ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਜਿਹੜੇ ਨਤੀਜੇ ਸਾਹਮਣੇ ਆ ਰਹੇ ਹਨ ਉਸ ਨੇ ਭਾਜਪਾ ਦੀ ਸੁਰਤ ਠਿਕਾਣੇ ਲਿਆ ਕੇ ਰੱਖ ਦਿੱਤੀ ਹੈ। ਛਤੀਸਗੜ ਤੇ ਰਾਜਸਥਾਨ ਵਿੱਚ ਤਾਂ ਭਾਜਪਾ ਨੂੰ ਕਰਾਰਾ ਝਟਕਾ ਲੱਗ ਹੀ ਗਿਆ ਹੈ ਤੇ ਮੱਧ ਪ੍ਰਦੇਸ਼ ਵੀ ਹੱਥੋਂ ਖੁੱਸਦਾ ਨਜ਼ਰ ਆ ਰਿਹਾ ਹੈ। ਮਿਜ਼ੋਰਮ ਵਿੱਚ ਕਾਂਗਰਸ ਨੂੰ ਜ਼ਰੂਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਜਦਕਿ ਤੇਲੰਗਾਨਾ ਵਿੱਚ ਟੀ ਆਰ ਐਸ ਦੀ ਜਿੱਤ ਬਾਰੇ ਸਭ ਨੂੰ ਪਤਾ ਹੀ ਸੀ। ਕਾਂਗਰਸ ਦੇ ਖੇਮੇ ਵਿੱਚ ਜਸ਼ਨ ਦਾ ਮਾਹੌਲ ਹੈ ਜਦਕਿ ਫੜਾਂ ਮਾਰਨ ਵਾਲੇ ਭਾਜਪਾ ਆਗੂਆਂ ਦੀ ਬੋਲਤੀ ਜ਼ਰੂਰੀ ਬੰਦ ਹੋ ਗਈ ਹੈ। ਭਾਵੇਂ ਦਲੀਲਾਂ ਦੇਣ ਲਈ ਮਸ਼ਹੂਰ ਭਾਜਪਾ ਆਗੂ ਹੁਣ ਵੀ ਨਵੀਆਂ-ਨਵੀਆਂ ਦਲੀਲਾਂ ਗੜ ਰਹੇ ਹਨ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹ ਗੱਲ ਸਮਝ ਆ ਗਈ ਹੋਵੇਗੀ ਕਿ ਹੁਣ ਆਉਣ ਵਾਲੀਆਂ ਲੋਕ ਸਭਾ ਚੋਣਾਂ ਜੋ ਕਿ 2019 ਵਿੱਚ ਹੋਣੀਆਂ ਹਨ, ’ਚ 15 ਲੱਖ ਦਾ ਜੁਮਲਾ ਭਾਵ ਲੋਕਾਂ ਨੂੰ ਦਿਨ ’ਚ ਸੁਪਨੇ ਦਿਖਾਉਣ ਵਾਲੇ ਬਿਆਨ ਚੱਲਣ ਵਾਲੇ ਨਹੀਂ ਹਨ। ਅਸਲ ਵਿੱਚ ਭਾਜਪਾ ਆਗੂ ਇਹ ਸਮਝਦੇ ਹਨ ਕਿ ਉਹ ਜੋ ਕੁਝ ਲੋਕਾਂ ਨੂੰ ਕਹਿੰਦੇ ਹਨ ਉਹ ਉਸ ਉਤੇ ਵਿਸ਼ਵਾਸ ਕਰ ਲੈਂਦੇ ਹਨ ਜਦਕਿ ਜਨਤਾ ਸੁਚੇਤ ਵੀ ਹੈ, ਉਸ ਨੂੰ ਪਤਾ ਹੈ ਕਿ ਵਾਰ-ਵਾਰ ਉਹ ਗੱਲਾਂ ਵਿੱਚ ਨਹੀਂ ਆਵੇਗੀ। ਜਿਨਾਂ ਸੂਬਿਆਂ ਵਿੱਚ ਵੋਟਾਂ ਪਈਆਂ, ਹੋ ਸਕਦਾ ਹੈ ਕਿ ਉਥੇ ਸਥਾਨਕ ਮੁੱਦੇ ਵੀ ਲੋਕਾਂ ਦੇ ਜ਼ਿਹਨ ਵਿੱਚ ਰਹੇ ਹੋਣ ਪਰ ਉਨਾਂ ਨੂੰ ਹੁਣ ਇਹ ਵੀ ਲੱਗ ਰਿਹਾ ਹੈ ਕਿ ਜਿਸ ਪ੍ਰਕਾਰ ਭਾਜਪਾ ਧਰਮਾਂ ਦਾ ਧਰੂਵੀਕਰਨ ਕਰਕੇ ਦੇਸ਼ ਨੂੰ ਵੰਡਣ ਉਤੇ ਤੁਰੀ ਹੈ ਉਸ ਨਾਲ ਦੇਸ਼ ਨੂੰ ਨੁਕਸਾਨ ਪਹੁੰਚ ਰਿਹਾ ਹੈ। ਗਊ ਮਾਤਾ ਦੇ ਨਾਮ ਉਤੇ ਜਿਸ ਪ੍ਰਕਾਰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਉਸ ਤੋਂ ਕੁਝ ਕੱਟੜਪੰਥੀ ਹਿੰਦੂ ਤਾਂ ਜ਼ਰੂਰ ਖੁਸ਼ ਹੋ ਗਏ ਹੋਣਗੇ ਪਰ ਪੂਰੇ ਦੇਸ਼ ਦੇ ਹਿੰਦੂ ਭਾਜਪਾ ਦੀ ਇਸ ਵਿਚਾਰਧਾਰਾ ਨਾਲ ਸਹਿਮਤ ਨਹੀਂ ਹਨ। ਉਪਰੋਂ ਲੋਕਾਂ ਉਤੇ ਆਰਥਿਕ ਨੀਤੀਆਂ ਰਾਹੀਂ ਜਿਸ ਪ੍ਰਕਾਰ ਝਟਕੇ ਦਿੱਤੇ ਗਏ ਹਨ ਉਸ ਤੋਂ ਵਪਾਰੀ ਵਰਗ ਦੁਖੀ ਹੋਇਆ ਹੈ। ਕਾਰੋਬਾਰ ਤਬਾਹ ਹੋਏ ਹਨ ਅਤੇ ਉਥੇ ਕੰਮ ਕਰਦੇ ਮਜਦੂਰ ਬੇਰੁਜ਼ਗਾਰ ਹੋ ਗਏ ਹਨ। ਉਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਤੇ ਉਤੋਂ ਪੜੇ-ਲਿਖੇ ਨੌਜਵਾਨਾਂ ਨਾਲ ਰੁਜਗਾਰ ਦੇਣ ਦੇ ਜਿਹੜੇ ਵਾਅਦੇ ਕੀਤੇ ਗਏ ਉਹ ਪੂਰੇ ਹੀ ਨਹੀਂ ਹੋਏ। ਸੀਨਾ ਤਾਣ ਕੇ ਪਾਕਿਸਤਾਨ ਨੂੰ ਸਬਕ ਸਿਖਾਉਣ ਦੀਆਂ ਜਿਹੜੀਆਂ ਫੜਾਂ ਮਾਰੀਆਂ ਗਈਆਂ, ਉਹ ਠੁਸ ਹੋ ਗਈਆਂ ਹਨ। ਨਾ ਤਾਂ ਭਾਰਤ ਦੀ ਪਾਕਿਸਤਾਨ ਨਾਲ ਦੋਸਤੀ ਹੀ ਹੋਈ ਅਤੇ ਨਾ ਹੀ ਕੋਈ ਸਬਕ ਹੀ ਸਿਖਾਇਆ ਜਾ ਸਕਿਆ। ਸਰਹੱਦ ਉਤੇ ਨਿੱਤ ਦਿਹਾੜੇ ਜਵਾਨ ਸ਼ਹੀਦ ਹੋ ਰਹੇ ਹਨ। ਗੋਲੀਬਾਰੀ ਜਿਉਂ ਦੀ ਤਿਉਂ ਬਰਕਰਾਰ ਹੈ। ਉਪਰੋਂ ਆਪਣੇ ਭਾਈਵਾਲਾਂ ਨੂੰ ਟਿੱਚ ਸਮਝਿਆ ਗਿਆ। ਇਸੇ ਕਾਰਨ ਤੇਲਗੂ ਦੇਸ਼ਮ ਪਾਰਟੀ ਤਾਂ ਕੌਮੀ ਜਮਹੂਰੀ ਗਠਜੋੜ ਤੋਂ ਅਲੱਗ ਹੋ ਗਈ ਤੇ ਸ਼ਿਵ ਸੈਨਾ ਵੀ ਭਾਜਪਾ ਦੇ ਵਿਵਹਾਰ ਤੋਂ ਖੁਸ਼ ਨਹੀਂ ਹੈ। ਹੋਰ ਵੀ ਭਾਈਵਾਲ ਪਾਰਟੀਆਂ ਹੁਣ ਸੋਚ ਰਹੀਆਂ ਹਨ ਕਿ ਹੁਣ ਉਨਾਂ ਨੂੰ ਕੌਮੀ ਜਮਹੂਰੀ ਗਠਜੋੜ ਵਿੱਚ ਰਹਿਣਾ ਵੀ ਚਾਹੀਦਾ ਹੈ ਜਾਂ ਨਹੀਂ। ਇਸ ਤੋਂ ਇਲਾਵਾ ਭਾਜਪਾ ਉਤੇ ਇਹ ਵੀ ਠੱਪਾ ਲੱਗ ਰਿਹਾ ਹੈ ਕਿ ਇਹ ਵੱਡੇ ਵਪਾਰੀਆਂ ਅਤੇ ਕਾਰੋਬਾਰੀਆਂ ਦੀ ਹੀ ਹਮਦਰਦ ਹੈ। ਇਹ ਪ੍ਰਭਾਵ ਛੋਟੇ ਕਾਰੋਬਾਰੀਆਂ ਨੂੰ ਭਾਜਪਾ ਤੋਂ ਅਲੱਗ ਕਰ ਰਿਹਾ ਹੈ। ਕਿਸਾਨਾਂ ਦਾ ਵੀ ਇਹੀ ਹਾਲ ਹੈ। ਉਨਾਂ ਦੀ ਆਮਦਨ ਤਾਂ ਦੁਗਣੀ ਕਰਨ ਦੇ ਬਿਆਨ ਦਿੱਤੇ ਗਏ ਹਨ ਪਰ ਉਨਾਂ ਦੀ ਹਾਲਾਤ ਵਿੱਚ ਸੁਧਾਰ ਬਿਲਕੁਲ ਨਹੀਂ ਹੋਇਆ। ਦਲਿਤ ਵਰਗ ਨੇ ਇਸ ਲਈ ਭਾਜਪਾ ਤੋਂ ਮੂੰਹ ਮੋੜ ਲਿਆ ਕਿਉਂਕਿ ਗੁਜਰਾਤ ਜਾਂ ਉਤਰ ਪ੍ਰਦੇਸ਼ ਵਰਗੇ ਰਾਜਾਂ ਜਿਥੇ ਭਾਜਪਾ ਸੱਤਾ ਵਿੱਚ ਹੈ, ’ਚ ਉਨਾਂ ਨਾਲ ਜਾਨਵਰਾਂ ਤੋਂ ਮਾੜਾ ਵਰਤਾਓ ਕੀਤਾ ਜਾ ਰਿਹਾ ਹੈ। ਅਜਿਹੀਆਂ ਘਟਨਾਵਾਂ ਨੇ ਦਲਿਤ ਤੇ ਕਮਜ਼ੋਰ ਵਰਗਾਂ ਦੇ ਮਨ ਵਿੱਚ ਇਹ ਸੋਚ ਪੈਦਾ ਕਰ ਦਿੱਤੀ ਕਿ ਭਾਜਪਾ ਦੀ ਕੱਟੜ ਸੋਚ ਉਨਾਂ ਦੇ ਭਵਿੱਖ ਲਈ ਖਤਰਨਾਕ ਹੈ। ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਨਾਂ ਕਾਰਨ ਲੋਕਾਂ ਦਾ ਭਾਜਪਾ ਨਾਲੋਂ ਮੋਹਭੰਗ ਹੋ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀ ਇਹ ਭਾਵਨਾਵਾਂ ਜੇਕਰ ਇੱਕ ਲਹਿਰ ਬਣ ਗਈ ਤਾਂ 2019 ਦੀਆਂ ਚੋਣਾਂ ਵਿੱਚ ਭਾਜਪਾ ਦੀ ਜਿੱਤ ਉਤੇ ਪ੍ਰਸ਼ਨਚਿੰਨ ਲੱਗ ਜਾਣਗੇ।
ਜਿਥੋਂ ਤੱਕ ਕਾਂਗਰਸ ਦਾ ਸਵਾਲ ਹੈ ਉਸ ਨੂੰ ਕਰਨਾਟਕ ਤੋਂ ਬਾਅਦ ਇਹ ਵੱਡੀ ਖੁਸ਼ੀ ਮਿਲੀ ਹੈ। ਹੁਣ ਤਕ ਕਾਂਗਰਸ ਦਾ ਗਰਾਫ ਲਗਾਤਾਰ ਹੇਠਾਂ ਹੀ ਡਿੱਗਦਾ ਜਾ ਰਿਹਾ ਸੀ ਪਰ ਇਨਾਂ ਜਿੱਤਾਂ ਨੇ ਨਿਸ਼ਚਿਤ ਹੀ ਕਾਂਗਰਸ ਹਾਈਕਮਾਨ ਖਾਸ ਕਰਕੇ ਰਾਹੁਲ ਗਾਂਧੀ ਨੂੰ ਨਵੀਂ ਸ਼ਕਤੀ ਦਿੱਤੀ ਹੋਵੇਗੀ। ਭਾਵੇਂ ਕਿ ਕਾਂਗਰਸ ਨੇ ਇਹ ਜਿੱਤ ਹਾਸਲ ਕਰਕੇ ਇਹ ਪ੍ਰਭਾਵ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਜ਼ਿਆਦਾ ਉਭਰ ਸਕਦੀ ਹੈ ਪਰ ਇਹ ਗੱਲ ਵੀ ਨਿਸ਼ਚਿਤ ਹੈ ਕਿ ਉਸ ਨੂੰ ਅੱਗੇ ਵਧਣ ਲਈ ਭਾਈਵਾਲਾਂ ਦੀ ਲੋੜ ਜ਼ਰੂਰ ਪਵੇਗੀ। ਉਸ ਨੂੰ ਇਹ ਵੀ ਭਰੋਸਾ ਹੋਵੇਗਾ ਕਿ ਜਿਨਾਂ ਸੂਬਿਆਂ ਵਿੱਚ ਉਸ ਨੇ ਜਿੱਤ ਹਾਸਲ ਕੀਤੀ ਹੈ ਤੇ ਜਿਥੇ-ਜਿਥੇ ਉਸ ਦੀਆਂ ਸਰਕਾਰਾਂ ਹਨ ਉਥੇ ਉਹ ਲੋਕ ਸਭਾ ਚੋਣਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾ ਸਕਦੀ ਹੈ ਪਰ ਉਸ ਦੇ ਲਈ ਸਭ ਤੋਂ ਵੱਡੀ ਚੁਣੌਤੀ ਉਤਰ ਪ੍ਰਦੇਸ਼ ਜਾਂ ਬਿਹਾਰ ਹੈ। ਉਥੇ ਸਪਾ ਅਤੇ ਬਸਪਾ ਦੋਵੇਂ ਭਾਵੇਂ ਕਾਂਗਰਸ ਦੇ ਸਮਰਥਨ ਦੀ ਗੱਲ ਕਰਦੀਆਂ ਹਨ ਪਰ ਜਦੋਂ ਗਠਜੋੜ ਕਰਨ ਲਈ ਮੀਟਿੰਗ ਹੁੰਦੀ ਹੈ ਤਾਂ ਉਹ ਅਕਸਰ ਹੀ ਗੈਰ ਹਾਜ਼ਰ ਹੁੰਦੀਆਂ ਹਨ। ਇਸ ਲਈ ਉਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਸੂਬਿਆਂ ਵਿੱਚ ਉਸ ਨੂੰ ਭਾਈਵਾਲਾਂ ਨਾਲ ਮਿਲਕੇ ਹੀ ਚੱਲਣਾ ਪਵੇਗਾ ਕਿਉਂਕਿ ਉਨਾਂ ਦੇ ਸਮਰਥਨ ਨਾਲ ਹੀ ਉਸ ਦੀ ਬੇੜੀ ਪਾਰ ਲੱਗ ਸਕਦੀ ਹੈ। ਇਸ ਲਈ ਮਾਇਆਵਤੀ, ਅਖਿਲੇਸ਼ ਯਾਦਵ ਅਤੇ ਲਾਲੂ ਯਾਦਵ ਨਾਲ ਹੁਣ ਨਵੇਂ ਸਿਰੇ ਤੋਂ ਗੱਲ ਚਲਾਉਣੀ ਪਵੇਗੀ। ਅਜਿਹਾ ਨਹੀਂ ਹੈ ਕਿ ਸਪਾ ਜਾਂ ਬਸਪਾ ਆਪਣੇ ਤੌਰ ’ਤੇ ਬਹੁਤ ਕੁਝ ਕਰਨ ਦੇ ਯੋਗ ਹਨ ਪਰ ਆਉਣ ਵਾਲੇ ਸਮੇਂ ਵਿੱਚ ਸਿਆਸੀ ਤਵਾਜ਼ਨ ਉਨਾਂ ਦੇ ਹੱਥ ਵਿੱਚ ਹੀ ਹੋਵੇਗਾ। ਇਸ ਲਈ ਜੇਕਰ ਭਾਜਪਾ ਨੂੰ ਟੱਕਰ ਦੇਣੀ ਹੈ ਤਾਂ ਵਿਰੋਧੀ ਧਿਰਾਂ ਦਾ ਇਕਜੁੱਟ ਹੋਣਾ ਬਹੁਤ ਜ਼ਰੂਰੀ ਹੈ। ਕੁਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਭਾਜਪਾ ਨੂੰ ਆਪਣੇ ਘੁਮੰਡ ਤੋਂ ਮੁਕਤ ਹੋ ਕੇ ਹੁਣ ਰਾਮ ਮੰਦਿਰ ਦੀ ਥਾਂ ’ਤੇ ਲੋਕਾਂ ਦੀ ਨਬਜ਼ ਟੋਹਣੀ ਪਵੇਗੀ। ਹਿੰਦੂਤਵ ਦੇ ਸਹਾਰੇ ਜਾਂ ਗਾਂ ਮੂਤਰ ਨਾਲ ਲੋਕਾਂ ਦੇ ਮਨਾਂ ਨੂੰ ਸ਼ਾਂਤ ਨਹੀਂ ਕੀਤਾ ਜਾ ਸਕਦਾ। ਹੁਣ ਸਟੇਜ ’ਤੇ ਖੜ ਕੇ ਤਾੜੀ ਮਾਰ ਕੇ ਵਿਅੰਗਾਂ ਦੀ ਨਹੀਂ ਬਲਕਿ ਹਕੀਕਤ ਵਿੱਚ ਕੁਝ ਕਰਕੇ ਦਿਖਾਉਣ ਦੀ ਲੋੜ ਹੈ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਲੋਕਾਂ ਨੂੰ ਭਰੋਸਾ ਦੇਣਾ ਪਵੇਗਾ।
98555-08918
-
ਦਰਸ਼ਨ ਸਿੰਘ ਦਰਸ਼ਕ, ਲੇਖਕ
darshandarshak@gmail.com
98555-08918
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.