ਚੋਣਾਂ ਦੇ ਦਿਨ ਚੱਲ ਰਹੇ ਹਨ। ਨਤੀਜੇ ਵੀ ਆ ਚੁੱਕੇ ਹਨ। ਕਈ ਥਾਂਈ ਹਸਾ ਗਏ ਨਤੀਜੇ ਤੇ ਕਈ ਥਾਈਂ ਰੁਵਾ ਗਏ ਨਤੀਜੇ। ਕੈਨੇਡਾ ਤੋਂ ਆਇਆ ਇੱਕ ਮਿੱਤਰ ਅਖਬਾਰ ਪੜ੍ਹਦਾ ਹੱਸ ਰਿਹਾ ਸੀ, ਆਖਣ ਲੱਗਿਆ,"ਇੰਡੀਆ 'ਚ ਹੋਰ ਕੁਛ ਚਾਹੇ ਹੋਵੇ ਨਾ ਹੋਵੇ, ਚੋਣਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ ਹਰ ਵੇਲੇ!" ਉਹਦੀ ਗੱਲ ਸੁਣ ਮੈਂ ਵੀ 'ਹਾਂ' ਵਿਚ 'ਹਾਂ' ਮਿਲਾਈ। ਕੁਝ ਦਿਨਾਂ ਦੀ ਭਾਰਤ ਫੇਰੀ 'ਤੇ ਆਏ ਹੋਏ ਕੈਨੇਡੀਅਨ ਮਿੱਤਰ ਦੀ ਆਖੀ ਗੱਲ ਸੁੱਟ੍ਹਣ ਵਾਲੀ ਨਹੀਂ ਹੈ। ਹੁਣੇ ਹੀ ਪੰਜ ਰਾਜਾਂ ਵਿਚ ਚੋਣਾਂ ਹੋ ਕੇ ਹਟੀਆਂ ਨੇ ਤੇ ਪੰਜਾਬ ਵਿਚ ਪੰਚਾਇਤੀ ਚੋਣਾਂ ਆ ਗਈਆਂ ਨੇ। ਨਵੇਂ ਸਾਲ ਵਿਚ ਲੋਕ ਸਭਾ ਚੋਣਾਂ ਵਾਸਤੇ ਡੰਕੇ ਵੱਜ ਜਾਣਗੇ। 'ਲ਼ਾਲਾ ਲਾਲਾ' ਹੋਣੀ ਤਾਂ ਹੁਣੇ ਈ ਸ਼ੁਰੂ ਹੋ ਗਈ ਹੈ। ਪੰਚਾਇਤੀ ਚੋਣਾਂ ਲਈ ਵੀ ਦੂਜੀਆਂ ਚੋਣਾਂ ਵਾਂਗ ਸਿਰ ਧੜ ਦੀ ਬਾਜ਼ੀ ਲਗਦੀ ਹੈ ਤੇ ਪੰਚ-ਸਰਪੰਚ ਤੋਂ ਲੈ ਹਲਕਾ ਵਿਧਾਇਕ ਵੀ ਇਹਨਾਂ ਚੋਣਾਂ ਨੂੰ ਆਪਣਾ ਵੱਕਾਰ ਮੰਨਦੇ ਆ ਰਹੇ ਨੇ। ਜੇ ਇੱਕ ਪਿੰਡ ਵਿਚ ਸਰਪੰਚ ਸੱਤਾਧਾਰੀ ਧਿਰ ਦਾ ਹੈ, ਤਾਂ ਸਭ ਕੁਝ 'ਪੱਲੇ' ਤੇ 'ਬੱਲੇ ਬੱਲੇ' ਹੈ, ਜੇ ਨਹੀ ਹੈ ਤਾਂ ਸਭ ਕੂਝ 'ਥੱਲੇ ਥੱਲੇ' ਹੈ!
ਮੈਂ ਮਾਲਵੇ ਦੇ ਪਿੰਡ ਦਾ ਵਾਸੀ ਹਾਂ ਤੇ ਅਕਸਰ ਚੋਣਾਂ ਦੇ ਦਿਨਾਂ ਨੂੰ ਧਰਤੀ 'ਤੇ ਖਲੋ ਕੇ ਨੇੜਿਓਂ ਦੇਖਦਾ ਆ ਰਿਹਾ ਹਾਂ। ਹੁਣ ਵੀ ਦੇਖ ਰਿਹਾ ਹਾਂ, ਤੇ ਕਈ ਕੁਝ ਸੋਚ ਰਿਹਾ ਹਾਂ। ਕਿਤੇ ਢੋਲ ਵੱਜ ਰਿਹਾਂ ਹੈ। ਕਿਤੇ ਨਾਰੇ ਗੁੂੰਜ ਰਹੇ ਨੇ। ਕਿਤੇ ਰੁੱਸੇ ਮਨਾਏ ਜਾ ਰਹੇ ਨੇ ਤੇ ਗਲਾਂ ਵਿਚ ਹਾਰ ਪੈ ਰਹੇ ਨੇ, ਫੁੱਲਾਂ ਦੇ ਵੀ ਤੇ ਨੋਟਾਂ ਦੇ ਵੀ ਵੰਨ-ਸੁਵੰਨੇ ਹਾਰ! ਕਿਤੇ ਕਿਸੇ ਦੀ ਮਿੰਨਤ-ਤਰਲਾ ਕੀਤਾ ਜਾ ਰਿਹਾ ਹੈ ਤੇ ਕਿਤੇ ਤਾਹਨੇ ਮਿਹਣੇ ਸੁਣੇ-ਸੁਣਾਏ ਜਾ ਰਹੇ ਨੇ। ਛੋਟੇ ਵੱਡੇ ਨੇਤਾ ਪੱਬਾਂ-ਭਾਰ ਹਨ ਕਿ ਕਿਧਰੇ ਉਹਨਾਂ ਦੇ ਧੜੇ ਦਾ ਬੰਦਾ 'ਮਾਰ' ਨਾ ਖਾ ਜਾਏ! ਮਿੱਤਰ ਗਾਇਕ ਰਾਜ ਬਰਾੜ ਭਾਵੇ ਇਸ ਸੰਸਾਰ 'ਤੇ ਨਹੀਂ ਹੈ ਪਰ ਕਈ ਪਿੰਡਾਂ ਵਿਚ ਉਸਦਾ ਗਾਇਆ ਦੋਗਾਣਾ ਖੂਬ ਵੱਜ ਰਿਹਾ ਹੈ, ਜਿਸ ਵਿਚ ਔਰਤ ਆਖਦੀ ਹੈ:
ਲੈ ਲੈ ਵੇ ਸਰਪੰਚੀ, ਸਰਕਾਰੀ ਪੈਸਾ ਖਾਵਾਂਗੇ
ਸ਼ਾਮਲਾਟ ਵਿਚ ਆਪਾਂ ਵੀ ਘਰ ਕੋਠੀ ਵਰਗਾ ਪਾਵਾਂਗੇ
ਇਸ ਗੀਤ ਵਿਚ ਸਰਕਾਰੂ ਪੇਂਡੂ ਤੰਤਰ ਉਤੇ ਇੱਕ ਤਰਾਂ ਦੀ ਚੋਟ ਵੀ ਕੀਤੀ ਹੈ, ਅੱਗੋਂ ਮਰਦ ਆਖਦਾ ਹੈ,
ਜੇਲਾਂ ਦੇ ਵਿਚ ਬੈਠੇ ਹੁਣ ਤਾਂ ਕਈ ਵਜ਼ੀਰ ਵਿਚਾਰੇ ਨੀ
ਬੜੀ ਜ਼ਮਾਨਤ ਔਖੀ ਹੁਣ ਤਾਂ, ਨਾ ਚਲਦੇ ਝੂਠੇ ਲਾਰੇ ਨੀ
***** ***** ******* ******
ਤੇਲੰਗਾਨਾ ਵਿਚ ਚੋਣਾ ਹੋ ਹਟੀਆਂ ਨੇ। ਇੱਕ ਅਖਬਾਰੀ ਸੁਰਖੀ ਨਵੀਂ-ਨਿਵੇਕਲੀ ਸੂਚਨਾ ਲੈ ਕੇ ਆਈ ਹੈ। ਇਹ ਸੂਚਨਾ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਨੇਤਾਵਾਂ ਦੇ ਚਹੇਤੇ ਵੀ ਸਾਧਾਂ-ਸੰਤਾਂ ਦੇ ਚੇਲਿਆਂ ਤੋਂ ਕਿਧਰੇ ਘੱਟ ਨਹੀਂ। ਮਰਨ-ਮਾਰਨ ਨੂੰ ਤਿਆਰ ਹੁੰਦੇ ਬੈਠੇ ਹੁੰਦੇ ਨੇ ਅਜਿਹੇ ਲੋਕ ਇਹਨੀਂ ਦਿਨੀਂ। ਹੈਦਰਾਬਾਦ ਵਿਚ ਇੱਕ ਨੇਤਾ ਦੇ ਚਹੇਤੇ-ਸ਼ਰਧਾਲੂ ਨੇ ਇਸ ਕਰ ਕੇ ਆਪਣੀ ਜੀਭ ਦਾ ਟੁਕੜਾ ਕੱਟ ਕੇ ਮੰਦਰ ਦੀ ਗੋਲਕ ਵਿਚ ਜਾ ਚੜਾਇਆ ਕਿ ਉਸਦੇ ਮਾਣਯੋਗ ਨੇਤਾ ਨੂੰ ਜਿੱਤ ਪ੍ਰਾਪਤ ਹੋਵੇ! ਜੀਭ ਦਾ ਟੁਕੜਾ ਭੋਰਾ ਜ਼ਿਆਦਾ ਵੱਢ ਹੋ ਗਿਆ, ਤੇ ਬੇਹੋਸ਼ ਹੋਣ 'ਤੇ ਉਸਨੂੰ ਹਸਪਤਾਲ ਦਾਖਲ ਕਰਨਾ ਪਿਆ। ਇਹ ਤਾਂ ਪਤਾ ਨਹੀ, ਉਸਦਾ ਨੇਤਾ ਜਿੱਤਿਆ ਜਾਂ ਨਹੀਂ ਪਰ ਨੇਤਾ ਦਾ ਚਹੇਤਾ 'ਗੂੰਗਾ' ਜ਼ਰੂਰ ਬਣ ਬੈਠਿਆ। ਇੱਥੇ ਹੀ ਬਸ ਨਹੀਂ, ਪੁਲੀਸ ਨੂੰ ਚਿੱਠੀ ਲਿਖ ਕੇ ਉਸ ਨੇ ਇਹ ਵੀ ਜ਼ਾਹਰ ਕੀਤਾ ਕਿ ਉਹ ਆਪਣੇ ਨੇਤਾ ਨੂੰ ਮੁੱਖ-ਮੰਤਰੀ ਬਣਿਆ ਦੇਖਣਾ ਚਾਹੁੰਦਾ ਹੈ ਇਸ ਲਈ ਜੀਭ ਦੀ ਬਲੀ ਦਿੱਤੀ ਹੈ। ਡਾਇਰੀਨਾਮਾ ਲਿਖਦਿਆਂ ਸੋਚਦਾ ਹਾਂ ਕਿ ਵਾਰੇ ਵਾਰੇ ਜਾਈਏ ਇਹੋ-ਜਿਹੇ ਚਹੇਤਿਆਂ ਦੇ! ਵੇਖਾਂਗੇ ਰੌਣਕਾਂ ਤੇ ਰੰਗ ਅਗਲੇ ਸਾਲ ਦੀਆਂ ਲੋਕ ਸਭਾਵੀ ਚੋਣਾਂ ਵਿਚ। ਦੁਆ ਹੈ ਕਿ ਨੇਤਾਵਾਂ ਦੇ ਚਹੇਤੇ ਜੀਭਾਂ ਦੀ ਬਲੀ ਦੇਣ ਤੋਂ ਗੁਰੇਜ਼ ਕਰਨ ਤੇ ਨਿਰੋਏ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣ।
-
ਨਿੰਦਰ ਘੁਗਿਆਣਵੀ, ਪੰਜਾਬੀ ਲੇਖਕ ਤੇ ਕਾਲਮਿਸਟ
ninder_ghugianvi@yahoo.com
94174-21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.