ਸੁੱਤੇ ਇਨਸਾਨ ਨੂੰ ਸੁਪਨੇ ਆਉਂਦੇ ਹਨ ਅਤੇ ਜਾਗਦਾ ਇਨਸਾਨ ਇਹਨਾਂ ਸੁਪਨਿਆਂ ਨੂੰ ਅਕਸਰ ਭੁੱਲ ਜਾਂਦਾ ਹੈ। ਰਾਤ ਦਾ ਸੁਪਨਾ ਸ਼ਾਇਦ ਹੀ ਕਦੀ ਸੱਚ ਹੋਇਆ ਹੋਵੇ ਪਰ ਦਿਨ 'ਚ ਅੱਖਾਂ ਅੱਗੇ ਵਾਪਰਦਾ ਹਰ ਪਲ ਸੱਚ ਹੁੰਦਾ ਹੈ। ਲੰਬੀ ਉਡਾਰੀ ਮਾਰਨ ਦੇ ਸੁਪਨੇ ਨਾਲੋਂ ਛੋਟਾ ਪਰ ਸੱਚਾ ਯਤਨ ਕਰਨਾ ਕੀਤੇ ਵਧੀਆ ਹੁੰਦਾ ਹੈ। ਸੁਪਨਿਆਂ ਦੀ ਦੁਨੀਆਂ ਇਨਸਾਨ ਨੂੰ ਬਨਾਊੁਟੀ ਸੰਸਾਰ ਵਿੱਚ ਲੈ ਜਾਂਦੀ ਹੈ ਜਿੱਥੇ ਜਾਗਣ ਤੋਂ ਬਾਅਦ ਕੁੱਝ ਵੀ ਨਜ਼ਰ ਨਹੀਂ ਆਉਂਦਾ। ਸੌ ਸੁਪਨੇ ਲੈਣ ਨਾਲੋਂ ਕੀਤਾ ਗਿਆ ਇੱਕ ਸੱਚਾ ੳੇਦਮ ਚੰਗਾ ਹੁੰਦਾ ਹੈ।
ਇਸ ਦੁਨੀਆਂ 'ਤੇ ਰਾਜ ਕਰਨ ਵਾਲੇ ਲੋਕਾਂ ਨੇ ਸੌਂ ਕੇ ਨਹੀਂ ਬਲਕਿ ਜਾਗ ਕੇ ਇਸ ਜਗਤ ਨੂੰ ਪੜਿਆ ਅਤੇ ਫਿਰ ਉਸ 'ਤੇ ਕਾਬਜ਼ ਹੋਣ ਲਈ ਯਤਨ ਕੀਤੇ ਜੋ ਉਹਨਾਂ ਨੂੰ ਟੀਚਿਆਂ ਦੀ ਹੱਦ ਤੱਕ ਲੈ ਗਏ। ਜਾਗਦਾ ਇਨਸਾਨ ਸਭ ਕੁੱਝ ਕਰਨ ਦੇ ਸਮਰੱਥ ਹੈ ਪਰ ਸੁੱਤਾ ਇਨਸਾਨ ਮਰੇ ਬਰਾਬਰ। ਬੀਤੀ ਰਾਤ ਸੌਣ ਤੋਂ ਬਾਅਦ ਸਾਡੇ ਆਲ਼ੇ ਦੁਆਲ਼ੇ ਕੀ ਹੋਇਆ ਕੁੱਝ ਪਤਾ ਨਹੀਂ ਪਰ ਜਾਗਿਆ ਇਨਸਾਨ ਥੋੜੀ ਜਿਹੀ ਬਿੜਕ ਦੀ ਵੀ ਭਿਣਕ ਰੱਖਦਾ ਹੈ।
ਸੁਪਨੇ ਲੈਣਾਂ ਕੋਈ ਮਾੜੀ ਗੱਲ ਨਹੀਂ ਬਸ਼ਰਤੇ ਕਿ ਉਹਨਾਂ ਨੂੰ ਪੂਰਨ ਲਈ ਅਸੀਂ ਯਤਨ ਕਰੀਏ। ਕਈ ਲੋਕਾਂ ਦੀ ਜਿੰਦਗੀ ਸਿਰਫ ਸੁਪਨਿਆਂ ਦੇ ਢਾਰਸ ਸਹਾਰੇ ਹੀ ਗੁਜ਼ਰ ਜਾਂਦੀ ਹੈ। ਮਹਿਜ਼ ਸੁਪਨੇ ਲੈਣ ਦੀ ਆਦਤ ਇਨਸਾਨ ਨੂੰ ਵਿਹਲੜ ਅਤੇ ਨਿਕੰਮਾ ਬਣਾਉਂਦੀ ਹੈ। ਇਹ ਸੱਚ ਹੈ ਕਿ ਕਿਸੇ ਮੰਜਿਲ 'ਤੇ ਪਹੁੰਚਣ ਲਈ ਇਨਸਾਨ ਕਿਸੇ ਸੁਪਨੇ ਰੂਪੀ ਵਿਚਾਰ 'ਤੇ ਚਿੰਤਨ ਕਰਦਾ ਹੋਇਆ ਉਸਨੁੰ ਪੂਰਨ ਦੀ ਵਿਊਂਤ ਬਣਾਉਂਦਾ ਹੈ ਪਰ ਮਿਹਨਤ ਕੀਤੇ ਬਿਨਾਂ ਇਹ ਸਭ ਬੇਕਾਰ ਹੈ। ਦਿਮਾਗ 'ਚ ਘੁੰਮਦੇ ਵਿਚਾਰਾਂ ਨੂੰ ਕੈਦ ਕਰਕੇ ਅਸਲੀਅਤ 'ਚ ਅਪਨਾਉਣਾਂ ਇੱਕ ਵੱਡੀ ਜਿੱਤ ਹੈ। ਬੇਕਾਬੂ ਮਨ ਅਨੇਕ ਤਰਾਂ ਦੇ ਵਿਚਾਰਾਂ ਅਤੇ ਸੁਪਨਿਆਂ ਨੂੰ ਜਨਮ ਦਿੰਦਾ ਹੈ ਅਤੇ ਆਖਿਰ ਮਨ ਦੀ ਚੰਚਲਤਾ ਹੀ ਇਹਨਾ ਵਿਚਾਰਾਂ ਅਤੇ ਸੁਪਨਿਆਂ ਦੇ ਕਤਲ ਦਾ ਕਾਰਨ ਬਣਦੀ ਹੈ। ਫੋਰਡ ਕਾਰਾਂ ਦਾ ਜਨਮਦਾਤਾ ਹੈਨਰੀ ਫੋਰਡ ਆਪਣੇ ਪਹਿਲੇ ਦੋ ਯਤਨਾਂ 'ਚ ਕਾਰ ਰੂਪੀ ਵਹੀਕਲ ਬਣਾਉਣ 'ਚ ਫੇਲ ਹੋ ਗਿਆ। ਜਿੰਨਾਂ ਲੋਕਾਂ ਨੇ ਉਸਦੀ ਕੰਪਨੀ 'ਚ ਪੈਸਾ ਲਾਇਆ ਸੀ ਫੇਲ ਹੁੰਦਾ ਦੇਖ ਕੇ ਉਹਨਾਂ ਨੇ ਹੱਥ ਪਿਛਾਂਹ ਖਿੱਚ ਲਿਆ। ਇਹ ਹੈਨਰੀ ਵਾਸਤੇ ਸਭ ਤੋਂ ਮੁਸ਼ਕਿਲ ਸਮਾਂ ਸੀ। ਕੰਮ ਵੀ ਫੇਲ ਹੋ ਗਿਆ ਅਤੇ ਪੈਸਾ ਵੀ ਨਾ ਰਿਹਾ। ਪਰ ਉਸ ਦਵਾਰਾ ਕੀਤਾ ਗਿਆ ਆਖਰੀ ਅਤੇ ਤੀਜਾ ਯਤਨ ਉਸਨੂੰ ਕਾਮਯਾਬੀ ਦੀਆਂ ਬੁਲੰਦੀਆਂ 'ਤੇ ਲੈ ਗਿਆ ਅਤੇ ਕਾਰਾਂ ਬਣਾਉਣ ਦੀ ਦੁਨੀਆਂ 'ਚ ਉਸਦਾ ਅਤੇ ਉਸਦੀ ਕੰਪਨੀ ਦਾ ਨਾਂ ਸਦਾ ਲਈ ਦਰਜ ਹੋ ਗਿਆ।
ਅੱਜ ਕੱਲ ਗੁਜ਼ਾਰੇ ਲਈ ਕੋਈ ਕੰਮ ਕਾਰ ਸ਼ੁਰੂ ਕਰਨਾ ਹੋਵੇ ਤਾਂ ਅਕਸਰ ਦੇਖਦੇ ਹਾਂ ਕਿ ਕਈ ਕਈ ਮਹੀਨੇ ਸਲਾਹਾਂ ਕਰਦਿਆਂ ਦੇ ਹੀ ਨਿਕਲ ਜਾਂਦੇ ਹਨ ਅਤੇ ਅੰਤ ਲਿਆ ਹੋਇਆ ਸੁਪਨਾ ਖਤਮ ਹੋ ਜਾਂਦਾ ਹੈ। ਯਤਨ ਦੀ ਰਫਤਾਰ ਕਿਸੇ ਵੀ ਵਿਚਾਰ ਨੂੰ ਪੂਰਾ ਕਰਨ ਲਈ ਕਾਫੀ ਹੈ। ਬਿੰਨਾਂ ਮਿਹਨਤ ਕੀਤੇ ਅਮੀਰ ਬਨਣ ਦੇ ਸੁਪਨਿਆਂ ਨੇ ਪਤਾ ਨਹੀਂ ਕਿੰਨੇ ਹੀ ਲੋਕਾਂ ਨੂੰ ਚੋਰੀਆਂ ਠੱਗੀਆਂ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਰਾਤੋ ਰਾਤ ਅਮੀਰ ਬਨਣ ਦੀ ਲਾਲਸਾ ਨੇ ਇਨਸਾਨਾਂ ਹੱਥੋਂ ਇਨਸਾਨਾਂ ਦੇ ਕਤਲ ਕਰਵਾ ਦਿੱਤੇ ਅਤੇ ਸ਼ਾਹੀ ਜਿੰਦਗੀ ਜਿਉਣ ਦੇ ਸੁਪਨਿਆਂ ਨੇ ਦਰਮਿਆਨੇ ਅਤੇ ਗਰੀਬ ਘਰਾਂ ਦੇ ਦੀਵੇ ਸਦਾ ਲਈ ਬੁਝਾ ਦਿੱਤੇ। ਥੋੜੇ ਸਮੇਂ 'ਚ ਸਭ ਕੁੱਝ ਪ੍ਰਾਪਤ ਕਰਨ ਦੀ ਦੌੜ ਨੇ ਸਮਾਜਿਕ ਢਾਂਚੇ ਨੂੰ ਲੀਹੋਂ ਉਤਾਰ ਦਿੱਤਾ ਹੈ।
ਹੱਥੀਂ ਕੰਮ ਕਰਨਾ ਇਨਸਾਨ ਦਾ ਮੁਢਲ਼ਾ ਫਰਜ਼ ਹੈ। ਮਹਿਜ ਸੁਪਨੇ ਲੈ ਕੇ ਸਮਾਂ ਟਪਾਉਣਾਂ ਆਉਣ ਵਾਲੇ ਸਮੇਂ ਲਈ ਘਾਤਕ ਸਿੱਧ ਹੋ ਸਕਦਾ ਹੈ। ਬਜ਼ੁਰਗਾਂ ਦੀ ਹੱਡਭੰਨਵੀਂ ਮਿਹਨਤ ਕਰਕੇ ਕੀਤੀ ਕਮਾਈ ਅਤੇ ਜੋੜੇ ਪੈਸੇ ਦਾ ਉਹ ਨੌਜਵਾਨ ਸ਼ਾਇਦ ਹੀ ਮੁੱਲ ਪਾ ਸਕੇ ਜਿਸ ਨੇ ਜਿੰਦਗੀ ਸਿਰਫ ਸੁਪਨਿਆਂ ਸਹਾਰੇ ਹੀ ਕੱਟੀ ਹੋਵੇ। ਕਿਰਤੀ ਇਨਸਾਨ ਸੁਪਨਿਆਂ ਦੀ ਬਨਾਊੁਟੀ ਅਤੇ ਮਨ ਲੁਭਾਉਣੀ ਲਿਸ਼ਕ 'ਤੇ ਯਕੀਨ ਨਹੀਂ ਰੱਖਦੇ, ਉਹਨਾਂ ਦਾ ਹੱਥੀਂ ਕੀਤਾ ਕੰਮ ਉਹਨਾਂ ਨੂੰ ਨਤੀਜੇ ਅਤੇ ਤਸੱਲੀ ਦਿੰਦਾ ਹੈ ਜੋ ਇੱਕ ਦਿਨ ਉਹਨਾਂ ਦੀ ਕਾਮਯਾਬੀ ਦਾ ਕਾਰਨ ਬਣਦਾ ਹੈ। ਬੇਰੋਕ ਚਾਲ ਚਲਦਾ ਸਮਾਂ ਕਿਸੇ ਦੀ ਲਿਹਾਜ਼ ਜਾਂ ਇੰਤਜਾਰ ਨਹੀਂ ਕਰਦਾ। ਇੱਕ ਵਾਰੀ ਲੰਘਿਆ ਵਕਤ ਮੁੜ ਕੇ ਹੱਥ ਨਹੀਂ ਆੳੇਂਦਾ ਇਸ ਲਈ ਜਿੰਦਗੀ ਨੂੰ ਸਚਾਈ ਨੇੜੇ ਹੋ ਕੇ ਜਿਊਣ ਦਾ ਫੈਸਲਾ ਹਰ ਇਨਸਾਨ ਨੂੰ ਛੇਤੀ ਹੀ ਕਰਨਾ ਹੋਵੇਗਾ। ਸਮੇਂ ਦੇ ਗੁਜ਼ਰਨ ਤੋਂ ਬਾਅਦ ਸਿਰਫ ਪਛਤਾਵਾ ਹੀ ਹੱਥ ਰਹਿ ਜਾਂਦਾ ਹੈ।
-
ਡਾ. ਧਰਮਜੀਤ ਸਿੰਘ ਮਾਨ, ਪ੍ਰੋਫੈਸਰ
mannjalbhera@gmail.com
9478460084
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.