ਕੁਝ ਮਹੀਨੇ ਪਹਿਲਾਂ ਮੇਰਾ ਮਿੱਤਰ ਭਾਨ ਸਿੰਘ ਜੱਸੀ(ਪੇਧਨੀ ਜ਼ਿਲ੍ਹਾ ਸੰਗਰੂਰ) ਆਪਣੇ ਪੁੱਤਰ ਨੂੰ ਕੈਨੇਡਾ ਮਿਲਣ ਗਿਆ ਸੀ। ਪੁੱਤਰ ਨੇ ਬੜੀ ਮਿਹਨਤ ਨਾਲ ਗਰੈਜੂਏਸ਼ਨ ਕੀਤੀ ਸੀ ਓਥੇ।
ਸਿਰ ਪਲੋਸਣ ਗਿਆ ਸੀ ਪਤਨੀ ਸਮੇਤ।
ਤੁਰਨ ਲੱਗਿਆ ਪੁੱਛਣ ਲੱਗਾ, ਕੋਈ ਵਿਸ਼ੇਸ਼ ਸੁਨੇਹਾ?
ਮੈਂ ਕਿਹਾ ਪੰਜਾਬ ਭਵਨ ਸੱਰੀ ਜ਼ਰੂਰ ਜਾਵੀਂ। ਸੁੱਖੀ ਬਾਠ ਨੂੰ ਮਿਲੀਂ।
ਮਨਮੋਹਨ ਸਮਰਾ ਤੇ ਗੁਰਬਾਜ਼ ਬਰਾੜ ਤੈਨੂੰ ਮਿਲਣਗੇ, ਰੇਡੀਓ ਟੀਵੀ ਤੇ ਦੱਸ ਕੇ ਆਵੀਂ ਕਿ ਤੂੰ ਬਰਨਾਲਾ , ਧੂਰੀ, ਪਟਿਆਲਾ ਤੇ ਫ਼ਤਹਿਗੜ੍ਹ ਸਾਹਿਬ ਚ ਝੁੱਗੀਆਂ ਚ ਵੱਸਦੇ ਲੋੜਵੰਦਾਂ ਦੀ ਗਿਆਨ ਧਿਆਨ ਪੱ੍ਰੋਂ ਧਿਰ ਕਿਵੇਂ ਬਣਦੈਂ। ਗੁਰੂ ਨਾਨਕ ਪਾਤਸ਼ਾਹ ਦਾ ਸੰਦੇਸ਼ ਕਿਵੇਂ ਵੰਡਦੈਂ।
ਆਪਣੀ ਪਰਿਵਾਰਕ ਕਮਾਈ ਦੇ ਦਸਵੰਧ ਤੋਂ ਸ਼ੁਰੂ ਕਰਕੇ ਕਾਫ਼ਲਾ ਕਿਵੇਂ ਬਣਾਇਆ। ਬਿਜਲੀ ਬੋਰਡ ਦੀ ਨਿੱਕੀ ਜਹੀ ਕਿਆਰੀ ਚ ਤੂੰ ਘਣਛਾਵਾਂ ਬਿਰਖ਼ ਕਿਵੇਂ ਬਣਿਆ।
ਸ਼ੇਰਪੁਰ ਇਲਾਕੇ ਚ ਸ਼ੇਰਦਿਲੀ ਨਾਲ ਤੂੰ ਵਿਰੋਧਾਂ ਦੇ ਬਾਵਜੂਦ ਕਿਵੇਂ ਉੱਸਰਿਆ।
ਉਸ ਉਵੇਂ ਹੀ ਕੀਤਾ।
ਕਿਤੇ ਝੋਲੀ ਨਹੀਂ ਅੱਡੀ ਉਗਰਾਹੀ ਲਈ। ਸਵੈਮਾਣ ਨਾਲ ਗਰਦਨ ਚੁੱਕ ਕੇ ਸਭ ਗੱਲਾਂ ਕਰ ਆਇਆ।
ਪੰਜਾਬ ਭਵਨ ਦਾ ਨਿਰਮਾਤਾ ਸੁੱਖੀ ਬਾਠ ਪੰਜਾਬ ਆਇਆ ਤਾਂ ਉਸ ਭਾਨ ਸਿੰਘ ਜੱਸੀ ਕੋਲ ਪਟਿਆਲੇ ਜਾਂਦਿਆਂ ਫਤਹਿਗੜ੍ਹ ਸਾਹਿਬ ਵਾਲੇ ਬੱਚਿਆਂ ਨਾਲ ਮਿਲਣ ਦੀ ਇੱਛਾ ਪ੍ਰਗਟਾਈ।
ਬੱਚਿਆਂ ਨਾਲ ਮਿਲ ਕੇ ਸੁੱਖੀ ਪਿਘਲ ਗਿਆ। ਭਾਨ ਸਿੰਘ ਲਈ ਮੁਹੱਬਤ ਬੱਚਿਆਂ ਮੂੰਹੋਂ ਨਹੀਂ ,ਰੂਹੋਂ ਬੋਲਦੀ ਸੁਣੀ ਉਸ।
ਪ੍ਰੋ: ਬਾਵਾ ਸਿੰਘ ਸਾਬਕਾ ਵਾਈਸ ਚੇਅਰਮੈਨ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ ਵੀ ਮੌਕੇ ਦਾ ਗਵਾਹ ਹੈ। ਜੱਸੀ ਦੀ ਨਿਸ਼ਕਾਮਤਾ ਮਿਸਾਲੀ ਹੈ।
ਉਸ ਦੀ ਨੌਕਰੀ ਭਾਵੇਂ ਨਿੱਕੀ ਹੈ ਪਰ ਬੁੱਕਲ ਬੜੀ ਵੱਡੀ। ਅੰਤਰਰਾਸ਼ਟਰੀ ਦੌੜਾਕ ਬਾਪੂ ਫੌਜਾ ਸਿੰਘ, ਗੁਰਦਾਸ ਮਾਨ ਤੇ ਕਿੰਨੇ ਹੋਰ ਉਸ ਦੇ ਕੰਮ ਨੂੰ ਅਸ਼ੀਰਵਾਦ ਦੇ ਚੁਕੇ ਨੇ।
ਸੁੱਖੀ ਬਾਠ ਨੇ ਵੀ ਬੱਚਿਆਂ ਨੂੰ ਬੁੱਕਲ ਚ ਲਿਆ। ਨਿੱਘ ਲਿਆ ਤੇ ਵੰਡਿਆ।
ਉਸ ਮੈਨੂੰ ਕਿਹਾ ਹੈ
ਇਨ੍ਹਾਂ ਬੱਚਿਆਂ ਦੀ ਧਿਰ ਬਣਾਂਗਾ।
ਸੁੱਖੀ ਬਾਠ ਫਾਉਂਡੇਸ਼ਨ ਵੱਲੋਂ ਪੰਜਾਬ ਚ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੇ ਨਾਲ ਹੀ।
ਇਨ੍ਹਾਂ ਬੱਚਿਆਂ ਲਈ ਉਹ ਕੀ ਕਰਦਾ ਹੈ, ਇਹ ਫ਼ੈਸਲਾ ਉਹ ਕੈਨੇਡਾ ਪਰਤ ਕੇ ਕਰੇਗਾ।
ਇਹੋ ਜਹੇ ਬੱਚਿਆਂ ਬਾਰੇ ਕੁਝ ਸਮਾਂ ਪਹਿਲਾਂ ਮੈਂ ਇੱਕ ਕਵਿਤਾ ਲਿਖੀ ਸੀ
ਤੁਸੀਂ ਵੀ ਪੜ੍ਹੋ।
ਕੋਲੋਂ ਲੰਘਦੇ ਹਾਣੀਓਂ
ਗੁਰਭਜਨ ਗਿੱਲ
ਸਾਡੀਆਂ ਕਿਤਾਬਾਂ ਕਿਤੇ ਹੋਰ ਨੇ
ਵਰਕਾ ਵਰਕਾ ਖਿੱਲਰੀਆਂ
ਰੂੜੀਆਂ ਤੇ ਪਈਆਂ ਸ਼ਬਦ ਸ਼ਬਦ
ਵਾਕ ਵਾਕ ਸਾਨੂੰ ਉਡੀਕਦੀਆਂ।
ਸਾਡੇ ਬਸਤੇ ਹੋਰ ਨੇ।
ਤੁਹਾਨੂੰ ਮਾਵਾਂ ਨੇ ਤੋਰਿਆ
ਮੱਥੇ ਚੁੰਮ ਕੇ,
ਦਹੀਂ ਦੀਆਂ ਫੁੱਟੀ ਖੁਆ ਕੇ।
ਦੁਪਹਿਰ ਦਾ ਟਿਫਨ ਨਾਲ ਬੰਨ੍ਹਿਆ।
ਸਾਨੂੰ ਕੱਢਿਆ ਝਿੜਕ ਕੇ
ਕਿਹਾ ਕਿ ਜਾਓ
ਕਮਾਓ ਤੇ ਖਾਉ।
ਰੂੜੀਆਂ ਫੋਲ ਕੇ
ਕਮਾਉਣ ਚੱਲੇ ਹਾਂ
ਤੇ ਧੱਕੇ ਖਾਂਦੇ ਖਾਂਦੇ
ਜਵਾਨ ਹੋ ਜਾਵਾਂਗੇ।
ਸਾਨੂੰ ਵੀ ਸੁਪਨੇ ਆਉਂਦੇ ਨੇ
ਅੰਬਰੀਂ ਉੱਡਣ ਦੇ
ਸੂਰਜ ਤੇ ਤਾਰਿਆਂ ਨਾਲ
ਲੁਕਣਮੀਟੀ ਖੇਡਣ ਦੇ।
ਛੜਿਆਂ ਦੇ ਅੰਬਰੀ ਰਾਹ ਤੇ
ਚੁਗਦੀਆਂ ਗਊਆਂ ਦੇ
ਥਣ ਚੁੰਘਣ ਦੇ।
ਸਾਡੀਆਂ ਜਟੂਰੀਆਂ ਚ ਜਦ ਕਦੇ
ਕੰਘੀ ਫਿਰਦੀ ਹੈ
ਸੱਚ ਜਾਣਿਓਂ
ਮਾਂ ਵਿਹੁ ਵਰਗੀ ਲੱਗਦੀ ਹੈ।
ਅੜਕਾਂ, ਗੁੰਝਲਾਂ ਚ ਜੰਮੀ ਮੈਲ
ਹੁਣ ਚਮੜੀ ਦਾ ਹਿੱਸਾ ਬਣ ਗਈ ਹੈ।
ਸਾਨੂੰ ਵੀ ਰਿਬਨ ਚ ਗੁੰਦੇ ਵਾਲ
ਬੜੇ ਹੁਸੀਨ ਲੱਗਦੇ ਨੇ
ਪਰ ਸਾਡੇ ਘਰੀਂ
ਤਾਂ ਪੂਰਾ ਸ਼ੀਸ਼ਾ ਵੀ ਨਾ
ਮੂੰਹ ਵੇਖਣ ਲਈ।
ਟੁੱਟੇ ਸ਼ੀਸ਼ੇ ਦਾ ਇੱਕ ਟੋਟਾ
ਵਿੰਗ ਤੜਿੰਗੇ ਮੂੰਹ ਵਿਖਾਉਂਦਾ
ਦੰਦੀਆਂ ਚਿੜਾਉਂਦਾ ਲੱਗਦਾ ਹੈ।
ਰੂੜੀਆਂ ਤੋਂ ਚੁਗੇ ਮੋਮਜਾਮੇ
ਧੋਵਾਂਗੇ ਸੁਕਾਵਾਂਗੇ।
ਬਾਣੀਏ ਨੂੰ ਵੇਚ
ਕਿਸੇ ਹੱਟੀ ਉੱਤੇ ਜਾਵਾਂਗੇ।
ਆਟਾ ਲੂਣ ਤੇਲ ਲੈ ਕੇ
ਡੰਗ ਤਾਂ ਟਪਾਵਾਂਗੇ
ਹੌਲੀ ਹੌਲੀ ਹੌਲੀ ਹੌਲੀ
ਵੱਡੇ ਵੀ ਹੋ ਜਾਵਾਂਗੇ।
ਉਮਰ ਲੰਘਾਵਾਂਗੇ।
ਸਾਨੂੰ ਵੀ ਗੁਲਾਬ ਜਲ ਨਾਲ
ਮੂੰਹ ਧੋਣਾ ਚੰਗਾ ਲੱਗਦਾ ਹੈ।
ਲੀਰੋ ਲੀਰ ਲਿਬਾਸ ਦੀ ਥਾਂ
ਸਾਨੂੰ ਵੀ
ਫੁੱਲਾਂ ਵਾਲਾ ਕੁਰਤਾ ਚਾਹੀਦੈ
ਅਣਲੱਗ ਤੇ ਨਵਾਂ ਨਕੋਰ
ਪੁਰਾਣੇ ਉਤਾਰ ਪਾਉਂਦਿਆਂ
ਹੰਢ ਚੱਲੀ ਹੈ ਕੰਚਨ ਦੇਹੀ।
ਸਾਡੀ ਵੀ ਤੁਹਾਡੇ ਵਾਂਗ
ਇਹੀ ਧਰਤੀ ਮਾਂ ਹੈ।
ਸਾਡਾ ਬਾਬਲ ਵੀ
ਤੁਹਾਡੇ ਵਾਲਾ ਅੰਬਰ ਹੈ।
ਇੱਕੋ ਜਹੇ ਮੌਸਮਾਂ ਵਿੱਚ
ਜੀਂਦੇ ਅਸੀਂ ਹੀ ਕਿਓਂ
ਮਰਦੇ ਹਾਂ ਅਣਆਈ ਮੌਤ।
ਜਵਾਨ ਉਮਰੇ ਸਾਡੀਆਂ
ਛਾਤੀਆਂ ਹੀ ਕਿਓਂ ਪਿਚਕਦੀਆਂ ਨੇ।
ਕਿਓਂ ਫਿਰਦੇ ਹਨ
ਬੁਲਡੋਜ਼ਰ ਸਾਡੀ ਹਿੱਕ ਤੇ
ਝੁੱਗੀਆਂ ਢਾਹ ਕੇ।
ਸਾਡੀਆਂ ਪਤੀਲੀਆਂ ਹੀ ਕਿਓਂ
ਚਿੱਬ ਖੜਿੱਬੀਆਂ ਹੁੰਦੀਆਂ ਨੇ।
ਤੁਸੀਂ ਨਹੀ ਜਾਣ ਸਕੋਗੇ
ਚੂਰੀਆਂ ਖਾਣਿਓਂ।
ਇੱਕ ਹੋ ਕੇ ਵੀ
ਧਰਤੀ ਦੇ ਦੋ ਟੁਕੜੇ ਨੇ
ਅੱਧਾ ਤੁਹਾਡਾ
ਤੇ ਦੂਸਰਾ ਵੀ ਸਾਡਾ ਨਹੀਂ!
ਨਦੀਨ ਕੌਣ ਬੀਜਦਾ ਹੈ
ਪਰ ਉੱਗ ਪਏ ਹਾਂ
ਅਸੀਂ ਏਨੀ ਜਲਦੀ ਨਹੀਂ
ਮਰਨ ਵਾਲੇ।
ਚਲੋ! ਜਾਓ ਪੜ੍ਹੋ
ਆਪਣੇ ਸਕੂਲਾਂ ਵਿੱਚ।
ਬਣੋ ਬਾਬੂ ਨੁਮਾ ਪੁਰਜ਼ੇ।
ਰਲ ਜਾਓ ਖ਼ਾਰੇ ਸਮੁੰਦਰ ਚ।
ਸਾਡੇ ਹੰਝੂ ਵੀ
ਏਥੇ ਹੀ ਦਫ਼ਨ ਹਨ।
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
0161 2970999
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.