ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵਲੋਂ ਪਿਛਲੇ ਸਮੇਂ ਜਾਣੇ-ਅਣਜਾਣੇ ਵਿੱਚ ਹੋਈਆਂ ਭੁੱਲਾਂ ਬਖਸ਼ਾਉਣ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਆਰੰਭ ਕੀਤੀ ਹੋਈ ਹੈ। ਪਰ ਵਿਰੋਧੀਆਂ ਜਿਨ੍ਹਾਂ ਵਿੱਚ ਕਾਂਗਰਸ, ਆਮ ਆਦਮੀ ਪਾਰਟੀ ਦੇ ਦੋਵੇਂ ਧੜੇ, ਲੋਕ ਇਨਸਾਫ ਪਾਰਟੀ, ਬਰਗਾੜੀ ਮੋਰਚਾ, ਟਕਸਾਲੀ ਅਕਾਲੀ ਲੀਡਰਸ਼ਿਪ ਅਤੇ ਬਹੁਤ ਸਾਰੇ ਬੁੱਧੀਜੀਵੀ ਸ਼ਾਮਿਲ ਹਨ, ਦੁਆਰਾ ਬਾਦਲ ਪਰਿਵਾਰ ਦੀ ਜ਼ਬਰਦਸਤ ਆਲੋਚਨਾ ਕੀਤੀ ਜਾ ਰਹੀ ਹੈ ਕਿ ਅਜਿਹਾ ਕਰਨ ਲੱਗਿਆਂ ਬਹੁਤ ਦੇਰੀ ਕਰ ਦਿੱਤੀ ਹੈ ਅਤੇ ਉਨ੍ਹਾਂ ਦੁਆਰਾ ਕੀਤੇ ਗਏ ‘ਪਾਪਾਂ’ ਨੂੰ ਵਾਹਿਗੁਰੂ ਦੁਆਰਾ ਬਖਸ਼ਿਆ ਨਹੀਂ ਜਾ ਸਕਦਾ। ਇਸ ਦਾ ਕਾਰਨ ਇਹ ਹੈ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਸ ਨਾਲ ਪੂਰੀ ਸਿੱਖ ਕੌਮ ਸਦਮੇ ਵਿੱਚ ਆ ਗਈ। ਇਸ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਰੋਸ ਪ੍ਰਗਟ ਕਰਦੇ ਨਿਰਦੋਸ਼ ਸਿੱਖਾਂ ਉਤੇ ਗੋਲੀਆਂ ਚੱਲੀਆਂ ਅਤੇ ਦੋ ਸਿੰਘ ਸ਼ਹੀਦ ਹੋ ਗਏ। ਇਨ੍ਹਾਂ ਸਾਰੀਆਂ ਘਟਨਾਵਾਂ ਲਈ ਅਕਾਲੀ ਦਲ ਦੀ ਲੀਡਰਸ਼ਿਪ ਖਾਸ ਤੌਰ ’ਤੇ ਪ੍ਰਕਾਸ਼ ਸਿਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਲਈ ਦੋਸ਼ੀ ਮੰਨਿਆ ਜਾ ਰਿਹਾ ਹੈ। ਇਹ ਮਸਲਾ ਪਿਛਲੇ ਕੁਝ ਸਮੇਂ ਤੋਂ ਇੰਨਾ ਜ਼ਿਆਦਾ ਭਖਿਆ ਹੋਇਆ ਹੈ ਕਿ ਹਰ ਸਿਆਸੀ ਧਿਰ ਇਸ ਤੋਂ ਲਾਭ ਲੈਣਾ ਚਾਹ ਰਹੀ ਹੈ। ਕੋਈ ਇਨਸਾਫ ਮੋਰਚਾ ਚਲਾ ਰਹੀ ਹੈ ਅਤੇ ਕੋਈ ਇਨਸਾਫ ਮਾਰਚ ਕੱਢ ਰਿਹਾ ਹੈ। ਅਜਿਹਾ ਕਰਨ ਵਾਲੇ ਭਾਵੇਂ ਸਾਰੇ ਦੁੱਧ ਧੋਤੇ ਨਹੀਂ ਹਨ ਪਰ ਉਹ ਲੋਕਾਂ ਦੀ ਹਮਦਰਦੀ ਜ਼ਰੂਰ ਬਟੋਰ ਰਹੇ ਹਨ ਅਤੇ ਅਕਾਲੀ ਦਲ ਦਬ ਕੇ ਬਦਨਾਮ ਹੋ ਰਿਹਾ ਹੈ। ਲੋਕਾਂ ਦੇ ਇਸੇ ਰੋਹ ਨੂੰ ਦੇਖਦੇ ਹੋਏ ਅਕਾਲੀ ਲੀਡਰਸ਼ਿਪ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੁੱਲਾਂ ਬਖਸ਼ਾ ਰਹੀ ਹੈ।
ਅਕਾਲੀ ਦਲ ਖਿਲਾਫ ਇਹ ਜੋ ਹਾਲਾਤ ਬਣੇ ਹਨ, ਉਸ ਦਾ ਕਾਰਨ ਇਹ ਹੈ ਕਿ ਇਸ ਦੁਆਰਾ ਕਿਸੇ ਵੀ ਮਹੱਤਵਪੂਰਨ ਮਸਲੇ ਜਾਂ ਘਟਨਾ ਨੂੰ ਟਿੱਚ ਸਮਝਿਆ ਜਾਂਦਾ ਰਿਹਾ ਹੈ। ਉਨ੍ਹਾਂ ਦੁਆਰਾ ਮੁੱਦਿਆਂ ਖਾਸ ਤੌਰ ’ਤੇ ਸਿੱਖ ਮਸਲਿਆਂ ਨੂੰ ਗੰਭੀਰਤਾ ਨਾਲ ਨਾ ਲੈਣ ਕਰ ਕੇ ਅਕਾਲੀ ਦਲ ਨੂੰ ਚੁਣੌਤੀਆਂ ਦਰਪੇਸ਼ ਹਨ। ਇਸ ਗੱਲ ਦੀ ਪੁਸ਼ਟੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਨਜ਼ਦੀਕੀਆਂ ਵਿਚੋਂ ਰਹੇ ਸ੍ਰ. ਸੁਖਦੇਵ ਸਿੰਘ ਢੀਂਡਸਾ ਨੇ ਕੀਤੀ ਹੈ ਜਿਹੜੇ ਅਕਾਲੀ ਦਲ ਤੋਂ ਅਸਤੀਫਾ ਦੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਭੁੱਲਾਂ ਬਖਸ਼ਾਉਣ ਲਈ ਉਹ ਬਹੁਤ ਸਮਾਂ ਪਹਿਲਾਂ ਕਹਿ ਚੁੱਕੇ ਹਨ ਪਰ ਅਕਾਲੀ ਲੀਡਰਸ਼ਿਪ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਹੁਣ ਜਦੋਂ ਪਾਣੀ ਸਿਰ ਤੋਂ ਉਪਰ ਲੰਘ ਗਿਆ ਹੈ ਤਾਂ ਸੁਖਬੀਰ ਸਿੰਘ ਬਾਦਲ ਸ੍ਰੀ ਹਰਿਮੰਦਰ ਸਾਹਿਬ ਪੁੱਜ ਗਏ ਹਨ। ਸਿੱਖ ਮਸਲਿਆਂ ਨੂੰ ਗੰਭੀਤਰਾ ਨਾਲ ਨਾ ਲੈਣ ਦੀਆਂ ਹੋਰ ਵੀ ਬਹੁਤ ਸਾਰੀਆਂ ਉਦਾਹਰਣਾਂ ਸਾਹਮਣੇ ਹਨ। ਸਭ ਤੋਂ ਪਹਿਲਾਂ ਤੋਂ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਹੈ। ਜਦੋਂ ਬੇਅਦਬੀ ਹੋਈ ਤਾਂ ਉਦੋਂ ਅਕਾਲੀ ਸਰਕਾਰ ਨੇ ਇਹ ਸਮਝਿਆ ਕਿ ਇਹ ਕੋਈ ਵੱਡੀ ਗੱਲ ਨਹੀਂ ਅਤੇ ਸਮੇਂ ਦੇ ਨਾਲ ਲੋਕ ਭੁੱਲ ਜਾਣਗੇ। ਪਰ ਅਜਿਹਾ ਹੋਇਆ ਨਹੀਂ। ਵੱਡਾ ਜ਼ੁਲਮ ਉਦੋਂ ਹੋਇਆ ਜਦੋਂ ਨਿਹੱਥੇ ਲੋਕਾਂ ਉਤੇ ਗੋਲੀਆਂ ਚਲਾਈਆਂ ਤੇ ਦੋ ਸਿੰਘ ਸ਼ਹੀਦ ਹੋ ਗਏ। ਉਦੋਂ ਵੀ ਇਸ ਮਸਲੇ ਨੂੰ ਸੰਜੀਦਗੀ ਨਾਲ ਨਹੀਂ ਲਿਆ ਗਿਆ। ਇਸੇ ਪ੍ਰਕਾਰ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਸਿੰਘ ਇੰਸਾ ਨੂੰ ਮੁਆਫੀ ਦਿਵਾਈ ਗਈ। ਇਹ ਸਮਝਿਆ ਗਿਆ ਕਿ ਸਿੱਖ ਕੌਮ ’ਚ ਕੋਈ ਗੈਰਤ ਹੀ ਨਹੀਂ ਹੈ ਅਤੇ ਉਹ ਸਭ ਕੁਝ ਚੁਪਚਾਪ ਸਹਿਣ ਕਰ ਲਵੇਗੀ। ਪਰ ਸਿੱਖਾਂ ਨੇ ਉਸ ਮੁਆਫੀ ਨੂੰ ਸਹਿਣ ਨਹੀਂ ਕੀਤਾ ਅਤੇ ਅਕਾਲੀ ਲੀਡਰਸ਼ਿਪ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ। ਇਨ੍ਹਾਂ ਭੁੱਲਾਂ ਦਾ ਖਮਿਆਜਾ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪਿਆ। ਜਿਹੜੀ ਪਾਰਟੀ ਨੇ 10 ਸਾਲ ਤੱਕ ਸੱਤਾ ਹੰਢਾਈ ਹੋਵੇ ਉਹ ਪਾਰਟੀ ਤੀਜੇ ਸਥਾਨ ਉਤੇ ਪੁੱਜ ਗਈ।
ਹੁਣ ਵੀ ਹਾਲਾਤ ਅਜਿਹੇ ਹਨ ਕਿ ਅਕਾਲੀ ਲੀਡਰਸ਼ਿਪ ਦੁਆਰਾ ਵਿਰੋਧੀਆਂ ਨੂੰ ਬਿਲਕੁਲ ਹੀ ਤੁੱਛ ਸਮਝਿਆ ਜਾਂਦਾ ਹੈ। ਵੱਡੀ ਉਦਾਹਰਣ ਇਹ ਹੈ ਕਿ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਅਕਾਲੀ ਲੀਡਰਾਂ ਦੁਆਰਾ ਆਪਣਾ ਨਿੱਜੀ ਵਿਰੋਧ ਜਾਰੀ ਹੈ। ਸਿੱਧੂ ਪਾਕਿਸਤਾਨ ਜਾ ਕੇ ਆਏ ਤਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੁਆਰਾ ਬਿਆਨਬਾਜ਼ੀ ਕਰਦਿਆਂ ਕਦੇ ਉਨ੍ਹਾਂ ਨੂੰ ‘ਗੱਦਾਰ’ ਦੱਸਿਆ ਗਿਆ ਅਤੇ ਕਦੇ ਪਾਕਿਸਤਾਨੀ ਏਜੰਟ ਦੱਸਿਆ ਗਿਆ। ਬਾਅਦ ਵਿੱਚ ਕੀ ਹੋਇਆ ਜਿਸ ਪਾਕਿਸਤਾਨ ਨੂੰ ਲੈ ਕੇ ਬੀਬੀ ਸਿੱਧੂ ਨੂੰ ਭੰਡ ਰਹੀ ਸੀ, ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖਣ ਲਈ ਖ਼ੁਦ ਵੀ ਉਨ੍ਹਾਂ ਨੂੰ ਪਾਕਿਸਤਾਨ ਜਾਣਾ ਪਿਆ ਅਤੇ ਪਾਕਿਸਤਾਨੀ ਲੀਡਰਸ਼ਿਪ ਨੂੰ ਮਿਲਣਾ ਪਿਆ। ਸਿੱਧੂ ਦੀ ਆਲੋਚਨਾ ਕਰਨ ਨਾਲ ਅਕਾਲੀ ਦਲ ਦਾ ਕੁਝ ਸੰਵਰਿਆ ਨਹੀਂ ਪਰ ਸਿੱਧੂ ਹੀਰੋ ਜ਼ਰੂਰ ਬਣ ਗਿਆ। ਅੱਜ ਸਿੱਧੂ ਦੇ ਪ੍ਰਤੀ ਲੋਕਾਂ ’ਚ ਹਮਦਰਦੀ ਹੈ ਅਤੇ ਬਾਦਲਾਂ ਪ੍ਰਤੀ ਨਫਰਤ ਪੈਦਾ ਹੋਈ ਹੈ। ਇਸ ਦਾ ਕਾਰਨ ਇਹੀ ਸੀ ਕਿ ਅਕਾਲੀ ਦਲ ਖਾਸ ਕਰਕੇ ਬਾਦਲ ਪਰਿਵਾਰ ਇਹੀ ਸਮਝਦਾ ਸੀ ਕਿ ਸਿੱਧੂ ਦੀ ਕੀ ਔਕਾਤ ਹੈ ਕਿ ਉਹ ਕਰਤਾਰਪੁਰ ਸਾਹਿਬ ਲਾਂਘੇ ਨੂੰ ਹਕੀਕਤ ਵਿੱਚ ਬਦਲਾ ਸਕਦੇ ਹਨ। ਭਾਵੇਂ ਕਿ ਲਾਂਘੇ ਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਤਾਂ ਬਹੁਤ ਲੰਮੇ ਸਮੇਂ ਤੋਂ ਅਤੇ ਬਹੁਤ ਸਾਰੇ ਲੋਕਾਂ ਦੁਆਰਾ ਕੀਤੀਆਂ ਜਾ ਰਹੀਆਂ ਸਨ ਪਰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਹ ਮਾਣ ਸਿੱਧੂ ਨੂੰ ਦੇ ਦਿੱਤਾ।
ਹੁਣ ਵੀ ਬਹੁਤ ਸਾਰੇ ਅਜਿਹੇ ਮੁੱਦੇ ਹਨ ਜਿਨ੍ਹਾਂ ਨੂੰ ਅਕਾਲੀ ਲੀਡਰਸ਼ਿਪ ਦੁਆਰਾ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਟਕਸਾਲੀ ਅਕਾਲੀ ਲੀਡਰ ਜੇਕਰ ਸੁਖਬੀਰ ਬਾਦਲ ਦੀ ਕਾਰਜਸ਼ੈਲੀ ਬਾਰੇ ਬੋਲੇ ਤਾਂ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ। ਇਹੀ ਸਮਝਿਆ ਗਿਆ ਕਿ ਇਹ ਲੀਡਰ ਅਕਾਲੀ ਦਲ ਦਾ ਕੁਝ ਵੀ ਵਿਗਾੜ ਨਹੀਂ ਸਕਦੇ। ਪਰ ਹੁਣ ਲਗਾਤਾਰ ਫਰਕ ਪੈ ਰਿਹਾ ਹੈ। ਅਕਾਲੀ ਦਲ ਵਿਰੋਧੀਆਂ ਦੁਆਰਾ ਲਗਾਤਾਰ ਘੇਰਿਆ ਜਾ ਰਿਹਾ ਹੈ। ਵਿਰੋਧੀਆਂ ਦੁਆਰਾ ਜੋ ਵੀ ਸੱਚ-ਝੂਠ ਬੋਲਿਆ ਜਾ ਰਿਹਾ ਹੈ ਉਸ ਦਾ ਅਸਰ ਲੋਕਾਂ ਉਤੇ ਹੋ ਰਿਹਾ ਹੈ। ਕੁਝ ਲੋਕ ਉਹ ਜਿਹੇ ਵੀ ਅਕਾਲੀ ਲੀਡਰਸ਼ਿਪ ਦੀ ਆਲੋਚਨਾ ਕਰ ਕਰ ਰਹੇ ਹਨ ਜਿਨ੍ਹਾਂ ਦਾ ਆਪਣਾ ਅਕਸ ਵੀ ਸਿੱਖਾਂ ਵਾਲਾ ਨਹੀਂ ਹੈ। ਪਰ ਹਵਾ ਅਕਾਲੀ ਦਲ ਵਿਰੋਧੀ ਚਲ ਰਹੀ ਹੈ। ਇਸ ਲਈ ਜੇਕਰ ਹੁਣ ਵਾਹਿਗੁਰੂ ਕੋਲ ਅਰਦਾਸ ਕਰਕੇ ਅਕਾਲੀ ਲੀਡਰਸ਼ਿਪ ਵਲੋਂ ਭੁੱਲਾਂ ਬਖਸ਼ਾਉਣ ਦੀ ਅਰਦਾਸ ਕੀਤੀ ਜਾ ਰਹੀ ਹੈ ਤਾਂ ਉਹ ਵਾਹਿਗੁਰੂ ਤੋਂ ਮਤ ਬਖਸ਼ਣ ਦੀ ਮੰਗ ਕਰ ਲੈਣੀ ਚਾਹੀਦੀ ਹੈ ਤਾਂ ਜੋ ਉਸ ਨੂੰ ਮਸਲਿਆਂ ਦੀ ਗੰਭੀਰਤਾ ਸਮਝਣ ਦੀ ਸਮਝ ਆ ਜਾਵੇ ਅਤੇ ਆਪਣੇ ਵਿਰੋਧੀਆਂ ਨੂੰ ਕਮਜ਼ੋਰ ਸਮਝਣਾ ਬੰਦ ਕਰ ਦੇਵੇ।
-
ਦਰਸ਼ਨ ਸਿੰਘ ਦਰਸ਼ਕ, ਲੇਖਕ
darshandarshak@gmail.com
98555-08918
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.