ਪੰਜਾਬ 'ਚ ਕਈ ਸਰਕਾਰਾਂ ਆਈਆਂ ਤੇ ਗਈਆਂ, ਪਰ ਇਕ ਅਜਿਹੀ ਸਿੱਖ ਸ਼ਖਸੀਅਤ, ਜਿਸਨੇ ਆਪਣੀ ਬਹਾਦਰੀ ਨਾਲ ਇਤਿਹਾਸ ਸਿਰਜਿਆ, ਉਸਨੂੰ ਯਾਦ ਕਰਨਾ ਹਮੇਸ਼ਾ ਭੁੱਲਦੀਆਂ ਰਹੀਆਂ। ਗੱਲ 1989 ਦੀ ਹੈ ਜਦੋਂ ਇੱਕ ਸਿੱਖ ਇੰਜੀਨੀਅਰ ਕੋਲੇ ਦੀਆਂ ਖਾਨਾਂ 'ਚ ਫਸੇ 65 ਲੋਕਾਂ ਲਈ ਰੱਬ ਬਣ ਕੇ ਗਿਆ ਤੇ ਉਹਨਾਂ ਨੂੰ ਧਰਤੀ ਤੋਂ 330 ਫੁੱਟ ਹੇਠੋਂ ਪਾਤਾਲ 'ਚੋਂ ਬਾਹਰ ਕੱਢ ਲਿਆਇਆ। ਉਹ ਨੇ, ਇੰਜੀਨੀਅਰ ਸ. ਜਸਵੰਤ ਸਿੰਘ ਗਿੱਲ। ਗਿੱਲ ਦੀ ਇਸ ਬਹਾਦਰੀ ਲਈ ਉਹਨਾਂ ਨੂੰ ਰਾਸ਼ਟਰਪਤੀ ਰਾਮਾਸਵਾਮੀ ਵੈਂਕਟਰਮਨ ਦੁਆਰਾ ਸਿਵਲੀਅਨ ਗੇਲੰਟਰੀ ਐਵਾਰਡ, ਸਰਵੋਤਮ ਜੀਵਨ ਰੱਖਿਅਕ' ਐਵਾਰਡ ਮਿਲਿਆ। ਇੰਜੀਅਨੀਅਰ ਐਸੋਸੀਏਸ਼ਨ, ਟਾਟਾ ਗਰੁੱਪ ਵੱਲੋਂ ਲਾਈਫ ਟਾਈਮ ਅਚੀਵਮੈਂਟ ਐਵਾਰਡ, ਕਈ ਸੂਬਿਆਂ ਅਤੇ ਸੰਸਥਾਵਾਂ ਦੁਆਰਾ ਸਨਮਾਨਿਤ ਕੀਤਾ ਗਿਆ ਤੇ ਦੇਸ਼ ਵਿਦੇਸ਼ਾਂ ਦੀ ਧਰਤੀ ਤੋਂ ਅਨੇਕਾਂ ਹੀ ਐਵਾਰਡ ਮਿਲੇ। ਅਜਿਹੇ ਇਨਸਾਨ ਦੀ ਬਹਾਦਰੀ 'ਤੇ ਭਾਰਤ ਦੇ ਲਗਭਗ ਹਰ ਸੂਬੇ ਨੇ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਪਰ ਹੈਰਾਨੀ ਤਾਂ ਉਸ ਵੇਲੇ ਹੁੰਦੀ ਹੈ ਕਿ ਜਦੋਂ ਪਤਾ ਚਲਦਾ ਹੈ ਕਿ ਗਿੱਲ ਨੂੰ ਅੱਜ ਤੱਕ ਉਨ੍ਹਾਂ ਦੀ ਆਪਣੀ ਜਨਮਭੂਮੀ ਪੰਜਾਬ ਦੀਆਂ ਸਰਕਾਰਾਂ ਵੱਲੋਂ ਕੋਈ ਵੀ ਸਨਮਾਨ ਨਹੀਂ ਦਿੱਤਾ ਗਿਆ। ਹਾਲਾਂਕਿ ਬਾਹਰੀ ਲੋਕ ਉਹਨਾਂ ਦੀ ਬਹਾਦਰੀ ਨੂੰ ਬਾਖੂਬੀ ਪਹਿਚਾਣਦੇ ਹਨ ਤੇ ਜਿਸ ਕਾਰਨ ਉਹਨਾਂ ਦਾ ਅੱਜ ਵੀ ਸਨਮਾਨ ਕੀਤਾ ਜਾਂਦਾ ਹੈ। ਪਰ ਪੰਜਾਬ ਦੀਆਂ ਬਦਲਦੀਆਂ ਸਰਕਾਰਾਂ ਅਜੇ ਵੀ ਜਸਵੰਤ ਸਿੰਘ ਗਿੱਲ ਦੀ ਇਸ ਵੱਡੀ ਉਪਲਭਬਧੀ ਤੋਂ ਅਣਜਾਣ ਹਨ।
ਕੌਣ ਹੈ ਜਸਵੰਤ ਸਿੰਘ ਗਿੱਲ ?
13 ਨਵੰਬਰ 1989 ਨੂੰ, ਪੱਛਮੀ ਬੰਗਾਲ ਦੇ ਰਾਣੀਗੰਜ ਇਲਾਕੇ ਵਿਚ ਕੋਲ ਕਰਮੀ ਧਰਤੀ ਪੱਧਰ ਤੋਂ 330 ਫੁੱਟ ਹੇਠ ਪਾਤਾਲ 'ਚ ਜਾ ਕੇ ਕੋਲੇ ਦੀਆਂ ਖਾਨਾਂ 'ਚ ਧਮਾਕੇ ਕਰ ਰਹੇ ਸਨ। ਉਥੇ ਹੀ ਇਕ ਹਾਦਸਾ ਵਾਪਰ ਗਿਆ ਜਿੱਥੇ ਕਿ ਕੰਮ ਕਰ ਰਹੇ 220 ਕੋਲ ਮਾਈਨਰਜ਼ ਵਿੱਚੋਂ 6 ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ। ਲਿਫਟਿੰਗ ਦੀ ਮਦਦ ਨਾਲ ਕਈ ਲੋਕਾਂ ਨੂੰ ਤਾਂ ਬਾਹਰ ਕੱਢ ਦਿੱਤਾ ਗਿਆ ਸੀ, ਪਰ 65 ਕਾਮੇ ਅੰਦਰ ਹੀ ਫਸੇ ਰਹੇ। ਪਰ ਉਸੇ ਵਕਤ ਇੱਕ ਸਿੱਖ ਉਹਨਾਂ 65 ਲੋਕਾਂ ਦੀ ਜਾਨ ਦਾ ਰਖਵਾਲਾ ਬਣ ਕੇ ਪਹੁੰਚਿਆ। ਉਹ ਸਨ ਸ. ਜਸਵੰਤ ਸਿੰਘ ਗਿੱਲ, ਜਿੰਨ੍ਹਾਂ ਨੂੰ ਉਥੇ ਅਡੀਸ਼ਨਲ ਚੀਫ ਮਾਈਨਿੰਗ ਇੰਜੀਨੀਅਰ ਦੇ ਤੌਰ ਤੇ ਤਾਇਨਾਤ ਕੀਤਾ ਗਿਆ ਸੀ। ਗਿੱਲ ਨੇ ਬਗੈਰ ਆਪਣੀ ਜਾਨ ਦੇ ਪ੍ਰਵਾਹ ਕੀਤਿਆਂ ਉਹਨਾਂ 65 ਜਾਨਾਂ ਨੂੰ ਬਚਾਉਣ ਲਈ ਖੁਦ ਆਪਣੀ ਜਾਨ ਨੂੰ ਦਾਅ 'ਤੇ ਲਾਉਣ ਦਾ ਫੈਸਲਾ ਕਰ ਲਿਆ ਸੀ ਅਤੇ ਆਪਣੀ ਸੂਝ ਬੂਝ ਤੇ ਪ੍ਰਮਾਤਮਾ ਦਾ ਓਟ ਆਸਰਾ ਲੈ ਉਹਨਾਂ ਨੇ 65 ਦੇ 65 ਲੋਕਾਂ ਨੂੰ ਸੀ ਸਲਾਮਤ ਬਾਹਰ ਕੱਢ ਲਿਆ। ਜਿਸ ਤੋਂ ਬਾਅਦ ਗਿੱਲ ਨੇ ਇੱਕ ਨਵਾਂ ਇਤਿਹਾਸ ਸਿਰਜਿਆ।
ਇਸ ਘਟਨਾ 'ਚ ਪਹਿਲਾਂ ਤਾਂ ਇੱਕ ਬਚਾਅ ਮਿਸ਼ਨ ਦੀ ਯੋਜਨਾ ਬਣਾਈ ਗਈ ਸੀ। ਅਧਿਕਾਰੀਆਂ ਨੇ ਖਾਨਾਂ ਦੇ ਅੰਦਰ ਪਾਣੀ ਦੇ ਪੱਧਰ ਨੂੰ ਘਟਾਉਣ ਲਈ ਪੰਪਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਹ ਤਰੀਕਾ ਕੋਈ ਬਹੁਤਾ ਪ੍ਰਭਾਵਸ਼ਾਲੀ ਸਿੱਧ ਨਹੀਂ ਹੋਇਆ। ਅਖ਼ੀਰ ਬਚਾਅ ਕਰਮੀਆਂ ਨੇ ਇੱਕ ਖੂਹ ਨੂੰ ਡ੍ਰਿੱਲ ਕਰ ਦਿੱਤਾ ਤਾਂ ਜੋ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਇੱਕ ਬਚਾਅ ਕੈਪਸੂਲ ਭੇਜਿਆ ਜਾ ਸਕੇ। ਇੱਕ 2.5 ਮੀਟਰ ਲੰਬਾ ਸਟੀਲ ਕੈਪਸੂਲ ਮੌਕੇ ਤੇ ਤਿਆਰ ਕੀਤਾ ਗਿਆ ਸੀ। ਇਹ ਇੱਕ ਕ੍ਰੇਨ ਨਾਲ ਜੁੜਿਆ ਹੋਇਆ ਸੀ ਜੋ ਕਿ ਧਰਤੀ ਹੇਠ ਭੇਜਿਆ ਜਾ ਸਕਦਾ ਸੀ।
ਜਸਵੰਤ ਸਿੰਘ ਗਿੱਲ, ਜਿਨ੍ਹਾਂ ਨੂੰ ਬਚਾਅ ਕਾਰਜਾਂ ਵਿਚ ਸਿਖਲਾਈ ਦਿੱਤੀ ਗਈ ਸੀ, ਨੇ ਖਾਨ 'ਚ ਫਸੇ ਲੋਕਾਂ ਨੂੰ ਵਾਪਸ ਲਿਆਉਣ ਲਈ ਜ਼ਿੰਮਾ ਚੁੱਕਿਆ। ਗਿੱਲ ਬਿਨਾ ਕਿਸੇ ਹੋਰ ਦਾ ਨਾਮ ਲੈਣ ਦੀ ਬਜਾਏ ਖੁਦ ਉਸ ਮੌਤ ਦੇ ਖੂਹ 'ਚ ਜਾਣ ਲਈ ਤਿਆਰ ਹੋਏ। ਗਿੱਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਸ ਵਕਤ ਹੋਰ ਕੁਝ ਨਾ ਸੁੱਝਿਆ। ਟੋਏ ਵਿਚ ਡਿੱਗਣ ਤੋਂ ਬਾਅਦ, ਉਹਨਾਂ ਨੇ ਕੈਪਸੂਲ ਦਾ ਦਰਵਾਜ਼ਾ ਖੋਲ੍ਹਿਆ, ਉਹਨਾਂ ਨੂੰ ਜਦੋਂ ਪਹਿਲਾ ਵਿਅਕਤੀ ਦਿਸਿਆ ਤਾਂ ਖੁਸ਼ੀ ਦਾ ਟਿਕਾਣਾ ਨਾ ਰਿਹਾ। ਗਿੱਲ ਉਦੋਂ ਤੱਕ ਉਸ ਡੂੰਘੀ ਖੱਡ 'ਚ ਉਨਾਂ ਸਮਾਂ ਰਹੇ ਜਦੋਂ ਤੱਕ ਸਾਰੇ 65 ਦੇ 65 ਲੋਕਾਂ ਨੂੰ ਬਾਰਹ ਨਾ ਭੇਜ ਦਿੱਤਾ। ਇਸ ਤਮਾਮ ਕਾਰਵਾਈ ਨੂੰ ਛੇ ਘੰਟੇ ਤੋ ਜ਼ਿਆਦਾ ਦਾ ਸਮਾਂ ਲੱਗਾ। ਅੰਤ ਵਿਚ ਜਦੋਂ ਗਿੱਲ ਖੁਦ ਉਸ ਕੈਪਸੂਲ 'ਚ ਸਵਾਰ ਹੋ ਡੂੰਘੀ ਖੱਡ ਚੋਂ ਉਪਰ ਜ਼ਮੀਨ 'ਤੇ ਪਹੁੰਚੇ ਤਾਂ ਬਾਹਰ ਖੜ੍ਹੇ ਲੋਕਾਂ ਨੇ ਗਿੱਲ ਦੇ ਪੈਰ ਧਰਤੀ 'ਤੇ ਹੀ ਨਾ ਲੱਗਣ ਦਿੱਤਾ। ਗਿੱਲ ਦਾ ਗਲਾ ਹਾਰਾਂ ਨਾਲ ਭਰ ਦਿੱਤਾ ਤੇ ਸਾਰੇ ਪਾਸੇ ਗਿੱਲ ਦੇ ਨਾਮ ਦੇ ਨਾਅਰੇ ਲੱਗਣ ਲੱਗੇ।
ਗਿੱਲ 'ਤੇ ਬਣ ਰਹੀ ਬਾਲੀਵੁੱਡ ਫਿਲਮ
ਇਸੇ ਇਤਿਹਾਸ ਨੂੰ ਅੱਜ ਦੀ ਪੀੜ੍ਹੀ ਦੇ ਯਾਦ ਕਰਾਉਣ ਖਾਤਿਰ ਬਾਲੀਵੁੱਡ 'ਚ ਵੱਡੇ ਪਰਦੇ 'ਤੇ ਫਿਲਮ ਬਣਨ ਜਾ ਰਹੀ ਹੈ। ਇਸ ਫਿਲਮ ਦੇ ਨਿਰਮਾਤਾ ਰੁਸਤਮ ਫਿਲਮ ਬਣਾਉਣ ਵਾਲੇ ਟੀਨੂੰ ਸੁਰੇਸ਼ ਦੇਸਾਈ ਹਨ। ਫਿਲਮ 'ਚ ਮੁੱਖ ਕਿਰਦਾਰ ਨਿਭਾਉਣ ਬਾਰੇ ਅਜੇ ਦੁਚਿੱਤੀ ਹੈ। ਅਕਸ਼ੈ ਤੇ ਅਜੈ ਦੇਵਗਨ ਦੋਹਾਂ ਵੱਲੋਂ ਹੀ ਫਿਲਮ ਦੀ ਕਹਾਣੀ ਸੁਣ ਕੇ ਮੇਨ ਕਿਰਦਾਰ ਨਿਭਾਉਣ ਦੀ ਦਿਲਚਸਪੀ ਦਿਖਾਈ ਗਈ। ਇਹ ਫਿਲਮ ਗਿੱਲ ਦੀ ਇਸ ਬਹਾਦਰੀ ਦੇ ਪਲਾਂ ਦੇ ਆਲੇ ਦੁਆਲੇ ਘੁੰਮਦੀ ਕਹਾਣੀ ਹੋਵੇਗੀ। ਕਿਉਂਕਿ ਜਿਸ ਤਰ੍ਹਾਂ ਗਿੱਲ ਨੇ ਆਪਣੀ ਜਾਨ 'ਤੇ ਖੇਡਦਿਆਂ 65 ਲੋਕਾਂ ਦੀ ਜਾਨ ਬਚਾਈ, ਉਸ ਤੋਂ ਵੱਡਾ ਕੰਮ ਦੁਨੀਆ 'ਚ ਕਿਤੇ ਹੋਰ ਨਹੀਂ ਹੋ ਸਕਦਾ। ਬਾਲੀਵੁੱਡ ਦੀ ਇਸ ਫਿਲਮ ਨਾਲ ਜਸਵੰਤ ਸਿੰਘ ਗਿੱਲ ਦਾ ਨਾਮ ਪੂਰ ਦੁਨੀਆ 'ਚ ਗੂੰਜ ਉੱਠੇਗਾ।
ਪਰ ਅਫਸੋਸ ਦੀ ਗੱਲ ਕਿ ਜਸਵੰਤ ਸਿੰਘ ਗਿੱਲ ਦੀ ਵਾਹ-ਵਾਹ ਦੇ ਨਾਅਰੇ ਪੰਜਾਬ ਸਰਕਾਰ ਦੇ ਕੰਨਾਂ ਤੱਕ ਅਜੇ ਤੱਕ ਵੀ ਨਹੀਂ ਪਏ ਕਿ ਜਿਸ ਕਾਰਨ ਉਹਨਾਂ ਨੂੰ ਅੱਜ ਤੱਕ ਅਣਗੌਲਿਆ ਕਰ ਦਿੱਤਾ ਜਾਂਦਾ ਰਿਹਾ ਹੈ। ਗਿੱਲ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਇਹ ਰੋਸਾ ਜਰੂਰ ਹੈ ਕਿ ਉਹਨਾਂ ਦੇ ਆਪਣੇ ਸੂਬੇ ਦੀ ਸਰਕਾਰ ਨੇ ਉਹਨਾਂ ਨੂੰ ਅਣਗੌਲਿਆ ਕੀਤਾ। ਪਰਿਵਾਰ ਵੱਲੋਂ ਅਜੇ ਵੀ ਆਸ ਜਤਾਈ ਜਾ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਜਸਵੰਤ ਸਿੰਘ ਗਿੱਲ ਦੇ ਬਣਾਏ ਇਤਿਹਾਸ ਨੂੰ ਦੇਖਦਿਆਂ ਉਹਨਾਂ ਨੂੰ ਐਵਾਰਡ ਦੇ ਕੇ ਸਨਮਾਨ ਜਰੂਰ ਕਰਨਗੇ। ਪਰ ਸ਼ਾਇਦ ਫਿਲਹਾਲ ਪੰਜਾਬ ਸਰਕਾਰ ਕੋਲ ਅਜੇ ਹੋਰ ਹੀ ਬੜੇ ਮਸਲੇ ਹਨ , ਜਿੰਨ੍ਹਾਂ 'ਚੋਂ ਉੱਭਰਦਿਆਂ ਉੱਭਰਦਿਆਂ ਸਰਕਾਰ ਦੇ ਰਹਿੰਦੇ ਸਾਲ ਵੀ ਗੁਜ਼ਰ ਜਾਣਗੇ ਤੇ ਫਿਰ ਕੋਈ ਨਵੀਂ ਸਰਕਾਰ ਆਏਗੀ, ਜਿਸ ਨੂੰ ਦੁਬਾਰਾ ਜਸਵੰਤ ਸਿੰਘ ਗਿੱਲ ਵਰਗੇ ਬਹਾਦਰ ਲੋਕਾਂ ਦੀ ਕਹਾਣੀ ਤੋਂ ਤਾਰੁਫ਼ ਕਰਾਉਣਾ ਪਵੇਗਾ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://www.youtube.com/watch?v=RicyBezG2-c
-
ਯਾਦਵਿੰਦਰ ਸਿੰਘ ਤੂਰ, ਲੇਖਕ ਤੇ ਨਿਊਜ਼ ਐਡੀਟਰ
yadwinder12@gmail.com
9501582626
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.