ਸਾਡੀ ਪੋਤਰੀ ਅਸੀਸ ਅੱਜ ਕੱਲ੍ਹ ਆਪਣੇ ਨਾਨਕੇ ਰਾਜਪੁਰੇ ਗਈ ਹੋਈ ਹੈ। ਰੋਜ਼ ਰਾਤ ਨੂੰ ਦਿਲ ਕਰਦੈ ਉਸ ਨੂੰ ਵੇਖਣ ਲਈ। ਅਜੇ ਗੱਲਾਂ ਨਹੀਂ ਕਰਦੀ, ਜਾਂ ਸਾਨੂੰ ਉਹਦੀ ਭਾਸ਼ਾ ਨਹੀਂ ਆਉਂਦੀ।
ਕੱਲ੍ਹ ਹੀ ਡਾ: ਸ ਸ ਜੌਹਲ ਸਮਝਾ ਰਹੇ ਹਨ ਕਿ ਸਭ ਤੋਂ ਸੁੱਚੀ ਦਾਤ ਬੱਚਾ ਹੁੰਦਾ ਹੈ, ਪਾਰਦਰਸ਼ੀ ਮਨ।
ਆਹ ਕਰਨਾ ਹੈ, ਆਹ ਨਹੀਂ ਕਰਨਾ। ਇਹ ਸਾਰਾ ਕੁਝ ਦੁਨਿਆਵੀ ਤੰਤਰ ਸਿਖਾਉਂਦੇ ਹਾਂ।
ਪਰ ਮੈਂ ਤਾਂ ਰਾਤੀਂ ਆਪਣੀ ਪੋਤਰੀ ਅਸੀਸ ਨਾਲ ਫੋਨ ਤੇ ਬੋਲਦੀ ਤਸਵੀਰ ਰਾਹੀਂ ਬੜੀਆਂ ਗੱਲਾਂ ਕੀਤੀਆਂ।
ਉਹ ਹੁੰਗਾਰਾ ਭਰਦੀ ਰਹੀ ਆਪਣੀ ਦਾਦੀ ਦੀਆਂ ਸਭ ਗੱਲਾਂ ਦਾ। ਅਸੀਂ ਆਪਣੇ ਅਰਥ ਕੱਢਦੇ ਰਹੇ।
ਪੁਨੀਤ ਨੇ ਦੱਸਿਆ ਕਿ ਆਹ ਨੀਲੀ ਧਾਰੀਆਂ ਵਾਲੀ ਸਵੈਟਰ ਅਸੀਸ ਨੂੰ ਉਸ ਦੇ ਨਾਨੀ ਜੀ ਦੀ ਸਹੇਲੀ ਨੇ ਬੁਣ ਕੇ ਦਿੱਤੀ ਹੈ। ਸਹੇਲ ਕਿੰਨਾ ਪਵਿੱਤਰ ਰਿਸ਼ਤਾ ਹੈ ਜਨਾਬ।
ਹੁਣ ਸਾਡੀ ਅਸੀਸ ਲਈ ਟੋਪੀਆਂ ਜੁਰਾਬਾਂ ਆਦਿ ਆਪ ਬੁਣ ਕੇ ਡਾ: ਆਤਮਜੀਤ ਦੀ ਸਰਦਾਰਨੀ ਇੰਦਰਜੀਤ ਕੌਰ ਤੇ ਸੁੱਖੀ ਬਾਠ ਦੀ ਸਿੰਘਣੀ ਸੁਖਵਿੰਦਰ ਕੌਰ ਕੈਨੇਡਿਉਂ ਲਿਆਈ ਹੈ। ਚੰਗਾ ਲੱਗਾ।
ਮੈਨੂੰ ਚੇਤੇ ਆਇਆ ਪੁਨੀਤ ਦੇ ਜਨਮ ਵੇਲੇ ਮੈਂ ਜਗਰਾਉਂ ਸਾਂ ਲਾਜਪਤ ਰਾਏ ਕਾਲਿਜ ਚ ਪੜ੍ਹਾਉਂਦਾ।
ਪੁਨੀਤ ਲਈ ਪਹਿਲੀ ਗੁਲਾਬੀ ਸਵੈਟਰ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਦੀ ਜੀਵਨ ਸਾਥਣ ਨੇ ਬੁਣੀ ਸੀ।
ਫਿਰ ਵੱਡੇ ਭੈਣ ਜੀ ਜਗਦੇਵ ਨੇ ਤਾਂ ਸਿਲਾਈਆਂ ਵਿਹਲੀਆਂ ਹੀ ਨਾ ਹੋਣ ਦਿੱਤੀਆਂ।
ਹੱਥ ਦੀਆਂ ਬੁਣੀਆਂ ਸਵੈਟਰਾਂ ਵਿੱਚ ਬਹੁਤ ਰੀਝਾਂ, ਉਮੰਗਾਂ ਤੇ ਤਰੰਗਾਂ ਪਰੁੱਚੀਆਂ ਹੁੰਦੀਆਂ ਨੇ।
ਬਾਜ਼ਾਰ ਤੇ ਮਸ਼ੀਨ ਦੀ ਸਰਦਾਰੀ ਦੇ ਯੁਗ ਚ ਪੋਟਿਆਂ ਦੀ ਛੋਹ ਪ੍ਰਾਪਤ ਸਵੈਟਰ ਦਾ ਨਿੱਘ ਹੀ ਵੱਖਰਾ ਹੁੰਦਾ ਹੈ।
ਮਸ਼ੀਨ ਸਾਨੂੰ ਕੱਜਦੀ ਹੈ,ਗਲਵੱਕੜੀ ਚ ਨਹੀਂ ਲੈਂਦੀ।
ਦਾਦੀਆਂ ,ਨਾਨੀਆਂ ,ਮਾਵਾਂ ,ਮਾਸੀਆਂ ,ਮਾਮੀਆਂ ,ਚਾਚੀਆਂ ,ਤਾਈਆਂ,ਭੈਣਾਂ ਤੇ ਭੂਆ ਵਰਗੀਆਂ ਇਹ ਰਿਸ਼ਤਿਆਂ ਦੀਆਂ ਤੰਦਾਂ ਹੀ ਤਾਂ ਨੇ ਇਹ ਅਸੀਸ ਦੀਆਂ ਸਵੈਟਰਾਂ ।
ਬਹੁਤ ਨਿੱਘੀਆਂ ਹੁੰਦੀਆਂ ਨੇ
ਅਸੀਸ ਵਾਲੀਆਂ ਸਵੈਟਰਾਂ
ਪਾਲੇ ਤੋਂ ਬਚਾਉਂਦੀਆਂ
ਬੜਾ ਕੁਝ ਸਿਖਾਉਂਦੀਆਂ।
ਉੱਨ ਕਹਿ ਲਵੋ ਜਾਂ ਪੱਛਮ
ਲੱਛੇ ਖ਼ਰੀਦੋ ਜਾਂ ਗੋਲੇ
ਸਿਲਾਈਆਂ ਨਾਲ
ਤੰਦ ਤੰਦ ਜੋੜਨਾ ਸਿਖਾਉਂਦੀਆਂ
ਤੁਸੀਂ ਸਮਝੋ ਨਾ ਸਮਝੋ,
ਤੰਦਾਂ ਬੜੀਆਂ ਬਾਰੀਕ
ਘੁੰਡੀਆਂ ਸਿਖਾਉਂਦੀਆਂ।
ਇੱਕ ਨੁਕਤੇ ਤੇ ਗਲਤ ਹੋ ਜਾਉ,
ਫਿਰ ਕਾਬੂ ਨਹੀਂ ਆਉਂਦੀਆਂ।
ਹੱਥ ਨਾਲ ਬੁਣੀਆਂ ਸਵੈਟਰਾਂ
ਅਸੀਸ ਨੂੰ ਦੁਗਣਾ ਬਣਾਉਂਦੀਆਂ
ਘਰ ਨੂੰ ਚਾਰ ਚੰਨ ਲਾਉਂਦੀਆਂ
ਆਪ ਹੀ ਹੁੰਗਾਰਾ ਭਰਨ
ਆਪ ਹੀ ਬੁਲਾਉਂਦੀਆਂ।
ਤੰਦਾਂ ਦਾ ਸੁਮੇਲ ਜਾਪੇ
ਭੈਣਾਂ ਗੀਤ ਗਾਉਂਦੀਆਂ
ਰਹਿਮਤਾਂ ਦੀ ਝੜੀ ਲੱਗੇ
ਨਿੱਘੀ ਨਿੱਘੀ ਕਿਰਨਾਂ ਦੀ
ਕਿਣਮਿਣੀ ਲਾਉਂਦੀਆਂ।
ਮਮਤਾ ਜਗਾਉਂਦੀਆਂ।
ਸੁੱਚੜੀ ਅਸੀਸ ਸੰਗ
ਸੁਰਤੀ ਟਿਕਾਉਂਦੀਆਂ।
ਬਾਲੜੀ ਮਾਸੂਮ ਕਿਵੇਂ
ਹਿੱਕ ਨਾਲ ਲਾਉਂਦੀਆਂ
ਨਿੱਘ ਵਰਤਾਉਂਦੀਆਂ।
ਹੱਥਾਂ ਦੀਆਂ ਉਣੀਆਂ
ਸਵੈਟਰਾਂ ਬੁਲਾਉਂਦੀਆਂ।
ਗੁਰਭਜਨ ਗਿੱਲ
10.12.2018
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.