰ, ਅੱਜ 17 ਦਸੰਬਰ 2018 ਨੂੰ ਜਦੋਂ ਫ਼ੈਸਲਾ ਆਇਆ ਕਿ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਤੇ ਨਿਊਜ਼ ਸਟੂਡੀਓ ਚ ਮੈਨੂੰ ਹੀ ਖ਼ਬਰਾਂ ਪੜ੍ਹਨ ਦਾ ਮੌਕਾ ਮਿਲਿਆ, ਇੱਕ ਇੱਕ ਸ਼ਬਦ ਉਚਾਰਦੇ ਸਾਰਾ ਬਚਪਨ, ਸਾਰੀਆਂ ਘਟਨਾਵਾਂ ਅੱਖਾਂ ਮੂਹਰੇ ਘੁੰਮ ਗਈਆਂ । ਮੈਂ ਆਪਣੇ ਬਚਪਨ ਵੇਲੇ ਦੇ ਪਰਿਵਾਰ ਦੇ ਦਰਦ ਨੂੰ ਮਹਿਸੂਸ ਜ਼ਰੂਰ ਕੀਤਾ ਪਰ ਬੀਬੀ ਜਗਦੀਸ਼ ਕੌਰ ਦੇ ਹੰਝੂਆਂ ਅੱਗੇ ਇਹ ਦਰਦ ਬਹੁਤ ਛੋਟਾ ਜਾਪਿਆ ।
ਫ਼ੋਟੋ ਕੈੱਪਸ਼ਨਸ :1- ਨਿੱਕੇ ਹੁੰਦੇ ਵਿਜੇ ਬਰਾੜ ਆਪਣੇ ਪਿਤਾ ਦੀ ਗੋਦ 'ਚ
2-ਵਿਜੇ ਅਤੇ ਉਸਦਾ ਭਰਾ 1984 ਤੋਂ ਬਾਅਦ ਆਪਣੇ ਪਿਤਾ ਨਾਲ
3- ਵਿਜੇ ਬਰਾੜ ਆਪਣੇ ਚੈਨਲ ਤੇ ਸੱਜਣ ਕੁਮਾਰ ਦੀ ਸਜ਼ਾ ਦੀ ਰਿਪੋਰਟ ਨਸ਼ਰ ਕਰਦੇ ਹੋਏ
17-12-2018
-
ਵਿਜੇਪਾਲ ਸਿੰਘ ਬਰਾੜ, ਡਿਪਟੀ ਨਿਊਜ਼ ਅਡੀਟਰ, ਨਿਊਜ਼ 18 ਪੰਜਾਬ
vijaybrar12@gmail.com
+91-9878132180
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.