ਪੰਜਾਬ ਦੀ ਧਰਤੀ ਨੂੰ ਇਹ ਮਾਣ ਪ੍ਰਾਪਤ ਹੈ ਕਿ ਇਸਨੂੰ ਦਸ ਗੁਰੂਆਂ, ਪੀਰਾਂ, ਪੈਗੰਬਰਾਂ, ਸੰਤਾਂ,ਮਹਾਤਮਾ, ਸੂਰਬੀਰਾਂ, ਯੋਧਿਆਂ, ਸ਼ਹੀਦਾਂ ਆਦਿ ਦੀ ਚਰਨ ਛੋਹ ਪ੍ਰਾਪਤ ਹੈ।ਜਦੋਂ ਵੀ ਧਰਤੀ 'ਤੇ ਜ਼ਾਲਮ,ਜਬਰ, ਅੰਧਕਾਰ, ਕੂੜ,ਅਨਿਆ,ਜੁਲਮ, ਬੇਇਨਸਾਫ਼ੀ,ਅੱਤਿਆਚਾਰਾਂ ਨਾਲ ਇਨਸਾਨੀਅਤ ਦਾ ਘਾਣ ਹੋਇਆ ਹੈ,ਇਤਿਹਾਸ ਗਵਾਹ ਹੈ ਕਿ ਮਜਬੂਰ ਗਰੀਬਾਂ, ਸੂਦਰਾਂ, ਮਰਜੀਵੜਿਆਂ, ਬੇਸਹਾਰਾ, ਅੱਤਿਆਚਾਰ ਪੀੜਤਾਂ ਲਈ ਜਾਤੀ ਵਾਦ,ਊਚ ਨੀਚ,ਛੂਤ ਛਾਤ ਆਦਿ ਦੇ ਖਾਤਮੇ ਅਤੇ ਵਿਰੋਧ ਲਈ ਸਾਰੇ ਗੁਰੂ ਸਾਹਿਬਾਨਾਂ ਦਾ ਫਲਸਫਾ ਇੱਕੋ ਰਿਹਾ ਹੈ।ਜਦੋਂ ਵੀ ਮਨੁੱਖਤਾ 'ਤੇ ਅਸਹਿ ਅੱਤਿਆਚਾਰ ਅਤੇ ਮਨੁੱਖੀ ਕਦਰਾਂ ਕੀਮਤਾਂ ਦਾ ਘਾਣ ਹੋਇਆ ਹੈ ਤਾਂ ਗੁਰੂ ਸਾਹਿਬਾਨਾਂ ਅਤੇ ਸਿੱਖ ਧਰਮ ਦੇ ਸੂਰਬੀਰਾਂ ਯੋਧਿਆਂ ਕੁਰਬਾਨੀਆਂ ਦੇਣ ਅਤੇ ਜ਼ੁਲਮਾਂ ਵਿਰੁੱਧ ਤਲਵਾਰ ਚੁੱਕਣ ਤੋਂ ਵੀ ਸੰਕੋਚ ਨਹੀਂ ਕੀਤਾ।
ਭਾਰਤ ਉੱਤੇ ਮੁਗਲ ਹਕੂਮਤਾਂ ਦਾ ਰਾਜ ਹੋਣ ਕਰਕੇ ਹਿੰਦੂਆਂ ਅਤੇ ਸਿੱਖਾਂ ਉੱਤੇ ਮੁਗਲਈ ਹਾਕਮਾਂ ਵੱਲੋਂ ਅੰਨ੍ਹਾਂ ਤਸੱਸਦ ਢਾਹਿਆ ਜਾਂਦਾ ਰਿਹਾ ਹੈ।ਕੁੱਝ ਬ੍ਰਾਹਮਣਵਾਦੀ ਅਤੇ ਫਿਰਕੂ ਸ਼ਕਤੀਆਂ ਵੀ ਗਰੀਬਾਂ ਅਤੇ ਮਜਲੂਮਾਂ ਪ੍ਰਤੀ ਸਾਜਿਸ਼ਾਂ ਘੜਨ ਚ ਸਹਿਯੋਗੀ ਬਣਦੀਆਂ ਰਹੀਆਂ ਹਨ।ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂ ਸਾਹਿਬਾਨਾਂ ਨੇ ਜਬਰ ਜ਼ੁਲਮ ਵਿਰੁੱਧ ਆਵਾਜ਼ ਉਠਾਈ ਹੈ।ਕੌਮ ਅਤੇ ਧਰਮ ਦੀ ਸਲਾਮਤੀ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਹੈ।ਉਹਨਾਂ ਵਿੱਚੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ "ਸ਼ਹੀਦਾਂ ਦੇ ਸਿਰਤਾਜ" ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ "ਹਿੰਦ ਦੀ ਚਾਦਰ" ਦੇ ਖਿਤਾਬ ਨਾਲ ਜਾਣਿਆ ਜਾਂਦਾ ਹੈ।
ਜਦੋਂ ਮੁਗਲਾਂ ਦੇ ਬਾਦਸ਼ਾਹ ਔਰੰਗਜ਼ੇਬ ਨੇ 1975 ਚ ਰਾਜ ਗੱਦੀ ਤੇ ਬੈਠਦਿਆਂ ਹੀ ਹਿੰਦੂ ਧਰਮ ਨੂੰ ਖਤਮ ਕਰਨ ਦੇ ਮਾੜੇ ਇਰਾਦੇ ਨਾਲ ਹਿੰਦੂਆਂ ਉੱਤੇ ਅੱਤਿਆਚਾਰ ਅਤੇ ਅਸਹਿ ਜ਼ੁਲਮ ਢਾਹੁਣ ਲੱਗ ਪਿਆ।ਹਿੰਦੂ ਬ੍ਰਾਹਮਣਾਂ ਦੇ ਗਲੇ ਚੋਂ ਜੰਜੂ ਲਾਹ ਕੇ ਉਹਨਾਂ ਨੂੰ ਤਸੀਹੇ ਦੇਕੇ ਅਣਿਆਈ ਮੌਤ ਮਾਰ ਦਿੱਤਾ ਜਾਂਦਾ ਸੀ।ਪੂਰੇ ਹਿੰਦੁਸਤਾਨ ਚ ਹਾਹਾਕਾਰ ਮੱਚ ਗਈ ਅਤੇ ਹਿੰਦੂ ਨੂੰ ਖਤਰਾ ਬਣ ਗਿਆ।ਉਹਨਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀ ਹੋਈ ।ਕਸ਼ਮੀਰ ਦੇ ਪੰਡਿਤ ਇਸ ਅੱਤਿਆਚਾਰ ਦਾ ਸਭ ਤੋਂ ਵੱਧ ਸ਼ਿਕਾਰ ਹੋਏ, ਉਹਨਾਂ ਨੂੰ ਜੰਮੂ ਕਸ਼ਮੀਰ ਦਾ ਗਵਰਨਰ ਇਫਤਿਖਾਰ ਖਾਨ ਉਹਨਾਂ ਦੀ ਇੱਛਾ ਦੇ ਉੱਲਟ ਧੱਕੇ ਨਾਲ ਮੁਸਲਮਾਨ ਬਣਾਉਂਦਾ ਸੀ।ਉਹਨਾਂ ਔਰੰਗਜ਼ੇਬ ਦੇ ਹਿੰਦੂ ਰਾਜਪੂਤ ਅਹਿਲਕਾਰਾਂ ਤਕ ਆਪਣੀ ਮੁਸੀਬਤ ਬਾਬਤ ਪਹੁੰਚ ਕੀਤੀ,ਉਹਨਾਂ ਬੇਵਸੀ ਜ਼ਾਹਰ ਕਰਦਿਆਂ ਹੱਥ ਖੜ੍ਹੇ ਕਰ ਦਿੱਤੇ।ਜਦੋਂ ਮੁਗਲਾਂ ਦਾ ਜ਼ੁਲਮ ਅਤੇ ਅੱਤਿਆਚਾਰ ਸਭ ਹੱਦਾਂ ਬੰਨੇ ਟੱਪ ਗਿਆ ਤਾਂ 25 ਮਈ 1675 ਈਸਵੀ(11ਹਾੜ੍ਹ ਬਿਕਰਮੀ ਸੰੰਮਤ1732)ਨੂੰ ਭਾਈ ਕਿਰਪਾ ਰਾਮ ਦੱਤ ਦੀ ਅਗਵਾਈ ਹੇਠ 16 ਮੈਂਬਰੀ ਕਸ਼ਮੀਰੀ ਪੰਡਿਤਾਂ ਦੇ ਵਫਦ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਚੱਕ ਬੇਬੇ ਨਾਨਕੀ ਆ ਫਰਿਆਦ ਕਰਨ ਦਾ ਨਿਸਚਾ ਕੀਤਾ।ਕਸ਼ਮੀਰੀ ਬ੍ਰਾਹਮਣਾਂ ਨੇ ਇਹ ਵੀ ਦੱਸਿਆ ਕਿ ਉਹ ਕੇਦਾਰਨਾਥ, ਪੁਰੀ, ਮਥੁਰਾ, ਬਦਰੀਨਾਥ, ਦੁਆਰਕਾ,ਰਾਂਚੀ ਆਦਿ ਸਮੇਤ ਹੋਰ ਵੀ ਬਹੁਤ ਸਾਰੇ ਹਿੰਦੂ ਧਰਮ ਦੇ ਕੇਂਦਰ ਤੱਕ ਪਹੁੰਚ ਕੀਤੀ, ਸਿਵਾਏ ਨਿਰਾਸ਼ਾ ਤੋਂ ਸਾਡੇ ਕੁੱਝ ਵੀ ਪੱਲੇ ਨਹੀਂ ਪਿਆ।ਹੁਣ ਸਾਡੀ ਅੰਤਿਮ ਆਸ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਹੀ ਦਰਬਾਰ ਹੈ,ਉਹ ਇਸ ਦਰ ਤੋਂ ਨਿਰਾਸ਼ ਨਹੀਂ ਮੁੜਨਗੇ।
ਨਿੰਮੋਝੂਣਾ ਹੋਏ ਕਸ਼ਮੀਰੀ ਪੰਡਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ "ਜੋ ਸਰਣਿ ਆਵੈ ਤਿਸੁ ਕੰਠਿ ਲਾਵੈ" ਸਹਿਜ ਸੁਭਾਅ ਕਿਹਾ," ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਕਦੀ ਵੀ ਕੋਈ ਨਿਰਾਸ਼ ਨਹੀਂ ਜਾਂਦਾ, ਵਾਹਿਗੁਰੂ ਜੀ ਤੁਹਾਡੀ ਆਸ ਜਰੂਰ ਕਰਨਗੇ ਅਤੇ ਮੱਦਦ ਕਰਨਗੇ।ਜਾਉ ,ਸੂਬੇਦਾਰ ਨੂੰ ਆਖ ਦਿਉ ਜੇ ਉਹ ਗੁਰੂ ਤੇਗ ਬਹਾਦੁਰ ਨੂੰ ਮੁਸਲਮਾਨ ਬਣਾ ਲਵੇ ਤਾਂ ਸਾਰੇ ਕਸ਼ਮੀਰੀ ਬ੍ਰਾਹਮਣ ਮੁਸਲਮਾਨ ਧਰਮ ਕਬੂਲ ਕਰ ਲੈਣਗੇ।"ਇਹ ਸ਼ਬਦ ਸੁਣ ਕੇ ਉਹਨਾਂ ਦੀ ਜਾਨ ਵਿੱਚ ਜਾਨ ਆਈ ਅਤੇ ਸੁਖਦ ਮਹਿਸੂਸ ਕੀਤਾ।
ਇਸ ਤੋਂ ਬਾਅਦ ਗੁਰੂ ਤੇਗ ਬਹਾਦੁਰ ਸਾਹਿਬ ਗੰਭੀਰ ਹੋਕੇ ਡੂੰਘੀ ਸੋਚ ਵਿੱਚ ਉੱਤਰ ਗਏ ਅਤੇ ਫੁਰਮਾਣ ਕੀਤਾ "ਅਜੇ ਧਰਮ ਯੁੱਧ ਦਾ ਸਮਾਂ ਨਹੀਂ ਹੈ।ਇਸ ਮੌਕੇ ਕਿਸੇ ਮਹਾਨ ਆਤਮਾ ਦੀ ਸ਼ਹਾਦਤ ਦੀ ਲੋੜ ਹੈ।ਸਿਰਫ ਕੁਰਬਾਨੀ ਦੇਕੇ ਹੀ ਧਰਮ ਦੇ ਡੁਬਦੇ ਬੇੜੇ ਨੂੰ ਬਚਾਇਆ ਜਾ ਸਕਦਾ ਹੈ।"ਗੁਰੂ ਸਾਹਿਬ ਦੇ ਪ੍ਰਬਚਨ ਸੁਣ ਕੇ ਦਰਬਾਰ ਵਿੱਚ ਚਾਰੇ ਪਾਸੇ ਸੰਨਾਟਾ ਛਾ ਗਿਆ।ਬਾਲ ਗੋਬਿੰਦ ਰਾਏ ਨੇ ਗੁਰੂ ਜੀ ਤੋਂ ਖ਼ਾਮੋਸ਼ੀ ਦਾ ਕਾਰਨ ਪੁੱਛਿਆ ਤਾਂ ਗੁਰੂ ਤੇਗ ਬਹਾਦਰ ਜੀ ਨੇ ਦੱਸਿਆ ਕਿ ਅੱਤਿਆਚਾਰ ਦੀ ਅੱਗ ਦੇ ਭਾਂਬੜ ਬਹੁਤ ਉੱਚਾ ਉੱਠ ਰਹੇ ਹਨ ਜਿਸ ਦੀ ਭੱਠੀ ਵਿੱਚ ਬਾਲਣ ਦੀ ਥਾਂ ਇਹ ਨਿਤਾਣੇ ਅਤੇ ਬੇਕਸੂਰ ਝੋਕੇ ਜਾ ਰਹੇ ਹਨ।ਹੁਣ ਕਿਸੇ ਵਿਦਵਾਨ ਅਤੇ ਮਹਾਂਪੁਰਖ ਦੇ ਬਲੀਦਾਨ ਦੀ ਜਰੂਰਤ ਹੈ, ਜੋ ਆਪਣੇ ਪਵਿੱਤਰ ਖੂਨ ਦੇ ਛਿੱਟੇ ਮਾਰ ਦੇ ਅੱਤਿਆਚਾਰ ਦੇ ਅੱਗ ਦੀਆਂ ਲਾਟਾਂ ਨੂੰ ਠੰਢੀਆਂ ਅਤੇ ਸ਼ਾਂਤ ਕਰ ਸਕੇ।
ਬਾਲ ਗੋਬਿੰਦ ਰਾਏ ਜੀ ਨੇ ਕਿਹਾ,"ਪਿਤਾ ਜੀ , ਆਪ ਤੋਂ ਇਲਾਵਾ ਵੱਡਾ ਮਹਾਂਪੁਰਖ ਕੌਣ ਹੋ ਸਕਦਾ ਹੈ? ਆਪ ਆਪਣੀ ਕੁਰਬਾਨੀ ਦੇ ਕੇ ਇਹਨਾਂ ਦੇ ਧਰਮ ਦੀ ਰੱਖਿਆ ਕਰੋ।"ਬਾਲ ਗੋਬਿੰਦ ਰਾਏ ਜੀ ਦੇ ਨਿੱਕੇ ਅਤੇ ਪਿਆਰੇ ਜਿਹੇ ਮੂੰਹੋਂ ਏਡੀ ਮਹਾਨ ਗੱਲ ਸੁਣ ਕੇ ਗੁਰੂ ਜੀ ਨੂੰ ਵੀ ਵਿਸ਼ਵਾਸ ਹੋ ਗਿਆ ਕਿ ਇਹ ਭਵਿੱਖ ਵਿਚ ਝੁੱਲਣ ਵਾਲੀ ਹਰ ਹਨੇਰੀ ਨੂੰ ਟੱਕਰ ਦੇਣ ਔਖੀ ਤੋਂ ਔਖੀ ਘੜੀ ਦਾ ਸਾਹਮਣਾ ਕਰਨ ਦੇ ਹਰ ਪੱਖੋਂ ਸਮਰੱਥ ਹੈ।ਇਸ ਤਰ੍ਹਾਂ ਗੁਰੂ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਕੁਰਬਾਨੀ ਦੇਣ ਦਾ ਫੈਸਲਾ ਕਰ ਲਿਆ ਸੀ।
ਬਾਲ ਗੋਬਿੰਦ ਰਾਏ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦਾ ਵਾਰਿਸ ਥਾਪ ਕੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਆਪਣੇ ਸਿਦਕੀ ਸਿੰਘਾਂ ਭਾਈ ਜੈਤਾ ਜੀ,ਭਾਈ ਦਿਆਲਾ ਜੀ,ਭਾਈ ਮਤੀ ਦਾਸ ਜੀ,ਭਾਈ ਸਤੀ ਦਾਸ ਜੀ, ਭਾਈ ਉਦੇ ਸਿੰਘ ਜੀ ਆਦਿ ਸਿੰਘਾਂ ਦੇ ਜਥੇ ਨੂੰ ਨਾਲ ਲੈਕੇ ਕੁਰਬਾਨੀ ਦੇਣ ਲਈ ਦਿੱਲੀ ਵੱਲ੍ਹ ਰਵਾਨਾ ਹੋ ਗਏ।ਗੁਰੂ ਜੀ ਸਿੱਧਾ ਦਿੱਲੀ ਜਾਣ ਦੀ ਬਜਾਇ ਰਸਤੇ ਵਿੱਚ ਸ਼ੋਕਗ੍ਰਸਤ ਸਿੱਖ ਸੰਗਤਾਂ ਅਤੇ ਆਪਣੇ ਪਿਆਰੇ ਸ਼ਰਧਾਲੂਆਂ ਦਾ ਧੀਰਜ ਬੰਨਾਉਂਦੇ, ਧਰਵਾਸਾ ਦਿੰਦੇ ,ਇਰਾਦੇ ਦ੍ਰਿੜ ਰੱਖਣ ,ਗੁਰਬਾਣੀ ਦਾ ਉਪਦੇਸ਼ ਦਿੰਦੇ ਸਿਦਕ ਬਣਾਉਂਦੇ ਅਤੇ ਆਤਮਿਕ ਗਿਆਨ ਬਖਸ਼ਿਸ਼ ਕਰਦੇ ਜਾ ਰਹੇ ਸਨ।
ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 ਅਪ੍ਰੈਲ 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁਖੋਂ ਅੰਮ੍ਰਿਤਸਰ ਵਿਖੇ ਹੋਇਆ। ਆਪ ਜੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜਵੇਂ ਅਤੇ ਸੱਭ ਤੋਂ ਛੋਟੇ ਸਪੁੱਤਰ ਸਨ। ਆਪ ਜੀ ਨੇ 9 ਸਾਲ ਦੇ ਕਰੀਬ ਸਮਾਂ ਅੰਮ੍ਰਿਤਸਰ ਵਿਖੇ ਗੁਜ਼ਾਰਿਆ ਅਤੇ ਫਿਰ ਕਰਤਾਰਪੁਰ ਜਿਲ੍ਹਾ ਜਲੰਧਰ ਵਿਖੇ ਚਲੇ ਗਏ। ਗੁਰੂ ਜੀ ਦੇ ਭੈਣ ਭਰਾਵਾਂ ਦੇ ਨਾਮ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ, ਬਾਬਾ ਅਟੱਲ ਰਾਏ ਅਤੇ ਬੀਬੀ ਵੀਰੋ ਹਨ।ਗੁਰੂ ਜੀ ਨੇ ਬਾਬਾ ਬਕਾਲਾ ਵਿਖੇ ਲੰਮਾ ਸਮਾਂ ਭਗਤੀ ਕੀਤੀ।ਮੱਖਣ ਸ਼ਾਹ ਲੁਬਾਣੇ ਨੇ ਆਪਣਾ ਮੂੰਹ ਕਾਲਾ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਵਾਰਿਸ ਨੂੰ ਉਜਾਗਰ ਕੀਤਾ ਸੀ।ਉਹਨਾਂ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਹੋਇਆ ਸੀ।ਦਸਮ ਪਿਤਾ, ਸਰਬੰਸ ਦਾਨੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਸਪੁੱਤਰ ਸਨ।
ਜਦੋਂ ਗੁਰੂ ਜੀ ਨੂੰ ਇਸਲਾਮ ਦੇ ਨਸ਼ੇ ਵਿੱਚ ਧੁੱਤ ਔਰੰਗਜ਼ੇਬ ਦੇ ਸਾਹਮਣੇ ਲਿਆਂਦਾ ਗਿਆ ਤਾਂ ਉਸ ਨੇ ਇਸਲਾਮ ਦੀ ਮਹਿਮਾ ਗਾਉਂਦਿਆਂ ਆਪ ਜੀ ਨੂੰ ਇਸਲਾਮ ਕਬੂਲਣ ਲਈ ਪ੍ਰੇਰਿਆ। ਪਰ ਗੁਰੂ ਜੀ ਨੇ ਉਸ ਦੀ ਉਮੀਦ ਦੇ ਉਲਟ ਉੱਤਰ ਦਿੱਤਾ ਕਿ ਧਰਮ ਜ਼ਬਰਦਸਤੀ ਤਲਵਾਰਾਂ ਦੀ ਨੋਕ ਉੱਤੇ ਨਹੀਂ ਬਦਲਾਇਆ ਜਾ ਸਕਦਾ। ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਕੇ ਨਾ ਤਾਂ ਤੁਸੀਂ ਸੱਚੇ ਮੁਸਲਮਾਨ ਹੋਣ ਦਾ ਸੰਕੇਤ ਦੇ ਰਹੇ ਹੋ, ਨਾ ਹੀ ਰੱਬ ਦੀ ਰਜ਼ਾ ਵਿੱਚ ਚੱਲ ਰਹੇ ਹੋ ਅਤੇ ਨਾ ਹੀ ਆਪਣੀ ਪਰਜਾ ਪ੍ਰਤੀ ਆਪਣੇ ਕਰਤੱਵ ਦਾ ਪਾਲਣ ਕਰ ਰਹੇ ਹੋ। ਬਾਦਸ਼ਾਹ ਹੋਣ ਦੇ ਨਾਤੇ ਤੁਹਾਡਾ ਫ਼ਰਜ਼ ਹੈ ਕਿ ਤੁਸੀਂ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਬਰਾਬਰ ਸਮਝੋ। ਪਰ ਇਸ ਦੇ ਉਲਟ ਤੁਸੀਂ ਤਾਂ ਹਿੰਦੂਆਂ ਨੂੰ ਆਪਣੇ ਅੰਨ੍ਹੇ ਜ਼ੁਲਮ ਦਾ ਸ਼ਿਕਾਰ ਬਣਾਇਆ ਹੈ। ਔਰੰਗਜ਼ੇਬ! ਤੇਰੇ ਇਸ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਅਤੇ ਮਾਸੂਮ ਹਿੰਦੂਆਂ ਦੀ ਰੱਖਿਆ ਲਈ ਅਸੀਂ ਮੈਦਾਨ ਵਿੱਚ ਆ ਨਿੱਤਰੇ ਹਾਂ। ਤੂੰ ਤਾਂ ਬਾਦਸ਼ਾਹ ਹੋਣ ਦੇ ਨਾਤੇ ਆਪਣੀ ਪਰਜਾ ਤੋਂ ਮੂੰਹ ਮੋੜੀ ਬੈਠਾ ਹੈਂ ਪਰ ਅਸੀਂ ਇਨ੍ਹਾਂ ਮਜ਼ਲੂਮਾਂ ਦੀ ਬਾਂਹ ਪਕੜ ਲਈ ਹੈ।
ਇਸ ਪ੍ਰਕਾਰ ਗੁਰੂ ਜੀ ਨੂੰ ਚੜ੍ਹਦੀ ਕਲਾ ਵਿੱਚ ਅਤੇ ਉਨ੍ਹਾਂ ਦੁਆਰਾ ਇਸਲਾਮ ਨਾ ਕਬੂਲਣ ਦੇ ਅਟੱਲ ਨਿਸ਼ਚੈ ਨੂੰ ਵੇਖ ਕੇ ਔਰੰਗਜ਼ੇਬ ਗੁੱਸੇ ਵਿੱਚ ਕੰਬ ਉੱਠਿਆ। ਕੁਰਬਾਨੀ ਲਈ ਤਿਆਰ ਗੁਰੂ ਜੀ ਨੂੰ ਦੇਖ ਕੇ ਉਸ ਦੇ ਮਨਸੂਬਿਆਂ ਦੀਆਂ ਨੀਹਾਂ ਹਿੱਲ ਗਈਆਂ। ਆਪਣੀ ਇਸ ਹਾਰ ਨੂੰ ਵੇਖ ਕੇ ਉਸ ਨੇ ਅੰਤ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਜਾਵੇ ਅਤੇ ਇਨ੍ਹਾਂ ਦੇ ਮੁਰੀਦਾਂ ਨੂੰ ਤਸੀਹੇ ਦੇ-ਦੇ ਕੇ ਮਾਰ ਦਿੱਤਾ ਜਾਵੇ।
ਔਰੰਗਜ਼ੇਬ ਦੇ ਹੁਕਮ ਅਨੁਸਾਰ ਗੁਰੂ ਜੀ ਨੂੰ ਈਮਾਨ ਤੋਂ ਡੋਲਾਉਣ ਲਈ ਲਾਲਚ ਦਿਤੇ ਗਏ।ਦਿਲ ਵਿੱਚ ਭੈਅ ਪੈਦਾ ਕਰਨ ਲਈ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਉਬਾਲਿਆ ਗਿਆ।ਭਾਈ ਸਤੀ ਦਾਸ ਨੂੰ ਰੂੰ ਚ ਲਪੇਟ ਕੇ ਜਿਉਂਦੇ ਜੀਅ ਸ਼ਹੀਦ ਕੀਤਾ ਗਿਆ।ਇਸ ਪ੍ਰਕਾਰ ਇੱਕ-ਇੱਕ ਕਰਕੇ ਗੁਰੂ ਜੀ ਦੇ ਮੁਰੀਦਾਂ ਨੂੰ ਅਣਮਨੁੱਖੀ ਤਸੀਹੇ ਦੇ ਕੇ ਹੋਣੀ ਦੀ ਭੱਠੀ ਵਿੱਚ ਝੋਕ ਦਿੱਤਾ ਗਿਆ ਜਿਸ ਨੂੰ ਵੇਖ ਕੇ ਗੁਰੂ ਜੀ ਡੋਲੇ ਨਹੀਂ ਸਗੋਂ ਉਨ੍ਹਾਂ ਦਾ ਸਿਦਕ ਹੋਰ ਵੀ ਅਡੋਲ ਹੋ ਗਿਆ।
ਅੰਤ ਮਿਤੀ 11 ਨਵੰਬਰ, 1675 ਈ: ਨੂੰ ਚਾਂਦਨੀ ਚੌਕ ਵਿਖੇ ਕਾਜ਼ੀ ਨੇ ਫ਼ਤਵਾ ਪੜ੍ਹਿਆ। ਜੱਲਾਦ ਜਲਾਲਦੀਨ ਨੇ24 ਨਵੰਬਰ 1675 ਨੂੰ ਤਲਵਾਰ ਨਾਲ ਵਾਰ ਕੀਤਾ ਅਤੇ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਅਲੱਗ ਹੋ ਗਿਆ।ਉਸ ਵੇਲੇ ਗੁਰੂ ਸਾਹਿਬ ਜਪੁਜੀ ਸਾਹਿਬ ਦਾ ਪਾਠ ਕਰ ਰਹੇ ਸਨ। ਪਰ ਆਪਣੇ ਮੂੰਹੋਂ ਸੀਅ ਨਾ ਉਚਾਰੀ। ਉਹਨਾਂ ਦੇ ਸੀਸ ਤੇ ਵਾਰ ਉਸ ਸਮੇਂ ਕੀਤਾ ਗਿਆ,ਜਦੋਂ ਉਹਨਾਂ ਜਪੁਜੀ ਸਾਹਿਬ ਦਾ ਪਾਠ ਸੰਪੂਰਨ ਕਰਨ ਉਪਰੰਤ ਉਸ ਵਾਹਿਗੁਰੂ ਅੱਗੇ ਸੀਸ ਝੁਕਾਇਆ ਸੀ।ਆਪ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਨੇ ‘ਬਚਿਤਰ ਨਾਟਕ’ ਵਿੱਚ ਲਿਖਿਆ ਹੈ:
ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥
ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਯਾ ਪਰੁ ਸੀ ਨ ਉਚਰੀ॥
ਧਰਮ ਹੇਤ ਸਾਕਾ ਜਿਨਿ ਕੀਆ॥ ਸੀਸੁ ਦੀਆ ਪਰੁ ਸਿਰਰੁ ਨ ਦੀਆ॥,,,,,,(ਦਸਮ ਗ੍ਰੰਥ)
ਆਪ ਜੀ ਦੀ ਲਾਸਾਨੀ ਸ਼ਹਾਦਤ ਨਾਲ ਦਿੱਲੀ ਦਾ ਦਿਲ ਕੰਬ ਉੱਠਿਆ ਅਤੇ ਲੋਕਾਂ ਦੀਆਂ ਚੀਕਾਂ ਨਾਲ ਅਸਮਾਨ ਚੀਰਿਆ ਗਿਆ। ਜੱਲਾਦ ਦਾ ਦਿਲ ਦਹਿਲ ਗਿਆ ਅਤੇ ਉਹ ਤਲਵਾਰ ਸੁੱਟ ਕੇ ਜਾਮਾ ਮਸਜਿਦ ਵੱਲ ਭੱਜ ਗਿਆ।ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦੇਣ ਦੇ ਨਾਲ-ਨਾਲ ਔਰੰਗਜ਼ੇਬ ਦਾ ਇਹ ਵੀ ਹੁਕਮ ਸੀ ਕਿ ਗੁਰੂ ਸਾਹਿਬ ਦੀ ਦੇਹ ਦੇ ਚਾਰ ਟੁਕੜੇ ਕਰ ਕੇ ਸ਼ਹਿਰ ਦੇ ਚਾਰੇ ਪਾਸੇ ਲਟਕਾ ਦਿਤੇ ਜਾਣ ਪਰ ਹਨੇਰਾ ਪੈ ਚੁੱਕਾ ਹੋਣ ਕਰ ਕੇ ਉਸ ਦੇ ਇਸ ਹੁਕਮ 'ਤੇ ਅਮਲ ਨਾ ਹੋ ਸਕਿਆ | ਉਧਰ ਭਾਈ ਜੈਤਾ, ਭਾਈ ਨਾਨੂ ਰਾਮ, ਭਾਈ ਤੁਲਸੀ ਤੇ ਭਾਈ ਊਦਾ ਨੇ ਗੁਰੂ ਸਾਹਿਬ ਦਾ ਸੀਸ ਚੁਕ ਕੇ ਲਿਆਉਣ ਦੀ ਤਰਕੀਬ ਘੜੀ। ਭਾਈ ਜੈਤਾ ਅਪਣੀ ਟੋਕਰੀ ਸਿਰ 'ਤੇ ਚੁਕ ਕੇ ਲੈ ਗਿਆ ਅਤੇ ਰਾਤ ਦੇ ਹਨੇਰੇ ਵਿਚ ਗੁਰੂ ਸਾਹਿਬ ਦਾ ਸੀਸ ਚੁਕ ਲਿਆਇਆ। ਦੂਜੇ ਪਾਸੇ (ਭਾਈ ਮਨੀ ਸਿੰਘ ਦੇ ਸਹੁਰਾ) ਭਾਈ ਲੱਖੀ ਰਾਏ ਵਣਜਾਰਾ ਨੇ, ਅਪਣੇ ਪੁੱਤਰਾਂ ਭਾਈ ਨਿਗਾਹੀਆ, ਹੇਮਾ ਤੇ ਹਾੜੀ ਦੀ ਮਦਦ ਨਾਲ, ਗੁਰੂ ਸਾਹਿਬ ਦਾ ਧੜ ਚੁਕ ਲਿਆਂਦਾ ਅਤੇ ਅਪਣੇ ਘਰ ਅੰਦਰ (ਗੁਰਦਵਾਰਾ ਰਕਾਬ ਗੰਜ ਵਾਲੀ ਥਾਂ 'ਤੇ) ਹੀ ਧੜ ਦਾ ਸਸਕਾਰ ਕਰ ਦਿਤਾ।
ਗੁਰੂ ਸਾਹਿਬ ਦੇ ਸੀਸ ਅਤੇ ਧੜ ਦੇ ਸਸਕਾਰ ਬਾਰੇ ਭੱਟ ਵਹੀ 'ਚ ਇਹ ਲਿਖਿਆ ਮਿਲਦਾ ਹੈ:
ਲਖੀਆ ਬੇਟਾ ਗੋਧੂ ਕਾ, ਨਗਾਹੀਆ-ਹੇਮਾ-ਹਾੜੀ ਬੇਟੇ ਲਖੀਏ ਕੇ, ਜਾਦੋ ਬੰਸੀਏ, ਬੜਤੀਏ ਕਨਾਉਾਤ, ਨਾਇਕ ਧੂੰਮਾ ਬੇਟਾ ਕਾਨ੍ਹੇ ਕਾ, ਤੂੰਮਰ ਬਿੰਜਲਉਾਤ, ਗੁਰੂ ਤੇਗ਼ ਬਹਾਦਰ ਜੀ ਮਹਲ ਨਾਂਵਾਂ ਕੀ ਲਾਸ਼ ਉਠਾਏ ਲਾਏ, ਸਾਲ ਸਤਰਾਂ ਸੈ ਬੱਤੀਸ, ਮੰਗਹਰ ਸੁਦੀ ਛੱਟ, ਗੁਰੂਵਾਰ ਕੇ ਦਿਹੁੰ। ਦਾਗ਼ ਕੀਆ ਰਸੀਨਾ ਗਾਮ ਮੇਂ ਆਧ ਘਰੀ ਰੈਨ ਰਹੀ। (ਭੱਟ ਵਹੀ ਜਾਦੋਬੰਸੀਆਂ ਕੀ, ਖਾਤਾ ਬੜਤੀਏ ਕਨਾਉਾਤੋਂ ਕਾ)। ਉਦੋਂ ਰਾਇਸੀਨਾ ਪਿੰਡ ਦੀ ਸਾਰੀ ਜ਼ਮੀਨ ਭਾਈ ਲੱਖੀ ਰਾਏ ਵਣਜਾਰਾ ਦੀ ਸੀ। ਅੱਜ ਜਿਸ ਜਗ੍ਹਾ ਰਾਸ਼ਟਰਪਤੀ ਭਵਨ, ਪਾਰਲੀਮੈਂਟ ਬਣੇ ਹੋਏ ਹਨ, ਇਹ ਸਾਰੀ ਜਗ੍ਹਾ ਭਾਈ ਲੱਖੀ ਰਾਏ ਦੀ ਸੀ ਤੇ ਅੰਗਰੇਜ਼ਾਂ ਨੇ, 1913 ਵਿਚ ਦਿੱਲੀ ਨੂੰ ਰਾਜਧਾਨੀ ਬਣਾਉਣ ਸਮੇਂ, ਜਬਰੀ ਐਕੁਆਇਰ ਕੀਤੀ ਸੀ। ਅੰਗਰੇਜ਼ਾਂ ਨੇ, 14 ਜਨਵਰੀ, 1914 ਨੂੰ ਗੁਰਦਵਾਰਾ ਰਕਾਬ ਗੰਜ ਦੀ ਬਾਹਰਲੀ ਕੰਧ ਵੀ ਢਾਹ ਦਿਤੀ ਸੀ ਅਤੇ ਇਸ ਦਾ ਕੁੱਝ ਹਿੱਸਾ ਵੀ ਕਬਜ਼ੇ ਵਿਚ ਲੈਣਾ ਚਾਹੁੰਦੇ ਸਨ ਪਰ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਉੁਨ੍ਹਾਂ ਨੂੰ ਇਸ ਵਾਸਤੇ ਮੋਰਚਾ ਲਾਉਣਾ ਪਿਆ ਸੀ।
‘ਬਚਿੱਤਰ ਨਾਟਕ’ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫ਼ੁਰਮਾਉਂਦੇ ਹਨ:
ਠੀਕਰ ਫੋਰਿ ਦਿਲੀਸ ਸਿਰਿ, ਪ੍ਰਭ ਪੁਰਿ ਕਿਯਾ ਪਯਾਨ॥
ਤੇਗ ਬਹਾਦੁਰ ਸ੍ਰੀ ਕ੍ਰਿਆ, ਕਰੀ ਨ ਕਿਨਹੂੰ ਆਨਿ॥
ਤੇਗ ਬਹਾਦੁਰ ਕੇ ਚਲਤ, ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ, ਜੈ ਜੈ ਜੈ ਸੁਰ ਲੋਕਿ॥ ,,,,,(ਦਸਮ ਗ੍ਰੰਥ)
ਵਿਸ਼ਵ-ਇਤਿਹਾਸ ਵਿੱਚ ਗੁਰੂ ਜੀ ਦੀ ਕੁਰਬਾਨੀ ਵਿਲੱਖਣ ਹੈ ਅਤੇ ਵਿਸ਼ੇਸ਼ ਅਰਥਾਂ ਦੀ ਧਾਰਨੀ ਹੈ। ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਇਹ ਕੁਰਬਾਨੀ ਆਪਣੇ ਲਈ ਨਹੀਂ, ਆਪਣੇ ਭਾਈਚਾਰੇ ਲਈ ਨਹੀਂ ਬਲਕਿ ਮਾਨਵਤਾ ਨੂੰ ਬਚਾਉਣ ਖ਼ਾਤਰ ਦਿੱਤੀ ਗਈ। ਇਸ ਤਰ੍ਹਾਂ ਇਸ ਗੌਰਵਮਈ ਸ਼ਹਾਦਤ ਨੇ ਸਿਰਫ਼ ਸਿੱਖ ਇਤਿਹਾਸ ਨੂੰ ਹੀ ਨਵਾਂ ਮੋੜ ਨਹੀਂ ਦਿੱਤਾ ਸਗੋਂ ਪੂਰੇ ਵਿਸ਼ਵ ਨੂੰ ਹੱਕ, ਸੱਚ, ਇਨਸਾਫ਼ ਅਤੇ ਧਰਮ ਲਈ ਮਰ-ਮਿਟਣ ਦਾ ਜਜ਼ਬਾ ਪ੍ਰਦਾਨ ਕੀਤਾ। ਗੁਰੂ ਜੀ ਦੀ ਸ਼ਹਾਦਤ ਨੇ ਉਸ ਸਮੇਂ ਦੇ ਮਜ਼ਲੂਮਾਂ, ਨਿਤਾਣਿਆਂ, ਨਿਓਟਿਆਂ ਅਤੇ ਨਿਮਾਣਿਆਂ ਦੇ ਹਿਰਦੇ ਵਿੱਚ ਇੱਕ ਨਵੀਂ ਰੂਹ ਫੂਕੀ। ਆਪ ਜੀ ਦੀ ਕੁਰਬਾਨੀ ਨਾ ਸਿਰਫ਼ ਸਮਕਾਲੀਨ ਸਮਾਜ ਲਈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਨਾ-ਸਰੋਤ ਬਣੀ।
ਅੱਜ 21ਵੀਂ ਸਦੀ ਦੇ ਸੰਦਰਭ ਵਿੱਚ ਇਸ ਸ਼ਹਾਦਤ ਦੀ ਮਹੱਤਤਾ ਹੋਰ ਵੀ ਦ੍ਰਿੜ੍ਹ ਹੋ ਜਾਂਦੀ ਹੈ ਕਿਉਂਕਿ ਅੱਜ ਫਿਰ ਸਾਡਾ ਸਮਾਜ ਭਾਸ਼ਾ ਦੇ ਨਾਂ ’ਤੇ, ਧਰਮ ਦੇ ਨਾਂ ’ਤੇ ਅਣਗਿਣਤ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਗੁਰੂ ਜੀ ਦੀ ਲਾਸਾਨੀ ਸ਼ਹਾਦਤ ਦੀ ਰੋਸ਼ਨੀ ਹੀ ਇਨ੍ਹਾਂ ਕੱਟੜਤਾ ਦੇ ਨਸ਼ੇ ਵਿੱਚ ਅੰਨ੍ਹੇ ਹੋਏ ਹਿੰਸਾਵਾਦੀਆਂ ਨੂੰ ਚਾਨਣ ਦੀ ਕਿਰਨ ਪ੍ਰਦਾਨ ਕਰ ਸਕਦੀ ਹੈ। ਅੱਜ ਦੇ ਦਿਨ ਉਸ ਮਹਾਨ ਸ਼ਹੀਦ ਨੂੰ ਸਾਡੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਮਨੁੱਖ ਦੇ ਬਣਾਏ ਧਰਮ ਤੋਂ ਉੱਪਰ ਉੱਠ ਕੇ ਸਰਬ-ਸਾਂਝੇ ਧਰਮ ਅਰਥਾਤ ਮਾਨਵਤਾ, ਅਹਿੰਸਾ, ਦਇਆ, ਅਮਨ ਅਤੇ ਅਖੰਡਤਾ ਦੇ ਰਸਤੇ ਉੱਪਰ ਕਦਮ ਧਰੀਏ।
ਗੁਰੂ ਤੇਗ਼ ਬਹਾਦਰ ਜੀ ਦੀ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਹੈ। ਉਨ੍ਹਾਂ ਦੀ ਬਾਣੀ ਸੰਨ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਗੋਬਿੰਦ ਸਿੰਘ ਦੁਆਰਾ 1706 ਵਿਚ ਦਮਦਮਾ ਸਾਹਿਬ(ਸਾਬੋ ਕੀ ਤਲਵੰਡੀ) ਵਿਖੇ ਚੜ੍ਹਾਈ ਗਈ। ਉਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਵਿਚ ਕੁੱਲ 59 ਪਦੇ(15 ਰਾਗਾਂ ਵਿਚ) ਅਤੇ 57 ਸਲੋਕ ਦਰਜ ਹਨ।
ਇੰਜੀ. ਸਤਨਾਮ ਸਿੰਘ ਮੱਟੂ,ਬਲਜਿੰਦਰ ਕੌਰ,
ਬੀਂਂਬੜ੍ਹ,ਸੰਗਰੂਰ।
9779708257
-
ਇੰਜੀ. ਸਤਨਾਮ ਸਿੰਘ ਮੱਟੂ,ਬਲਜਿੰਦਰ ਕੌਰ,, ਲੇਖਕ
mattu.satnam23@gmail.com
9779708257
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.