ਮੈਂ ਤੇਰੇ ਨਾਲ
ਬਹੁਤ ਗੱਲਾਂ ਕਰਨੀਆਂ ਨੇ
ਨਿੱਕੀਏ ਜੇਹੀਏ ਚਾਨਣੀਏ
ਮੈਂ ਤੇਰੇ ਨਾਲ
ਬਹੁਤ ਗੱਲਾਂ ਕਰਨੀਆਂ ਨੇ।
ਧੁੱਪਾਂ ਦੀਆਂ, ਛਾਵਾਂ ਦੀਆਂ
ਜਾਣੇ ਅਣਜਾਣੇ ਰਾਹਵਾਂ ਦੀਆਂ।
ਰੂਹ ਦੇ ਰੰਗਾਂ ਦੀਆਂ
ਮਨ ਚ ਉੱਠਦੀਆਂ ਤਰੰਗਾਂ ਦੀਆਂ।
ਅਜੇ ਮੈਂ ਤੇਰੀ ਭਾਸ਼ਾ ਨਹੀਂ ਜਾਣਦਾ।
ਚੁੱਪ ਦੀ ਇਬਾਰਤ ਪੜ੍ਹ ਸਕਣਾ
ਮੇਰੇ ਵੱਸ ਨਹੀਂ ਪੁੱਤਰੀਏ।
ਤੇਰੇ ਨੇਤਰਾਂ ਚ ਤੈਰਦੇ ਸੁਪਨੇ
ਰੌਸ਼ਨ ਚਿਰਾਗ
ਮੇਰੀਆਂ ਦੋ ਅੱਖਾਂ ਦੇ
ਕਲਾਵੇ ‘ਚ ਨਹੀਂ ਆਉਂਦੇ।
ਮੈਂ ਤੈਨੂੰ ਆਪਣੀ ਬੋਲੀ ਸਿਖਾਵਾਂਗਾ।
ਮਨਚਾਹਿਆ ਸਬਕ ਪੜ੍ਹਾਵਾਂਗਾ।
ਕੋਰੇ ਵਰਕਿਆਂ ਤੇ
ਵੰਨ ਸੁਵੰਨ ਲਕੀਰਾਂ ਵਾਹਵਾਂਗਾ।
ਆਪਣੇ ਮਨਪਸੰਦ ਰੰਗਾਂ ਦੀਆਂ ਪਿੜੀਆਂ ਪਾਵਾਂਗਾ।
ਜਿਹੜਾ ਕੁਝ ਮੇਰੀਆਂ ਕਵਿਤਾਵਾਂ
ਨਾ ਕਹਿ ਸਕੀਆਂ
ਤੂੰ ਉਸ ਤੋਂ ਅੱਗੇ ਤੁਰੇਂਗੀ।
ਮੇਰੀਆਂ ਅਣਕਹੀਆਂ ਦਾ ਸਫ਼ਰ
ਤੇਰੇ ਪੈਰਾਂ ਚ ਛਣਕੇਗਾ
ਰੀਝ ਬਣਕੇ।
ਤਪਦੀ ਧਰਤੀ ਤੇ
ਕਣੀਆਂ ਪਈਆਂ
ਤਾਂ ਸੋਂਧੀ ਮਿੱਟੀ ਦੀ ਮਹਿਕ ਨੇ
ਮੈਨੂੰ ਕਿਹਾ ਸੀ
ਸਹਿਜ ਨਾਲ ਉਡੀਕ
ਤੇਰੇ ਲਈ ਮੇਰੇ ਕੋਲ ਬਹੁਤ ਕੁਝ
ਸ਼ੁਭ ਅਸੀਸ ਜਿਹਾ।
ਪੁੱਤਰੀ ਅਸੀਸ!
ਤੇਰੇ ਨਾਲ ਬਹੁਤ ਗੱਲਾਂ ਕਰਨੀਆਂ ਨੇ।
ਤੂੰ ਬੋਲਣਾ ਸਿੱਖ
ਮੈਂ ਸੁਣਨਾ ਸਿੱਖ ਲਵਾਂਗਾ।
ਗੁਰਭਜਨ ਗਿੱਲ
15.12.2018
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.