ਕੈਪਟਨ ਅਮਰਿੰਦਰ ਸਿੰਘ ਦੇ ਕਰਤਾਰਪੁਰ ਲਾਂਘੇ ਨੂੰ ਅੱਤਵਾਦ ਦਾ ਲਾਂਘਾ ਦੱਸਣ ਤੇ ਦੁਨੀਆ ਭਰ ਚ ਵੱਸਦਾ ਸਿੱਖ ਹੈਰਾਨ, ਪਰੇਸ਼ਾਨ ਹੋ ਗਿਆ ਹੈ। ਮੰਗ ਸਿੱਖਾਂ ਦੀ, ਅਰਦਾਸਾਂ ਸਿੱਖਾਂ ਦੀਆਂ, ਤੇ ਵਿਰੋਧ ਕੋਣ ਕਰ ਰਿਹਾ ਹੈ? ਸਿੱਖਾਂ ਦੀ ਸਭ ਤੋਂ ਵੱਧ ਵਸੋਂ ਵਾਲੇ ਦੁਨੀਆ ਚ ਇੱਕੋ ਇੱਕ ਸਿੱਖ ਸਟੇਟ ਦਾ ਮੁੱਖ ਮੰਤਰੀ!! ਕੈਪਟਨ ਐਂਵੇਂ ਕਿਉਂ ਕਰ ਰਿਹਾ ਹੈ? ਪੱਤਰਕਾਰ ਦੀ ਨਜਰ ਨਾਲ ਵੇਖੋ ਤਾਂ ਕਾਂਗਰਸ ਦੀ ਅੰਦਰੂਨੀ ਸਿਆਸਤ, ਕੈਪਟਨ ਦਾ ਹੰਕਾਰ ਤੇ ਕੇਂਦਰ ਦੀ ਬਦਨੀਤੀ ਇਸ ਲਾਂਘੇ ਚ ਪਹਾੜ ਬਣ ਕੇ ਖੜੀ ਹੋ ਗਈ ਹੈ।
ਜੱਦ ਸੋਨੀਆ ਗਾਂਧੀ ਦੀ ਜਗ੍ਹਾ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਪ੍ਰਧਾਨ ਲਾਉਣ ਦੀ ਗੱਲ ਚਲ ਰਹੀ ਸੀ ਤਾਂ ਕੈਪਟਨ ਨੇ ਰਾਹੁਲ ਨੂੰ ਕਾਂਗਰਸ ਪ੍ਰਧਾਨ ਬਨਣ ਦੇ ਨਾਕਾਬਿਲ ਦੱਸਿਆ ਸੀ। ਦੇਸ਼ ਚ ਕਮਜੋਰ ਹੋਈ ਕਾਂਗਰਸ ਤੇ ਕਮਜੋਰ ਹਾਈਕਮਾਂਡ ਇਸ ਹਾਲ ਚ ਨਹੀਂ ਸੀ ਕੇ ਕੈਪਟਨ ਨੂੰ ਸਬਕ ਸਿਖਾ ਸਕੇ। ਪਰ ਸਿੱਧੂ ਦੀ ਐਂਟਰੀ ਕਰਵਾ ਦਿੱਤੀ। ਕੈਪਟਨ ਹੱਕ ਚ ਨਹੀਂ ਸੀ, ਪਰ ਰਾਹੁਲ ਦੇ ਕਹਿਣ ਤੇ ਲੈਣਾ ਵੀ ਪਇਆ ਤੇ ਮੰਤਰੀ ਬਨਾਉਣਾ ਵੀ। ਹੁਣ ਕਰਤਾਰਪੁਰ ਲਾਂਘੇ ਤੋਂ ਹੋਈ ਸਿੱਧੂ ਦੀ ਜੈ ਜੈਕਾਰ ਨੇ ਕੈਪਟਨ ਨੂੰ ਤੜਫਾ ਦਿੱਤਾ। ਆਪਣੀ ਕੁਰਸੀ ਨੂੰ ਖਤਰਾ ਨਜਰ ਆਉਣ ਲੱਗਾ।
ਸਿੱਧੂ ਨੇ ਰਾਹੁਲ ਨੂੰ ਆਪਣਾ ਕੈਪਟਨ ਦੱਸਿਆ ਤੇ ਕੈਪਟਨ ਨੇ ਕਰਤਾਰਪੁਰ ਲਾਂਘੇ ਨੂੰ ਹੀ ਅੱਤਵਾਦ ਦਾ ਲਾਂਘਾ ਦੱਸ ਦਿੱਤਾ। ਸਿਆਸਤ ਇਹ ਹੈ ਕੇ ਕਰਤਾਰਪੁਰ ਦੇ ਓਸ ਲਾਂਘੇ ਨੂੰ ਬਦਨਾਮ ਕਰੋ ਜੋ ਅਜੇ ਖੁੱਲਿਆ ਵੀ ਨਹੀਂ। ਇਸ ਨਾਲ ਲਾਂਘਾ ਵੀ ਵਿਵਾਦਤ ਹੋ ਜਾਵੇ ਤੇ ਸਿੱਧੂ ਵੀ। ਨਾਲ ਹੀ ਕੇਂਦਰ ਚ ਬੈਠੀ ਭਾਜਪਾ ਨੂੰ ਖੁਸ਼ ਕਰੋ ਜੋ ਕੇ 2019 ਦੀਆਂ ਚੋਣਾਂ ਰਾਮ ਮੰਦਿਰ ਤੇ ਪਾਕਿਸਤਾਨ ਨੂੰ ਗਾਲ੍ਹਾਂ ਕੱਢ ਕੇ ਜਿੱਤਣਾ ਚਾਹੁੰਦੀ ਹੈ।
ਸ਼ਰਮ ਦੀ ਗੱਲ ਹੈ ਕੇ ਸਿੱਧੂ ਨਾਲ ਨਿਪਟਣ ਲਈ ਕੈਪਟਨ ਸਾਬ, ਤੁਸੀਂ ਜਗਤ ਜਲੰਦੇ ਨੂੰ ਨਾਮ ਦੀ ਕਣੀ ਨਾਲ ਠਾਰਣ ਵਾਲੇ ਸਭੇ ਸਾਂਝੀਵਾਲਤਾ ਦੇ ਮੁਜੱਸਮੇ ਤੇ ਧਰਮ ਨੂੰ ਪਿਆਰ ਦਾ ਰੂਪ ਦੇਣ ਵਾਲੇ ਬਾਬੇ ਨਾਨਕ ਦੇ ਕਰਤਾਰਪੁਰ ਤੋਂ ਅੱਤਵਾਦ ਆਉਣ ਦਾ ਬਿਆਨ ਦੇ ਦਿੱਤਾ!! ਇਹਨਾਂ ਕਰਮਾਂ ਤੇ ਬਿਆਨਾਂ ਦਾ ਲੇਖਾ ਹੋਏਗਾ ਜਰੂਰ। "ਸਤਿਗੁਰ ਤੇ ਜੋ ਮੁਹ ਫੇਰਹਿ ਮਥੇ ਤਿਨ ਕਾਲੇ।। ਅਨਦਿਨ ਦੁਖ ਕਮਾਵਦੇ ਨਿਤ ਜੋਹੇ ਜਮਜਾਲੇ।।" ਨਵਜੋਤ ਸਿੰਘ ਸਿੱਧੂ ਨਾਲ ਸਿਆਸੀ ਦਾਅ ਪੇਂਚ ਕਰਨ ਤੇ ਸਾਡਾ ਕੋਈ ਇਤਰਾਜ ਨਹੀਂ ਪਰ ਬਾਬੇ ਦੇ ਕਾਰਜ ਵਿੱਚ ਸਿਆਸਤ ਨਹੀਂ ਸੀ ਕਰਨੀ ਚਾਹੀਦੀ। "ਸਤਗੁਰੂ ਕਿਆ ਫਿਟਕਿਆ ਮੰਗਿ ਥਕੇ ਸੰਸਾਰ।।"
ਤੁਸੀਂ ਮੁੱਖ ਮੰਤਰੀ ਬਨਣ ਤੋਂ ਬਾਅਦ ਲਗਾਤਾਰ ਸਿਆਸੀ ਤੋਰ ਤੇ ਭਾਜਪਾ ਤੇ ਮੋਦੀ ਦੀ ਬੋਲੀ ਬੋਲ ਰਹੇ ਹੋ, ਭਾਵੇਂ, ਕਨਾਡਾ ਦੇ ਪ੍ਰਧਾਨਮੰਤਰੀ ਯਾ ਮੰਤਰੀਆਂ ਦਾ ਅਪਮਾਨ ਕਰਨਾ ਹੋਵੇ, ਭਾਵੇਂ ਸਿੱਖਾਂ ਨੂੰ ਬਦਨਾਮ ਕਰਨਾ ਹੋਵੇ ਤੇ ਭਾਵੇਂ ਕਰਤਾਰਪੁਰ ਲਾਂਘਾ। ਤੁਹਾਡੀ ਇਹ ਸਿਆਸਤ ਹੋ ਸਕਦੀ ਹੈ ਕੇ ਕੇਂਦਰ ਚ ਮੋਦੀ ਹੈ ਓਸਦੀ ਬੋਲੀ ਬੋਲਾਂ ਤੇ ਕਾਂਗਰਸ ਨੂੰ ਡਰਾਉਂਦਾ ਰਹਾਂ ਕੇ ਮੈਨੂੰ ਹਟਾਉਣ ਬਾਰੇ ਸੋਚਿਆ ਤਾਂ ਭਾਜਪਾ ਵੱਲ ਰਾਹ ਖੁੱਲਾ ਹੈ। ਚੋਣਾਂ ਤੋਂ ਪਹਿਲਾਂ ਕਾਂਗਰਸ ਵਲੋਂ ਮੁੱਖ ਮੰਤਰੀ ਦਾ ਉਮੀਦਵਾਰ ਨਾ ਐਲਾਨਣ ਤੇ ਭਾਜਪਾ ਨਾਲ ਗੱਲਵਕੜੀ ਦੀ ਗੱਲਬਾਤ ਤੁਸੀਂ ਤੋਰ ਹੀ ਚੁੱਕੇ ਸੀ। ਇਹ ਤੁਹਾਡੀ ਸਿਆਸਤ ਹੈ, ਤੁਸੀਂ ਜਾਣੋ, ਪਰ ਪੰਜਾਬ ਤੇ ਸਿੱਖਾਂ ਨੂੰ ਬਦਨਾਮ ਕਰ ਕੇ, ਕਰਤਾਰਪੁਰ ਲਾਂਘੇ ਨੂੰ ਅੱਤਵਾਦ ਦਾ ਲਾਂਘਾ ਦੱਸ ਕੇ ਤੁਸੀਂ ਜੋ ਪਾਪ ਕਮਾ ਰਹੇ ਹੋ ਓਸ ਨੇ ਦੁਨੀਆ ਭਰ ਚ ਬੈਠੇ ਸਿੱਖਾਂ ਦੇ ਹਿਰਦੇ ਵਲੂੰਧਰ ਦਿੱਤੇ ਹੈ। 71 ਵਰਿਆਂ ਤੋਂ ਪੰਥ ਤੋਂ ਵਿਛੋੜੇ ਗੁਰਧਾਮਾਂ ਲਈ ਹੋ ਰਹੀ ਅਰਦਾਸ ਨੂੰ ਪਿੱਠ ਹੀ ਨਹੀਂ ਦਿਖਾਈ ਛੁਰਾ ਮਾਰ ਰਹੇ ਹੋ।
ਕੈਪਟਨ ਸਾਬ ਤੁਸੀਂ ਕਰਤਾਰਪੁਰ ਲਾਂਘੇ ਨੂੰ ਅੱਤਵਾਦ ਦਾ ਲਾਂਘਾ ਦੱਸਿਆ ਹੈ। ਭਲਾ ਕਿਉਂ? ਪਹਿਲੀ ਗੱਲ ਤਾਂ ਇਹ ਕੇ ਸਿੱਖ ਸੰਗਤਾਂ ਨੇ ਪੰਜਾਬ ਯਾ ਭਾਰਤ ਤੋਂ ਦਰਸ਼ਨਾਂ ਲਈ ਜਾਣਾ ਹੈ ਤੇ ਫੇਰ ਮੁੜ ਆਉਣਾ ਹੈ। ਪਾਕਿਸਤਾਨੀਆਂ ਨੇ ਇਧਰ ਨਹੀਂ ਆਉਣਾ। ਫੇਰ ਭਲਾ ਅਤਿਵਾਦ ਕਿੱਥੋਂ ਆ ਗਿਆ! ਦੂਜੀ ਗੱਲ, ਜੋ ਵੀ ਓਸ ਪਾਸੇ ਜਾਏਗਾ ਵੀਜਾ ਲੈ ਕੇ ਜਾਏਗਾ, ਨਹੀਂ ਤਾਂ ਸਰਕਾਰੀ ਰਜਿਸਟਰੇਸ਼ਨ ਨਾਲ। ਹੁਣ ਵੀ ਜੱਥੇ ਜਾਂਦੇ ਹੈ ਹਰ ਸਾਲ। ਇਹ ਤਾਂ ਬੱਸ ਕਰਤਾਰਪੁਰ ਸਿਰਫ ਚਾਰ ਕਿਲੋਮੀਟਰ ਹੈ ਨੇੜੇ ਪਏਗਾ। ਬਾਰਡਰ ਖੋਲਣਾ ਹੀ ਹੋਇਆ!!!ਭਾਵੇਂ, ਵਾਘਾ ਹੋਵੇ ਤੇ ਭਾਵੇਂ ਕਰਤਾਰਪੁਰ!! ਪਾਕਿਸਤਾਨ ਜਾਣ ਨਾਲ ਕੋਈ ਅੱਤਵਾਦੀ ਨਹੀਂ ਬਣ ਜਾਂਦਾ, ਹਰ ਸਾਲ ਜੱਥੇ ਜਾਂਦੇ ਹੈ, ਕੀ ਓਹ ਵੀ ਰੋਕੋਗੇ!! ਪਿਛਲੇ ਹਫਤੇ ਪਾਕਿਸਤਾਨ ਨੇ ਹਿੰਦੂਆਂ ਦੇ ਜੱਥੇ ਨੂੰ ਵੀ ਓਥੇ ਮੰਦਿਰਾਂ ਦੇ ਦਰਸ਼ਨਾਂ ਲਈ ਵੀਜਾ ਦਿੱਤਾ ਹੈ, ਤੁਸੀਂ ਓਸਦਾ ਵਿਰੋਧ ਕਿਉਂ ਨਹੀਂ ਕੀਤਾ? ਭਾਜਪਾ ਦਾ ਸਾਬਕਾ ਵਿਦੇਸ਼ ਮੰਤਰੀ ਜਸਵੰਤ ਸਿੰਘ ਪਾਕਿਸਤਾਨ ਚ ਕਟਾਸਰਾਜ ਮੰਦਰ ਲਈ ਹਰ ਸਾਲ ਜੱਥੇ ਭੇਜਣ ਦੀ ਵਕਾਲਤ ਕਰਦਾ ਸੀ। ਓਦੋਂ ਅੱਤਵਾਦ ਦਾ ਹਊਆ ਕਿੱਥੇ ਸੀ?
ਪੰਜਾਬ ਤੇ ਸਿੱਖਾਂ ਦੇ ਹਿਤ ਚ ਹੈ ਕੇ ਭਾਰਤ, ਪਾਕਿਸਤਾਨ ਦੇ ਸੰਬੰਧ ਚੰਗੇ ਹੋਣ, ਵਾਪਾਰ ਖੁੱਲੇ, ਆਣਾ ਜਾਣਾ ਵੀ ਤੇ ਗੁਰਧਾਮਾਂ ਦੇ ਦਰਸ਼ਨ ਵੀ। ਇਸਦਾ ਸਭ ਤੋਂ ਵੱਡਾ ਮੁੱਦਈ ਪੰਜਾਬ ਨੂੰ ਬਨਣਾ ਚਾਹੀਦਾ ਹੈ ਤੇ ਤੁਸੀਂ ਸਭ ਤੋਂ ਵੱਡੇ ਵਿਰੋਧੀ ਬਣ ਗਏ!!!! ਵੈਸੇ, ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਵੀ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਵੇਲੇ ਕਸ਼ਮੀਰ ਦਾ ਰਾਗ ਅਲਾਪਣ ਤੋਂ ਗੁਰੇਜ ਕਰਦੇ, ਓਹਨਾਂ ਦੇ ਮੰਤਰੀ ਇਸ ਕਦਮ ਨੂੰ ਭਾਰਤ ਲਈ ਗੁਗਲੀ ਨਾ ਦੱਸਦੇ ਤੇ ਸਿੱਧੂ ਵੀ ਹੰਕਾਰੀ ਕੈਪਟਨ ਨੂੰ... ਕੋਣ ਕੈਪਟਨ!!!!! ਕਹਿ ਕੇ ਨਾ ਚਿੜਾਉਂਦੇ ਤਾਂ ਚੰਗਾ ਹੁੰਦਾ। ਕੰਮ ਬੜਾ ਵੱਡਾ ਹੈ, ਸਿਆਸਤ ਬਹੁਤ ਛੋਟੀ। ਕਾਸ਼, ਸਾਰਿਆਂ ਨੂੰ ਸਮਝ ਆ ਜਾਵੇ। ਨਹੀਂ ਤਾਂ ਇਹੀ ਕਹਿੰਦੇ ਰਹਾਂਗੇ। "ਪਲੋਂ ਨੇ ਖਤਾ ਕੀ ਥੀ, ਸਦੀਓਂ ਨੇ ਸਜਾ ਪਾਈ ਹੈ"।
-
ਜਰਨੈਲ ਸਿੰਘ, ਸਾਬਕਾ MLA AAP
jarnailarts@gmail.com
*********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.