ਖ਼ਬਰ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਮ ਮੁਹੰਮਦ ਕੁਰੈਸ਼ੀ ਨੇ ਇਹ ਕਹਿਕੇ ਕਰਤਾਰਪੁਰ ਲਾਂਘੇ ਦਾ ਉਦਘਾਟਨੀ ਸਮਾਰੋਹ ਅਸਲ 'ਚ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ 'ਗੁਗਲੀ' ਸੀ, ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਹਨਾ ਕਿਹਾ ਕਿ ਇਮਰਾਨ ਖਾਨ ਨੇ 'ਗੁਗਲੀ' ਸੁੱਟੀ ਅਤੇ ਉਸ ਗੁਗਲੀ ਦਾ ਹੀ ਨਤੀਜਾ ਸੀ ਕਿ ਹਿੰਦੋਸਤਾਨ ਸਾਨੂੰ ਮਿਲਣ ਤੋਂ ਕੰਨੀ ਕਤਰਾ ਰਿਹਾ ਸੀ, ਨੂੰ ਆਪਣੇ ਦੋ ਮੰਤਰੀਆਂ ਹਰਸਿਮਰਤ ਕੌਰ ਅਤੇ ਹਰਦੀਪ ਸਿੰਘ ਨੂੰ ਪਾਕਸਿਤਾਨ ਭੇਜਣਾ ਪਿਆ।
ਬਾਬਾ ਨਾਨਕ ਸੱਚ ਦਾ ਰਸਤਾ ਵਿਖਾਉਂਦਾ ਰਿਹਾ। ਭੁਲਿਆਂ-ਭਟਕਿਆਂ ਨੂੰ ਰਸਤਾ ਵਿਖਾਉਂਦਾ ਰਿਹਾ। ਬਾਬਾ ਨਾਨਕ ਹੱਥੀਂ ਕਿਰਤ ਕਰਦਾ ਰਿਹਾ ਅਤੇ ਕਿਰਤ ਕਰ, ਵੰਡਕੇ ਛੱਕਣ ਦਾ ਉਪਦੇਸ਼ ਸੁਣਾਉਂਦਾ ਰਿਹਾ। ਆਹ ਵੇਖ ਲਓ, ਬਾਬੇ ਨਾਨਕ ਦੇ ਭਗਤ! ਆ ਵੇਖ ਲਓ ਗੁਰੂ ਨਾਨਕ ਲੇਵਾ!! ਆਹ ਵੇਖ ਲਓ, ਸੱਚ ਦੇ ਉਪਾਸ਼ਕ!!!ਉਧਰ ਵੀ "ਗੁਗਲੀਆਂ" ਛੱਡਦੇ ਨੇ ਅਤੇ ਇਧਰ ਵੀ ਚੌਕੇ ਛੱਕੇ ਲਾਈ ਜਾਂਦੇ ਨੇ, ਲੋਕਾਂ ਨੂੰ ਭਰਮਾਈ ਜਾਂਦੇ ਨੇ। ਅਤੇ ਆਪਣੇ ਪਿੱਠ, ਆਪੇ ਹੀ ਥਪਥਪਾਈ ਜਾਂਦੇ ਨੇ। ਗੱਲ ਤਾਂ ਐਨੀ ਹੀ ਸੀ ਕਿ ਦੋਹਾਂ ਸਰਕਾਰਾਂ ਬਾਬੇ ਨਾਨਕ ਦੇ ਭਗਤਾਂ ਨੂੰ ਦਸ ਫੁਟਾ ਲਾਂਘਾ ਹੀ ਦੇਣਾ ਸੀ, ਜੀਹਦੇ ਰਾਹੀਂ ਜਾਕੇ ਉਹ ਬਾਬੇ ਦੇ ਖੇਤ ਦੇਖ ਸਕਣ, ਜਿਥੇ ਬਾਬਾ ਹਲ ਵਾਹੁੰਦਾ ਰਿਹਾ। ਉਸ ਗੁਰਦੁਆਰੇ ਦੇ ਦਰਸ਼ਨ ਕਰ ਸਕਣ, ਜਿਥੇ ਬਾਬਾ ਸੱਚ ਦਾ ਹੋਕਾ ਦਿੰਦਾ ਰਿਹਾ।
ਇਧਰਲੇ ਹੋਣ ਜਾਂ ਉਧਰਲੇ ਉਪਰਲਿਆਂ ਕੀ ਲੈਣਾ ਆਂ ਬਾਬੇ ਦੇ ਹੋਕੇ ਤੋਂ, ਉਹਨਾ ਨੂੰ ਤਾਂ ਵੋਟਾਂ ਦੀ ਲੋੜ ਆ। ਉਹਨਾ ਕੀ ਲੈਣਾ ਆ ਬਾਬੇ ਦੇ ਉਪਦੇਸ਼ ਤੋਂ, ਉਹਨਾ ਨੂੰ ਤਾਂ ਭਾਈ ਲੋਕਾਂ ਤੇ ਭੀੜ ਦੀ ਲੋੜ ਆ। ਉਹ ਤਾਂ ਇਕੋ ਦਾਅ ਤੇ ਰਹਿੰਦੇ ਆ। ਤਦੇ ਇਹੋ ਜਿਹੇ ਛਲੇਡਿਆਂ ਬਾਰੇ ਇੱਕ ਕਵੀ ਲਿਖਦਾ ਆ, "ਡੂੰਘੇ ਪਾਣੀਆਂ ਵਿੱਚ ਜੋ ਤੈਰਦੀ ਏ, ਮੱਛੀ ਸੱਜਣਾ ਕਿਸ ਤਰ੍ਹਾਂ ਫੜੀ ਜਾਵੇ"।
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.