ਕੋਈ ਵੀ ਦੌਰ ਸਦਾ ਹੀ ਸਥਿਰ ਨਹੀਂ ਰਹਿੰਦਾ, ਕੋਈ ਰਾਜ ਵੀ ਸਦਾ ਸਥਿਰ ਨਹੀਂ ਰਹਿੰਦਾ। ਅੱਜ ਤੋਂ ਕੁਝ ਮਹੀਨੇ ਪਹਿਲਾਂ ਕਾਂਗਰਸ ਮੁਕਤ ਭਾਰਤ ਕਹਿਣ ਵਾਲੇ ਲੋਕਾਂ ਦੀਆਂ ਜੀਭਾਂ ਦੰਦਾਂ ਵਿਚਕਾਰ ਆ ਗਈਆਂ। ਰਾਹੁਲ ਗਾਂਧੀ ਨੇ ਆਪਣੀ ਪ੍ਰਧਾਨਗੀ ਦੇ ਪਹਿਲੇ ਸਾਲ 'ਚ ਹੀ ਜੋ ਪ੍ਰਫਾਰਮੈਂਸ ਦਿਖਾਈ, ਉਸ ਨਾਲ ਵਿਰੋਧੀ ਧਿਰਾਂ ਨੂੰ ਵੱਡਾ ਅਚੰਭਾ ਲੱਗਾ ਹੈ। ਸੋਸ਼ਲ ਮੀਡੀਆ 'ਤੇ ਆਮ ਹੀ ਅਤੇ ਮੇਨਸਟ੍ਰੀਮ ਮੀਡੀਆ 'ਚ ਵੀ 'ਪੱਪੂ' ਦੇ ਨਾਮ ਨਾਲ ਮਜ਼ਾਕ ਦਾ ਪਾਤਰ ਬਣੇ ਰਾਹੁਲ ਗਾਂਧੀ ਨੇ ਅੱਜ ਜਚਾ ਦਿੱਤਾ ਕਿ 'ਪੱਪੂ ਆਖ਼ਰ ਪਾਸ ਹੋ ਹੀ ਗਿਆ।' ਖ਼ੈਰ, ਫਿਲਹਾਲ ਇਹ ਕਹਿਣ ਦਾ ਸਹੀ ਸਮਾਂ ਨਹੀਂ ਹੈ ਕਿ ਪੱਪੂ ਪੂਰੀ ਤਰ੍ਹਾਂ ਪਾਸ ਹੋ ਗਿਆ, ਕਿਉਂਕਿ ਇਹ ਤਾਂ ਆਮ ਇਮਤਿਹਾਨ ਹੀ ਸਨ, ਅਸਲ ਇਮਤਿਹਾਨ ਆਉਣੇ ਅਜੇ ਬਾਕੀ ਨੇ। 2019 ਦੀਆਂ ਲੋਕ ਸਭਾ ਚੋਣਾਂ ਸਿਰ 'ਤੇ ਹਨ ਤੇ ਕਾਂਗਰਸ ਨੂੰ ਹੋਰ ਦੁੱਗਣੀ ਮਿਹਨਤ ਨਾਲ ਕੰਮ ਕਰਨ ਦੀ ਸਖ਼ਤ ਲੋੜ ਪਵੇਗੀ ਜੇ ਉਹ ਭਾਜਪਾ ਦਾ ਪੂਰੇ ਭਾਰਤ 'ਚੋਂ ਸਫਾਇਆ ਕਰਨਾ ਚਾਹੁੰਦੇ ਹਨ। ਫਿਲਹਾਲ ਇੰਨ੍ਹਾਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਕਰੜੀ ਟੱਕਰ ਦੇ ਕੇ ਕਾਂਗਰਸ ਨੇ ਭਾਰਤ ਦੇ ਤਿੰਨ ਵੱਡੇ ਸੂਬਿਆਂ 'ਚ ਆਪਣਾ ਦਬਦਬਾ ਜਰੂਰ ਬਣਾ ਲਿਆ। ਇਹਨਾਂ ਜਿੱਤਾਂ ਨੂੰ ਭਾਵੇਂਂ ਰਾਹੁਲ ਗਾਂਧੀ ਦੀ ਰਣਨੀਤੀ ਦਾ ਨਤੀਜਾ ਕਿਹਾ ਜਾਵੇ, ਭਾਵੇਂ ਲੋਕਾਂ 'ਚ ਮੋਦੀ ਲਹਿਰ ਦਾ ਘੱਟ ਹੋਣ ਦਾ ਕਾਰਨ ਸਮਝਿਆ ਜਾਵੇ, ਦੋਹੀਂ ਪਾਸੇ ਜਿੱਤ ਦਾ ਸਿਹਰਾ ਰਾਹੁਲ ਗਾਂਧੀ ਨੂੰ ਹੀ ਜਾਂਦਾ ਹੈ।
ਰਾਹੁਲ ਦਾ ਇਸ ਜਿੱਤ ਤੋਂ ਬਾਅਦ ਕਹਿਣਾ ਹੈ ਕਿ ਉਹਨਾਂ ਨੇ 'ਨਰੇਂਦਰ ਮੋਦੀ' ਤੋਂ ਸਿੱਖਿਆ ਹੈ ਕਿ, ਕੀ ਕਰਨਾ ਹੈ ਤੇ ਕੀ ਨਹੀਂ ਕਰਨਾ। ਜੋ ਬਿਆਨ ਵਾਕਿਆ ਹੀ ਆਪਣੇ ਆਪ ਵਿਚ ਬਹੁਤ ਅਹਿਮੀਅਤ ਰੱਖਦਾ ਹੈ। ਆਖਰ ਰਾਹੁਲ ਵੀ ਸਿਆਸਤ ਦੇ ਥੋੜ੍ਹੇ ਬਹੁਤ ਦਾਅ ਪੇਚ ਸਿੱਖਣ 'ਚ ਕਾਮਯਾਬ ਹੋਏ ਹੀ ਹੋਣਗੇ ਜਿਸ ਦਾ ਪ੍ਰਭਾਵ ਇਸ ਵਾਰ ਦੇ ਚੋਣ ਨਤੀਜਿਆਂ 'ਚ ਮਿਲਿਆ ਹੈ। ਸਭ ਤੋਂ ਅਹਿਮ ਗੱਲਾਂ ਰਾਹੁਲ ਨੇ ਜੋ ਸਿੱਖੀਆਂ ਹਨ, ਉਹਨਾਂ 'ਚ ਇੱਕ ਤਾਂ ਇਹ ਸੀ ਕਿ ਤੁਹਾਡਾ ਚੋਣ ਪ੍ਰਚਾਰਕ ਕੋਈ ਅਜਿਹਾ ਹੋਵੇ ਜੋ ਲੋਕਾਂ ਨੂੰ ਆਪਣੇ ਭਾਸ਼ਣ ਨਾਲ ਪ੍ਰਭਾਵਿਤ ਕਰ ਸਕੇ। ਕਿਉਂਕਿ ਨਰੇਂਦਰ ਮੋਦੀ ਕੋਲ ਖੁਦ ਇਹੀ ਚੀਜ਼ ਦਾ ਵੱਡਾ ਭੰਡਾਰ ਹੈ ਕਿ ਉਹ ਭਾਸ਼ਣ ਦਿੰਦਿਆਂ ਲੋਕਾਂ ਨੂੰ ਆਪਣੇ ਵੱਲ੍ਹ ਖੂਬ ਪ੍ਰਭਾਵਿਤ ਕਰਨਾ ਜਾਣਦੇ ਹਨ। ਇਸੇ ਕਰਕੇ ਚੋਣਾਂ ਤੋਂ ਠੀਕ ਪਹਿਲਾਂ ਰਾਹੁਲ ਗਾਂਧੀ ਨੇ ਪੰਜਾਬ ਦੀ ਵਜ਼ਾਰਤ ਦੇ ਮੰਤਰੀ ਨਵਜੋਤ ਸਿੱਧੂ ਨੂੰ ਆਪਣਾ ਸਟਾਰ ਪ੍ਰਚਾਰਕ ਬਣਾਇਆ। ਕਿਉਂਕਿ ਸਿੱਧੂ ਪਹਿਲੋਂ ਹੀ ਭਾਰਤ 'ਚ ਇੱਕ ਸੈਲੀਬ੍ਰਿਟੀ ਦੇ ਤੌਰ 'ਤੇ ਜਾਣੇ ਜਾਂਦੇ ਹਨ।ਦੂਜਾ ਸਿੱਧੂ ਆਪਣੀ ਸ਼ੇਅਰੋ ਸ਼ਾਇਰੀ ਰਾਹੀਂ ਸਾਹਮਣੇ ਵਾਲੇ ਨੂੰ ਕੀਲਣਾ ਵੀ ਖੂਬ ਜਾਣਦੇ ਹਨ। ਕਿਉਂਕਿ ਸਿੱਧੂ ਤੋਂ ਵੱਡਾ ਪ੍ਰਭਾਵਸ਼ਾਲੀ ਪ੍ਰਚਾਰਕ ਫਿਲਹਾਲ ਕਾਂਗਰਸ ਕੋਲ ਪੂਰੇ ਭਾਰਤ 'ਚ ਕਿਤੇ ਨਹੀਂ ਹੈ। ਸਿੱਧੇ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਭਾਜਪਾ ਦੀ ਹਾਰ ਦਾ ਕਾਰਨ ਕਿਤੇ ਨਾ ਕਿਤੇ ਸਿੱਧੂ ਵੀ ਬਣਿਆ ਹੈ।
ਦੂਜਾ ਇਹ ਕਿ ਬੁੱਧੀਜੀਵੀਆਂ ਅਨੁਸਾਰ ਨਰੇਂਦਰ ਮੋਦੀ ਵੱਲੋਂ ਆਮ ਲੋਕਾਂ ਦੇ ਨਾਮ 'ਤੇ ਪਹਿਲੋਂ ਹੀ ਧਨਾਢ ਲੋਕਾਂ ਦਾ ਢਿੱਡ ਭਰਿਆ ਗਿਆ, ਜਿਸ ਤੋਂ ਮੱਧ ਵਰਗ ਅਤੇ ਆਮ ਲੋਕ ਅੱਜ ਦੇ ਸੋਸ਼ਲ ਮੀਡੀਆ ਦੇ ਦੌਰ 'ਚ ਜਾਗਰੂਕ ਹੋਏ ਅਤੇ ਮੋਦੀ ਸਰਕਾਰ ਦੇ ਭੱਜੇ ਜਾਂਦੇ ਰੱਥ ਨੂੰ ਬ੍ਰੇਕਾਂ ਲਾ ਛੱਡੀਆਂ। ਜੋ ਵੀ ਹੈ, ਇਹ ਲੋਕਤੰਤਰ ਹੈ, ਇਥੇ ਕੋਈ ਵੀ ਰਾਜਾ ਜਾਂ ਫਕੀਰ ਨਹੀਂ। ਲੋਕ ਰਾਜ 'ਚ ਇੱਕ ਨਾ ਇੱਕ ਦਿਨ ਰਾਜੇ ਦੀ ਕੁਰਸੀ 'ਤੇ ਬੈਠੇ ਸ਼ਾਸਕ ਨੂੰ ਭੂੰਜੇ ਵੀ ਬੈਠਣਾ ਹੀ ਪਵੇਗਾ, ਕਿਉਂਕਿ ਲੋਕ ਸੁਪਰੀਮ ਹਨ। ਉਹਨਾਂ ਦੇ ਹੱਥ 'ਚ ਸ਼ਕਤੀ ਹੈ। ਪਰ ਫਿਲਹਾਲ ਕਾਂਗਰਸ ਨੂੰ ਆਪਣੀ ਇਸ ਵੱਡੀ ਜਿੱਤ ਦੇ ਜਸ਼ਨ ਨੂੰ ਇਥੇ ਹੀ ਰੋਕ ਕੇ ਅੱਗੇ ਦੀ ਰਣਨੀਤੀ ਘੜਨ ਦੀ ਬੜੀ ਲੋੜ ਹੈ, ਕਿਉਂਕਿ ਜੇਕਰ ਇਹ ਸਮਾਂ ਜਸ਼ਨਾਂ 'ਚ ਹੀ ਲੰਘਾ ਦਿੱਤਾ ਤਾਂ ਇੱਕ ਜਗ੍ਹਾ ਕੇਂਦਰਿਤ ਹੋਇਆ ਧਿਆਨ ਭਟਕਦਿਆਂ ਦੇਰ ਨਹੀਂ ਲੱਗਣੀ ਤੇ ਸਿਰ 'ਤੇ ਖੜ੍ਹੀਆਂ 2019 ਦਾ ਫਾਈਨਲ ਰਾਊਂਡ ਜਿੱਤਣਾ ਮੁਸ਼ਕਿਲ ਹੋ ਸਕਦਾ ਹੈ। ਜੋ ਵੀ ਹੈ, ਵਿਰੋਧੀ ਇਸ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੂੰ ਹਲਕੇ 'ਚ ਲੈਣਾ ਜਰੂਰ ਬੰਦ ਕਰ ਦੇਣਗੇ। ਕਿਉਂਕਿ ਇਸ ਵਾਰ ਉਹਨਾਂ ਦਾ ਇਹ 'ਪੱਪੂ' ਸੱਚ ਵਿਚ ਹੀ ਪਾਸ ਹੋ ਗਿਆ।
-
ਯਾਦਵਿੰਦਰ ਸਿੰਘ ਤੂਰ, ਲੇਖਕ ਤੇ ਨਿਊਜ਼ ਐਡੀਟਰ , ਬਾਬੂਸ਼ਾਹੀ ਡਾਟ ਕਾਮ
yadwinder12@gmail.com
9501582626
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.