ਖ਼ਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਨੇ ਅਕਾਲੀ-ਭਾਜਪਾ ਸਰਕਾਰ ਦੇ ਪਿਛਲੇ ਦਸ ਸਮੇਂ ਦੌਰਾਨ ਜਾਣੇ-ਅਣਜਾਣੇ ਵਿੱਚ ਹੋਈਆਂ ਗਲਤੀਆਂ ਦੀ ਖਿਮਾ ਜਾਚਨਾ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੀਆਂ ਆਰੰਭਤਾ ਕਰਵਾਈ ਤੇ ਹਿਰਦਿਆਂ ਨੂੰ ਸ਼ੁਧ ਕਰਨ ਲਈ ਸੰਗਤਾਂ ਦੇ ਜੋੜੇ ਝਾੜਨ ਤੇ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਕੀਤੀ। ਇਸ ਬਾਰੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਧਰਮ ਦੇ ਨਾਂਅ 'ਤੇ ਸਿਆਸੀ ਗਰਾਮਾ ਕਰਨ ਲਈ ਖਿੱਲੀ ਉਡਾਈ ਹੈ ਅਤੇ ਪਿਛਲੇ 10 ਸਾਲ ਦੇ ਕੁਸ਼ਾਸ਼ਨ ਦੌਰਾਨ ਕੀਤੀਆਂ ਗਲਤੀਆਂ ਲਈ ਪਸ਼ਚਾਤਾਪ ਕਰਨ ਲਈ ਚਣੌਤੀ ਦਿੱਤੀ ਹੈ। ਉਧਰ ਬਾਦਲ ਪਰਿਵਾਰ ਵਲੋਂ ਅਕਾਲੀ ਦਲ ਨੇਤਾਵਾਂ ਸਮੇਤ ਕੀ ਦਰਬਾਰ ਸਾਹਿਬ ਜਾਕੇ ਸੇਵਾ ਕਰਕੇ ਭੁਲਾਂ ਬਖਸ਼ਾਉਣ ਦੇ ਕਾਰੇ ਨੂੰ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਸਿਆਸੀ ਡਰਾਮਾ ਕਰਾਰ ਦਿੱਤਾ ਹੈ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜੋੜੇ ਸਾਫ ਕਰਨ ਲਈ ਮਾਫੀ ਨਹੀਂ ਮਿਲੇਗੀ ਸਗੋਂ ਉਹਨਾ ਨੂੰ ਲੋਕਾਂ ਦੀ ਕਚਿਹਰੀ 'ਚ ਪੇਸ਼ ਕੀਤਾ ਜਾਵੇ। ਬਾਦਲਾਂ ਦੀ ਸਜ਼ਾ ਲੋਕ ਖੁਦ ਤੈਅ ਕਰਨਗੇ।
ਕਾਹਦੀ ਮੁਆਫੀ? ਕਾਹਦੀ ਸਜ਼ਾ। ਭਲਾ ਬਾਦਲਾਂ ਸਾਰੀ ਉਮਰ ਉਹੋ ਕੰਮ ਕੀਤੇ ਜਿਹੜੇ ਉਹਨਾ ਨੂੰ ਚੰਗੇ ਲੱਗੇ। ਪਿਛਲੇ ਦਸ ਸਾਲ ਕੀਤੇ ਉਹਨਾ ਦੇ "ਚੰਗੇ-ਮਾੜੇ" ਕੰਮਾਂ ਕਾਰਨ ਪੰਥਕ ਵੋਟ ਖਿਸਕ ਗਈ। ਉਹਨਾ ਨੂੰ ਸਜ਼ਾ ਤਾਂ ਪਿਛਲੀਆਂ ਚੋਣਾਂ 'ਚ ਲੋਕਾਂ ਦੇ ਦਿੱਤੀ, ਜਦੋਂ ਤਾਕਤ ਦਾ ਫੱਟਾ ਉਹਨਾ ਦੇ ਪੈਰਾਂ ਹੇਠੋਂ ਲੋਕਾਂ ਖਿਸਕਾ ਦਿੱਤਾ। ਹੁਣ ਤਰਲੋ-ਮੱਛੀ ਤਾਂ ਬਾਦਲ ਇਸ ਗੱਲੋਂ ਹੋ ਰਹੇ ਆ ਕਿ ਆਮ ਆਦਮੀ ਪਾਰਟੀ ਦੋ ਫਾੜ ਕਰ ਦਿੱਤੀ, ਪਰ ਬਾਵਜੂਦ ਯਤਨਾਂ ਦੇ ਵਿਰੋਧੀ ਧਿਰ ਦੇ ਨੇਤਾ ਦੀ ਝੰਡੀ ਵਾਲੀ ਕਾਰ ਫਿਰ ਵੀ ਛੋਟੇ ਕਾਕੇ ਹੱਥ ਨਾ ਆਈ । ਲੱਖ ਯਤਨ ਕਰਕੇ ਵੇਖ ਲਏ ਬਾਦਲਾਂ, ਲੋਕ ਹਾਲੇ ਵੀ ਉਹਨਾ ਵੱਲ ਨੱਕ-ਬੁੱਲ੍ਹ ਅਟੇਰ ਕੇ ਵੇਖਦੇ ਆ। ਉਂਜ ਭਾਈ ਗੱਲ ਹੈ ਬੜੀ ਅਵੱਲੀ, ਨਾ ਪੰਚਾਇਤ ਕੀਤੀ, ਨਾ ਕੋਈ ਜੱਜ ਬੈਠਾਇਆ, ਆਪੇ ਦੋਸ਼ੀ ਬਣ ਗੁਨਾਹ ਕਬੂਲ ਲਿਆ। ਆਪੇਂ ਜੱਜ ਬਣਕੇ ਸਜ਼ਾ ਲਈ ਤੇ ਲੱਗ ਪਏ ਦਰਬਾਰ ਸਾਹਿਬ ਜਾਕੇ ਲੋਕਾਂ ਦੇ ਜੋੜੇ ਝਾੜਨ! ਲੋਕ ਪੁਛਦੇ ਆ ਭਾਈ ਕਿਹੜੇ ਗੁਨਾਹ ਕੀਤੇ ਆ? ਕਿੰਨੇ ਘਰ ਉਜਾੜੇ ਆ? ਕਿੰਨੇ ਲੋਕ ਨਸ਼ੇ-ਪੱਤੇ ਲਾਏ ਆ, ਕਿੰਨੇ ਲੋਕ ਮਾਫੀਏ ਦੀ ਭੇਟ ਚੜ੍ਹਾਏ ਆ, ਕਿੰਨਿਆਂ ਵਿਰੁੱਧ ਝੂਠੇ ਕੇਸ ਬਣਾਏ ਆ, ਕਿੰਨਿਆਂ ਦੇ ਕਾਰੋਬਾਰ ਹਥਿਆਏ ਆ, ਕਿੰਨੀ ਰਿਸ਼ਵਤ ਕਿਹੜੇ ਮੰਤਰੀ ਸੰਤਰੀ ਨੇ ਲਈ ਆ ਅਤੇ ਇਸ ਤੋਂ ਵੀ ਵੱਡਾ ਗੁਨਾਹ ਇਹ ਹੈ ਕਿ ਮਾਂ ਪੰਜਾਬੋ ਦੇ ਕਿੰਨੇ ਧੀ ਪੁੱਤ ਦੇਸੋਂ ਵਿਦੇਸ਼ ਜਾਣ 'ਤੇ ਮਜ਼ਬੂਰ ਕਰ ਦਿੱਤੇ ਆ? ਲੋਕ ਪੁੱਛਦੇ ਆ, ਇਹੋ ਗੁਨਾਹ ਆ ਕਿ ਇਹ ਵੀ ਆ ਕਿ ਵੋਟਾਂ ਖਾਤਰ ਸੌਦਾ ਸਾਧ ਕੋਲ ਸੌਦਾ ਵੇਚਿਆ, ਤੇ ਬਰਗਾੜੀ ਸਾਹਿਬ ਦੀ ਤੰਦ ਉਲਝਾਈ! ਗੱਲ ਹੀ ਅਵੱਲੀ ਆ, ਅਸਲੋਂ ਅਵੱਲੀ, ਤਦੇ ਤਾਂ ਬਾਬਾ ਨਜ਼ਮੀ ਲਿਖਦਾ ਆ, "ਕੀਹਦਾ ਹੱਥ ਸਰੰਗੀ ਆ ਗਈ ਵੇਲੇ ਦੀ, ਸੁਰ ਦੇ ਬਦਲੇ ਚੀਕਾਂ ਸੁਣੀਆਂ ਤਾਰਾਂ ਨੇ (ਬਾਬਾ ਨਜ਼ਮੀ)
ਉਜੜੇ ਤਖ਼ਤ ਕੋਲ ਬੈਠੀ ਮਾਈ ਪੰਜਾਬੋ ਦੇ ਵੈਣ,
ਚੀਰਦੇ ਜਾਂਦੇ ਅੱਜ ਵਖ਼ਤ ਦਾ ਪਥਰੀਲਾ ਸੀਨਾ
ਖ਼ਬਰ ਹੈ ਕਿ ਪੰਜਾਬ ਸਮੇਤ ਦੇਸ਼ ਭਰ ਦੀਆਂ ਨਹਿਰਾਂ ਨੂੰ ਪ੍ਰਦੂਸ਼ਣ ਦੀ ਮਾਰ ਪੈ ਰਹੀ ਹੈ, ਜਿਥੇ ਪੰਜਾਬ ਵਿਚਲੀਆਂ ਨਹਿਰਾਂ ਵੱਡੇ ਪੱਧਰ 'ਤੇ ਪ੍ਰਦੂਸ਼ਣ ਦਾ ਸਾਹਮਣਾ ਕਰ ਰਹੀਆਂ ਹਨ। ਪੰਜਾਬ ਦੀਆਂ ਨਹਿਰਾਂ ਵਿੱਚ ਨਿੱਜੀ ਫੈਕਟਰੀਆਂ ਦੇ ਇਲਾਵਾ ਸੀਵਰੇਜ ਦਾ ਪਾਣੀ ਕੋਈ ਹੋਰ ਨਹੀਂ, ਸਗੋਂ 'ਸਰਕਾਰੀ ਅਦਾਰੇ' ਹੀ ਸੁੱਟ ਰਹੇ ਹਨ। ਦਰਿਆਈ ਪਾਣੀਆਂ ਨੂੰ ਦੂਸ਼ਿਤ ਕਰਨ ਦੇ ਚਲਦੇ ਪਿਛਲੇ ਦਿਨੀਂ ਐਨ.ਜੀ.ਟੀ. ਵਲੋਂ ਪੰਜਾਬ ਸਰਕਾਰ ਨੂੰ 50 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਹੈ।
ਉਹ ਵੇਖ, ਪੰਜਾਬ ਦੇ ਇੱਕ ਕੋਨੇ ਪੰਜਾਬੋ ਰੋ ਰਹੀ ਆ, ਉਹਦੇ ਪੁਤ ਲਟੈਣਾ ਨਾਲ ਲਟਕ ਰਹੇ ਆ। ਉਹ ਵੇਖ, ਪੰਜਾਬ ਦੇ ਦੂਜੇ ਕੋਨੇ ਪੰਜਾਬੋ ਰੋ ਰਹੀ ਆ, ਉਹਦੇ ਪੁੱਤ ਪਿੰਡ ਦੀਆਂ ਨਿਆਈਆਂ 'ਚ ਨਸ਼ੇ ਨਾਲ ਟੁੰਨ ਹੋ ਜ਼ਿੰਦਗੀ ਗੁਆ ਰਹੇ ਆ। ਉਹ ਵੇਖ, ਪੰਜਾਬ ਦੇ ਕੋਨੇ-ਕੋਨੇ 'ਚੋਂ ਗੱਭਰੂ ਮੁਟਿਆਰਾਂ ਅੱਲੜ ਉਮਰੇ ਪੰਜਾਬੋ ਦੀ ਗਲਵਕੜੀ ਛੁਡਾ ਗੋਰਿਆਂ ਦੇ ਦੇਸ਼ਾਂ ਵੱਲ ਵਗੇ ਜਾ ਰਹੇ ਆ। ਉਹ ਵੇਖ ਪੰਜਾਬ ਦਾ ਕਣ-ਕਣ ਗੰਦ ਮੰਦ ਨਾਲ ਭਰਿਆ, ਉਬਾਲੇ ਖਾ ਰਿਹਾ ਆ। ਉਹ ਵੇਖ ਪੰਜਾਬੋ, ਪੰਜਾਬੀ ਬੰਦੇ ਦੇ ਖੰਡਿਤ ਆਪੇ ਦਾ ਸਹਿਮ, ਡਰ, ਭਟਕਣ, ਬੇਚੈਨੀ ਕਿਵੇਂ ਹੰਢਾ ਰਹੀ ਆ। ਉਹ ਵੇਖ ਤੇ ਸੁਣ ਪੰਜਾਬੋ ਦੀ ਵੇਦਨਾ ਤੇ ਜਖ਼ਮਾਂ ਨਾਲ ਭਰੀ ਆਵਾਜ਼।
ਉਹ ਵੇਖ ਪੰਜਾਬੋ ਦਾ ਪੰਜਾਬ ਜਿਥੇ ਅੱਜ ਕੱਲ ਧਰਮ,ਨੈਤਿਕਤਾ, ਗਿਆਨ ਆਦਿ ਖੰਭ ਲਾਕੇ ਉਡਪੁਡ ਗਏ ਹਨ ਅਤੇ ਜਿਥੇ ਚਿੱਟੀਆਂ ਹੋਣ ਲੱਗੀਆਂ ਹਨ ਰਾਤਾਂ ਕਾਲੀਆਂ, ਜਿਥੇ ਮੁਲਾਜ਼ੇਦਾਰੀਆਂ ਨੇ ਚਿੱਟਾ ਕਰ ਦਿੱਤਾ ਹੈ ਚਿੱਟਾ ਚੌਂਤਰਾ। ਜਿਥੇ ਖੱਬੀ ਖਾਨਾ ਦਾ ਰਾਜ ਆ ਅਤੇ ਮਾਂ ਪੰਜਾਬੋ ਅੱਕ ਚੱਬਦੀ ਆ। ਤਦੇ ਤਾਂ ਕਵੀ ਲਿਖਦਾ ਆ, "ਉਜੜੇ ਤਖ਼ਤ ਕੋਲ ਬੈਠੀ ਮਾਈ ਪੰਜਾਬੋ ਦੇ ਵੈਣ, ਚੀਰਦੇ ਜਾਂਦੇ ਅੱਜ ਵਖ਼ਤ ਦਾ ਪਥਰੀਲਾ ਵੈਣ"।
ਫਰਕ ਕੀ ਪੈਂਦਾ ਕਿ ਸਿੱਕਾ ਬਣਿਆ ਕਿਹੜੀ ਧਾਂਤ ਦਾ,
ਚਲਦਾ ਉਹੀ ਜਿਸ 'ਤੇ ਹੁੰਦੀ ਹੁਕਮਰਾਨਾਂ ਦੀ ਨਜ਼ਰ
ਖ਼ਬਰ ਹੈ ਕਿ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਦੇ ਵਿਆਹ ਦੇ ਜ਼ਸ਼ਨਾਂ ਵਿੱਚ ਦੇਸ਼ ਵਿਦੇਸ਼ ਦੇ 1800 ਮਹਿਮਾਨਾਂ ਨੂੰ ਬੁਲਾਇਆ ਹੈ। ਇਹਨਾ ਵਿਚੋਂ 1500 ਮਹਿਮਾਨ ਆਪਣੇ ਨਿੱਜੀ ਜਹਾਜ਼ਾਂ ਤੇ ਆ ਰਹੇ ਹਨ। ਵਿਆਹ 'ਚ ਸ਼ਾਮਲ ਹੋਣ ਲਈ ਅਮਰੀਕੀ ਡੈਮੋਕਰੇਟਿਵ ਪਾਰਟੀ ਦੀ ਨੇਤਾ ਹਿਲੇਰੀ ਕਲਿੰਟਨ ਪੁੱਜ ਗਈ ਹੈ। ਸਮਾਗਮ ਵਿੱਚ ਰਾਜਨੀਤਿਕ ਤੇ ਕਾਰੋਬਾਰੀ ਜਗਤ ਦੀਆਂ ਹਸਤੀਆਂ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁੱਜਣਗੇ। ਸ਼ਿਵ ਸੈਨਾ ਪ੍ਰਧਾਨ ਉਧਵ ਠਾਕਰੇ, ਅਮਿਤਾਬ ਬਚਨ, ਰਤਨ ਟਾਟਾ, ਗੌਤਮ ਅਡਾਨੀ, ਸਲਮਾਨ ਖਾਨ , ਅਕਸ਼ੈ ਕੁਮਾਰ ਵੀ ਵਿਆਹ ਸਮੇਂ ਹਾਜ਼ਰ ਰਹਿਣਗੇ।
ਕਾਲੇ ਧੰਨ ਦੇ ਭਰੇ ਹੋਏ ਭੜੋਲੇ ਹੁਣ ਉਛਲਣਗੇ। ਧੰਨ ਦੀ ਵਰਖਾ ਅਸਮਾਨੋਂ ਵੀ ਹੋਊ ਤੇ ਧਰਤੀ ਤੋਂ ਵੀ! ਜਿਹੜਾ ਧੰਨ ਅੰਬਾਨੀਆਂ, ਅਡਾਨੀਆਂ ਦੋਸਤ ਮੋਦੀ, ਸ਼ਾਹ ਦੀ ਬਦੌਲਤ ਇੱਕਠਾ ਕੀਤਾ ਉਹ ਹੁਣ ਵਰਤਿਆ ਜਾਊ। ਉਂਜ ਭਾਈ ਮੋਦੀ ਤਾਂ ਆਂਹਦਾ ਸੀ, ਹਰ ਗਰੀਬ ਦੀ ਗੋਲਕ 'ਚ 15 ਲੱਖ ਪਾਊ, ਪਰ ਜਾਪਦਾ ਮੋਦੀ ਦਾ ਹੱਥ ਗਰੀਬਾਂ ਵੱਲ ਜਾਣ ਦੀ ਬਿਜਾਏ ਦੋਸਤ ਅੰਬਾਨੀ ਵੱਲ ਮੁੜ ਗਿਆ ਤੇ ਕਾਲੇ ਧੰਨ ਦਾ ਅੰਬਾਰ ਅੰਬਾਨੀ ਵਿਹੜੇ ਜਾ ਲਾਇਆ।
ਕੀ ਕਰਨ ਵਿਚਾਰੇ ਹੱਥ, ਜਦੋਂ ਚਲਦੇ ਨੇ ਗਰੀਬਾਂ ਦੀ ਵਿਜਾਏ ਅਮੀਰਾਂ ਵੱਲ ਜਾਂਦੇ ਆ। ਕੀ ਕਰਨ ਵਿਚਾਰੇ ਹੱਥ, ਮਿੱਟੀ ਦੀ ਥਾਂ ਸੋਨੇ ਵੱਲ ਵੱਗਦੇ ਨੇ। ਕੀ ਕਰਨ ਵਿਚਾਰੇ ਬੇਬਸ ਹੱਥ ਇਹ ਹੁਣ ਮਨ ਦੀ ਦਿਲ ਦੀ ਗੱਲ ਨਹੀਂ ਮੰਨਦੇ, ਸਿਰ ਤੇ ਡਿਗਦੇ ਹਥੌੜੇ ਦੀ ਗੱਲ ਸੁਣਦੇ ਆ। ਕੀ ਕਰਨ ਵਿਚਾਰੇ ਹੱਥ, ਵਿਕੇ ਹੋਏ ਹੱਥ, ਜਦੋਂ ਹਕੂਮਤ ਸੰਭਾਲਦੇ ਆ , ਰੋਬਟ ਬਣ ਜਾਂਦੇ ਆ ਤੇ ਸਿੱਕੇ ਬੱਸ ਵੱਡੀ ਗੋਲਕ ਵੱਲ ਸੁੱਟਦੇ ਆ, ਜਿਥੋਂ ਮੁੜ ਆਉਣ ਦੀ ਆਸ ਹੋਵੇ। ਤਦੇ ਤਾਂ ਕਿਹਾ ਜਾਂਦਾ, "ਫਰਕ ਕੀ ਪੈਂਦਾ ਕਿ ਸਿੱਕਾ ਬਣਿਆ ਕਿਹੜੀ ਧਾਂਤ ਦਾ, ਚਲਦਾ ਉਹੀ ਜਿਸ 'ਤੇ ਹੁੰਦੀ ਹੁਕਮਰਾਨਾਂ ਦੀ ਨਜ਼ਰ"।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਦੇਸ਼ ਦੇ ਸਭ ਤੋਂ ਖੁਸ਼ਹਾਲ ਕਹੇ ਜਾਂਦੇ ਸੂਬੇ ਪੰਜਾਬ ਵਿੱਚ 2000 ਸੰਨ ਤੋਂ 2017 ਸੰਨ ਤੱਕ 16600 ਕਿਸਾਨਾਂ ਨੇ ਖੁਦਕੁਸ਼ੀ ਕੀਤੀ।
ਪੰਜਾਬ ਵਿੱਚ ਹਰ ਕਿਸਾਨ ਦੀ ਵਿਧਵਾ ਉਤੇ ਦੋ ਤੋਂ ਬਾਰਾਂ ਲੱਖ ਦਾ ਕਰਜ਼ਾ ਹੈ, ਜੋ ਉਹਨਾ ਦੇ ਪਤੀ ਉਹਨਾ ਸਿਰ ਛੱਡ ਗਏ ਸਨ।
ਇੱਕ ਵਿਚਾਰ
ਤਬਦੀਲੀ ਨਹੀਂ ਆਏਗੀ, ਜੇਕਰ ਅਸੀਂ ਦੂਜੇ ਆਦਮੀ ਜਾਂ ਦੂਜੇ ਸਮੇਂ ਦੀ ੳਡੀਕ ਕਰਦੇ ਰਹਾਂਗੇ।.............ਬਰਾਕ ਉਬਾਮਾ
ਗੁਰਮੀਤ ਪਲਾਹੀ
9815802070
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.