ਐਤਵਾਰ ਸੋਲ੍ਹਾਂ ਦਸੰਬਰ ਨੂੰ ਜਦੋਂ ਬਹੁਤ ਸਾਰੇ ਲੋਕ, ਰਵਾਇਤੀ ਛੁੱਟੀ ਦਾ ਅਨੰਦ ਲੈ ਰਹੇ ਸਨ। ਉਦੋਂ ਬਹੁਤ ਸਾਰੇ ਲੋਕ ਇਹੋ ਜਿਹੇ ਵੀ ਸਨ, ਜਿਹੜੇ ਲਗਾਤਾਰ ਆਪਣੇ ਕੰਮਾਂ ਵਿਚ ਲੱਗੇ ਸਨ। ਇਸੇ ਦੋ-ਧਾਰਾਈ ਵਰਤਾਰੇ ਦੌਰਾਨ ਸਿਆਸੀ ਪੱਖ ਤੋਂ ਜਿਹੜੀ ਖ਼ਬਰ ਸਭ ਤੋਂ ਵੱਧ ਧਿਆਨ ਖਿੱਚਦੀ ਜਾਪਦੀ ਸੀ- ਉਹ ਸੀ, 'ਟਕਸਾਲੀ ਬਾਗ਼ੀ ਅਕਾਲੀਆਂ ਨੇ ਨਵਾਂ ਅਕਾਲੀ ਦਲ ਉਸਾਰਿਆ'। ਇਸ ਅਕਾਲੀ ਦਲ ਵਿਚ ਰਵਾਇਤੀ ਅਕਾਲੀ ਦਲ ਵਿੱਚੋਂ ਕੱਢੇ ਤੇ ਫ਼ਤਹਿ ਬੁਲਾ ਚੁੱਕੇ ਬਹੁਤ ਸਾਰੇ ਅਜਿਹੇ ਅਕਾਲੀ ਸਿਆਸਤਦਾਨ ਹਨ, ਜਿਹੜੇ ਮੁਕਾਬਲਤਨ ਭ੍ਰਿਸ਼ਟਾਚਾਰ ਦੇ ਦਾਗ਼ ਲੱਗਣ ਤੋਂ ਬਚੇ ਹਨ ਜਾਂ ਕਿਸੇ ਦੀ ਚਰਚਾ ਘੱਟ ਹੋਈ ਹੈ।
(2)
ਯਕੀਨਨ, ਨਵਾਂ ਅਕਾਲੀ ਦਲ ਉੱਸਰਨਾ ਪੰਜਾਬ ਦੀ ਸਿਆਸਤ ਤੇ ਲੋਕ-ਜੀਵਨ ਨਾਲ ਜੁੜੀ ਵੱਡੀ ਰਾਜਸੀ ਘਟਨਾ ਹੈ। ਅਸੀਂ ਹੁਣ ਨਾ ਤਾਂ ਬਾਦਲ ਗਰੁੱਪ ਦੇ ਕਬਜ਼ੇ ਵਾਲੇ ਅਕਾਲੀ ਦਲ ਦੀ ਬੁਰਾਈ ਕਰਨੀ ਹੈ ਤੇ ਨਾ ਹੀ 'ਟਕਸਾਲੀ' ਸਿਆਸਤਦਾਨਾਂ ਵੱਲੋਂ ਉਸਾਰੇ ਅਕਾਲੀ ਦਲ ਨੂੰ ਵਡਿਆਉਣਾ ਹੈ ਸਗੋਂ ਇਹ ਮਸਲਾ ਵਿਚਾਰਨਾ ਹੈ ਕਿ ਕੀ ਇਹ ਅਕਾਲੀ ਦਲ ਪੰਜਾਬ ਦੀ ਅਵਾਮ ਦੇ ਅਰਮਾਨਾਂ ਦੇ ਮੇਚ ਦਾ ਬਣ ਸਕੇਗਾ?
ਕੀ ਇਹ ਅਕਾਲੀ ਦਲ ਪੰਜਾਬ ਦੀ ਖ਼ਲਕਤ ਦੇ ਉਸ ਹਿੱਸੇ ਦੀ ਨੁਮਾਇੰਦਗੀ ਕਰ ਸਕੇਗਾ, ਜਿਹਦੇ ਲਈ ਅਕਾਲੀ ਦਲ, ਜਥੇਬੰਦੀ ਨਾਲੋਂ, ਵਿਚਾਰਧਾਰਾ ਵੱਧ ਹੈ। ਦਰਅਸਲ, 'ਨਵਾਂ ਟਕਸਾਲੀ ਅਕਾਲੀ ਦਲ' ਸਿਰਫ਼ ਰਵਾਇਤੀ ਅਕਾਲੀਆਂ ਲਈ ਹੀ ਉਤਸੁਕਤਾ ਦਾ ਵਿਸ਼ਾ ਨਹੀਂ ਹੈ ਬਲਕਿ ਪੰਜਾਬ ਦੇ ਇਕ ਇਕ ਵਸਨੀਕ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਨਵਾਂ ਅਕਾਲੀ ਧੜਾ ਉਸਾਰਨ ਵਾਲੇ ਸਿਆਸਤਦਾਨ ਆਮ ਲੋਕਾਂ ਦੀ ਭਲਾਈ ਲਈ ਕਿਹੋ ਜਿਹੀ ਸੋਚ ਰੱਖਦੇ ਹਨ। ਐਤਵਾਰ ਨੂੰ ਨਵਾਂ ਅਕਾਲੀ ਦਲ ਬੱਝਣ ਦੇ ਐਲਾਨ ਤੋਂ ਲੈ ਕੇ ਇਹ ਸਤਰਾਂ ਲਿਖੇ ਜਾਣ ਤਕ ਤਿੰਨ ਚਾਰ ਨਿਰਪੱਖ ਸਿਆਸੀ ਵਿਸ਼ਲੇਸ਼ਕਾਂ ਨਾਲ ਮੇਰੀ ਗੱਲਬਾਤ ਹੁੰਦੀ ਰਹੀ। ਸਭਨਾਂ ਦੇ ਅੱਡੋ ਅੱਡ ਵਿਚਾਰ ਸਨ।
(3)
ਜਿੱਥੋਂ ਤਕ ਸਾਡਾ ਖ਼ਿਆਲ ਹੈ ਨਵੇਂ ਅਕਾਲੀ ਦਲ ਵਿਚ ਰਣਜੀਤ ਸਿੰਘ ਬ੍ਰਹਮਪੁਰਾ ਕਿਉਂਕਿ ਪ੍ਰਧਾਨ ਹਨ ਇਸ ਲਈ ਉਹ ਪੰਜਾਬ ਦੇ ਮਾਝਾ ਖਿੱਤੇ ਦੇ ਅਕਾਲੀਆਂ ਦਾ 'ਦਰਦ' ਘਟਾਉਣ ਲਈ ਆਪਣੇ ਅਕਾਲੀ ਦਲ ਵਿਚ ਮਾਹੌਲ ਜ਼ਰੂਰ ਬਣਾਉਣਗੇ। ਸਿਆਸੀ ਜਾਇਜ਼ਾਕਾਰ ਵਜੋਂ ਮੈਂ ਵੀ ਵੇਖਿਆ ਹੈ ਕਿ ਮਾਝੇ ਨਾਲ ਸਬੰਧਤ ਅਕਾਲੀ ਸਿਆਸਤਦਾਨ ਇਹ ਦੋਸ਼ ਲਾਉਂਦੇ ਹੁੰਦੇ ਸਨ ਕਿ ਪ੍ਰਕਾਸ਼ ਸਿੰਘ ਬਾਦਲ ਹੁਰਾਂ ਨੇ ਆਪਣੀ ਪ੍ਰਧਾਨਗੀ ਹੇਠਲੇ ਅਕਾਲੀ ਦਲ ਨੂੰ 'ਮਲਵਈਆਂ ਦੀ ਚੌਧਰ' ਵਾਲਾ ਅਕਾਲੀ ਦਲ ਬਣਾ ਦਿੱਤਾ ਹੈ। ਹਾਂ, ਇਹ ਠੀਕ ਹੈ ਕਿ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ ਤੋਂ ਲੈ ਕੇ ਬਿੱਟੂ, ਨਿੱਕੂ, ਪਿੰਟੂ ਪੱਧਰ ਦੇ ਆਗੂਆਂ ਤਕ 'ਮਲਵਈਆਂ' ਨੂੰ ਮਾਣ ਦਿੱਤਾ ਜਾਂਦਾ ਰਿਹਾ ਹੈ। ਜਦਕਿ ਹੈਰਾਨੀ ਭਰਿਆ ਇਤਹਾਸਕ ਤੱਥ ਇਹ ਹੈ ਕਿ ਅਕਾਲੀ ਦਲ ਦੇ ਮੁਢਲੇ ਦੌਰ ਵਿਚ ਇਸ ਦੇ ਬਹੁਤੇ ਆਗੂ ਮਾਝਾ ਖਿੱਤੇ ਨਾਲ ਸਬੰਧਤ ਹੁੰਦੇ ਸਨ। ਇਤਿਹਾਸਕ ਤੱਥਾਂ ਮੁਤਾਬਕ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਤੇ ਬਟਾਲਾ ਤੋਂ ਇਲਾਵਾ ਅੰਗਰੇਜ਼ਾਂ ਵੱਲੋਂ ਆਪਣੇ ਪਿੱਠੂਆਂ ਨੂੰ ਸ਼ਹਿ ਦੇਣ ਕਾਰਨ ਮੁਲਕ ਦੀ ਤਕਸੀਮ ਹੋਣ ਮਗਰੋਂ ਜਿਹੜਾ ਸਾਡਾ ਪੰਜਾਬ ਸਾਡੇ ਤੋਂ ਵਿੱਛੜ ਚੁੱਕਾ ਹੈ, ਉਸ ਲਹਿੰਦੇ ਪੰਜਾਬ ਦੇ ਜੰਮਪਲ ਬਹੁਤ ਸਾਰੇ ਆਗੂ (ਵੀ) ਅਕਾਲੀ ਦਲ ਦੇ ਸੁਪਰੀਮੋ ਰਹੇ ਹਨ। ... ਪਰ ਸਵਾਲ ਤਾਂ ਇਹ ਹੈ ਕਿ ਸਿਰਫ਼ ਮਾਲਵੇ ਤੋਂ ਫੋਕਸ ਹਟਾਅ ਕੇ ਮਾਝੇ ਵੱਲ ਕਰ ਦੇਣ ਨਾਲ 'ਅਕਾਲੀ ਮਾਨਸਿਕਤਾ' ਨਾਲ ਬਣਦਾ ਇਨਸਾਫ਼ ਹੋ ਜਾਵੇਗਾ? ਸ਼ੈਦ, ਨਈਂ! ਕੋਈ ਸਮਾਂ ਅਜਿਹਾ ਸੀ ਜਦੋਂ (ਮਰਹੂਮ) ਕੁਲਦੀਪ ਸਿੰਘ ਵਡਾਲਾ ਦਾ ਗਰੁੱਪ ਵੀ ਅਕਾਲੀ ਦਲ ਵਿਚ ਪਾਸੇ ਕੀਤੇ ਹੋਣ ਕਾਰਨ ਦੁਖੀ ਮਹਿਸੂਸ ਕਰਦਾ ਸੀ ਤੇ ਇਸ ਨੂੰ ਅਕਾਲੀ ਦਲ ਵਿੱਚੋਂ 'ਦੋਆਬੇ' ਨੂੰ ਪਿਛਾਂਹ ਧਕਣ ਦੀ ਤਸ਼ਬੀਹ ਦਿੱਤੀ ਜਾਂਦੀ ਹੁੰਦੀ ਸੀ। ਖ਼ੈਰ..!
(4)
ਅਕਾਲੀ ਦਲ ਵਿਚ 'ਮਲਵਈਆਂ' ਦੀ ਚੜ੍ਹਤ ਹੋ ਗਈ ਸੀ, ਇਹ ਵੱਡਾ ਮਸਲਾ ਨਹੀਂ ਹੈ, ਕਲ੍ਹ ਨੂੰ ਮਝੈਲਾਂ ਦੀ ਚੜ੍ਹਤ ਹੋ ਜਾਵੇਗੀ! ਇਹ ਵਰਤਾਰਾ-ਤਬਦੀਲੀ ਬਹੁਤ ਵੱਡੀ ਸਿਫ਼ਤੀ ਤਬਦੀਲੀ ਨਹੀਂ ਆਖੀ ਜਾਵੇਗੀ। ਸਾਡਾ ਮਸਲਾ ਇਹ ਹੈ ਕਿ ਲੋਕਾਈ ਨੁੰ ਕੀ ਮਿਲੇਗਾ? ਆਹ ਜਿਹੜਾ ਨਵਾਂ ਅਕਾਲੀ ਦਲ ਅੰਮ੍ਰਿਤਸਰ ਵਿਚ ਉਸਾਰਿਆ ਗਿਆ ਹੈ, ਇਹਦੀ ਕੇਂਦਰੀ ਅਗਵਾਈ ਨੂੰ ਲੋਕਾਂ ਦੀ ਅਵਾਜ਼ ਸਮਝਣੀ ਚਾਹੀਦੀ ੈਹੈ।
ਲੋਕ ਕੀ ਚਾਹੁੰਦੇ ਹਨ :
ਬੇਅਦਬੀ ਕਾਂਡ ਦੇ ਸਹੀ ਕਸੂਰਵਾਰਾਂ ਨੂੰ ਸਜ਼ਾ ਮਿਲੇ, ਇਹ ਲੋਕਾਈ ਦੀ ਮੰਗ ਹੈ ਤਾਂ ਜੋ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਕਾਹਲੇ ਅਨਸਰਾਂ ਨੁੰ ਕੰਨ੍ਹ ਹੋ ਜਾਣ ਕਿ ਦੇਰ ਨਾਲ ਹੀ ਸਹੀ, ਮਾੜੇ ਬੰਦੇ ਫੜੇ ਜਾਂਦੇ ਹੁੰਦੇ ਹਨ ਤੇ ਫੇਰ ਸਖ਼ਤੀ ਵੀ ਹੁੰਦੀ ਹੈ।
2. ਜੇ ਨਵਾਂ ਅਕਾਲੀ ਦਲ ਹਰਮਨਪਿਆਰਾ ਹੋ ਜਾਂਦਾ ਹੈ ਜਾਂ ਬਾਦਲ ਗਰੁੱਪ ਦਾ ਬਦਲ ਬਣ ਜਾਂਦਾ ਹੈ ਤਾਂ ਇਸ, ਨਵੇਂ ਅਕਾਲੀ ਦਲ ਨੂੰ, ਆਪਣੇ ਚੋਣ ਮੈਨੀਫੈਸਟੋ ਵਿਚ ਸ਼ਾਮਲ ਕਰਨੇ ਪੈਣਗੇ।
ਮਸਲਨ ਕਿ ਪੰਜਾਬ ਵਿਚ ਸਰਕਾਰੀ ਹਸਪਤਾਲਾਂ ਵਿਚ ਬਦਇੰਤਜ਼ਾਮੀ ਸਿਖਰਾਂ 'ਤੇ ਹੈ। ਸਟਾਫ ਆਪਹੁਦਰਾ ਹੋ ਚੁੱਕਾ ਹੈ ਤੇ ਮਰੀਜ਼ਾਂ ਨੂੰ ਦਬਕੇ ਮਾਰਨ ਵਾਲੀ ਸਥਿਤੀ ਬਣ ਚੁੱਕੀ ਹੈ। ਅਜਿਹੀ ਸੂਰਤ ਵਿਚ ਸੈਂਕੜੇ ਆਪਹੁਦਰੇ ਮੈਡੀਕਲ ਕਾਮਿਆਂ ਨੂੰ ਸੁਚੇਤ ਕੀਤਾ ਜਾਵੇ ਤੇ ਫਰਜ਼ ਨਿਭਾਉਣ ਲਈ ਤਿਆਰ ਕੀਤਾ ਜਾਵੇ। ਲੁਟੇਰੇ ਵਪਾਰੀਆਂ ਨੇ ਡਾਕਟਰਾਂ ਨਾਲ ਜਿਹੜਾ ਗੱਠਜੋੜ ਬਣਾਇਆ ਹੈ, ਉਹਦੀਆਂ ਚੂਲ੍ਹਾਂ ਹਿਲਾਅ ਕੇ ਸਾਰੀ ਬਣਤਰ ਦਰੁਸਤ ਕੀਤੀ ਜਾਵੇ।
ਪ੍ਰਾਈਵੇਟ ਸਕੂਲਾਂ ਨੇ ਜਿਵੇਂ ਚੜ੍ਹਾਂ ਮਚਾ ਲਈਆਂ ਹਨ ਤੇ ਬੱਚਿਆਂ ਦੇ ਭਵਿੱਖ ਦੇ ਨਾਂ 'ਤੇ ਮਾਪਿਆਂ ਦਾ ਵਿੱਤੀ ਸ਼ੋਸ਼ਣ ਕੀਤਾ ਜਾਂਦਾ ਹੈ, ਇਹ ਹਨੇਰਗਰਦੀ ਬੰਦ ਕੀਤੀ ਜਾਵੇ। ਜਿਹੜੇ ਸਕੂਲ ਮਾਲਕ ਬਾਹਲਾ ਈ ਲੁੱਟਦੇ ਹਨ, ਉਨ੍ਹਾਂ ਨਾਲ ਬਣਦੀ ਸਖ਼ਤੀ ਕਰ ਕੇ ਉਨ੍ਹਾਂ ਦੇ ਲਸੈਂਸ ਵਗੈਰਾ ਰੱਦ ਕਰਨ ਦਾ ਦਾਅਵਾ ਆਪਣੇ ਮੈਨੀਫੈਸਟੋ ਵਿਚ ਸ਼ਾਮਲ ਕੀਤਾ ਜਾਵੇ। ਇਹ ਵਾਅਦਾ ਕੀਤਾ ਜਾਵੇ ਕਿ ਜਿਹੜੇ ਵੀ ਵਾਅਦੇ ਚੋਣ ਮੈਨੀਫੈਸਟੋ ਵਿਚ ਸ਼ੁਮਾਰ ਕੀਤੇ ਜਾਣੇ ਹਨ, ਉਹ ਲਾਗੂ ਜ਼ਰੂਰ ਹੋਣਗੇ ਤੇ ਗੱਪਾਂ, ਲਾਰਿਆਂ ਤੇ ਸਟੇਜ ਤੋਂ ਚੁਟਕਲੇ ਸੁਣਾਉਣ ਦਾ ਮਸ਼ਹੂਰ ਹੋ ਚੁੱਕਾ ਢੰਗ ਖ਼ਤਮ ਕੀਤਾ ਜਾਵੇਗਾ ਜਾਂ ਘਟਾਇਆ ਜਾਵੇਗਾ। ਨਵੇਂ ਟਕਸਾਲੀ ਅਕਾਲੀ ਦਲ ਨੂੰ ਇਹ ਵਾਅਦਾ ਕਰਨਾ ਪਵੇਗਾ ਕਿ ਉਸ ਨੇ ਜੇ 1920 ਵਿਚ ਬੱਝੇ ਪਹਿਲੇ ਅਕਾਲੀ ਦਲ ਦੀ ਲੀਹ ਉੱਤੇ ਤੁਰਨਾ ਹੈ ਤਾਂ ਆਪਣੀ ਵਿਚਾਰ ਲੀਹ ਲਾਗੂ ਕਰਨ ਲਈ ਉਸ ਤਰ੍ਹਾਂ ਦੇ ਕੇਡਰ ਪਾਰਟੀ ਵਿਚ ਭਰਤੀ ਕਰੇ, ਜਿਹੜੇ ਅਕਾਲੀ ਲਾਈਨ ਦਾ ਲੋਕ ਪੱਖੀ ਪਹਿਲੂ ਵੀ ਘੜਦੇ ਹੋਣ। ਬਿਨਾਂ ਸ਼ੱਕ ਰਵਾਇਤੀ ਅਕਾਲੀ ਵਰਕਰਾਂ ਲਈ ਇਹ ਲੀਹ ਅਪਨਾਉਣੀ ਔਖੀ ਕਾਰ ਹੋਵੇਗੀ ਪਰ ਪੱਤਰਕਾਰ ਵਜੋਂ ਅਸੀਂ ਲੋਕਾਂ ਦੀ ਅਵਾਜ਼ ਨਵੇਂ ਅਕਾਲੀ ਦਲ ਦੀ ਕੇਂਦਰੀ ਅਗਵਾਈ ਤਕ ਪੁੱਜਦੀ ਕਰਨੀ ਚਾਹੁੰਦੇ ਹਾਂ ਕਿ ਲੋਕ ਇੰਨ ਬਿੰਨ ਇਹੀ ਚਾਹੁੰਦੇ ਹਨ।
(5)
ਲੋਕ ਮੁਕੰਮਲ ਤੌਰ 'ਤੇ ਕੀ ਚਾਹੁੰਦੇ ਹਨ, ਜੇ ਇਸ ਨੂੰ ਸ਼ਬਦਾਂ ਵਿਚ ਉਤਾਰਨਾ ਹੋਵੇ ਤਾਂ ਇਸ ਵੈੱਬਸਾਈਟ ਦੀ ਬਹੁਤ ਸਾਰੀ ਸਪੇਸ ਭਰੀ ਜਾਵੇਗੀ ਤੇ ਲੋਕਾਂ ਦਾ ਆਸ਼ਾ ਫੇਰ ਵੀ ਸਪਸ਼ਟ ਨਹੀਂ ਹੋ ਸਕੇਗਾ। ਲੋਕ ਦਰਅਸਲ ਮੁਕੰਮਲ ਤੌਰ 'ਤੇ ਲੁੱਟ ਤੋਂ ਨਜਾਤ ਚਾਹੁੰਦੇ ਹਨ। ਐਤਵਾਰ ਸ਼ਾਮ ਨੂੰ ਕੁਝ ਨਗਰ ਨਿਗਮ ਮੁਲਾਜ਼ਮ ਮੈਨੂੰ ਦੱਸ ਰਹੇ ਸਨ ਕਿ ਉਹ ਕੱਚੇ ਕਾਮੇ ਹਨ ਤੇ ਪੰਜਾਬ ਦੀਆਂ ਤਕਰੀਬਨ ਸਾਰੀਆਂ ਨਗਰ ਨਿਗਮਾਂ ਵਿਚ ਠੇਕੇਦਾਰੀ ਸਿਸਟਮ ਦੀ ਬੁਰਾਈ ਫੈਲ ਚੁੱਕਣ ਕਾਰਨ ਉਹ ਔਖਾ ਮਹਿਸੂਸ ਕਰਦੇ ਹਨ। ਉਂਝ ਵੀ ਮੇਰਾ ਇਹ ਤਜਰਬਾ ਹੈ ਕਿ ਲੰਘੇ ਪੰਜ ਛੇ ਸਾਲਾਂ ਤੋਂ ਜਿਹੜੇ ਵੀ ਸਰਕਾਰੀ ਮਹਿਕਮੇ ਦੇ ਮੁਲਾਜ਼ਮ ਨਾਲ ਗੱਲ ਕੀਤੀ ਹੈ, ਓਸ ਨੇ ਠੇਕੇਦਾਰੀ ਨਿਜ਼ਾਮ ਨੂੰ ਭੰਡਿਆ ਜ਼ਰੂਰ ਹੈ। ਲੋਕਾਂ ਦਾ ਇਹ ਕਹਿਣਾ ਹੈ ਕਿ ਨਵਾਂ ਅਕਾਲੀ ਦਲ ਪੰਜਾਬ ਦੀ ਸਾਰੀ ਲੋਕਾਈ ਦੇ ਹਿੱਤਾਂ ਬਾਰੇ ਸੋਚੇ। ਇਸ ਕਾਰਜ ਲਈ ਹੰਢੇ ਵਰਤੇ ਪੱਤਰਕਾਰਾਂ, ਲਿਖਾਰੀਆਂ ਤੇ ਬੁੱਧੀਜੀਵੀਆਂ ਤੋਂ ਉਨ੍ਹਾਂ ਦੇ ਲੋਕ ਪੱਖ ਦੇ ਵਿਚਾਰ ਪੁੱਛ ਕੇ ਅਪਣਾਏ ਜਾ ਸਕਦੇ ਹਨ। ਲੋਕਾਂ ਦੇ ਮਨਾਂ ਵਿਚ 'ਅਕਾਲੀ' ਦਾ ਜਿਹੜਾ ਬਿੰਬ ਬਣਿਆ ਹੋਇਆ ਹੈ, ਓਸ ਅਕਾਲੀਅਤ ਮੁਤਾਬਕ ਲੋਕ-ਪੱਖੀ ਢਾਂਚਾ ਉਸਾਰਨ ਲਈ ਨਵੇਂ ਲੀਡਰਾਂ ਵਿਚ ਪ੍ਰਤੀਬੱਧਤਾ ਹੋਣੀ ਚਾਹੀਦੀ ਹੈ। ਮੈਨੂੰ ਆਪਣੇ ਹਾਲੀਆ ਤਜਰਬਿਆਂ ਤੋਂ ਯਾਦ ਹੈ ਕਿ ਜਦੋਂ ਪਿਛਲੀ ਅਕਾਲੀ-ਭਾਜਪਾ ਸਰਕਾਰ ਜਾਣ ਦੇ ਲੱਛਣ ਪਰਗਟ ਹੋਣੇ ਸ਼ੁਰੂ ਹੋ ਗਏ ਸਨ, ਉਦੋਂ ਅਸੀਂ ਪੱਤਰਕਾਰ ਇਹ ਨਹੀਂ ਸਾਂ ਆਖਿਆ ਕਰਦੇ ਕਿ ਪੰਜਾਬ ਵਿਚ ਅਗਲੀ ਸਰਕਾਰ ਕਾਂਗਰਸ ਦੀ ਹੋਵੇਗੀ ਸਗੋਂ ਰਲੀ-ਮਿਲੀ ਸਰਕਾਰ ਦੀ ਪੇਸ਼ੀਨਗੋਈ ਕਰਦੇ ਹੁੰਦੇ ਸਾਂ। ਮੈਨੂੰ ਚੇਤੇ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਦੋ ਦਿਨ ਪਹਿਲਾਂ ਇਕ ਵਿਅਕਤੀ ਨੇ ਨਿੱਜੀ ਤੌਰ 'ਤੇ ਮੈਨੂੰ ਅਗਲੀ ਸਰਕਾਰ ਬਾਰੇ ਕਿਆਸ ਪੁੱਛੇ ਸਨ ਤਾਂ ਮੈਂ ਆਖਿਆ ਸੀ ਕਿ ਆਮ ਆਦਮੀ ਪਾਰਟੀ ਮਸਾਂ 20 ਤੋਂ 25 ਵਿਧਾਨ ਸਭਾ ਹਲਕਿਆਂ ਵਿਚ ਜਿੱਤ ਦਰਜ ਕਰ ਸਕੇਗੀ, ਹਾਲਾਂਕਿ ਉਦੋਂ ਮੈਂ ਵੀ ਕਾਂਗਰਸ ਨੂੰ ਏਨੀਆਂ ਸੀਟਾਂ ਦੇਣ ਦੀ ਪੇਸ਼ੀਨਗੋਈ ਨਹੀਂ ਕਰਦਾ ਸਾਂ। ਖ਼ੈਰ..! ਜਦੋਂ ਨਤੀਜੇ ਨਿਕਲੇ ਤਾਂ ਸਾਡੇ ਸਾਰਿਆਂ ਲਈ ਹੈਰਾਨੀ ਵਾਲੇ ਸਨ।
(6)
ਗੱਲ, ਫੇਰ, ਨਵੇਂ ਅਕਾਲੀ ਦਲ ਤੇ ਜਨਤਕ ਰੀਝਾਂ ਦੀ ਕਰਦੇ ਹਾਂ। ਲੋਕ ਆਪਣੀ ਭਲਾਈ ਭਾਲਦੇ ਹਨ। ਦੋਆਬਾ ਕਿਉਂਜੋ ਐੱਨਆਰਆਈ ਪੱਟੀ ਹੈ, ਕਈ ਵਾਰ ਪਰਵਾਸੀ ਪੰਜਾਬੀਆਂ ਨਾਲ ਮੇਲ ਮੁਲਾਕਾਤ ਦਾ ਸਬੱਬ ਬਣ ਜਾਂਦਾ ਹੈ। ਉਹ ਹਮੇਸ਼ਾਂ ਆਪਣੇ ਦੁੱਖ ਦੱਸਦੇ ਹਨ ਤੇ ਸਾਰੇ ਪਰਵਾਸੀ ਪੰਜਾਬੀਆਂ ਦੇ ਦੁੱਖੜੇ ਤਕਰੀਬਨ ਇੱਕੋ ਜਿਹੇ ਹੁੰਦੇ ਹਨ।
1. ਰਿਸ਼ਤੇਦਾਰਾਂ ਤੇ 'ਆਪਣਿਆਂ' ਵੱਲੋਂ ਉਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ 'ਤੇ ਕਬਜ਼ੇ ਕਰਨ ਲਈ ਅੱਖ ਰੱਖੀ ਜਾਂਦੀ ਹੈ ਤੇ ਹਿੱਸਾ ਭਾਲਦੀ ਸਰਕਾਰੀ ਅਫਸਰਸ਼ਾਹੀ ਹਮੇਸ਼ਾ ਗ਼ਲਤ ਧਿਰ ਦਾ ਸਾਥ ਦਿੰਦੀ ੈਹੈ ਤੇ ਉਨ੍ਹਾਂ ਨੂੰ ਪਰਦੇਸਾਂ ਵਿਚ ਬੈਠਿਆਂ ਬਹੁਤ ਦੇਰ ਬਾਅਦ ਖ਼ਬਰ ਮਿਲਦੀ ਹੈ ਜਦਕਿ ਉਦੋਂ ਤਕ ਜਾਇਦਾਦ ਹੱਥੋਂ ਨਿਕਲ ਚੁੱਕੀ ਹੁੰਦੀ ੈਹੈ।
2. ਐੱਨਆਰਆਈਜ਼ ਦੇ ਬੱਚੇ ਪੰਜਾਬ ਵਿਚ ਕੋਠੀਆਂ ਉਸਾਰ ਕੇ ਕੁਝ ਦਿਨ ਰਹਿਣਾ ਚਾਹੁੰਦੇ ਹੁੰਦੇ ਹਨ ਪਰ ਟੁੱਟੀਆਂ ਸੜਕਾਂ, ਅੰਤਾਂ ਦਾ ਸਰਕਾਰੀ ਭ੍ਰਿਸ਼ਟਾਚਾਰ, ਪੁਲਿਸ ਪ੍ਰਸ਼ਾਸਨ ਦਾ ਗ਼ਲਤ ਵਤੀਰਾ ਉਨ੍ਹਾਂ ਨੂੰ ਇੱਥੇ ਰਹਿਣ ਦੇ ਲਾਇਕ ਨਹੀਂ ਲੱਗਦਾ।
3. ਐੱਨਆਰਆਈਜ਼ ਜੋ ਕਿ ਆਪਣੀ ਔਲਾਦ ਨੂੰ ਪੰਜਾਬੀ ਰਹਿਤਲ ਤੇ ਸੱਭਿਆਚਾਰ ਦੀ ਰੰਗਣ ਵਿਚ ਰੰਗਿਆ ਵੇਖਣਾ ਚਾਹੁੰਦੇ ਹਨ ਉਹ ਪੰਜਾਬ ਵਿਚ ਵੱਗਦੇ ਨਸ਼ਿਆਂ ਦੇ ਦਰਿਆ ਨੂੰ ਡੱਕਾ ਲੱਗਾ ਵੇਖਣਾ ਚਾਹੁੰਦੇ ਹਨ ਜਦਕਿ ਸਿਆਸਤਦਾਨ ਮਾਰਕੇਬਾਜ਼ੀ ਵੱਧ ਕਰਦੇ ਹਨ ਤੇ ਆਪਣੇ ਭਾਸ਼ਣ ਨੂੰ ਵਿਧਾਨ ਸਭਾ ਵਿਚ ਬਿੱਲ ਬਣਾਉਣ ਲਈ ਕੁਝ ਨਹੀਂ ਕਰਦੇ, ਜਿਸ ਕਾਰਨ ਲੋਕ ਤ੍ਰਾਹ ਤ੍ਰਾਹ ਕਰਦੇ ਪਏ ਹਨ।
4. ਹਾਂ, ਇਹ ਠੀਕ ਹੈ ਕਿ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਧਾਰਮਿਕ ਹੋਣ ਤੇ ਸੱਭਿਆਚਾਰਕ ਰੰਗਾਂ ਵਿਚ ਰੰਗੇ ਹੋਣ ਪਰ ਪੰਜਾਬ ਵਿਚ ਚੱਲ ਰਿਹਾ ਬਾਬਾ ਕਲਚਰ ਤੇ ਗੋਲ ਦਸਤਾਰਾਂ ਵਾਲੇ ਬਾਬਿਆਂ ਵੱਲੋਂ ਧਰਮ ਦੀ ਕੀਤੀ ਜਾ ਰਹੀ ਕੱਟੜ ਵਿਆਖਿਆ ਤੇ ਮੁੜ ਕੇ 15ਵੀਂ ਜਾਂ 16ਵੀਂ ਸਦੀ ਵਿਚ ਲੈ ਕੇ ਜਾਣ ਦੇ ਯਤਨਾਂ ਤੋਂ ਨਾ ਸਿਰਫ਼ ਪੰਜਾਬ ਦੇ ਲੋਕ ਦੁਖੀ ਹਨ ਸਗੋਂ ਐੱਨਆਰਆਈਜ਼ ਵੀ ਇੰਨੀ ਵੱਧ ਧਾਰਮਕਤਾ ਨਹੀਂ ਚਾਹੁੰਦੇ, ਇਸ ਲਈ ਸਿਆਣੇ ਧਾਰਮਕ ਪ੍ਰਚਾਰਕ ਦੀ ਦਰੁਸਤ ਟਰੇਨਿੰਗ ਹੋਣੀ ਚਾਹੀਦੀ ਹੈ।
5. ਅਸ਼ਲੀਲ ਗਾਣੇ ਗਾਉਣ ਵਾਲੇ ਗਾਇਕ ਕਲਾਕਾਰਾਂ ਤੇ ਭੱਦੇ ਨਾਚ ਕਰਨ ਵਾਲੀਆਂ ਮਾਡਲਾਂ ਦੀ ਹੱਦ ਤੈਅ ਹੋਵੇ ਤਾਂ ਜੋ ਸੱਭਿਆਚਾਰਕ ਪੱਖ ਹੋਰ ਗੰਧਲਾ ਨਾ ਹੋ ਸਕੇ। ਵਗੈਰਾ, ਵਗੈਰਾ।
(7)
ਇਹ ਤਾਂ ਬਹੁਤ ਛੋਟੇ ਛੋਟੇ ਮਸਲੇ ਹਨ, ਗੰਭੀਰ ਤੇ ਭਿਅੰਕਰ ਮਸਲੇ ਬਿਆਨ ਕਰਨੇ ਰਹਿ ਗਏ ਹਨ। ਉਹ ਹਨ ਕਿ ਪੰਜਾਬ ਦਾ ਕੋਈ ਇਕ ਸਰਕਾਰੀ ਮਹਿਕਮਾ ਨਹੀਂ ਸਗੋਂ ਸਾਰੇ ਮਹਿਕਮੇ ਭ੍ਰਿਸ਼ਟਾਚਾਰ ਦੇ ਮਹਾਂਰਥੀਆਂ ਦੀ ਪਕੜ ਵਿਚ ਹਨ। ਪੁਲਿਸ ਦੇ ਅਧਿਕਾਰਾਂ ਦੀ ਹੱਦ ਤੈਅ ਹੋਣੀ ਚਾਹੀਦੀ ਹੈ। ਉਹ ਮਹਿਕਮੇ ਜਿੱਥੇ ਪੰਜਾਬ ਦੇ ਕਿਸਾਨਾਂ ਨੇ ਅਕਸਰ ਆਉਣਾ ਜਾਣਾ ਹੁੰਦਾ ਹੈ, ਵਿਚ ਫੈਲਿਆ 'ਏਜੰਟ ਰਾਜ' ਖ਼ਤਮ ਕੀਤਾ ਜਾਵੇ ਕਿਉਂਕਿ ਏਜੰਟਾਂ ਤੇ ਹੋਰ ਕਮਿਸ਼ਨਬਾਜ਼ਾਂ ਦੇ ਫੈਲਾਏ ਤੇਂਦੂਆ ਜਾਲ ਕਾਰਨ ਲੋਕਾਂ ਨੂੰ ਆਪਣੀ ਕੁਲ ਜ਼ਿੰਦਗੀ ਦੀ ਬੱਚਤ ਲੁੱਟੀ ਜਾਣ ਦੀ ਫ਼ਿਕਰ ਬਣੀ ਰਹਿੰਦੀ ਹੈ। ਇਹ ਕਮਿਸ਼ਨਬਾਜ਼ ਤੇ ਏਜੰਟ ਕੋਈ ਬਹੁਤ ਪੜ੍ਹੇ ਲਿਖੇ ਜਾਂ ਸੂਝਵਾਨ ਨੌਜਵਾਨ ਨਹੀਂ ਹੁੰਦੇ ਸਗੋਂ ਬਹੁਤੀ ਵਾਰ ਟੁੱਚੇ ਤੇ ਚੰਵਲ ਕਿਸਮ ਦੇ ਅਨਸਰ ਹੁੰਦੇ ਹਨ ਪਰ 'ਮਨੀ ਮਾਫੀਆ' ਦੀ ਪੂਰੀ ਸ਼ਹਿ ਹੋਣ ਕਾਰਨ ਇਹ ਪੰਜਾਬ ਦੇ ਸਾਰੇ ਸਰਕਾਰੀ ਮਹਿਕਮਿਆਂ ਵਿਚ ਕੁੰਡਲੀ ਪਾ ਕੇ ਬੈਠੇ ਹਨ, ਇੱਥੋਂ ਤਕ ਕਿ ਇਨ੍ਹਾਂ ਦੀ ਬਦਮਾਸ਼ੀ ਨੂੰ ਜ਼ਾਹਿਰ ਕਰਨ ਵਾਲੇ ਪੱਤਰਕਾਰਾਂ ਤੇ ਲਿਖਾਰੀਆਂ ਦਾ ਸਰੀਰਕ ਨੁਕਸਾਨ ਵੀ ਕਰਦੇ ਰਹੇ ਹਨ। ਹੋ ਸਕਦਾ ਹੈ ਕਿ ਨਵੇਂ ਅਕਾਲੀ ਦਲ ਦੀਆਂ ਤਰਜੀਹਾਂ ਹੋਰ ਹੋਣ ਪਰ ਅਸੀਂ ਸਮਝਦੇ ਹਾਂ ਕਿ ਨਵੇਂ ਅਕਾਲੀ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਰਵਾਇਤੀ ਅਕਾਲੀ ਦਲ ਸਿਰਫ਼ ਧਾਰਮਿਕ ਮਸਲਿਆਂ ਕਾਰਨ ਨਹੀਂ ਹਾਰਿਆ ਸੀ ਸਗੋਂ ਇਸ ਹਕੀਕੀ ਅਸਲੀ ਜ਼ਿੰਦਗੀ ਵਿਚ ਲੋਕਾਂ ਨੁੰ ਜਿਹੜੇ ਚੰਦਰੇ ਬੰਦੇ ਤੰਗ ਕਰਦੇ ਸਨ, ਉਹ ਕੁਲ ਕਾਰਗੁਜ਼ਾਰੀ ਵੀ ਹਾਰ ਦਾ ਕਾਰਨ ਬਣੀ ਸੀ। ਲੋਕਾਂ ਨਾਲ ਹੋਈ ਗੱਲਬਾਤ ਦਾ ਸਾਰ-ਤੱਤ ਦੱਸੀਏ ਤਾਂ ਲੋਕ ਹਰ ਸਿਆਸੀ ਪਾਰਟੀ ਤੋਂ ਉਹੋ ਕੁਝ ਚਾਹੁੰਦੇ ਹਨ, ਜਿਹੜਾ ਉਹ ਦੇ ਸਕਣ ਦੇ ਸਮਰੱਥ ਹਨ। ਨਵਾਂ ਅਕਾਲੀ ਦਲ ਕਦੋਂ ਰਾਜਭਾਗ ਹਾਸਿਲ ਕਰਦਾ ਹੈ, ਇਹ ਰਹੱਸ ਭਵਿੱਖ ਦੀ ਬੁੱਕਲ ਵਿਚ ਹੈ ਪਰ ਲੋਕਾਂ ਦੇ ਪੁਲ ਬਣ ਕੇ ਗੱਲ ਕਰੀਏ ਤਾਂ ਲੋਕ ਯੂਰਪੀਨ ਦੇਸ਼ਾਂ ਵਰਗਾ ਸਾਫ਼ ਸੁਥਰਾ ਤੇ ਭਲਾਈ ਮੁਖੀ ਢਾਂਚਾ ਭਾਰਤ ਵਿਚ ਤੇ ਖ਼ਾਸਕਰ ਪੰਜਾਬ ਵਿਚ ਚਾਹੁੰਦੇ ਹਨ।
ਚਿੱਠੀ ਪੱਤਰੀ ਲਈ - ਸਰੂਪ ਨਗਰ, ਰਾਓਵਾਲੀ, ਪਠਾਨਕੋਟ ਰੋਡ, ਜਲੰਧਰ।
-
ਯਾਦਵਿੰਦਰ ਸਿੰਘ, ਲੇਖਕ
Yadwahad0gmail.com
9465329617
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.