ਪੁਰਾਣੀ ਡਾਕ ਫੋਲਦਿਆਂ
ਪੁਰਾਣੀ ਡਾਕ ਫੋਲਦਿਆਂ ਕਈ ਵਾਰ ਬੜਾ ਕੁਝ ਲੱਭ ਜਾਂਦਾ ਹੈ। ਭੁੱਲੇ ਵਿੱਸਰੇ ਇਕਰਾਰ ਸਾਹ ਵਰੋਲਦੇ। ਅਣਕੀਤੇ ਕਾਰਜਾਂ ਦੇ ਸ਼ਿਕਵੇ।
ਇਹੋ ਕੁਝ ਮੇਰੇ ਨਾਲ ਹੋਇਆ।
ਪੰਜਾਬ ਅਸੈਂਬਲੀ ਚੋਣਾਂ ਵੇਲੇ ਲਿਖਿਆ ਇੱਕ ਟੋਟਾ ਲੱਭ ਗਿਆ।
ਪੰਚਾਇਤੀ ਚੋਣਾਂ ਚ ਇਹੀ ਫਿਲਮ ਫਿਰ ਚੱਲੇਗੀ।
ਪਰ ਸਾਵਧਾਨ ਰਹਿਣਾ, ਬਾਕੀ ਪਿੰਡ ਵਾਲਿਆਂ ਨੂੰ ਵੀ ਕਹਿਣਾ ਕਿ ਸੱਤਾ ਪ੍ਰਾਪਤੀ ਦੇ ਲਾਲਚ ਵਿੱਚ ਭਾਈਚਾਰਾ ਤਬਾਹ ਕਰਕੇ ਨਾ ਬਹਿ ਜਾਇਉ।
ਪੰਚੀ ਸਰਪੰਚੀ ਲੈ ਕੇ ਸੱਤਾ ਦੀ ਦਲਾਲੀ ਕਰਨ ਦੀ ਥਾਂ ਆਪਣੇ ਘਰ ਬਾਰ ਵੱਲ ਧਿਆਨ ਦਿਉ।
ਪੁਰਾਣੀ ਡਾਕ ਚੋਂ ਕੀ ਨਿਕਲਿਆ ਤੁਸੀਂ ਵੀ ਪੜ੍ਹੋ।
ਹਿੰਦੂ ਪਾਣੀ ਮੁਸਲਮਾਨ ਪਾਣੀ
ਦੇਸ਼ ਦੀ ਵੰਡ ਤੋਂ ਪਹਿਲਾਂ ਰੇਲਵੇ ਸਟੇਸ਼ਨਾਂ ਤੇ ਪਾਣੀ ਵਾਲੇ ਦੋ ਘੜੇ ਰੱਖੇ ਹੁੰਦੇ ਸਨ।
ਇੱਕ ਤੇ ਹਿੰਦੂ ਪਾਣੀ ਲਿਖਿਆ ਹੁੰਦਾ ਸੀ ਤੇ ਦੂਸਰੇ ਤੇ ਮੁਸਲਮਾਨ ਪਾਣੀ ਹੁੰਦਾ ਸੀ।
ਦੇਸ਼ ਅਜ਼ਾਦ ਹੋਣ ਮਗਰੋਂ ਪਾਣੀ ਵਾਲੇ ਘੜੇ ਟੂਟੀਆਂ ਚ ਤਬਦੀਲ ਹੋ ਗਏ।
ਟੂਟੀਆਂ ਦਾ ਕੋਈ ਧਰਮ ਨਹੀਂ ਹੁੰਦਾ।
ਹੌਲੀ ਹੌਲੀ ਸਿੱਖਿਆ, ਹਸਪਤਾਲ , ਗੁਰਦੁਆਰੇ ਵੀ ਆਰਥਿਕ ਵਖਰੇਵੇਂ ਨੇ ਵੱਖ ਵੱਖ ਕਰ ਦਿੱਤੇ। ਜ਼ਾਤਾਂ ਗੋਤਾਂ ਨੇ ਵੀ ਸਾਡੀ ਮਾਨਸਿਕਤਾ ਦਾ ਕੁਤਰਾ ਕੀਤਾ।
ਟੋਟੇ ਨੂੰ ਕੁੱਟਣਾ ਤੇ ਤੋੜਨਾ ਸੌਖਾ ਹੁੰਦਾ ਹੈ।
ਹਾਕਮ ਨੂੰ ਟੋਟੇ ਪੁੱਗਦੇ ਹਨ।
ਹੁਣ ਮੁਫ਼ਤਖ਼ੋਰੀ ਦਾ ਸਭਿਆਚਾਰ ਉਸਾਰਿਆ ਜਾ ਰਿਹਾ ਹੈ। ਕੋਈ ਕੁਝ ਕੋਈ ਕੁਝ ਵੰਡਣ ਦੇ ਲਾਰੇ ਤੇ ਨਾਅਰੇ ਦੇ ਰਿਹਾ ਹੈ।
ਆਟਾ ਦਾਲ ਤੋਂ ਤੁਰ ਕੇ ਗੱਲ ਚਾਹ ਪੱਤੀ ਘਿਓ ਤੇ ਖੰਡ ਤੇ ਪਹੁੰਚ ਗਈ ਹੈ।
ਕੋਈ ਸਮਾਰਟ ਫੋਨ ਵੰਡ ਰਿਹੈ , ਕੋਈ ਚਾਚੇ ਜੁੰਮੇ ਦੀ ਜਾਇਦਾਦ ਕਹਾਣੀ ਵਾਂਗ ਹਵਾ ਦਾਨ ਕਰੀ ਜਾ ਰਿਹੈ। ਕੋਈ ਘਰ ਬਣਾ ਬਣਾ ਦੇ ਰਿਹੈ। ਕੋਈ ਸਾਡੀਆਂ ਧੀਆਂ ਦੇ ਵਿਆਹ ਲਈ ਤੰਬੂ ਕਨਾਤ ਗੱਡ ਰਿਹੈ। ਕੋਈ ਹਲਵਾਈ ਲਾ ਰਿਹੈ।
ਹੱਦ ਹੋ ਗਈ ਯਾਰ ਸੇਵਾ ਵਾਲੀ।
ਪਿਛਲੀਆਂ ਚੋਣਾਂ ਵਾਲੇ ਕੰਪਿਊਟਰ ਕਿੱਧਰ ਗਏ ਜੋ ਸਭ ਬੱਚਿਆਂ ਨੂੰ ਮਿਲਣੇ ਸਨ।
ਪਰ ਇਹ ਗੱਲ ਨਾ ਭੁੱਲਣਾ ਕਿ ਸਮਾਜ ਦੀ ਤਿੱਖੀ ਵੰਡ ਹੋ ਰਹੀ ਹੈ।
ਮੁਫ਼ਤਖੋਰੀ ਵਧਾ ਕੇ ਅਸੀਂ ਕਿਸ ਤੇ ਬੋਝ ਵਧਾ ਰਹੇ ਹਾਂ।
ਹਰ ਚੀਜ਼ ਪੈਸੇ ਨਾਲ ਆਉਣੀ ਹੈ। ਇੱਕ ਦੀ ਜੇਬ ਚੋਂ ਕੱਢ ਕੇ ਦੂਜੇ ਨੂੰ ਦੇਣ ਦੀ ਰਾਜਨੀਤੀ ਤਬਾਹਕੁਨ ਸਾਬਤ ਹੋਵੇਗੀ।
ਦੋ ਤਰ੍ਹਾਂ ਦੀ ਖੰਡ, ਚਾਹ ਪੱਤੀ, ਆਟਾ ਦਾਲ ਕਿਤੇ ਸੰਤਾਲੀ ਤੋਂ ਪਹਿਲਾਂ ਵਾਲਾ ਹਿੰਦੂ ਪਾਣੀ-ਮੁਸਲਮਾਨ ਪਾਣੀ ਤਾਂ ਨਹੀਂ ਬਣ ਜਾਵੇਗਾ?
ਇਸ ਸਮਾਜਿਕ ਤਣਾਅ ਨੇ ਵੀ ਜੁਰਮ ਵਧਾਉਣਾ ਹੈ। ਸਾਵਧਾਨ।
ਸਮਾਨੰਤਰ ਵਿਕਾਸ ਦਾ ਏਜੰਡਾ ਕਿਸੇ ਪਾਰਟੀ ਨੇ ਨਹੀਂ ਦੱਸਿਆ।
ਕੂੜ ਦੀ ਵਕਾਲਤ ਕਰਦੇ ਬੁਲਾਰੇ ਹਰ ਪਾਰਟੀ ਦੇ ਹੱਕ ਚ ਸਾਹੋ ਸਾਹ ਹੋ ਰਹੇ ਨੇ। ਜ਼ਹਿਰ ਭਿੱਜੇ ਤੀਰ ਚੱਲ ਰਹੇ ਨੇ।
ਭਾਸ਼ਨ ਮੁਕਾਬਲੇ ਚੱਲ ਰਹੇ ਨੇ। ਜੈਕਾਰੇ ਵੀ ਇੱਕੋ ਜਹੇ। ਜਾਨਾਂ ਕੁਰਬਾਨ ਕਰਨ ਦੇ ਐਲਾਨ ਹੋ ਰਹੇ ਨੇ ਪਰ ਮਰਨ ਵੇਲੇ ਬਲੀ ਦੇ ਬੱਕਰੇ ਹੋਰ ਹੋਣੇ ਨੇ।
ਸਮਰਾਲਾ ਤੋਂ ਪੱਤਰਕਾਰ ਵੀਰ ਰਾਮ ਦਾਸ ਬੰਗੜ ਦੀ ਮਿੰਨੀ ਕਹਾਣੀ ਬਾਰ ਬਾਰ ਚੇਤੇ ਆਉਂਦੀ ਹੈ
ਭੇਡਾਂ ਨੂੰ ਕਿਹਾ
ਸਿਆਲ ਆ ਰਿਹੈ
ਤੁਹਾਨੂੰ ਸਵੈਟਰਾਂ ਮਿਲਣਗੀਆਂ
ਠੰਡ ਤੋਂ ਬਚਣ ਲਈ।
ਪਰ ਆਉਣਗੀਆਂ ਕਿੱਥੋਂ?
ਕਿਸੇ ਸਿਆਣੀ ਭੇਡ ਨੇ ਪੁੱਛ ਲਿਆ।
ਉੱਤਰ ਮਿਲਿਆ
ਤੁਹਾਡੀ ਉੱਨ ਤੋਂ!
ਲੋਕੋ, ਬਚ ਜਾਓ।
ਭਾਈਚਾਰਾ ਨਾ ਤੋੜ ਲੈਣਾ।
ਵੋਟਾਂ ਵਾਲਿਆਂ ਵੋਟਾਂ ਲੈ ਕੇ ਤੁਰ ਜਾਣਾ ਹੈ, ਤੁਸੀਂ ਆਪਣੇ ਪਿੰਡ ਚ ਹੀ ਰਹਿਣਾ ਹੈ।
ਸਰਕਾਰੀ ਬੰਦੂਕਾਂ ਦੀ ਛਾਵੇਂ ਦਲੇਰੀ ਦੇ ਦਮਗਜ਼ੇ ਮਾਰੇ ਜਾ ਰਹੇ ਹਨ। ਕੋਈ ਕਾਲਰੋਂ ਫੜਨ ਦੀ ਟਾਹਰ ਮਾਰ ਰਿਹੈ, ਕੋਈ ਤੁੰਨ ਦੇਣ ਦੀ ਗੱਪ ਮਾਰ ਰਿਹੈ।
ਕੋਈ ਇਹ ਤਾਂ ਦੱਸੇ ਕਿ ਸਿਆਸਤਦਾਨ ਜੇਲੀਂ ਡੱਕਣ ਨਾਲ ਲੋਕ ਮਸਲੇ ਹੱਲ ਕਿਵੇਂ ਹੋਣਗੇ?
ਕੋਈ ਕੁਝ ਨਹੀਂ ਦੱਸ ਰਿਹਾ।
ਅਣਖ਼ ਦੀ ਰੋਟੀ ਕਮਾਉਂਦਿਆਂ ਨੂੰ ਗਲੀ ਸੜੀ ਕਣਕ ਦੀ ਰੋਟੀ ਤੇ ਲਾਲਚ ਦੀ ਬੋਟੀ ਪਰੋਸੀ ਜਾ ਰਹੀ ਹੈ।
1962 ਚ ਸ਼ਾਇਦ ਜਾਂ ਮਗਰੋਂ ਦੀ ਗੱਲ ਹੈ। ਪ੍ਰਸਿੱਧ ਕਵੀ ਜਸਵੰਤ ਸਿੰਘ ਰਾਹੀ ਕਮਿਉਨਿਸਟਾਂ ਦੇ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਸਨ। ਪੋਸਟਰ ਲੈਣ ਦੇ ਲਾਲਚ ਨੂੰ ਅਸੀਂ ਨਿਆਣੇ ਪਿੰਡੋ ਪਿੰਡੀ ਇਨ੍ਹਾਂ ਮਗਰ ਲੱਗੇ ਰਹਿੰਦੇ। ਰਾਹੀ ਤਾਂ ਹਾਰ ਗਿਆ, ਪਰ ਇੱਕ ਬੋਲ ਹੁਣ ਤੀਕ ਨਹੀਂ ਵਿਸਰਿਆ
ਚਾਚਾ ਚੋਰ ਭਤੀਜਾ ਡਾਕੂ
ਬਈ ਚੰਗਾ ਤੇਰਾ ਰਾਜ ਵੇਖਿਆ।
ਉਹ ਤਾਂ ਨਾਮ ਵੀ ਲੈਂਦੇ ਸਨ ਪਰ ਮੈਂ ਡਰਾਕਲ ਬੰਦਾ ਹਾਂ। ਨਾਮ ਲੁਕਾ ਲਿਆ ਹੈ।
ਇੱਕ ਗੱਲ ਹੋਰ ਕਹਿੰਦੇ ਸਨ ਗਾ ਗਾ ਕੇ ਅਮਰਜੀਤ ਗੁਰਦਾਸਪੁਰੀ ਹੁਰੀਂ
ਗੌਰਮਿੰਟ ਨੇ ਝੱਗਾ ਦਿੱਤਾ
ਪਾ ਲਓ ਲੋਕੋ ਪਾ ਲਓ।
ਅੱਗਾ ਪਿੱਛਾ ਹੈ ਨਹੀਂ ਜੇ ਤੇ
ਬਾਹਵਾਂ ਆਪ ਲੁਆ ਲਉ।
ਹੁਣ ਫੇਰ ਸਾਵਧਾਨ!
ਕੁਲਵੰਤ ਨੀਲੋਂ ਦਾ ਸ਼ਿਅਰ ਹੈ।
ਆਈ ਘੜੀ ਉਨ੍ਹਾਂ ਦੇ ਹੁਣ ਹੁਸ਼ਿਆਰ ਹੋਣ ਦੀ,
ਲੁੱਟੀ ਗਈ ਹਰ ਮੋੜ ਤੇ ਜਿੰਨ੍ਹਾਂ ਦੀ ਸਾਦਗੀ।
ਗੁਰਭਜਨ ਗਿੱਲ
10.12.2018
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.