ਪਿਛਲੇ ਕਾਫ਼ੀ ਸਮੇਂ ਤੋਂ ਕਾਲਮ ਲਗਾਤਾਰ ਨਹੀਂ ਰੱਖ ਸਕਿਆ, ਉਹਦੇ ਲਈ ਪਾਠਕਾਂ ਤੋਂ ਮਾਫ਼ੀ ਮੰਗਦਾ ਹਾਂ ਪਰ ਜੇ ਕੋਈ ਪੁੱਛਣਾ ਚਾਹੇ ਕਿ ਕਿਉਂ ਕਾਲਮਨਿਗ਼ਾਰੀ ਦਾ ਵਹਾਅ ਟੁੱਟਦਾ ਜਾਂਦਾ ਹੈ ਤਾਂ ਸਿਰਫ਼ ਇੱਕੋ ਗੱਲ ਆਖਣਾ ਚਾਹਾਂਗਾ ਕਿ ਹੁਣ ਹੋਰ ਲਿਖਣ ਨੂੰ ਮਨ ਨਹੀਂ ਕਰਦਾ। ਕੀਹਦੇ ਲਈ ਲਿਖਦੇ ਹਾਂ ਆਪਾਂ! ਕਿਉ ਲਿਖਦੇ ਹਾਂ? ਸਿਰਫ਼ ਲਿਖਣ ਲਈ? ਜਾਂ ਮਹਿਜ਼ ਛਪਣ ਲਈ? ਇਹੋ ਜਿਹੇ ਲਿਖੇ ਦਾ ਕੀ ਲਾਭ ਜੀਹਦਾ ਅਸਰ ਕਬੂਲਣ ਨੂੰ ਕੋਈ ਤਿਆਰ ਨਹੀਂ!
(2)
ਲੰਘੇ ਮਹੀਨੇ ਦੌਰਾਨ ਵਾਪਰੀਆਂ ਤਿੰਨ ਦੁਰਘਟਨਾਵਾਂ ਨੇ ਸਾਨੂੰ ਫ਼ਿਕਰਾਂ ਵਿਚ ਪਾਇਆ ਹੋਇਆ ਹੈ। ਅਸੀਂ ਆਪਣੇ ਆਲੇ-ਦੁਆਲੇ ਬਦਤਮੀਜ਼, ਸੱਭਿਆਚਾਰਕ ਕਦਰਾਂ ਕੀਮਤਾਂ ਤੋਂ ਟੁੱਟੇ ਤੇ ਵੇਖਣ ਨੂੰ 'ਪੀ.ਕੇ.' ਵਰਗੇ ਲੱਗਦੇ ਨੌਜਵਾਨਾਂ ਤੇ ਅੱਲ੍ਹੜ ਉਮਰ ਦੇ ਮੁੰਡੇ ਦੇਖਦੇ ਹਾਂ। ਬਹੁਤੀ ਵਾਰ ਇਨ੍ਹਾਂ ਦੇ ਲਿਬਾਸ ਦੀ ਚੋਣ ਬਹੁਤ ਅਜੀਬ ਹੁੰਦੀ ਹੈ। ਇਨ੍ਹਾਂ ਦਾ ਹੇਅਰ ਸਟਾਈਲ ਬਹੁਤ ਅਜੀਬ ਹੁੰਦੇ ਹਨ, ਵਰਤੋਂ ਵਿਹਾਰ ਤੇ ਗੱਲਬਾਤ ਦਾ ਤਰੀਕਾ ਬੇਹੱਦ ਅਨੋਖਾ ਹੁੰਦਾ ਹੈ। ਇਹ ਬੱਚੇ ਕਿੱਥੋਂ ਆ ਗਏ?
ਸੰਦਰਭਾਂ ਤੇ ਸਰੋਕਾਰਾਂ ਤੋਂ ਸੱਖਣੀ ਇਹ ਪੀੜ੍ਹੀ, ਨਵੀਂ ਪੀੜ੍ਹੀ ਤਾਂ ਹੈ ਪਰ ਗੁਣਾਂ ਪੱਖੋਂ ਨਵਾਂਪਣ ਨਹੀਂ ਹੈ। ਨਾਈਆਂ ਦੀਆਂ ਦੁਕਾਨਾਂ ਉੱਤੇ, ਸ਼ੋਪਿੰਗ ਮੌਲਾਂ ਵਿਚ, ਮੋਮੋਜ਼-ਬਰਗਰ ਦੀਆਂ ਰੇਹੜੀਆਂ ਉੱਤੇ, ਸੜਕਾਂ 'ਤੇ ਟਰੈਫਿਕ ਨਿਯਮ ਤੋੜਦਿਆਂ ਦੇਖ ਸਕਦੇ ਹੋ। ਇਹ ਉਨਮਾਦੀ ਨੌਜਵਾਨ ਇਹੋ ਜਿਹੇ ਕਿਉਂ ਹਨ, ਉਹ ਖ਼ੁਦ ਨਹੀਂ ਜਾਣਦੇ। ਉਨ੍ਹਾਂ ਆਪਣੇ ਕੱਚੇ ਮਨ 'ਤੇ ਗ਼ਲਤ ਵਿਚਾਰਾਂ ਦੀ ਐਨਕ ਚਾੜ੍ਹ ਕੇ ਸਾਰੀ ਦੁਨੀਆਂ ਨੂੰ ਦੇਖਦੇ ਹਨ। ਇਨ੍ਹਾਂ ਨੂੰ ਅਸੀਂ ਨਾ ਤਾਂ ਸੱਜਰਾ ਸੱਭਿਆਚਾਰ ਦੇ ਸਕੇ ਤੇ ਨਾ ਹੀ ਸੱਚ ਦੇ ਸਕੇ। ਇਹ ਚੈਨਲ ਵੀ ਦੇਖਦੇ ਰਹੇ ਤੇ ਐੱਮ ਟੀ.ਵੀ. ਦੇ ਪ੍ਰੋਗਰਾਮ ਦੇਖ ਦੇਖ ਕੇ ਆਪਣਾ ਕਬਾੜਾ ਕਰਦੇ ਰਹੇ।
(3)
ਪਿਛਲੇ ਮਹੀਨੇ ਤਿੰਨ ਘਟਨਾਵਾਂ ਹੋਈਆਂ। ਪਹਿਲੀ ਇਹ ਕਿ ਬਾਗ਼ਾਂ ਵਿਚ ਮਾਲੀ ਦਾ ਕੰਮ ਕਰਨ ਵਾਲੇ ਵਿਅਕਤੀ ਦੇ ਪੁੱਤਰ ਨੇ ਸਲਫ਼ਾਸ ਨਿਗਲ ਲਈ ਤੇ ਇਲਾਜ ਦੌਰਾਨ ਸਰਕਾਰੀ ਹਸਪਤਾਲ ਵਿਚ ਦਮ ਤੋੜ ਦਿੱਤਾ। ਵਜ੍ਹਾ?
ਵਜ੍ਹਾ ਇਹ ਸੀ ਕਿ ਉਹ ਸਮਾਰਟ ਫ਼ੋਨ ਕਿਸ਼ਤਾਂ 'ਤੇ ਪ੍ਰਾਪਤ ਕਰਨ ਦੀ ਜ਼ਿੱਦ ਕਰਦਾ ਸੀ ਤੇ ਬਾਪ ਸੋਚਦਾ ਸੀ ਕਿ 16 ਸਾਲਾਂ ਦੇ ਮੁੰਡੇ ਨੂੰ ਸਮਾਰਟ ਫ਼ੋਨ ਨਹੀਂ ਚਾਹੀਦਾ ਹੁੰਦਾ। ਕੱਚੀ ਉਮਰ ਦਾ ਮੁੰਡਾ ਆਪਣੇ ਸੁਪਨ-ਸੰਸਾਰ ਵਿਚ ਜੀਉਂਦਾ ਸੀ ਤੇ ਆਪਣੇ ਹੀ ਸੁਪਨ-ਸੰਸਾਰ ਵਿਚ ਮਰ ਗਿਆ। ਦੂਜੀ ਘਟਨਾ ਇਹ ਹੈ ਕਿ ਬਜਾਜੀ ਦੀ ਹੱਟੀ ਵਿਚ ਸੇਲਜ਼ਮੈਨ ਦੀ ਨੌਕਰੀ ਕਰਦੇ ਸ਼ਖ਼ਸ ਦੇ ਪੁੱਤਰ ਨੂੰ ਕੋਈ ਕੁੜੀ ਜਾਣਦੀ ਸੀ, ਦੋਵੇਂ ਵ੍ਹਟਸਐਪ 'ਤੇ ਚੈਟ ਕਰਦੇ ਸੀ। ਮੁੰਡੇ ਨੇ ਵਾਕਫ਼ ਕੁੜੀ ਨੂੰ ਕਿਹਾ ਕਿ ਚੱਲ ਆਪਾਂ ਵੀਡੀਓ ਕਾਲ ਕਰਦੇ ਹਾਂ, ਅੱਗੋਂ ਕੁੜੀ ਨੇ ਬਾਪ ਤੇ ਚਾਚੇ ਦੇ ਨੇੜੇ ਖੜ੍ਹੇ ਹੋਣ ਦਾ ਵਾਸਤਾ ਦਿੱਤਾ ਪਰ ਅੜੀਅਲ ਮੁੰਡਾ ਨਾ ਮੰਨਿਆ। ਕੁਦਰਤੀ, ਜ਼ਿੱਦੀ ਮੁੰਡੇ ਦੇ ਚਾਚੇ ਦਾ ਪੁੱਤ ਘਰ ਆਇਆ ਹੋਇਆ ਸੀ, ਜ਼ਿੱਦੀ ਮੁੰਡੇ ਨੇ ਚਚੇਰ ਭਰਾ ਨੂੰ ਝਕਾਨੀ ਦਿੱਤੀ ਤੇ ਕੁੜੀ ਨੂੰ ਕਹੇ ਮੁਤਾਬਕ ਪੱਖੇ ਨਾਲ ਫਾਂਸੀ ਲਾ ਕੇ ਮਰ ਗਿਆ। ਪਿਤਾ ਆਪਣੇ ਪਸੰਦੀਦਾ ਕਥਾਵਾਚਕ ਦੀ ਕਥਾ ਸੁਣ ਕੇ ਪੁੱਤ ਦੇ ਕਮਰੇ ਵਿਚ ਪੁੱਜਾ ਤਾਂ ਮੁੰਡੇ ਨੂੰ ਪੱਖੇ ਤੋਂ ਲਾਹਿਆ, ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਮੁੰਡਾ ਮਰਿਆ ਐਲਾਨ ਦਿੱਤਾ। ਤੀਜੀ ਘਟਨਾ ਇਹ ਹੈ ਕਿ ਅੱਲ੍ਹੜ ਉਮਰ ਦਾ ਇਕ ਮੁੰਡਾ ਜਿਹੜਾ ਹਰ ਵੇਲੇ ਸਮਾਰਟ ਫੋਨ ਵਿਚ ਖੁੱਭਿਆ ਰਹਿੰਦਾ ਸੀ, ਉਹਨੇ ਫੇਸਬੁੱਕ 'ਤੇ 'ਦੋਸਤ' ਬਣਾ ਲਏ। ਉਨ੍ਹਾਂ ਖ਼ਰੂਦੀ ਮੁੰਡਿਆਂ ਨੂੰ ਪਤਾ ਲੱਗ ਗਿਆ ਕਿ ਇਹ 'ਸ਼ਿਕਾਰ' ਕਿਸੇ ਵਪਾਰੀ ਦਾ ਪੁੱਤ ਹੈ। ਉਨ੍ਹਾਂ ਅੱਥਰਿਆਂ ਨੇ ਇਹ ਨਵਾਂ ਸ਼ਿਕਾਰ ਫਾਹ ਕੇ ਅਗ਼ਵਾ ਕਰ ਲਿਆ ਤੇ ਉਹਦੇ ਪਿਓ ਤੋਂ 2 ਕਰੋੜ ਦੀ ਫ਼ਿਰੌਤੀ ਮੰਗ ਲਈ। ਦਰਮਿਆਨਾ ਵਪਾਰੀ ਸੀ ਉਹ ਤੇ ਇਕਦਮ ਏਨੇ ਪੈਸੇ ਕਿੱਥੋਂ ਲਿਆਉਂਦਾ? ਉਹਨੇ ਮਜਬੂਰੀ ਜ਼ਾਹਰ ਕੀਤੀ ਤਾਂ ਅੱਥਰੇ ਮੁੰਡਿਆਂ ਨੇ ਸੌਦਾ 50 ਲੱਖ ਤੋਂ ਸ਼ੁਰੂ ਕਰ ਕੇ 3 ਲੱਖ 'ਤੇ ਮੁਕਾ ਲਿਆ। ਓਧਰੋਂ ਅਗ਼ਵਾ ਹੋਇਆ 'ਦੋਸਤ' ਚੀਕਾਂ ਮਾਰਦਾ ਸੀ ਤਾਂ ਉਨ੍ਹਾਂ ਪੋਲ ਖੁੱਲ੍ਹਣ ਦੇ ਡਰੋਂ ਮੁੰਡੇ ਨੂੰ ਜਾਨੋਂ ਮਾਰ ਦਿੱਤਾ। ਅਗ਼ਵਾ ਮੁੰਡੇ ਦੇ ਪਿਓ ਨੇ ਪੁਲਿਸ ਨੂੰ ਆਪ-ਬੀਤੀ ਦੱਸੀ ਸੀ, ਪੁਲਿਸ ਨੇ ਜਾਲ ਵਿਛਾ ਦਿੱਤਾ। ਅਗ਼ਵਾਕਾਰ ਮੁੰਡਿਆਂ ਦੇ ਦੱਸੇ ਮੁਤਾਬਕ ਰੇਲਵੇ ਦੀ ਬੋਗੀ ਵਿਚ ਪੁਲਿਸ ਨੇ ਕਾਲਾ ਬੈਗ ਰਖਾ ਦਿੱਤਾ, ਜੀਹਦੇ ਵਿਚ ਕਰੰਸੀ ਨੋਟ ਨਹੀਂ ਸਗੋਂ ਗੱਤੇ ਤੇ ਕਾਗ਼ਜ਼ ਤੁੰਨੇ ਸਨ। ਜਦੋਂ ਅਗ਼ਵਾਕਾਰ ਉਹ ਬੈਗ ਚੁੱਕਣ ਲੱਗੇ ਤਾਂ ਸਾਦੇ ਕੱਪੜਿਆਂ ਵਿਚ ਖੜ੍ਹੇ ਪੁਲਿਸ ਮੁਲਾਜ਼ਮ ਨੇ ਉੱਥੇ ਹੀ ਧਰ ਲਿਆ, ਥਾਣੇ ਲੈ ਗਏ, ਉੱਥੇ ਸਖ਼ਤੀ ਕੀਤੀ ਤਾਂ ਬੱਕ ਪਏ ਕਿ ਅਗ਼ਵਾ ਮੁੰਡਾ ਤਾਂ ਦੋ ਦਿਨ ਪਹਿਲਾਂ ਦਾ ਮਾਰ ਦਿੱਤਾ ਸੀ। ਸੋ, ਕਹਿਣ ਤੋਂ ਮੁਰਾਦ ਇਹ ਹੈ ਕਿ ਹਾਲਾਤ ਇੱਥੋਂ ਤਕ ਬੁਰੇ ਹੋਣ ਤੀਕ ਪਹੁੰਚ ਚੁੱਕੇ ਹਨ। ਅਗ਼ਵਾਕਾਰ ਮੁੰਡੇ ਕਿੰਨੇ ਉਨਮਾਦੀ ਤੇ ਗ਼ਲਤ ਵੰਨਗੀ ਦੇ ਜਨੂੰਨੀ ਹੋਣਗੇ, ਇਹਦੀ ਮਿਸਾਲ ਸਮਝੀ ਜਾ ਸਕਦੀ ਹੈ।
(4)
1947 ਨੂੰ ਮੁਲਕ ਆਜ਼ਾਦ ਹੋਇਆ ਸੀ ਜਾਂ ਕਹਿ ਲਓ ਕਿ ਰਾਜਭਾਗ ਇਕ ਧਿਰ ਰਾਹੀਂ ਦੂਜੀ ਧਿਰ ਕੋਲ ਆ ਗਿਆ ਸੀ, ਇਹ ਸੰਸਾਰ ਦੀ ਬਹੁਤ ਵੱਡੀ ਘਟਨਾ ਹੈ। ਸਾਡੇ ਅੱਲ੍ਹੜ ਮੁੰਡੇ ਕੁੜੀਆਂ ਤਾਂ ਕੀਹ ਬਲਕਿ ਨੌਜਵਾਨ ਵੀ ਇਸ ਗੱਲ ਨੂੰ ਜਾਣਨ ਵਿਚ ਦਿਲਚਸਪੀ ਨਹੀਂ ਰੱਖਦੇ ਕਿ ਕਿਉਂ ਅਸੀਂ ਸੈਂਕੜੇ ਸਾਲਾਂ ਤਕ ਹੋਰਨਾਂ ਦੇਸ਼ਾਂ ਦੇ ਲੋਕਾਂ ਦੇ ਗ਼ੁਲਾਮ ਰਹੇ? ਕਿਉਂ ਅਸੀਂ ਕਰੋੜਾਂ ਵਿਚ ਹੋ ਕੇ ਵੀ ਮੁੱਠੀ ਭਰ ਜ਼ੋਰਾਵਰਾਂ ਦੇ ਥੱਲੇ ਲੱਗੇ ਰਹੇ। ਕਿਉਂ? ਇਹ 'ਕਿਉਂ ਵਾਲਾ ਵਿਚਾਰ' ਉਨ੍ਹਾਂ ਦੇ ਮਨ ਵਿਚ ਨਹੀਂ ਪੁੰਗਰਦਾ ਜਦਕਿ ਇਹ ਪੁੰਗਰਨਾ ਚਾਹੀਦਾ ਹੈ ਪਰ ਉਹ ਅਜਿਹੇ 'ਫ਼ਾਲਤੂ' ਤੇ ਕੰਮ ਕਰਨ ਵਿਚ ਭਰੋਸਾ ਨਹੀਂ ਰੱਖਦੇ। ਇਹ ਸਭ 'ਫ਼ਾਲਤੂ ਕੰਮ' ਉਨ੍ਹਾਂ ਦੀ 'ਡਿਕਸ਼ਨਰੀ' ਵਿਚ ਨਹੀਂ ਹਨ। ਉਹ ਸਾਹਿਤ ਪੜ੍ਹਣ ਦਾ ਸ਼ੌਕ ਨਹੀਂ ਰੱਖਦੇ, ਏਸੇ ਕਰ ਕੇ ਰਸਾਲਾ ਹੋਵੇ ਜਾਂ ਕੁਝ ਹੋਰ, ਇਹ ਨਵੀਂ ਪੀੜ੍ਹੀ ਹਰ ਚੀਜ਼ ਨੂੰ 'ਬੁਕ' ਹੀ ਆਖਦੀ ਹੈ ਹਾਲਾਂਕਿ ਇਹ ਸ਼ਬਦ ਕਿਤਾਬ ਲਈ ਰਾਖਵਾਂ ਹੁੰਦਾ ਹੈ। ਉਨਮਾਦੀ ਨਵੀਂ ਪੀੜ੍ਹੀ ਦੇ ਹੱਥ ਇੰਟਰਨੈੱਟ ਵਾਲਾ ਸਮਾਰਟ ਫੋਨ ਆਉਣ ਕਰ ਕੇ ਉਹ ਆਪਣੇ ਵਿਚ ਮਸਤ ਹੋ ਕੇ ਰਹਿ ਗਏ ਹਨ। ਇਹ ਬਦਮਸਤੀ ਉਨ੍ਹਾਂ ਦੀ ਹੋਣੀ ਬਣ ਕੇ ਰਹਿ ਗਈ ਹੈ।
(5)
ਇੰਨੀ ਵੱਡੀ ਗਿਣਤੀ ਵਿਚ ਨਵੇਂ ਅੱਲ੍ਹੜ ਮੁੰਡੇ ਕਿਉਂ ਉਨਮਾਦੀ ਹੋਏ? ਇਹਦਾ ਕੀ ਜਵਾਬ ਹੋ ਸਕਦਾ ਹੈ। ਹਰ ਵੇਲੇ ਸੋਸ਼ਲ ਮੀਡੀਆ ਦੇ ਖਾਰੇ ਸਮੁੰਦਰ ਵਿਚ ਗੋਤੇ ਲਾਉਣ ਵਾਲੇ ਇਹ ਮੁੰਡੇ ਮੋਟੇ ਸ਼ੀਸ਼ਿਆਂ ਵਾਲੀਆਂ ਐਨਕਾਂ ਲਾਉਂਦੇ ਹਨ। ਮਾਨਸਿਕ ਰੋਗੀ ਦਿੱਖ ਬਣਾ ਕੇ ਬਾਹਰ ਨਿਕਲਦੇ ਹਨ। ਇਨ੍ਹਾਂ ਨੂੰ ਨਹੀਂ ਪਤਾ ਕਿ ਦੇਸ਼ ਕੀ ਹੁੰਦਾ ਹੈ, ਸਮਾਜ ਕੀ ਹੁੰਦਾ ਹੈ, ਪਰਿਵਾਰ ਕੀ ਹੁੰਦਾ ਹੈ, ਸਿਆਸਤ ਕੀ ਹੁੰਦੀ ਹੈ, ਸੱਭਿਆਚਾਰ ਕੀ ਹੁੰਦਾ ਹੈ। ਸਭ ਕਾਸੇ ਤੋਂ ਅਣਜਾਣ ਇਹ ਨੌਜਵਾਨ ਅਣ-ਐਲਾਨੇ ਹਿੱਪੀ ਵਰਗੀ ਜ਼ਿੰਦਗੀ ਜਿਉਂਦੇ ਹਨ ਤੇ ਅਸੀਂ ਸਾਰੇ ਬੇਖ਼ਬਰ ਹਾਂ ਜਦਕਿ ਇਹ ਬਹੁਤ ਭਿਆਨਕ ਸਮਿਆਂ ਦੇ ਆਉਣ ਦੀ ਦਸਤਕ ਹੈ।
ਦਰਅਸਲ, ਆਪਾਂ ਨੁੰ ਮੰਨ ਲੈਣਾ ਪਵੇਗਾ ਕਿ ਵੱਡੇ ਸਰਮਾਇਆਦਾਰਾਂ ਤੇ ਵਪਾਰੀਆਂ ਨੇ ਇਨ੍ਹਾਂ ਦਾ ਅੰਤਰ-ਮਨ ਅਗ਼ਵਾ ਕੀਤਾ ਹੋਇਆ ਹੈ। ਪਹਿਲਾਂ ਪਹਿਲਾਂ ਬਾਰਬੀ ਗੁੱਡੀ ਬਣਾਉਣ ਵਾਲੇ ਵਪਾਰੀਆਂ 'ਤੇ ਦੋਸ਼ ਲੱਗਦੇ ਸਨ ਕਿ ਉਨ੍ਹਾਂ ਨੇ ਜਿਸਮਾਨੀ ਖ਼ੂਬਸੂਰਤੀ ਦੇ ਗ਼ਲਤ ਮਾਪਦੰਡ ਤੈਅ ਕੀਤੇ ਹਨ ਤੇ ਉਦੋਂ ਵੀ ਬਹੁਤ ਸਾਰੀਆਂ ਬੱਚੀਆਂ ਵਰਤ ਰੱਖ ਕੇ ਜਾਂ ਭੁੱਖੇ ਰਹਿ ਕੇ ਬਾਰਬੀ ਗੁੱਡੀ ਵਰਗੀਆਂ ਬਣਨ ਲਈ ਸਿਹਤ ਦਾ ਨੁਕਸਾਨ ਕਰਦੀਆਂ ਸਨ ਪਰ ਇਹ ਮਾਮਲਾ ਬਾਰਬੀ ਸੁਪਨ-ਸੰਸਾਰ ਤੋਂ ਕਿਤੇ ਵੱਧ ਭਿਆਨਕ ਵਰਤਾਰੇ ਦਾ ਸੂਚਕ ਹੈ।
(6)
ਹੁਣ ਸਿਰਫ਼ ਇੱਕੋ ਹੱਲ ਬੱਚਦਾ ਹੈ ਕਿ ਇਕ ਤਾਂ ਆਪਾਂ ਖ਼ੁਦ ਸਾਹਿਤ (ਲਿਟਰੇਚਰ) ਪੜ੍ਹਣ ਦੀ ਆਦਤ ਪਾਈਏ। ਅਖ਼ਬਾਰਾਂ ਦਾ ਸਾਹਿਤਕ ਸਫ਼ਾ ਤੇ ਖ਼ਾਸਕਰ ਸੰਪਾਦਕੀ ਸਫ਼ਾ ਪੜ੍ਹੀਏ ਤੇ ਬੱਚਿਆਂ ਨੂੰ ਇਸ ਪਾਸੇ ਚੇਟਕ ਲਾਈਏ। ਜੇ ਆਪਾਂ ਇਸ ਮਾਰਗ 'ਤੇ ਨਹੀਂ ਚੱਲਦੇ ਤਾਂ ਇਹ ਚਮਕਾਂ ਮਾਰਦੀ ਜਾਅਲੀ ਮਨੁੱਖਤਾ ਸਾਰੇ ਸਮਾਜ ਦੀ ਦੁਸ਼ਮਣ ਬਣ ਕੇ ਸਾਹਮਣੇ ਆਵੇਗੀ। ਇਹ ਜਾਅਲੀ ਕਿਸਮ ਦੇ ਆਧੁਨਿਕ ਬੱਚੇ ਬਾਇਓ ਰੋਬੋਟ ਬਣ ਕੇ ਸਾਹਮਣੇ ਆਉਣਗੇ ਤੇ ਆਪਣੇ ਅੰਤਰ ਮਨ ਦੀ ਪ੍ਰੋਗਰਾਮਿੰਗ ਮੁਤਾਬਕ ਸਾਰੀਆਂ ਕਦਰਾਂ ਕੀਮਤਾਂ ਨੂੰ ਨੇਸਤੋਨਾਬੂਦ ਕਰਨਗੇ। ਕਰਦੇ ਈ ਪਏ ਨੇ। ਇਹੀ ਜਾਗਣ ਦਾ ਵੇਲਾ ਹੈ, ਹੁਣ ਨਾ ਜਾਗੇ ਤਾਂ ਫੇਰ ਬਹੁਤ ਦੇਰ ਹੋ ਜਾਣ ਵਾਲੀ ਹੈ।
(7)
ਪਰਮਾਣੂ ਹਮਲਿਆਂ ਨਾਲੋਂ ਵਧੇਰੇ ਖਤਰਨਾਕ
ਅਸਲ ਵਿਚ ਗਲ ਇਹ ਹੈ ਕਿ ਨੌਜਵਾਨ ਤਬਕੇ ਤੇ ਅਲੜਾਂ ਦੇ ਦਿਮਾਗ ਹਾਈਜੈਕ ਕਰਨ ਲਈ ਬਹੁਤ ਮਹੀਨ ਢੰਗਾਂ ਨਾਲ ਸਾਜਿਸ਼ ਕੀਤੀ ਗਈ ਹੈ।
ਇਹ ਸਾਜਿਸ਼ ਇਹ ਹੈ ਕਿ ਦੁਨੀਆ ਦੇ ਬਹੁਤ ਵੱਡੇ ਹਿੱਸੇ ਨੂੰ ਗੁਮਰਾਹੀ ਦੇ ਰਸਤੇ ਉਤੇ ਪਾ ਕੇ ਈ ਪੂੰਜੀ ਤੰਤਰ ਦੀਆਂ ਮੌਜ ਬਹਾਰਾਂ ਹੋ ਸਕਦੀਆਂ ਹਨ।
ਇਕ ਮਿਲਦੀ ਜੁਲਦੀ ਮਿਸਾਲ ਇਹ ਹੈ ਕਿ ਅਰੁਧੰਤੀ ਰੌਇ ਜਲੰਧਰ ਫੇਰੀ ਮੌਕੇ ਇਹ ਗਲ ਸੁਣਾ ਕੇ ਗਈ ਸੀ ਕਿ ਇਕ ਥਾਂ ਗੁਰੀਲਿਆਂ ਤੇ ਸਰਕਾਰ ਵਿਚ ਟਕਰਾਅ ਚਲਦਾ ਸੀ। ਰੌਇ ਰਿਸਰਚ ਵਰਕ ਕਰ ਰਹੀ ਸੀ ਤਾਂ ਉਸ ਨੇ ਪੁਲਿਸ ਦੇ ਆਲਾ ਅਫਸਰ ਤੋਂ ਪੁਛਿਆ ਕਿ ਕਿਵੇਂ ਸਥਿਤੀ ਨਾਲ ਸਿਝੋਗੇ? ਜਵਾਬ ਵਿਚ ਵੱਡਾ ਅਫਸਰ ਕਹਿਣ ਲੱਗਾ ਕਿ ਅਸੀਂ ਢੰਗ ਸੋਚ ਲਿਐ।
ਰੌਇ ਪੁੱਛ ਰਹੀ ਸੀ : ਕਿਵੇਂ?
ਅਫਸਰ ਆਖਣ ਲੱਗਾ ਕਿ ਅਸੀਂ ਗੁਰੀਲਿਆਂ ਦੇ ਘਰਾਂ ਵਿਚ ਟੀ ਵੀ ਸੈੱਟ ਮੁਫਤ ਦੇ ਕੇ ਆਵਾਂਗੇ । ਮੁੜ ਕੇ ਆਪੇ ਈ ਠੰਢੇ ਪੈ ਜਾਣਗੇ!!
ਸੋ। ਇਹ ਗਲ ਤਾਂ ਮਹੀਨ ਕਿਸਮ ਦੇ ਸਮਾਰਟ ਫੋਨ ਦੀ ਹੈ ਜੀਹਨੇ ਅਨੇਕ ਲੋਕਾਂ ਦੇ ਦਿਮਾਗ ਨੂੰ ਤਕਰੀਬਨ ਹਾਈਜੈਕ ਕੀਤਾ ਹੋਇਆ ਹੈ।
ਮੁਰਗੀਖਾਨਿਆਂ ਵਿਚ ਜਾ ਕੇ ਵੇਖੀਦਾ ਐ ਕਿ ਬਰਾਇਲਰ ਕਿਸਮ ਦੇ ਮੁਰਗੇ ਤੇ ਮੁਰਗੀਆਂ ਕੁਦਰਤਨ ਡਰਪੋਕ ਜਿਹੇ ਹੁੰਦੇ ਨੇ।
ਬਰਾਇਲਰ ਕਿਉਂਜੋ ਕੁਦਰਤੀ ਨਹੀਂ ਸਗੋਂ ਮਿਸ਼ਰਤ ਨਸਲ ਹਨ ਏਸੇ ਕਰ ਕੇ ਉਨ੍ਹਾਂ ਵਿਚ ਮਾਰੇ ਜਾਣ ਦੀ ਸਥਿਤੀ ਨੇੜੇ ਵੇਖ ਕੇ ਵੀ ਭੱਜਣ ਜਾਂ ਦੰਦੀ ਵਢ ਕੇ ਜਾਨ ਬਚਾਉਣ ਦਾ ਜੇਰਾ ਨਈ ਹੁੰਦਾ। ਇਹੋ ਜਿਹੇ ਬਰਾਇਲਰ ਮਾਨਵ ਵੀ ਸਾਜਿਸ਼ਨ ਪੈਦਾ ਕੀਤੇ ਜਾ ਰਹੇ ਹਨ।
ਜਦੋਂ ਜੀਓ ਨੇ ਮੁਫਤ 4ਜੀ ਇੰਟਰਨੈਟ ਦੇਣਾ ਸ਼ੁਰੂ ਕੀਤਾ ਤਾਂ ਨੈਟ ਵਰਤਣ ਵਾਲੇ ਬਚਿਆਂ ਦੀ ਪੜ੍ਹਾਈ ਵਿਚ ਕਾਰਗੁਜ਼ਾਰੀ ਘੱਟ ਕੇ ਅੱਧੀ ਰਹਿ ਗੀ! ਪਰ ਕਿਉਂ?
ਸਾਨੂੰ ਸ਼ਿਕਾਰ ਬਣਾਉਣ ਦੀ ਬਾਰੀਕ ਵਿਓਂਤ ਤਹਿਤ ਬਹੁਤ ਸਾਰੇ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਐ। ... ਤੇ ਅਸੀਂ ਗਫਲਤ ਵਿਚ ਜੀਉਂਦੇ ਜਾ ਰਹੇ ਆਂ।
ਸ਼ੁੱਭ ਉਮੀਦਾਂ ਨਾਲ..!
ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।
-
ਯਾਦਵਿੰਦਰ, ਲੇਖਕ
yadwahad@gmail.com
9465329617
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.