ਐਮਰਜੰਸੀ ਲੱਗਣ ਤੋਂ ਬਾਦ ਪੰਜਾਬੀ ਕਵੀ ਹਰਭਜਨ ਸਿੰਘ ਹੁੰਦਲ ਨੇ ਕੋਈ ਨਜ਼ਮ ਲੋਕ ਲਹਿਰ ਅਖ਼ਬਾਰ ਚ ਛਾਪਣ ਲਈ ਸੰਪਾਦਕ ਸੁਹੇਲ ਸਿੰਘ ਨੂੰ ਭੇਜੀ।
ਦੋ ਤਿੰਨ ਹਫ਼ਤੇ ਬਾਦ ਨਾ ਛਪਣ ਦਾ ਕਾਰਨ ਪੁੱਛਿਆ?
ਸੁਹੇਲ ਸਿੰਘ ਨੇ ਦੱਸਿਆ ਕਿ ਜਿਸ ਖ਼ਾਲੀ ਪੰਨੇ ਤੇ ਸੈਂਸਰ ਦੀ ਭੇਂਟ ਛਾਪਿਆ ਸੀ, ਉਸ ਥਾਂ ਤੇ ਤੇਰੀ ਕਵਿਤਾ ਹੀ ਸੀ ਜੋ ਸੈਂਸਰ ਕਰਨ ਵਾਲੇ ਥਾਣੇਦਾਰ ਨੇ ਕੱਢਵਾ ਦਿੱਤੀ ਸੀ ਅਖੇ ਇਸ ਤੋਂ ਦੇਸ਼ ਦੀ ਏਕਤਾ ਨੂੰ ਖ਼ਤਰਾ ਹੈ।
ਹੁੰਦਲ ਨੇ ਇੱਕ ਸ਼ਿਅਰ ਲਿਖਿਆ
ਦੇਸ਼ ਅਸਾਡਾ ਕਿੱਥੋਂ ਕਿੱਥੇ ਪਹੁੰਚ ਗਿਆ
ਕਵਿਤਾ ਦੇ ਹੁਣ ਅਰਥ ਪੁਲਸੀਏ ਕਰਦੇ ਨੇ।
ਸ਼ੁਕਰ ਹੈ ਬਾਬਰ ਵੇਲੇ ਅਖ਼ਬਾਰ ਨਹੀਂ ਸਨ ਨਹੀਂ ਤਾਂ ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਕਦੇ ਵੀ ਰਾਜੇ ਨੂੰ ਸ਼ੀਂਹ ਤੇ ਮੁਕੱਦਮ ਨੂੰ ਕੁੱਤੇ ਨਹੀਂ ਸੀ ਲਿਖਣ ਦੇਣਾ।
ਪਰ ਬਾਬਾ ਜੀ ਤਾਂ ਪੌਣਾਂ ਚ ਲਿਖਦੇ ਸਨ ਵਕਤ ਦੀ ਇਬਾਰਤ।
ਕਿਹੜਾ ਸੈਂਸਰ ਕਰਦਾ ਹਿੱਕ ਚ ਲਹੂ ਬਣ ਵਹਿੰਦੀ ਬਾਣੀ ਧਾਰਾ ਨੂੰ।
ਸਵਾਲ ਇਥੇ ਆਣ ਖੜ੍ਹਾ ਹੈ ਕਿ ਹਕੂਮਤ ਕਿਸੇ ਵੀ ਤਰ੍ਹਾਂ ਦਾ ਵਿਰੋਧੀ ਸੁਰ ਨਹੀਂ ਸਹਾਰਦੀ।
ਮੋਮ ਦਾ ਨੱਕ ਸੇਕ ਤੋਂ ਤਰਹਿੰਦਾ ਹੈ, ਮਤੇ ਪਿਘਲ ਜਾਵਾਂ?
ਨਾ ਸ਼ੀਸ਼ਾ ਵੇਖਦਾ ਹੈ, ਸਿਰਫ਼ ਸ਼ੀਸ਼ਾ ਤੋੜਦਾ ਹੈ,
ਕਰੂਪ ਚਿਹਰਾ ਵੇਖਣ ਤੋਂ ਡਰ ਕੇ।
ਉਹ ਬਹਿਸ ਤੋਂ ਡਰ ਕੇ ਦਲੀਲ ਤੇ ਕਾਟਾ ਮਾਰਦਾ ਹੈ, ਬਾਹੂਬਲੀ ਕਿਤੇ ਧਰਮ ਅੱਗੇ ਕਰ ਦੇਂਦਾ ਹੈ ਕਦੇ ਨਿੱਕੀਆਂ ਨਿੱਕੀਆਂ ਬੋਟੀਆਂ ਬਣਾ ਕੇ ਸੰਚਾਰ ਮਾਧਿਅਮ ਨੂੰ ਪਾਲਤੂ ਬਣਾਉਂਦਾ ਹੈ।
ਮੂੰਹ ਖਾਵੇ
ਅੱਖਾਂ ਸ਼ਰਮਾਉਣ
ਦਾ ਸਹੀ ਸਰਲ ਅਨੁਵਾਦ ਕਰਦਾ ਹੈ।
ਮੈਨੂੰ ਅੱਜ ਸਵੇਰੇ ਹੀ ਹਾਕੀ ਖਿਡਾਰੀ ਵੀਰ ਲਖਵਿੰਦਰ ਨੇ ਇੱਕ ਤਿੰਨ ਸਤਰੀ ਲਤੀਫ਼ਾ ਭੇਜਿਆ ਹੈ ਪਰ ਮੈਂ ਹੱਸ ਨਹੀਂ ਸਕਿਆ!
ਦੇਸ਼ ਏਨਾ ਹਾਸੋਹੀਣਾ ਬਣ ਗਿਆ ਹੈ ਕਿ ਹੁਣ ਲਤੀਫ਼ੇ ਵੀ ਪੁੱਛਦੇ ਹਨ।
ਅਖੇ! ਕੀ ਕੰਮ ਕਰਦੇ ਹੋ?
ਉੱਤਰ ਸੀ ਕਿ ਪੱਤਰਕਾਰ ਹਾਂ!
ਸਧਾਰਨ ਬੰਦਾ ਵੀ ਪੁੱਛਦਾ ਹੈ
ਕਿਹੜੀ ਪਾਰਟੀ ਦੇ?
ਦੋਸਤੋ ਹੁਣ ਆਪ ਦੱਸੋ,
ਦੇਸ਼ ਅਸਾਡਾ
ਕਿੱਥੋਂ ਕਿੱਥੇ ਪਹੁੰਚ ਗਿਆ?
ਗੰਗਾ ਨਗਰ ਤੋਂ ਸੰਗੀਤ ਸੰਭਾਲ ਮਾਹਿਰ ਸ: ਬਲਦੇਵ ਸਿੰਘ ਸਿੱਧੂ ਜੀ ਨੇ ਮੈਨੂੰ ਦਿੱਲੀ ਯੂਨੀਵਰਸਿਟੀ ਚ ਲੰਮਾ ਸਮਾਂ ਪ੍ਰੋਫੈਸਰ ਰਹੇ ਸ੍ਵ: ਡਾ: ਤਰਲੋਕ ਸਿੰਘ ਕੰਵਰ ਦਾ ਗੀਤ ਘੱਲਿਆ ਹੈ, ਜੋ ਇਸ ਮਾਮਲੇ ਚ ਬੜਾ ਸਹੀ ਹੈ।
ਤੁਸੀਂ ਵੀ ਪੜ੍ਹੋ।
ਗੀਤ
ਤਰਲੋਕ ਸਿੰਘ ਕੰਵਰ (ਡਾ.)
ਕਿੰਨੀ ਵਾਰੀ ਰੋਕਿਆ
ਤੈਨੂੰ ਵੇ ਤਿਲੋਕਿਆ
ਤੂੰ ਰਕੜਾਂ ’ਚ
ਫੁੱਲ ਨਾ ਉਗਾ
ਰੱਕੜਾਂ ’ਚ ਸ਼ੂਕਦੇ ਨੇ
ਬਿਸੀਅਰ ਨਾਗ ਕਾਲੇ
ਡਾਢੀ ਵੇ ਵਿਸੂਲੀ
ਵਗੇ ’ਵਾ
ਗੱਲਾਂ ਅਨਹੋਣੀਆਂ ਨੂੰ
ਹੋਣੀਆਂ ’ਚ ਬਦਲੇਂ
ਸੁਤੀਆਂ ਨੂੰ
ਰਿਹਾ ਏਂ ਜਗਾ
ਫੁੱਲ ਵੇ ਮਲੂਕੜਾ
ਗੁਲਾਬੀ ਭਾਅ ਮਾਰਦਾ
ਨਿੱਕੀ ਨਿੱਕੀ ਉਡੇ ਵਾਸ਼ਨਾ
ਸਣੇ ਫੁੱਲ ਸੱਪਾਂ ਨੇ
ਸਮੇਟੀ ਜਾਣੀ ਵਾਸ਼ਨਾ
ਭੁਲ ਜਾਣੇ ਆਸ਼ਕੀ ਨੂੰ ਰਾਹ
ਪੀੜਾਂ ਵੇ ਵਿਸੂਲੀਆਂ ਦਾ
ਗੀਤ ਪ੍ਰਗੀਤ ਲਿਖੀਂ
ਬੈਠ ਕੇ ਇੱਕਲਾ ਲਵੀਂ ਗਾ
ਗੱਚ ਭਰ ਕੇਰੇਂਗਾ
ਤਤੀਰੀ ਬੰਨ੍ਹ ਅੱਥਰੂ
ਉਹ ਵੀ ਤੇਰੇ
ਸੱਪਾਂ ਜਾਣੇ ਖਾ
ਕਿੰਨੀ ਵਾਰੀ ਰੋਕਿਆ
ਤੈਨੂੰ ਵੇ ਤਿਲੋਕਿਆ
ਤੂੰ ਰਕੜਾਂ ’ਚ
ਫੁੱਲ ਨਾ ਉਗਾ
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.