ਖ਼ਬਰ ਹੈ ਕਿ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਚੋਣਾਂ ਦਸੰਬਰ ਦੇ ਅਖੀਰ 'ਚ ਹੋਣ ਜਾ ਰਹੀਆਂ ਹਨ। ਇਹ ਚੋਣਾਂ ਕਰਵਾਉਣ ਲਈ ਪੰਜਾਬ ਸਰਕਾਰ ਨੇ ਨੋਟੀਫੀਕੇਸ਼ਨ ਜਾਰੀ ਕਰਕੇ ਚੋਣ ਕਮਿਸ਼ਨ ਨੂੰ ਚੋਣਾਂ ਕਰਾਉਣ ਲਈ ਕਹਿ ਦਿੱਤਾ ਹੈ। ਹੁਣ ਚੋਣ ਕਮਿਸ਼ਨ ਤਾਰੀਖ ਮਿੱਥਕੇ ਚੋਣ ਕਰਵਾ ਦਏਗਾ।
ਲਉ ਜੀ, ਹੋ ਗਿਆ ਵੋਟਾਂ ਦਾ ਦੌਰ ਸ਼ੁਰੂ । ਲਉ ਜੀ, ਹੋ ਗਿਆ ਨੋਟਾਂ ਦਾ ਦੌਰ ਸ਼ੁਰੂ। ਲਉ ਜੀ, ਹੋ ਗਿਆ ਸੋਟਾਂ ਅਤੇ ਛੋਟਾਂ ਦਾ ਧੌਰ ਸ਼ੁਰੂ। ਲਉ ਜੀ, ਹੋ ਗਿਆ ਚਿੱਟੇ, ਕਾਲੀ, ਭੂਰੀ ਅਤੇ ਬੋਤਲ ਵਿਚਲੀ ਪਰੀ ਦਾ ਦੌਰ ਸ਼ੁਰੂ!! ਮਸਾਂ ਤਾਂ, ਸੁਖਾਂ ਸੁਖਦਿਆਂ ਨੂੰ ਦਿਨ ਆਇਆ ਆ, ਵਿਹੜਿਆਂ 'ਚ, ਪਿੱਪਲਾਂ, ਬੋਹੜਾਂ ਥੱਲੇ, ਥੜਿਆਂ 'ਤੇ, ਚੌਪਾਲਾਂ 'ਚ ਗੱਪਾਂ ਮਾਰਨ ਦਾ। ਇੱਕ ਦੂਜੇ ਨੂੰ ਨਿੰਦਣ ਦਾ। ਇੱਕ ਦੂਜੇ ਨੂੰ ਛਾਂਗਣ ਦਾ। ਇੱਕ ਦੂਜੇ ਦਾ ਸਿਰ ਪਾੜਨ ਦਾ। ਇੱਕ ਦੂਜੇ ਦੇ ਗਿੱਟੇ, ਡਾਂਗਾਂ ਨਾਲ ਭੰਨਣ ਦਾ। ਇੱਕ ਦੂਜੇ 'ਤੇ ਤੋਹਮਤਾਂ ਜੜ੍ਹਨ ਦਾ। ਦੋਸਤੀਆਂ ਟੁੱਟਣ ਅਤੇ ਦੁਸ਼ਮਣੀਆਂ ਸਹੇੜਨ ਦਾ!
ਹੁਣ ਨੇਤਾ ਆਉਣਗੇ। ਹੁਣ ਨੇਤਾ, ਸ਼ਤਰੰਜ ਦੀ ਬਾਜੀ ਲਾਉਣਗੇ। ਹੁਣ ਨੇਤਾ, ਕਿਸੇ ਦੇ ਪੁੱਤ ਨੂੰ ਨੌਕਰੀ, ਕਿਸੇ ਦੀ ਧੀ ਨੂੰ ਪਿਆਰ, ਕਿਸੇ ਦੇ ਭਾਈ ਨੂੰ ਲਾਰਾ, ਕਿਸੇ ਦੇ ਜੁਆਈ ਨੂੰ ਫੌਕੀ ਇੱਜ਼ਤ ਦੇਣਗੇ ਅਤੇ ਵਿਚਾਰਾ ਦੋ ਖਣ ਕੱਚੇ ਮਕਾਨ ਵਾਲਾ, ਅਤੇ ਵਿਚਾਰਾ ਮਸਾਂ ਰੋਟੀ ਦਾ ਟੁੱਕ ਖਾਣ ਵਾਲਾ ਅਤੇ ਵਿਚਾਰਾ ਮਸਾਂ ਢਿੱਡ ਨੂੰ ਝੁਲਕਾ ਦੇਣ ਵਾਲਾ ਘਰ ਦਾ ਬਾਹਰਲਾ ਕੁੰਡਾ, ਬੂਹਾ ਲਾਕੇ, ਜਾਂ ਸਿਆਲੇ ਦੇ ਦਿਨਾਂ 'ਚ ਝੁੰਗਲਮਾਟਾ ਮਾਰਕੇ, ਇਧਰ-ਉਧਰ ਲੁਕਦਾ ਫਿਰੂ? ਕਿਉਂਕਿ ਵਿਚਾਰੇ ਨੂੰ ਇਹ ਪੰਚੀ ਦੇ, ਖੜਪੰਚੀ ਦੇ ਉਮੀਦਵਾਰ ਨਾ ਦਿਨੇ ਚੈਨ ਲੈਣ ਦਿੰਦੇ ਆ, ਨਾ ਰਾਤੀਂ। ਬੱਸ ਆਖੀ ਜਾਂਦੇ ਆ, ਤਾਊ "ਸਾਡੀ ਲਾਲਟੈਨ ਨੂੰ ਵੋਟ ਪਾਈਂ", ਸਾਡੀ ਛੱਤਰੀ ਨੂੰ ਵੋਟ ਪਾਈਂ", ਸਾਡੇ ਮੇਜ ਤੇ ਮੋਹਰ ਲਾਈਂ" ਪਰ ਵਿਚਾਰਾ ਤਾਊ ਤਾਂ ਇਹੋ ਸੋਚੀ ਜਾਂਦਾ, "ਚੋਣਾਂ ਲੜਨ ਵਾਲੇ ਬੜਾ ਤੰਗ ਕਰਦੇ, ਕਿਹੜਾ ਚੋਰ ਚੰਗਾ? ਕੀਹਨੂੰ ਵੋਟ ਪਾਵਾਂ"?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਸਾਲ 1990 ਵਿੱਚ ਜਿਥੇ ਸਾਡੇ ਦੇਸ਼ ਦੇ ਸੱਤਰ ਲੱਖ ਲੋਕ ਵਿਦੇਸ਼ਾਂ ਵਿੱਚ ਰਹਿ ਰਹੇ ਸਨ, ਉਥੇ 2017 ਵਿੱਚ ਇੱਕ ਕਰੋੜ ਸੱਤਰ ਲੱਖ ਲੋਕ ਵਿਦੇਸ਼ਾਂ ਵਿੱਚ ਰਹਿਣ ਲੱਗੇ ਹਨ। ਸਭ ਤੋਂ ਜਿਆਦਾ ਭਾਰਤੀਆਂ ਦੀ ਜਨ ਸੰਖਿਆ ਵਿੱਚ ਵਾਧਾ ਕਤਰ ਦੇਸ਼ ਵਿੱਚ ਹੋਇਆ ਹੈ।
ਇੱਕ ਵਿਚਾਰ
ਖੇਤੀ ਕਿਸੇ ਵੀ ਸਭਿਅਤਾ ਅਤੇ ਸਥਿਰ ਆਰਥਿਕਤਾ ਦੀ ਅਧਾਰਸ਼ਿਲਾ ਹੈ।..........ਏਲਨ ਸਾਔਰੀ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.