ਪੁਰਖਿਆਂ ਦੀ ਧਰਤੀ -ਲਹਿੰਦੇ ਪੰਜਾਬ ਤੋਂ -2
..ਤੇ ਅਸੀਂ ਕਿਵੇਂ ਲੱਭੀ ਨਨਕਾਣਾ ਸਾਹਿਬ 'ਚ ਦਾਦਕਿਆਂ ਦੀ 19 ਕਮਰਿਆਂ ਵਾਲੀ ਹਵੇਲੀ ?
ਮੈਂ ਅਤੇ ਮੇਰੀ ਬੀਵੀ ਤ੍ਰਿਪਤਾ ,6 ਦਸੰਬਰ ਨੂੰ ਰਾਤੀਂ 9 ਵਜੇ ਤੋਂ ਬਾਅਦ ਹੀ ਨਨਕਾਣਾ ਸਾਹਿਬ ਪੁੱਜੇ ਸਾਂ.ਲਾਹੌਰ ਵਿਚ ਗਵਰਨਰ ਪੰਜਾਬ ਨਾਲ ਮੁਲਾਕਾਤ ਸ਼ਾਮੀ ਦੇਰ ਨਾਲ ਹੋਈ .ਚੱਲਣ 'ਚ ਦੇਰੀ ਹੋ ਗਈ . ਪਾਕਿਸਤਾਨ ਸੁਪਰੀਮ ਕੋਰਟ ਦੀ ਵਕੀਲ ਸਮਾਇਰਾ ਅਵਾਨ ਸਾਡੇ ਨਾਲ ਸੀ . ਅਸੀਂ ਉਨ੍ਹਾਂ ਦੀ ਕਾਰ 'ਚ ਉੱਥੇ ਗਏ ਸਾਂ .ਉਸਦੇ ਪਤੀ ਅਖ਼ਤਰ ਅਵਾਨ ਵੀ ਸੁਪਰੀਮ ਕੋਰਟ ਦੇ ਵਕੀਲ ਨੇ .12-14 ਸਾਲ ਪਹਿਲਾਂ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦੌਰਾਨ ਇਸ ਪਰਿਵਾਰ ਨਾਲ ਹੋਈ ਵਾਕਫ਼ੀ ਕਿਸੇ ਨਾ ਕਿਸੇ ਰੂਪ 'ਚ ਤਾਜ਼ਾ ਹੁੰਦੀ ਰਹਿੰਦੀ ਹੈ
ਸਾਡੇ ਮੇਜ਼ਬਾਨ ਰਾਏ ਅਜ਼ੀਜ਼ ਉੱਲਾ ਨੇ ਪਹਿਲਾਂ ਹੀ ਨਨਕਾਣਾ ਸਾਹਿਬ ਸੁਨੇਹਾ ਉੱਥੇ ਲਾਇਆ ਹੋਇਆ ਸੀ . ਗੁਰਦਵਾਰਾ ਜਨਮ ਅਸਥਾਨ ਸਾਹਿਬ ਦੇ ਪ੍ਰਬੰਧਕ ਸਾਡੀ ਉਡੀਕ 'ਚ ਹੀ ਸਨ .ਪੁਲਿਸ ਦੇ ਪਹਿਰੇ ਵਾਲੇ ਵੱਡੇ ਦਰਵਾਜ਼ੇ 'ਤੇ ਹੀ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਗਿਆਨੀ ਦਇਆ ਸਿੰਘ ਨੇ ਸਾਡਾ ਸਵਾਗਤ ਕੀਤਾ . ਸਾਨੂੰ ਮਾਤਾ ਤ੍ਰਿਪਤਾ ਨਿਵਾਸ 'ਚ ਰਿਹਾਇਸ਼ ਦਿੱਤੀ ਗਈ . ਸਾਡਾ ਹਾਲ -ਚਾਲ ਅਤੇ ਲੰਗਰ-ਪਾਣੀ ਦੇ ਸੇਵਾ ਪੁੱਛਣ ਲਈ ਦਇਆ ਸਿੰਘ ਸਾਡੇ ਕੋਲ ਕਮਰੇ 'ਚ ਬੈਠ ਗਏ .ਮੇਰੀ ਬੀਵੀ ਨੇ ਥੋੜ੍ਹੀ ਦੇਰ ਵੀ ਨਹੀਂ ਉਡੀਕਿਆ .ਲੰਗਰ ਪਾਣੀ ਵੀ ਅਜੇ ਨਹੀਂ ਸੀ ਛਕਿਆ . ਫੱਟਾ -ਫੱਟ ਦਇਆ ਸਿੰਘ ਨੂੰ ਦੱਸਿਆ ," ਮੈਂ ਤਾਂ ਆਪਣੇ ਦਾਦਾ-ਦਾਦੀ ਦੀ ਹਵੇਲੀ ਲੱਭਣ ਆਈ ਹਾਂ ." ਤੇ ਨਾਲੋ-ਨਾਲ ਹੀ ਵੇਰਵਾ ਵੀ ਦੇਣ ਲੱਗੀ , " ਮੇਰੀ ਦਾਦੀ ਦੱਸਦੀ ਸੀ ਉਸ 'ਚ 19 ਕਮਰੇ ਸਨ , ਗੁਰਦੁਆਰੇ ਦੇ ਐਨ ਨੇੜੇ ਸੀ.ਮੇਰੇ ਦਾਦਾ ਜੀ ਤਾਂ ਇੱਥੇ ਹੀ ਪੂਰੇ ਹੋ ਗਏ ਸਨ . ਉਨ੍ਹਾਂ ਦਾ ਨਾਂ ਕਿਸ਼ਨ ਚੰਦ ਸੀ . ਉਹ ਸ਼ਾਹ ਜੀ ਕਰਕੇ ਜਾਣੇ ਜਾਂਦੇ ਸਨ . ਦਾਦੀ ਮੇਰੀ ਰਾਜ ਕੌਰ ਸੀ .ਜਦੋਂ 47 ਦੀ ਵੰਡ ਹੋਈ ਤਾਂ ਸਾਰਾ ਪਰਿਵਾਰ ਉੱਜੜ ਕੇ ਇੰਡੀਆ ਚਲਿਆ ਗਿਆ . ਮੇਰੀ ਦਾਦੀ ਆਪਣੀ ਹਵੇਲੀ ਨੂੰ ਤਾਲਾ ਮਾਰ ਕੇ ਚਾਬੀਆਂ ਗੁਰਦਵਾਰਾ ਸਾਹਿਬ ਦੇ ਗ੍ਰੰਥੀ ਨੂੰ ਫੜਾ ਗਏ ਸਨ . ਸ਼ਾਇਦ ਉਦੋਂ ਉਨ੍ਹਾਂ ਨੂੰ ਇਹ ਖ਼ਿਆਲ ਸੀ ਕਿ ਦੰਗੇ ਰੁਕਣ ਤੋਂ ਬਾਅਦ ਉਹ ਫੇਰ ਵਾਪਸ ਆ ਜਾਣਗੇ .
" ਦਇਆ ਸਿੰਘ ਨੇ ਦੱਸਿਆ ਕਿ ਰਾਏ ਸਾਹਿਬ ਨੇ ਵੀ ਜ਼ਿਕਰ ਕੀਤਾ ਸੀ. ਦਰਅਸਲ ਇੱਥੇ ਨਨਕਾਣਾ ਸਾਹਿਬ 'ਚ ਪੁਰਾਣਾ ਪਰਿਵਾਰ ਕੋਈ ਨਹੀਂ . ਬਹੁਤੇ ਸਿੱਖ ਪਰਿਵਾਰ ਸਨ .ਹੁਣ ਵਸੇ ਸਾਰੇ ਸਿੱਖ ਪਰਿਵਾਰ ਵੀ ਪੇਸ਼ਾਵਰ ਤੋਂ ਆਏ ਹੋਏ ਹਨ .
ਗੁਰਦਵਾਰਾ ਜਨਮ ਅਸਥਾਨ ਦੇ ਪਿਛਲੇ ਪਾਸੇ ਇੱਕ ਪੁਰਾਣੀ ਇਮਾਰਤ ਹੈ .ਉਹ ਦੇਖ ਲੈਣਾ . ਹੋਰ ਕੋਈ ਮੇਰੇ ਧਿਆਨ 'ਚ ਨਹੀਂ ਇੰਨੀ ਵੱਡੀ ਹਵੇਲੀ . ਉਨ੍ਹਾਂ ਕਿਹਾ ਕਿ ਅਗਲੇ ਦਿਨ ਸਵੇਰੇ ਪਤਾ ਕਰਾਂਗੇ .
ਅਗਲੀ ਸਵੇਰੇ 5 ਵਜੇ ਦੇ ਕਰੀਬ ਅਸੀਂ ਗੁਰਦਵਾਰਾ ਸਾਹਿਬ ਨਤਮਸਤਕ ਹੋਏ . ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ 'ਤੇ ਉਸਾਰੇ ਗਏ ਗੁਰਦਵਾਰਾ ਸਾਹਿਬ 'ਚ ਅਸੀਂ ਕੀਰਤਨ ਦਾ ਸਰਵਣ ਕੀਤਾ . ਆਪਣੇ ਜੀਵਨ ਦੇ ਅਜਿਹੇ ਪਹਿਲੇ ਅਤੇ ਨਵੇਕਲੇ ਤਜਰਬੇ ਅਤੇ ਅਹਿਸਾਸ ਨੂੰ ਵੱਖਰੇ ਤੌਰ ਤੇ ਸਾਂਝਾ ਕਰਾਂਗੇ .ਉਂਜ ਅਸੀਂ ਲਗਭਗ ਦੋ ਘੰਟੇ ਦਾ ਕੀਰਤਨ ਅਤੇ ਅਰਦਾਸ ਫੇਸ ਬੁੱਕ ਤੇ ਲਾਈਵ ਵੀ ਕੀਤਾ ਸੀ . ਖ਼ੈਰ , ਦਿਨ ਵੇਲੇ ਅਸੀਂ ਨਨਕਾਣਾ ਸਾਹਿਬ 'ਚ ਘੁੰਮੇ , ਬਾਜ਼ਾਰ 'ਚ ਗਏ ਨਨਕਾਣਾ ਸਾਹਿਬ 'ਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜ ਕੇ ਸਥਾਪਿਤ ਕੀਤੇ ਗਏ ਬਾਕੀ 6 ਗੁਰਦਵਾਰਾ ਸਾਹਿਬਾਨ ਦੇ ਦਰਸ਼ਨ ਵੀ ਕੀਤੇ .
ਪਰ ਸਾਰਾ ਸਮਾਂ ਮੇਰੀ ਬੀਵੀ ਦਾ ਧਿਆਨ ਆਪਣੀ ਦਾਦਕਿਆਂ ਦੀ ਹਵੇਲੀ ਲੱਭਣ 'ਚ ਹੀ ਸੀ . ਇੱਕ ਐਸ ਯੂ ਵੀ ਗੱਡੀ 'ਚ ਗੁਰਦਵਾਰਾ ਦੇ ਸਾਹਮਣੇ ਬਾਜ਼ਾਰ 'ਚ ਜਾਂਦਿਆਂ , ਇੱਕ ਪੁਰਾਣੀ ਇਮਾਰਤ ਦੀ ਡਿਉੜੀ ਦਿਸੀ . ਰੁਕਣ ਲੱਗੇ ਪਰ ਬਾਜ਼ਾਰ 'ਚ ਭੀੜ ਸੀ , ਸਕੂਲਾਂ 'ਚ ਛੁੱਟੀ ਦਾ ਸਮਾਂ ਸੀ . ਗੱਡੀ ਖੜ੍ਹੀ ਕਰਨ ਲਈ ਥਾਂ ਨਹੀਂ ਸੀ . ਸੋਚਿਆ ਵਾਪਸੀ ਤੇ ਦੇਖਦੇ ਹਾਂ . ਜਦੋਂ ਅਸੀਂ ਨਾਮੀ ਕਾਰੋਬਾਰੀ ਹਸਤੀ ਅਤੇ ਨਨਕਾਣਾ ਸਾਹਿਬ ਦੇਚੁਣੇ ਹੋਏ ਸਾਬਕਾ ਨਾਜ਼ਿਮ ਮੂਨ ਖ਼ਾਨ ( ਸ਼ਹਿਬਾਜ਼ ਖ਼ਾਲਿਦ ਖਾਨ ) ਦੇ ਘਰ ਚਾਹ ਪੀ ਰਹੇ ਸੀ .ਉੱਥੇ ਗੱਲ ਚੱਲੀ ਤਾਂ ਉਨ੍ਹਾਂ ਵੀ ਇਹੀ ਕਿਹਾ ਕਿ ਬਾਜ਼ਾਰ ਵਾਲੀ ਉਹੀ ਇਮਾਰਤ ਹਵੇਲੀ ਹੋ ਸਕਦੀ ਹੈ . ਵਾਪਸੀ ਤੇ ਅਸੀਂ ਉੱਥੇ ਰੁਕੇ .
ਬਾਹਰਲੇ ਦਰਵਾਜ਼ੇ ਨੇੜੇ ਬਣੀਆਂ ਦੁਕਾਨਾਂ ਤੇ ਰੁਕ ਕੇ ਪੁੱਛਗਿੱਛ ਕਰ ਹੀ ਰਹੇ ਸੀ ਕਿ ਹਵੇਲੀ ਦਾ ਮਾਲਕ ਆ ਗਿਆ .ਦਇਆ ਸਿੰਘ ਨੇ ਸਾਡੀ ਪਛਾਣ ਕਰਾਈ .ਹਵੇਲੀ ਲੱਭਣ ਬਾਰੇ ਜ਼ਿਕਰ ਕੀਤਾ .ਸ਼ਾਹ ਜੀ ਵਜੋਂ ਜਾਣੇ ਜਾਂਦੇ ਉਸ ਅਧਖੜ ਉਮਰ ਦੇ ਸ਼ਖ਼ਸ ਨੇ ਬਹੁਤ ਨਿੱਘ ਨਾਲ ਜਵਾਬ ਦਿੱਤਾ ਆਓ ਦੇਖ ਲਓ . ਮੇਰੀ ਬੀਵੀ ਨੇ ਪੁੱਛਿਆ ਕਿ ਇਸ 'ਚ ਕਮਰੇ ਕਿੰਨੇ ਨੇ ? ਮਾਲਕ ਨੇ ਜਵਾਬ ਦਿੱਤਾ ਕਿ ਕਦੇ ਗਿਣੇ ਨਹੀਂ . ਮੇਰੀ ਬੀਵੀ ਨੇ ਕਿਹਾ ਗਿਣੋ ਫੇਰ। ਉਹ ਆਪਣੀਆਂ ਉਂਗਲਾਂ ਦੇ ਪੋਟਿਆਂ ਤੇ ਗਿਣਤੀ ਕਰਨ ਲੱਗਾ . ਉਹ ਪੂਰੇ 19 ਨਿਕਲੇ . ਮੇਰੀ ਬੀਵੀ ਦਾ ਚਿਹਰਾ ਖਿੜ ਗਿਆ ਤੇ ਬੋਲੀ " ਫੇਰ ਤਾਂ ਇਹੀ ਹੋਏਗੀ , ਸਾਡੀ ਹਵੇਲੀ 'ਚ ਵੀ 19 ਕਮਰੇ ਸਨ ."
"ਨਾਨਕਸ਼ਾਹੀ ਇੱਟਾਂ ਨਾਲ ਉੱਸਰੀ ਹੋਈ ਉਸ ਦੋ ਮੰਜ਼ਲੀ ਇਮਾਰਤ ਦੇ ਅੰਦਰ ਜਦੋਂ ਦਾਖਲ ਹੋ ਲੱਗੇ ਤਾਂ ਤ੍ਰਿਪਤਾ ਕਹਿਣ ਲੱਗੀ ਕਿ ਦਾਦੀ ਨੇ ਇਹ ਵੀ ਦੱਸਿਆ ਸੀ ਬਹੁਤ ਵੱਡੀ ਡਿਉੜੀ ਵੀ ਸਭ ਤੋਂ ਪਹਿਲਾਂ ਸੀ . ਇਹ ਵੀ ਉਵੇਂ ਹੀ ਹੈ .ਡਿਉਢੀ ਲੰਘ ਕੇ ਵਿਹੜੇ 'ਚ ਵੜਦਿਆਂ ਹੀ ਉਹ ਬੋਲੀ ," ਬਿਲਕੁਲ ਇਵੇਂ ਹੀ ਦੱਸਿਆ ਸੀ . ਕੁਝ ਕਮਰੇ ਉੱਪਰ ਸਨ, ਬਾਕੀ ਵਿਹੜੇ ਦੇ ਦੋਵੇਂ ਪਾਸੀਂ ਸਨ .
ਸਾਨੂੰ ਦੇਖ ਕੇ ਉਸ ਹਵੇਲੀ 'ਚ ਰਹਿੰਦੇ ਪਰਿਵਾਰਾਂ ਦੇ ਕੁੱਝ ਮਰਦ ,ਔਰਤਾਂ ਅਤੇ ਬੱਚੇ ਵਿਹੜੇ 'ਚ ਆ ਗਏ .ਉਨ੍ਹਾਂ ਨਾਲ ਗੱਲਾਂ ਕਰਦਿਆਂ ਮੇਰੀ ਬੀਵੀ ਬੇਹੱਦ ਭਾਵੁਕ ਹੋ ਗਈ .ਹੈਰਾਨੀ , ਖ਼ੁਸ਼ੀ ਅਤੇ ਅਫ਼ਸੋਸ ਦੇ ਰਲੇ ਮਿਲੇ ਭਾਵਾਂ ਨਾਲ ਭਰੇ ਉਸਦੇ ਮਨ ਦੀ ਅਸਲ ਅਵਸਥਾ ਤਾਂ ਉਹ ਹੀ ਬਿਆਨ ਕਰ ਸਕਦੀ ਹੈ ਪਰ ਹਾਵ-ਭਾਵ ਦੇਖਕੇ ਮੈਂ ਮੇਰੀ ਬੀਵੀ ਦੀ ਮਨੋ-ਅਵਸਥਾ ਦਾ ਅਨੁਮਾਨ ਲਾ ਸਕਦਾ ਸੀ.ਦਾਦੀ ਨਾਲ ਉਸਦਾ ਓੜਕਾਂ ਦਾ ਪਿਆਰ ਸੀ . ਦਾਦੀ ਨਾਲ ਜੁੜੀਆਂ ਅਨੇਕਾਂ ਘਟਨਾਵਾਂ ਤੇ ਕਹਾਣੀਆਂ ਉਸ ਦੀ ਜ਼ੁਬਾਨੀ ਸੁਣੀਆਂ ਹੋਈਆਂ ਸਨ . ਉਨ੍ਹਾਂ 'ਚ ਇਹ ਵੀ ਸ਼ਾਮਲ ਸੀ ਕਿ ਉਹ ਪੰਜਾਂ ਬਾਣੀਆਂ ਦਾ ਪਾਠ ਰੋਜ਼ ਕਰਦੀ ਸੀ . ਗੁਰਦਵਾਰਾ ਜਨਮ ਅਸਥਾਨ , ਜਿਹੜਾ ਕਿ ਘਰ ਦੇ ਐਨ ਨੇੜੇ ਹੀ ਸੀ , ਜਾਣਾ ਉਸ ਦਾ ਨਿੱਤਨੇਮ ਸੀ .
ਖ਼ੈਰ , ਭਰੇ ਗੱਚ ਨਾਲ ਮੇਰੀ ਬੀਵੀ ਦਾਦੀ ਦੇ ਦੱਸੇ ਵੇਰਵੇ ਦੇਣ ਲੱਗੀ " ਅੱਗੇ ਚਾਰ ਦੁਕਾਨਾਂ ਸਨ . ਪਿੱਛੇ ਕਪਾਹ ਦੇ ਗੋਦਾਮ ਸਨ . ਮੇਰੇ ਦਾਦਾ ਜੀ ਫ਼ਸਲ ਦੀ ਖ਼ਰੀਦ ਵੇਚ ਕਰਦੇ ਸਨ . ਲੰਮੀ ਤੇ ਵੱਡੀ ਸਾਰੀ ਡਿਉੜੀ .ਤੇ ਇਵੇਂ ਹੀ ਵਿਹੜਾ ."
ਸਾਨੂੰ ਦੇਖ ਕੇ ਉੱਥੇ ਰਹਿੰਦੇ ਪਰਿਵਾਰਾਂ ਦੇ ਮਰਦ ਔਰਤਾਂ ਅਤੇ ਬੱਚੇ ਵਿਹੜੇ 'ਚ ਕੱਠੇ ਹੋਣ ਲੱਗੇ . ਉਹ ਵੀ ਬਹੁਤ ਉਤਸੁਕ ਸਨ ਕਿ ਇਹ ਕੌਣ ਆ ਗਏ . ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਾਡੇ ਵਡੇਰੇ ਇਸ ਹਵੇਲੀ ਦੇ ਮਾਲਕ ਸਨ ਤਾਂ ਉਹ ਸਾਨੂੰ ਹਵੇਲੀ ਦੇ ਸਾਰੇ ਹਿੱਸੇ ਇਵੇਂ ਦਿਖਾਉਣ ਲੱਗੇ ਜਿਵੇਂ ਉਨ੍ਹਾਂ ਦੇ ਮਨਾਂ 'ਚ ਹਮਦਰਦੀ ਜਾਗ ਉੱਠੀ ਹੋਵੇ .ਵਿੱਚੇ ਹੀ ਕੁਝ 47 ਦੀ ਵੰਡ , ਲੱਖਾਂ ਲੋਕਾਂ ਦਾ ਦੋਹੀਂ ਪਾਸੀਂ ਹੋਏ ਕਤਲੇਆਮ ਅਤੇ ਉਜਾੜੇ ਤੇ ਝੋਰਾ ਵੀ ਕਰਨ ਲੱਗੇ . ਉਨ੍ਹਾਂ ਇਹ ਵੀ ਦੱਸਿਆ ਕਿ ਇਸ ਹਵੇਲੀ 'ਚ ਹੁਣ ਕੁੱਲ 7 ਪਰਿਵਾਰ ਰਹਿੰਦੇ ਨੇ .ਸਾਡੀ ਗੱਲਬਾਤ ਸੁਣ ਕੇ ਇੱਕ ਛੋਟੀ ਜਿਹੀ ਕੁੜੀ ਆਪਣੀ ਮਾਂ ਨੂੰ ਕਹਿਣ ਲੱਗੀ, " ਇਹ ਤਾਂ ਐਨ ਆਪਣੇ ਵਾਂਗੂੰ ਹੀ ਬੋਲਦੇ ਆ ? " ਉਸਦੀ ਮਾਂ ਨੇ ਜਵਾਬ ਦਿੱਤਾ ," ਹਾਂ ਬੇਟਾ , ਅਸੀਂ ਇਕੋ ਹੀ ਹਾਂ , ਬਸ ਵੰਡੀਆਂ ਪਈ ਗਈਆਂ ."
ਭਾਵੇਂ ਹਵੇਲੀ ਦਾ ਬੁਨਿਆਦੀ ਢਾਂਚਾ ਉਵੇਂ ਦੀ ਦਿਖਾਈ ਦੇ ਰਿਹਾ ਸੀ ਪਰ ਪੁਰਾਣੀ ਇਮਾਰਤ 'ਚ ਜੋ ਥੋੜ੍ਹੀ ਮੋਟੀ ਭੰਨ ਤੋੜ ਹੋਈ ਜਾਂ ਉਸਾਰੀਆਂ ਕੀਤੀਆਂ , ਉਹ ਦੱਸਣ ਲੱਗ ਪਏ ." ਇੱਥੇ ਆਹ ਸੀ , ਇੱਥੇ ਔਹ ਸੀ , ਇੱਥੇ 2 ਵੱਡੇ ਫਲਦਾਰ ਰੁੱਖ ਸੀ ." ਸਾਨੂੰ ਉਹ ਹਵੇਲੀ ਵਿਚਲੇ ਆਪਣੇ ਕਮਰਿਆਂ ਦੇ ਅੰਦਰ ਤੱਕ ਲੈ ਗਏ . ਇੰਝ ਕਰਦੇ -ਕਰਦੇ , ਹਵੇਲੀ ਦੇ ਇੱਕ ਪਾਸੇ ਲਿਜਾ ਕੇ ਇੱਕ ਕਮਰਾ-ਨੁਮਾ ਜਗਾ 'ਚ ਮੈਨੂੰ ਇੱਕ ਜਣਾ ਦੱਸਣ ਲੱਗਾ ," ਇੱਥੇ ਖੂਹੀ ਸੀ , ਅਸੀਂ ਹੁਣ ਇਸ ਨੂੰ ਬੰਦ ਕਰਕੇ ਫ਼ਰਸ਼ ਪਾਇਆ ਹੈ . " ਅੱਛਾ ਕਹਿਕੇ , ਬਾਹਰ ਵਿਹੜੇ 'ਚ ਔਰਤਾਂ ਨੂੰ ਆਪਣੀ ਦਾਦੀ ਦੀਆਂ ਹਵੇਲੀ ਨਾਲ ਜੁੜੀਆਂ ਯਾਦਾਂ ਸੁਣਾ ਰਹੀ ਆਪਣੀ ਬੀਵੀ ਨੂੰ ਮੈਂ ਦੱਸਿਆ ਕਿ ਉਹ ਕਹਿੰਦੇ ਨੇ ਇੱਥੇ ਖੂਹੀ ਸੀ ਤਾਂ ਉਹ ਇੱਕ ਦਮ ਉਤੇਜਿਤ ਹੋ ਕੇ ਬੋਲੀ , ' ਇਹ ਤਾਂ ਮੈਂ ਭੁੱਲ ਹੀ ਗਈ ਸੀ , ਦਾਦੀ ਕਹਿੰਦੀ ਸੀ ਡਿਉੜੀ ਵਰਦੀਆਂ ਹੀ ਸੱਜੇ ਪਾਸੇ ਹਵੇਲੀ 'ਚ ਹੀ ਖੂਹੀ ਸੀ ਜਿਸਦਾ ਪਾਣੀ ਬਹੁਤ ਮਿੱਠਾ ਸੀ ." ਇਹ ਕਹਿਕੇ ਅਸੀਂ ਉਹ ਖੂਹੀ ਵਾਲੀ ਛੱਤੀ ਥਾਂ ਦੇਖੀ . ਵਾਕਿਆ ਹੀ ਇਹ ਉਸੇ ਥਾਂ ਸੀ ਜਿਥੇ ਦਾਦੀ ਦੱਸਦੀ ਹੁੰਦੀ ਸੀ
ਅੰਦਰੋਂ -ਬਾਹਰੋਂ ਨਿਰਖ਼-ਪਰਖ ਕੇ, ਕੁਝ ਪਲ ਅਸੀਂ ਡਿਉੜੀ 'ਚ ਬਿਤਾਏ . ਅੱਜ ਉਵੇਂ ਹੀ ਖੜ੍ਹੀ ਦੇਖ ਕੇ ਇਹ ਅਨੁਮਾਨ ਲਾਇਆ ਜਾ ਸਕਦਾ ਸੀ ਅੱਜ ਤੋਂ 70-80 ਵਰ੍ਹੇ ਪਹਿਲਾਂ ਇਸ ਹਵੇਲੀ ਦੀ ਸ਼ਾਨੋ-ਸ਼ੌਕਤ ਕਿਹੋ ਜਿਹੀ ਹੋਵੇਗੀ .ਬਾਹਰ ਆ ਕੇ ਅਸੀਂ ਹਵੇਲੀ ਦੇ ਬਾਹਰ ਬਣੀਆਂ ਦੁਕਾਨਾਂ ਦੇਖੀਆਂ . ਚਾਰ ਦੁਕਾਨਾਂ ਨੂੰ ਹੁਣ 8 ਵਿਚ ਬਦਲ ਦਿੱਤਾ ਗਿਆ ਸੀ . ਹਵੇਲੀ ਦਾ ਵਰਾਂਡਾ ਕਵਰ ਕੜਕੇ ਇਸ ਨੂੰ ਦੁਕਾਨਾਂ ਦਾ ਹਿੱਸਾ ਬਣਾ ਲਿਆ ਗਿਆ ਹੈ . ਇੱਕ ਦੁਕਾਨ ਦੇ ਅੰਦਰ ਜਾ ਕੇ ਅਸੀਂ ਦੇਖਿਆ ਕਿ ਕਵਰ ਕੀਤੇ ਵਰਾਂਡੇ ਦੀ ਛੱਤ ਦੀ ਡਾਟ ( ਇੱਟਾਂ ਅਤੇ ਚੂਨੇ ਨਾਲ ਅਰਧ ਗੋਲਾਈ 'ਚ ਬਣਾਈ ਛੱਤ ਨੂੰ ਡਾਟ ਕਿਹਾ ਜਾਂਦਾ ਸੀ ) ਅੱਜ ਵੀ ਕਾਇਮ ਸੀ .
ਉੱਥੋਂ ਗੁਰਦਵਾਰਾ ਸਾਹਿਬ ਵੱਲ ਜਾਣ ਵੇਲੇ ਸਾਡੇ ਮਨ 'ਚ ਇੱਕ ਸੰਤੁਸ਼ਟੀ ਦਾ ਅਹਿਸਾਸ ਸੀ . ਸਾਡਾ ਇਸ ਵਾਰ ਲਹਿੰਦੇ ਪੰਜਾਬ 'ਚ ਆਉਣ ਦਾ ਇੱਕ ਮੇਨ ਮਿਸ਼ਨ ਪੂਰਾ ਹੋ ਗਿਆ ਸੀ .ਤ੍ਰਿਪਤਾ ਦਾ ਕਹਿਣਾ ਸੀ ,"ਮੇਰੀ ਵਰ੍ਹਿਆਂ ਦੀ ਇੱਛਾ ਤਾਂ ਪੂਰੀ ਹੋਈ ਮੈਂ ਇਸ ਲਈ ਭਾਵੁਕ ਹੋਈ ਕਿ ਮੈਨੂੰ ਅਫ਼ਸੋਸ ਇਹ ਹੋ ਰਿਹੈ ਕਿ ਮੇਰੀ ਦਾਦੀ ਤੇ ਪਰਿਵਾਰ ਇਸ 19 ਕਮਰਿਆਂ ਦੀ ਪੱਕੀ ਹਵੇਲੀ ਚੋਂ ਉੱਜੜ ਕੇ ਜਦੋਂ ਉੱਧਰ ਗਏ ਤਾਂ ਉਨ੍ਹਾਂ ਨੂੰ ਲੁਧਿਆਣੇ ਦੇ ਜਿਸ ਘਚੋਰ ਜਿਹੇ ਮਕਾਨ 'ਚ ਗੁਜ਼ਾਰਾ ਕਰਨਾ ਪਿਆ ਉਹ ਪਸ਼ੂਆਂ ਦੇ ਕਾਬਲ ਵੀ ਨਹੀਂ ਸੀ . ਉਨ੍ਹਾਂ ਦੇ ਮਨ ਤੇ ਕੀ ਬੀਤੀ ਹੋਵੇਗੀ ਉਸ ਵੇਲੇ ? ਇਹ ਕਹਿ ਕਿ ਉਹ ਫੇਰ ਉਦਾਸ ਹੋ ਗਈ .
ਨਨਕਾਣਾ ਸਾਹਿਬ ਦੇ ਸਾਬਕਾ ਨਾਜ਼ਿਮ ਅਤੇ ਨਾਮੀ ਕਾਰੋਬਾਰੀ ਮੂਨ ਖਾਨ ( ਸ਼ਹਿਜ਼ਾਦ ਖਾਲਿਦ ਖਾਨ ) ਨਾਲ ਲੇਖਕ -ਬਲਜੀਤ ਬੱਲੀ
--------
15 ਦਸੰਬਰ , 2018
ਬਲਜੀਤ ਬੱਲੀ
ਸੰਪਾਦਕ , ਬਾਬੂਸ਼ਾਹੀ ਡਾਟ ਕਾਮ
ਚੰਡੀਗੜ੍ਹ
+91-9915177722
ਸਾਡੇ ਸਫ਼ਰ ਦੀ ਲੜੀ ਜੋੜਨ ਲਈ ਪਹਿਲੀ ਕਿਸ਼ਤ ਪੜ੍ਹਨ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ :
ਪੁਰਖਿਆਂ ਦੀ ਧਰਤੀ -ਲਹਿੰਦੇ ਪੰਜਾਬ ਤੋਂ -1
ਆਪਣੇ ਵਡੇਰਿਆਂ ਦੀ ਧਰਤੀ ਲਾਹੌਰ ਤੋਂ ..ਤਾਂਘ ਅਮਨ ਅਤੇ ਸੁੱਖ-ਸਾਂਦ ਦੀ - ਬਲਜੀਤ ਬੱਲੀ ਦੀ ਕਲਮ ਤੋਂ
http://www.babushahi.com/punjabi/opinion.php?oid=2234
-
ਬਲਜੀਤ ਬੱਲੀ, ਸੰਪਾਦਕ, ਬਾਬੂਸ਼ਾਹੀ ਡਾਟ ਕਾਮ
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.