ਹਾਲ ਹੀ 'ਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਤਾਰਪੁਰ ਲਾਂਘੇ ਬਾਰੇ ਦਿੱਤੇ ਵਿਵਾਦ ਭਰੇ ਬਿਆਨ ਤੇ ਅਜੀਤ ਦੇ ਮੁੱਖ ਸੰਪਾਦਕ ਸ ਬਰਜਿੰਦਰ ਸਿੰਘ ਹਮਦਰਦ ਵੱਲੋਂ ਅਜੀਤ ਦੇ ਪਹਿਲੇ ਸਫ਼ੇ 'ਤੇ ਪ੍ਰਕਾਸ਼ਤ ਸੰਪਾਦਕੀ ਜੋ ਦੁਨੀਆ ਭਰ ਦੇ ਪੰਜਾਬੀਆਂ ਅਤੇ ਖਾਸ ਕਰਕੇ ਸਿੱਖ ਜਾਤ ਦੀਆਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਵਾਲੀ ਹੈ -ਸੰਪਾਦਕ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਇਕ ਵਾਰ ਫਿਰ ਇਹ ਬਿਆਨ ਦਿੱਤਾ ਹੈ ਕਿ ਕਰਤਾਰਪੁਰ ਦੇ ਲਾਂਘੇ ਦੇ ਮਾਮਲੇ ਵਿਚ ਪਾਕਿਸਤਾਨ ਦੀ ਸੈਨਾ ਨੇ ਵੱਡੀ ਸਾਜਿਸ਼ ਰਚੀ ਹੈ ਅਤੇ ਇਹ ਵੀ ਕਿ ਕਰਤਾਰਪੁਰ ਲਾਂਘਾ ਖੋਲ੍ਹਣਾ ਨਿਸਚਿਤ ਤੌਰ 'ਤੇ ਆਈ.ਐਸ.ਆਈ. (ਪਾਕਿਸਤਾਨ ਦੀ ਖੁਫ਼ੀਆ ਏਜੰਸੀ) ਦੀ ਯੋਜਨਾ ਦਾ ਹਿੱਸਾ ਹੈ ਅਤੇ ਇਹ ਵੀ ਕਿ ਪਾਕਿਸਤਾਨ ਦੀ ਫ਼ੌਜ ਨੇ ਭਾਰਤ ਦੇ ਖਿਲਾਫ਼ ਇਕ ਵੱਡੀ ਸਾਜਿਸ਼ ਰਚੀ ਹੈ। ਅਜਿਹਾ ਬਿਆਨ ਦੇ ਕੇ ਕੈਪਟਨ ਸਾਹਿਬ ਨੇ ਆਪਣੀ ਤਿਆਰ ਤੈਅਸ਼ੁਦਾ ਨੀਤੀ ਅਧੀਨ ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਆਪਣੀ ਨਾਂਹ-ਪੱਖੀ ਅਤੇ ਨਾਕਾਰਾਤਮਿਕ ਸੋਚ ਨੂੰ ਹੋਰ ਅੱਗੇ ਵਧਾਇਆ ਹੈ। ਉਨ੍ਹਾਂ ਦੀ ਅਜਿਹੀ ਨਾਂਹ-ਪੱਖੀ ਨੀਅਤ ਅਤੇ ਨੀਤੀ ਉਸ ਸਮੇਂ ਵੀ ਸਪੱਸ਼ਟ ਹੋ ਗਈ ਸੀ ਜਦੋਂ ਭਾਰਤ ਸਰਕਾਰ ਦੀ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਪਾਕਿਸਤਾਨ ਦੀ ਹਕੂਮਤ ਨੇ ਤੁਰੰਤ ਹਾਂ-ਪੱਖੀ ਹੁੰਗਾਰਾ ਭਰਿਆ ਸੀ। ਇਥੇ ਹੀ ਬਸ ਨਹੀਂ, ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਨੇ ਉਸ ਸਮੇਂ ਇਹ ਵੀ ਐਲਾਨ ਕੀਤਾ ਸੀ ਕਿ ਉਹ 28 ਨਵੰਬਰ ਨੂੰ ਆਪਣੇ ਵਾਲੇ ਪਾਸੇ ਤੋਂ ਇਸ ਲਾਂਘੇ ਲਈ ਬਣਨ ਵਾਲੀ ਸੜਕ ਦਾ ਨੀਂਹ-ਪੱਥਰ ਰੱਖਣਗੇ। ਇਸ ਸਮੇਂ ਉਨ੍ਹਾਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕ੍ਰਿਕਟ ਦੇ ਸਮੇਂ ਦੇ ਆਪਣੇ ਮਿੱਤਰ ਨਵਜੋਤ ਸਿੰਘ ਸਿੱਧੂ ਨੂੰ ਵੀ ਸੱਦਾ-ਪੱਤਰ ਭੇਜਿਆ ਸੀ। ਕੈਪਟਨ ਸਾਹਿਬ ਨੇ ਇਹ ਬਿਆਨ ਦੇ ਕੇ ਇਹ ਸੱਦਾ-ਪੱਤਰ ਪ੍ਰਵਾਨ ਕਰਨ ਤੋਂ ਨਾਂਹ ਕਰ ਦਿੱਤੀ ਸੀ ਕਿ ਅੱਤਵਾਦੀ ਕਾਰਵਾਈਆਂ ਦੇ ਚਲਦਿਆਂ ਅਤੇ ਭਾਰਤੀ ਜਵਾਨਾਂ ਨੂੰ ਪਾਕਿਸਤਾਨੀ ਫ਼ੌਜੀਆਂ ਵਲੋਂ ਮਾਰਨ ਦੀਆਂ ਘਟਨਾਵਾਂ ਵਾਪਰਨ ਕਰਕੇ ਉਹ ਇਹ ਸੱਦਾ ਪ੍ਰਵਾਨ ਨਹੀਂ ਕਰਨਗੇ। ਦੂਜੇ ਪਾਸੇ ਇਸੇ ਹੀ ਸਮੇਂ ਵਿਚ ਭਾਰਤੀ ਫ਼ੌਜ ਦੇ ਮੁਖੀ ਜਨਰਲ ਰਾਵਤ ਨੇ ਇਹ ਬਿਆਨ ਦਿੱਤੇ ਸਨ ਕਿ ਕਰਤਾਰਪੁਰ ਦੇ ਲਾਂਘੇ ਦੇ ਖੋਲ੍ਹਣ ਨੂੰ ਭਾਰਤ-ਪਾਕਿਸਤਾਨ ਸਬੰਧਾਂ ਦੇ ਕਿਸੇ ਹੋਰ ਪਹਿਲੂ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਇਮਰਾਨ ਖਾਨ ਨੇ ਲਾਂਘੇ ਦਾ ਨੀਂਹ ਪੱਥਰ ਰੱਖਦਿਆਂ ਇਨ੍ਹਾਂ ਭਾਵਨਾਵਾਂ ਦਾ ਇਜ਼ਹਾਰ ਕੀਤਾ ਸੀ ਕਿ ਉਹ ਭਾਰਤ ਨਾਲ ਅਮਨ ਅਤੇ ਦੋਸਤੀ ਨਾਲ ਰਹਿਣ ਨੂੰ ਤਰਜੀਹ ਦਿੰਦੇ ਹਨ ਅਤੇ ਭਵਿੱਖ ਵਿਚ ਉਹ ਇਸ ਦਿਸ਼ਾ ਵਿਚ ਹੋਰ ਕਦਮ ਉਠਾਉਂਦੇ ਰਹਿਣਗੇ। ਉਨ੍ਹਾਂ ਨੇ ਇਸ ਲਾਂਘੇ ਨੂੰ ਦੋਵਾਂ ਦੇਸ਼ਾਂ ਵਿਚ ਬਣਨ ਵਾਲੀ ਸਾਂਝ ਵੀ ਕਰਾਰ ਦਿੱਤਾ ਸੀ। ਦੁਨੀਆ ਭਰ ਵਿਚ ਕਰੋੜਾਂ ਸ਼ਰਧਾਲੂਆਂ ਨੇ ਇਹ ਲਾਂਘਾ ਖੋਲ੍ਹਣ ਦੀ ਉਮੀਦ ਵਿਚ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਸੀ। ਆਪਣੇ ਵਿਛੜੇ ਇਸ ਪਿਆਰੇ ਗੁਰਧਾਮ ਦੇ ਦਰਸ਼ਨ ਦੀਦਾਰੇ ਕਰਨ ਲਈ ਉਹ ਪਿਛਲੇ 70 ਸਾਲ ਤੋਂ ਉਮੀਦ ਲਗਾਈ ਬੈਠੇ ਸਨ ਅਤੇ ਤੜਫ਼ਦੇ ਰਹੇ ਸਨ। ਉਨ੍ਹਾਂ ਦੀ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸਬੰਧੀ ਅਰਦਾਸ ਵਿਚ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਪਵਿੱਤਰ ਸਥਾਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਸਨ। ਇਸ ਲਈ ਇਹ ਲਾਂਘਾ ਖੋਲ੍ਹਣ ਲਈ ਸਹਿਮਤੀ ਦੇਣ ਵਾਸਤੇ ਉਹ ਪਾਕਿਸਤਾਨ ਦੀ ਨਵੀਂ ਚੁਣੀ ਗਈ ਸਰਕਾਰ ਦੇ ਕੋਟਿਨ-ਕੋਟਿ ਧੰਨਵਾਦੀ ਸਨ ਪਰ ਸ਼ਾਇਦ ਭਾਰਤ ਵਿਚ ਕੁਝ ਅਨਸਰਾਂ ਨੂੰ ਆਪੋ-ਆਪਣੇ ਕਾਰਨਾਂ ਕਰਕੇ ਇਹ ਗੱਲ ਰਾਸ ਨਹੀਂ ਸੀ ਆ ਰਹੀ। ਇਸੇ ਲਈ ਜਿਸ ਦਿਨ ਤੋਂ ਇਸ ਲਾਂਘੇ ਲਈ ਨੀਂਹ-ਪੱਥਰ ਰੱਖਿਆ ਗਿਆ, ਉਸੇ ਦਿਨ ਤੋਂ ਹੀ ਉਹ ਕਿਸੇ ਨਾ ਕਿਸੇ ਤਰ੍ਹਾਂ ਇਸ ਦੇ ਨਾ ਖੁੱਲ੍ਹਣ ਜਾਂ ਇਸ ਵਿਚ ਅੜਿੱਕੇ ਡਾਹੁਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਹਨ। ਇਸ ਲਈ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਾਜਿਸ਼ਾਂ ਘੜੀਆਂ ਗਈਆਂ ਜਾਪਦੀਆਂ ਹਨ, ਕਿਉਂਕਿ ਇਸ ਤੋਂ ਬਾਅਦ ਹੀ ਕਈ ਕੇਂਦਰੀ ਆਗੂਆਂ, ਫ਼ੌਜ ਦੇ ਮੁਖੀਆਂ ਅਤੇ ਪੰਜਾਬ ਦੇ ਚੋਟੀ ਦੇ ਅਤੇ ਕੁਝ ਹੋਰ ਸਿਆਸਤਦਾਨਾਂ ਦੇ ਅਜਿਹੇ ਬਿਆਨ ਆਉਣੇ ਸ਼ੁਰੂ ਹੋ ਗਏ ਸਨ, ਜਿਨ੍ਹਾਂ ਵਿਚੋਂ ਉੱਪਰ ਤੋਂ ਲੈ ਕੇ ਹੇਠਾਂ ਤੱਕ ਅਪਣਾਈ ਗਈ ਇਸ ਸੋਚ ਦੀ ਸਪੱਸ਼ਟ ਝਲਕ ਪੈਂਦੀ ਹੈ।
ਸ਼ਾਇਦ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਭੁੱਲ ਗਈ ਹੈ ਕਿ ਪਾਕਿਸਤਾਨ ਵਲੋਂ ਭਾਰਤ ਅੰਦਰ ਟ੍ਰੇਨਿੰਗ ਅਤੇ ਹਥਿਆਰ ਦੇ ਕੇ ਅੱਤਵਾਦੀਆਂ ਨੂੰ ਦਾਖ਼ਲ ਕਰਨ ਦੀ ਨੀਤੀ ਸਿੱਧੇ ਰੂਪ ਵਿਚ ਜਨਰਲ ਜ਼ਿਆ-ਉਲ-ਹੱਕ ਦੇ ਪਾਕਿਸਤਾਨ ਦੇ ਫ਼ੌਜ ਮੁਖੀ ਬਣਨ ਸਮੇਂ ਸਾਲ 1978 ਤੋਂ ਸ਼ੁਰੂ ਹੋਈ ਸੀ। ਉਸੇ ਸਮੇਂ ਤੋਂ ਹੀ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚ ਸਰਹੱਦ 'ਤੇ ਟਕਰਾਅ ਚਲਦੇ ਆ ਰਹੇ ਸਨ, ਜਿਨ੍ਹਾਂ ਵਿਚ ਦੋਵਾਂ ਦੇਸ਼ਾਂ ਦੇ ਫ਼ੌਜੀ ਅਤੇ ਨਾਗਰਿਕ ਮਾਰੇ ਜਾਂਦੇ ਰਹੇ ਹਨ। ਅਸੀਂ ਕੈਪਟਨ ਸਾਹਿਬ ਨੂੰ ਇਸ ਗੱਲ ਦਾ ਵੀ ਚੇਤਾ ਕਰਵਾਉਣਾ ਚਾਹੁੰਦੇ ਹਾਂ ਕਿ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ 18 ਫਰਵਰੀ, 1999 ਨੂੰ ਲਾਹੌਰ ਦੀ ਇਤਿਹਾਸਕ ਬੱਸ ਯਾਤਰਾ ਕੀਤੀ ਸੀ ਪਰ ਉਸ ਤੋਂ ਬਾਅਦ ਉਸੇ ਸਾਲ ਮਈ ਦੇ ਮਹੀਨੇ ਵਿਚ ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਪ੍ਰਵੇਜ਼ ਮੁਸ਼ੱਰਫ਼ ਨੇ ਕਾਰਗਿਲ ਜੰਗ ਦੀ ਸ਼ੁਰੂਆਤ ਕੀਤੀ ਸੀ, ਜਿਸ ਦੌਰਾਨ ਭਾਰਤ ਦੇ 530 ਦੇ ਕਰੀਬ ਬਹਾਦਰ ਜਵਾਨ ਸ਼ਹੀਦ ਹੋਏ ਸਨ ਅਤੇ 1300 ਦੇ ਲਗਪਗ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਸਨ। ਉਸ ਤੋਂ ਬਾਅਦ ਇਸ ਸਾਰੇ ਖੂਨੀ ਘਟਨਾਚੱਕਰ ਅਤੇ ਸਰਹੱਦਾਂ 'ਤੇ ਬਣੇ ਰਹੇ ਤਣਾਅ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ 2002 ਵਿਚ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਆਪਣੇ ਪੰਜ ਸਾਲਾਂ ਦੇ ਅਰਸੇ ਦੌਰਾਨ ਉਨ੍ਹਾਂ ਦੇ ਪਾਕਿਸਤਾਨ ਵਿਚ ਬੜੇ ਦੋਸਤ ਬਣੇ ਸਨ, ਜਿਨ੍ਹਾਂ ਵਿਚ ਉਸ ਸਮੇਂ ਦੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਵੇਜ਼ ਇਲਾਹੀ ਵੀ ਸ਼ਾਮਿਲ ਸਨ। ਉਸ ਸਮੇਂ ਉਹ ਕਾਰਗਿਲ ਯੁੱਧ ਦੇ ਬਾਨੀ ਅਤੇ ਪਾਕਿਸਤਾਨ ਦੇ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ਼ ਨੂੰ ਵੀ ਮਿਲ ਕੇ ਆਏ ਸਨ। ਕੀ ਉਸ ਸਮੇਂ ਉਨ੍ਹਾਂ ਨੂੰ ਸਰਹੱਦਾਂ 'ਤੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਫ਼ੌਜੀਆਂ ਦੀ ਯਾਦ ਨਹੀਂ ਸੀ ਆਈ? ਕੀ ਉਸ ਸਮੇਂ ਉਨ੍ਹਾਂ ਨੂੰ ਕਾਰਗਿਲ ਵਿਚ ਆਪਣੇ ਸੈਂਕੜੇ ਸ਼ਹੀਦੀਆਂ ਪਾ ਚੁੱਕੇ ਜਵਾਨ ਭੁੱਲ ਗਏ ਸਨ? ਜੇ ਅਜਿਹਾ ਨਹੀਂ ਸੀ ਤਾਂ ਪਾਕਿਸਤਾਨ ਦੀ ਧਰਤੀ 'ਤੇ ਜਾ ਕੇ ਉਨ੍ਹਾਂ ਉਥੋਂ ਦੇ ਮੋਹਤਬਰਾਂ ਨਾਲ ਆਪਣੀਆਂ ਦੋਸਤੀਆਂ ਨੂੰ ਹੋਰ ਗੂੜ੍ਹਾ ਕਿਉਂ ਕੀਤਾ? ਉਥੋਂ ਉਹ ਵਧੀਆ ਨਸਲ ਦੇ ਘੋੜੇ ਅਤੇ ਹੋਰ ਸੌਗਾਤਾਂ ਲੈ ਕੇ ਕਿਉਂ ਆਏ? ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵਿਚ ਪਿਛਲੇ ਲੰਬੇ ਅਰਸੇ ਦੌਰਾਨ ਅਨੇਕਾਂ ਵਾਰ ਸਰਕਾਰੀ ਪੱਧਰ 'ਤੇ ਮੁਲਾਕਾਤਾਂ ਹੁੰਦੀਆਂ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਨਾਂ ਬੁਲਾਏ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਇਕ ਪਰਿਵਾਰਕ ਸਮਾਰੋਹ ਵਿਚ ਲਾਹੌਰ ਵਧਾਈ ਦੇਣ ਲਈ ਚਲੇ ਗਏ ਸਨ। ਇਸ ਤੋਂ ਪਹਿਲਾਂ ਦਿੱਲੀ ਵਿਚ ਆਪਣੇ ਸਹੁੰ ਚੁੱਕ ਸਮਾਗਮ 'ਤੇ ਉਨ੍ਹਾਂ ਨੇ ਨਵਾਜ਼ ਸ਼ਰੀਫ਼ ਨੂੰ ਵੀ ਸੱਦਿਆ ਸੀ ਅਤੇ ਉਸ ਦਾ ਇਥੇ ਨਿੱਘਾ ਸਵਾਗਤ ਵੀ ਕੀਤਾ ਸੀ। ਸ਼ਾਇਦ ਦੇਸ਼ ਦੇ ਹਾਕਮਾਂ ਵਲੋਂ ਸਮੇਂ ਦੇ ਨਾਲ ਅਜਿਹੀਆਂ ਗੱਲਾਂ ਨੂੰ ਭੁੱਲ-ਭੁਲਾ ਜਾਣ ਵਿਚ ਹੀ ਬਿਹਤਰੀ ਸਮਝੀ ਜਾਂਦੀ ਹੈ। ਸ਼ਾਇਦ ਕੈਪਟਨ ਸਾਹਿਬ ਦੀਆਂ ਪਾਕਿਸਤਾਨ ਦੀਆਂ ਦੋਸਤੀਆਂ ਹੁਣ ਸਰਹੱਦਾਂ 'ਤੇ ਹਾਲਾਤ ਕਾਰਨ ਦੁਸ਼ਮਣੀ ਵਿਚ ਬਦਲ ਗਈਆਂ ਹੋਣ, ਪਰ ਸਾਡਾ ਉਨ੍ਹਾਂ ਦੀਆਂ ਅਜਿਹੀਆਂ ਗੱਲਾਂ ਨਾਲ ਵਾਸਤਾ ਨਹੀਂ ਹੈ। ਅਸੀਂ ਤਾਂ ਉਨ੍ਹਾਂ ਨੂੰ ਇਹੀ ਬੇਨਤੀ ਕਰ ਸਕਦੇ ਹਾਂ ਕਿ ਉਹ ਆਪਣੀ ਕਰਤਾਰਪੁਰ ਲਾਂਘੇ ਸਬੰਧੀ ਅਪਣਾਈ ਗਈ ਨਾਕਾਰਾਤਮਿਕ ਸੋਚ ਨੂੰ ਬਿਆਨਾਂ ਵਿਚ ਨਾ ਬਦਲਣ। ਸ਼ਾਇਦ ਉਨ੍ਹਾਂ ਵਲੋਂ ਚੁੱਪ ਰਹਿਣਾ ਹੀ ਕਰਤਾਰਪੁਰ ਲਾਂਘੇ ਦਾ ਸਬੱਬ ਬਣ ਜਾਵੇ। ਅਸੀਂ ਇਥੇ ਉਨ੍ਹਾਂ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਸਮੂਹ ਪੰਜਾਬੀਆਂ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਨੇ ਦੇਸ਼ ਲਈ ਹਰ ਸੰਕਟ ਸਮੇਂ ਅੱਗੇ ਹੋ ਕੇ ਕੁਰਬਾਨੀਆਂ ਕੀਤੀਆਂ ਹਨ। ਉਨ੍ਹਾਂ ਨੂੰ ਕਰਤਾਰਪੁਰ ਲਾਂਘੇ ਵਿਚ ਅੜਿੱਕਾ ਡਾਹ ਕੇ ਉਨ੍ਹਾਂ ਦੀ ਦੇਸ਼ ਭਗਤੀ 'ਤੇ ਪ੍ਰਸ਼ਨ ਨਹੀਂ ਉਠਾਉਣੇ ਚਾਹੀਦੇ। ਜੇਕਰ ਉਨ੍ਹਾਂ ਵਲੋਂ ਭਵਿੱਖ ਵਿਚ ਇਸ ਬੇਹੱਦ ਮਹੱਤਵਪੂਰਨ ਮਸਲੇ 'ਤੇ ਅਜਿਹੀ ਨੀਤੀ ਜਾਰੀ ਰੱਖੀ ਗਈ ਤਾਂ ਲੋਕ ਉਨ੍ਹਾਂ ਨੂੰ ਇਸ ਗੱਲ ਲਈ ਕਦੇ ਮੁਆਫ਼ ਨਹੀਂ ਕਰਨਗੇ।
ਸੰਪਾਦਕੀ ਅਜੀਤ 11 ਦਸੰਬਰ, 2018
( ਅਜੀਤ ਦੇ ਧਨਵਾਦ ਸਾਹਿਤ )
ਅਜੀਤ ਵਿਚ ਸੰਪਾਦਕੀ ਪੜ੍ਹਨ ਲਈ ਹੇਠਲੇ ਲਿੰਕ ਤੇ ਕਲਿੱਕ ਕਰੋ :
http://beta.ajitjalandhar.com/news/20181211/1/2458234.cms#2458234
-
ਡਾ. ਬਰਜਿੰਦਰ ਸਿੰਘ ਹਮਦਰਦ, ਮੁੱਖ ਸੰਪਾਦਕ, ਅਜੀਤ ਜਲੰਧਰ
*********
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.