1984 'ਚ ਪੰਜਾਬ ਵਿੱਚ ਧਰਮ ਯੁੱਧ ਮੋਰਚਾ ਬਹੁਤ ਜਿਆਦਾ ਭਖਿਆ ਹੋਇਆ ਸੀ। ਅਕਾਲੀ ਦਲ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਕੇਂਦਰ ਸਰਕਾਰ ਖਿਲਾਫ ਪੰਜਾਬ ਦੀਆਂ ਰਾਜਨੀਤਕ-ਧਾਰਮਿਕ ਮੰਗਾਂ ਮੰਨਵਾਉਣ ਲਈ ਜ਼ਬਰਦਸਤ ਜੇਲ ਭਰੋ ਮੋਰਚਾ ਸ਼ੁਰੂ ਕੀਤਾ ਹੋਇਆ ਸੀ। ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਵਰਕਰ ਅਕਾਲ ਤਖਤ ਸਾਹਿਬ ਤੋਂ ਇਕੱਠੇ ਹੋ ਕੇ ਜਥੇਦਾਰਾਂ ਦੀ ਅਗਵਾਈ ਹੇਠ ਗ੍ਰਿਫਤਾਰੀਆਂ ਦੇਂਦੇ ਸਨ। ਹੌਲੀ ਹੌਲੀ ਪੰਜਾਬ ਦੀਆਂ ਤਕਰੀਬਨ ਸਾਰੀਆਂ ਜੇਲਾਂ ਹੀ ਅਕਾਲੀਆਂ ਨਾਲ ਭਰਦੀਆਂ ਜਾ ਰਹੀਆਂ ਸਨ। ਪੁਲਿਸ ਤੇ ਜੇਲ ਵਿਭਾਗ ਦੀ ਪਰੇਸ਼ਾਨੀ ਵਧਦੀ ਜਾ ਰਹੀ ਸੀ। ਉਹਨਾਂ ਨੂੰ ਅੰਦੋਲਨਕਾਰੀ ਡੱਕਣ ਲਈ ਜਗਾ ਨਹੀਂ ਮਿਲ ਰਹੀ ਸੀ।
ਪੰਜਾਬ ਦੇ ਤਕਰੀਬਨ ਹਰ ਪਿੰਡ ਵਿੱਚੋਂ ਲੋਕ ਗ੍ਰਿਫਤਾਰੀਆਂ ਦੇਣ ਲਈ ਧੜਾਧੜ ਅੰਮ੍ਰਿਤਸਰ ਪਹੁੰਚ ਰਹੇ ਸਨ। ਤਰਨਤਾਰਨ ਲਾਗਲੇ ਇੱਕ ਪਿੰਡ ਦਾ ਰਹਿਣ ਵਾਲਾ ਸੰਤਾ ਅਮਲੀ ਵੀ ਰੋਜ਼ ਮੋਰਚੇ ਬਾਰੇ ਖਬਰਾਂ ਸੁਣਦਾ ਰਹਿੰਦਾ ਸੀ। ਉਹ ਛੜਾ ਛਾਂਟ ਵਿਹਲੜ ਬੰਦਾ ਸੀ। ਨਸ਼ੇ ਪੱਤੇ ਜੋਗਾ ਮਾੜਾ ਮੋਟਾ ਦਿਹਾੜੀ ਦੱਪਾ ਕਰ ਛੱਡਦਾ ਸੀ। ਸਰਦੀਆਂ ਦੇ ਦਿਨ ਸਨ ਤੇ ਕੰਮ ਕਾਰ ਕੋਈ ਹੈ ਨਹੀਂ ਸੀ। ਸੰਤੇ ਦਾ ਆਟਾ ਵੀ ਖਤਮ ਹੋਣ ਵਾਲਾ ਹੋ ਗਿਆ। ਉਸ ਨੇ ਸੋਚਿਆ ਕਿ ਮੋਰਚੇ ਦੀ ਆੜ ਹੇਠ ਅਰਾਮ ਨਾਲ ਮਹੀਨਾ ਦੋ ਮਹੀਨੇ ਜੇਲ ਵਿੱਚ ਰਹਾਂਗੇ। ਮੁਫਤ ਵਿੱਚ ਰੋਟੀ ਪਾਣੀ ਅਤੇ ਰਹਿਣ ਦਾ ਪ੍ਰਬੰਧ ਹੋ ਜਾਵੇਗਾ ਨਾਲੇ ਸਰਦੀ ਕੱਟੀ ਜਾਵੇਗੀ।
ਅਗਲੇ ਜਥੇ ਵਿੱਚ ਸ਼ਾਮਲ ਹੋਣ ਲਈ ਉਹ ਵੀ ਪਿੰਡ ਦੇ ਜਥੇਦਾਰ ਨਾਲ ਅੰਮ੍ਰਿਤਸਰ ਪਹੁੰਚ ਗਿਆ। ਥਾਣੇ ਲਿਜਾ ਕੇ ਪੁਲਿਸ ਵੱਲੋਂ ਗ੍ਰਿਫਤਾਰੀ ਦੇਣ ਵਾਲੇ ਜਥੇ ਦੀਆਂ ਲਿਸਟਾਂ ਬਣਾਈਆਂ ਜਾਂਦੀਆਂ ਸਨ ਜੋ ਗ੍ਰਿਫਤਾਰੀ ਪਾਈ ਜਾ ਸਕੇ। ਜਥੇਦਾਰਾਂ ਵੱਲੋਂ ਸਖਤ ਹਦਾਇਤਾਂ ਸਨ ਕਿ ਪੁਲਿਸ ਵੱਲੋਂ ਪੁੱਛੇ ਜਾਣ 'ਤੇ ਪਿੰਡ ਦਾ ਨਾਂ ਸ੍ਰੀ ਆਨੰਦਪੁਰ ਸਾਹਿਬ ਤੇ ਪਿਤਾ ਦਾ ਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੀ ਦੱਸਣਾ ਹੈ। ਸੰਤਾ ਵੀ ਆਪਣੀ ਵਾਰੀ ਦੀ ਉਡੀਕ ਕਰਨ ਲੱਗ ਪਿਆ।
ਲਿਸਟਾਂ ਬਣਾਉਣ ਵਾਲਾ ਥਾਣੇਦਾਰ ਲਿਸਟਾਂ ਬਣਾ ਬਣਾ ਕੇ ਖਿਝਿਆ -ਖਪਿਆ ਪਿਆ ਸੀ। ਉਹ ਕਈ ਦਿਨਾਂ ਤੋਂ ਇਸੇ ਖੁਸ਼ਕ ਕੰਮ ਲੱਗਾ ਹੋਇਆ ਸੀ। ਉਸ ਦੀ ਐਸ.ਐਚ.ਉ. ਨਾਲ ਬਣਦੀ ਨਹੀਂ ਸੀ। ਇਸ ਲਈ ਐਸ.ਐਚ.ਉ. ਉਸ ਨੂੰ ਇਸ ਮੁਫਤ ਦੀ ਵਗਾਰ ਵਾਲੇ ਕੰਮ ਲਗਾ ਛੱਡਦਾ ਸੀ। ਨਾ ਕੋਈ ਦਰਖਾਸਤਾ ਦਿੰਦਾ ਤੇ ਨਾ ਹੀ ਕੋਈ ਉੱਪਰ ਦੀ ਕਮਾਈ ਵਾਲਾ ਕਾਗਜ਼। ਜਦੋਂ ਸੰਤੇ ਦੀ ਵਾਰੀ ਆਈ ਤਾਂ ਉਸ ਦੀ ਮੁੰਨੀ ਭੇਡ ਵਰਗੀ ਸ਼ਕਲ ਵੇਖ ਕੇ ਤੇ ਉਸ ਕੋਲੋਂ ਆਉਂਦੀ ਬਦਬੂ ਤੋਂ ਥਾਣੇਦਾਰ ਹੋਰ ਖਿਝ ਗਿਆ, “ਨਾਂ ਦੱਸ ਉਏ ਆਪਣਾ ਵੱਡਿਆ ਜਥੇਦਾਰਾ?” “ਜੀ ਸੰਤਾ ਸਿੰਘ।” ਥਾਣੇਦਾਰ ਰੁੱਖਾ ਜਿਹਾ ਬੋਲਿਆ, “ਪਿੰਡ?” “ਜੀ ਆਨੰਦਪੁਰ ਸਾਹਿਬ,” ਸੰਤਾ ਥੋੜਾ ਆਕੜ ਕੇ ਜੇ ਬੋਲਿਆ। ਹਰੇਕ ਵੱਲੋਂ ਆਉਂਦਾ ਇਹ ਉੱਤਰ ਸੁਣ ਕੇ ਥਾਣੇਦਾਰ ਹੋਰ ਸੜ ਬਲ ਗਿਆ, “ਪਿਉ ਦਾ ਨਾਂ?” ਸੰਤੇ ਦਾ ਜੋਸ਼ ਉਬਾਲੇ ਖਾਣ ਲੱਗਾ, “ਲਿਖੋ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ।” ਥਾਣੇਦਾਰ ਦਾ ਸਬਰ ਜਵਾਬ ਦੇ ਗਿਆ। ਉਸ ਨੇ ਵੱਟ ਕੇ ਚੁਪੇੜ ਸੰਤੇ ਦੇ ਬੂਥੇ 'ਤੇ ਮਾਰੀ, “ਸਾਲੀ ਭੈੜੀ ਸ਼ਕਲ। ਭੂਤਨੀ ਦਿਆ ਬਾਂਦਰਾ ਜਿਹਾ ਤੂੰ ਮਾੜੇ ਮੋਟੇ ਘਰ ਤਾਂ ਅਵਤਾਰ ਈ ਨਹੀਂ ਧਾਰਦਾ।” ਸੰਤੇ ਦੇ ਮੂੰਹ ਵਿੱਚ ਭਰਿਆ ਜ਼ਰਦਾ ਥਾਣੇ ਦੇ ਵਿਹੜੇ ਵਿੱਚ ਖਿਲਰ ਗਿਆ।
-
ਬਲਰਾਜ ਸਿੰਘ ਸਿੱਧੂ, ਐਸ.ਪੀ ਪੰਜਾਬ ਪੁਲਿਸ
bssidhupps@gmail.com
9501100062
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.