ਖ਼ਬਰ ਹੈ ਕਿ ਰਾਜਸਥਾਨ ਵਿੱਚ ਇਸ ਵੇਰ ਮੁੱਦਾ ਵਿਹੀਨ ਚੋਣਾਂ ਵਿੱਚ ਜਿਥੇ ਭਾਜਪਾ ਜੋਰ-ਸ਼ੋਰ ਨਾਲ ਹਿੰਦੂਤਵ ਨੂੰ ਮੁੱਦਾ ਬਨਾਉਣ 'ਚ ਜੁੱਟੀ ਹੈ, ਉਥੇ ਕਾਂਗਰਸ ਨੂੰ ਵੀ ਆਪਣੀ ਰਾਜਨੀਤੀ 'ਚ ਬਦਲਾਅ ਕਰਨਾ ਪੈ ਰਿਹਾ ਹੈ। ਭਾਜਪਾ ਦੇ ਨੇਤਾਵਾਂ ਨੇ ਰਾਜਸਥਾਨ ਵਿੱਚ 80 ਮਠਾ ਅਤੇ ਮੰਦਰਾਂ ਦੇ ਦਰਸ਼ਨ ਦੀਦਾਰੇ ਕੀਤੇ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਚੋਣ ਪ੍ਰਚਾਰ ਦੀ ਸ਼ੁਰੁਆਤ ਪੁਸ਼ਕਰ ਦੇ ਮੰਦਰ ਅਤੇ ਪਵਿੱਤਰ ਸਰੋਵਰ 'ਚ ਪੂਜਾ ਕਰਨ ਉਪਰੰਤ ਕੀਤੀ ਹੈ। ਭਾਜਪਾ ਦੇ ਸੈਂਕੜੇ ਨੇਤਾ ਸਮੇਤ ਮੋਦੀ, ਸ਼ਾਹ ਅਤੇ ਯੂਪੀ ਦੇ ਮੁੱਖਮੰਤਰੀ ਅਦਿਤਿਆਨਾਥ ਸ਼ਾਮਲ ਹਨ ਜਦਕਿ ਕਾਂਗਰਸ ਵਲੋਂ ਵੱਡੀ ਗਿਣਤੀ 'ਚ ਨੇਤਾਵਾਂ ਵਿੱਚ ਰਾਹੁਲ, ਸਥਾਨਕ ਨੇਤਾ ਅਤੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਸ਼ਾਮਲ ਹਨ। ਮੱਧ ਪ੍ਰਦੇਸ਼ ਦੀਆਂ ਦੂਜੇ ਦੌਰ ਦੀਆਂ ਚੋਣਾਂ ਲਈ ਵੀ ਨੇਤਾ ਚੋਣ ਪ੍ਰਚਾਰ 'ਚ ਜੁੱਟੇ ਹਨ। ਅਤੇ ਲੀਡਰਾਂ ਦੀ ਹੇੜ ਦੀ ਹੇੜ ਉਹਨਾ ਮਗਰ ਘੁੰਮਦੀ ਨਜ਼ਰ ਆਉਂਦੀ ਹੈ।
ਡਾਕਟਰ ਦਾ ਪੁੱਤ ਡਾਕਟਰ। ਇੰਜੀਨੀਅਰ ਦਾ ਪੁੱਤ ਇੰਜੀਨੀਅਰ। ਜੱਜ ਦਾ ਪੁੱਤ ਜੱਜ ਅਤੇ ਭਾਈ ਲੀਡਰ ਦਾ ਪੁੱਤ ਉਸ ਤੋਂ ਵੀ ਵੱਡਾ ਲੀਡਰ! ਇਹੋ ਰੀਤ ਚਲੀ ਜਾ ਰਹੀ ਹੈ ਦੇਸ਼ 'ਚ! ਡਾਕਟਰ, ਲੋਕਾਂ ਦੀਆਂ ਜੇਬਾਂ ਹੌਲੀਆਂ ਕਰ ਦਿੰਦਾ ਆ। ਇੰਜੀਨੀਅਰ, ਲੁੱਕ ਬਜ਼ਰੀ ਆਪ ਖਾਕੇ ਵੱਡਿਆਂ ਅਫ਼ਸਰਾਂ, ਨੇਤਾਵਾਂ ਨੂੰ ਰਜਾ ਦਿੰਦਾ ਆ। ਜੱਜ, ਇਨਸਾਫ ਦਾ ਲਾਰਾ ਲਾ ਜਵਾਨਾਂ ਨੂੰ ਬੁਢੇਪਾ ਅਤੇ ਬੁਢਿਆਂ ਨੂੰ ਅਗਲੇ ਦੁਆਰ ਪਹੁੰਚਾਣ ਦਾ ਕੰਮ ਕਰ ਦਿੰਦਾ ਆ ਅਤੇ ਨੇਤਾ ਲੋਕਾਂ ਦਾ ਖੂਨ ਚੂਸ, ਪੰਜਾਂ ਵਿਚੋਂ ਪੌਣੇ ਪੰਜ ਵਰ੍ਹੇ ਮਖਮਲੀ ਗੱਦਿਆਂ 'ਤੇ ਸੌਂਦਾ, ਏ ਸੀ ਕਮਰਿਆਂ ਦੀ ਸ਼ਾਨ ਵਧਾਉਂਦਾ, ਚੋਣਾਂ ਵੇਲੇ ਝੂਠ ਫਰੇਬ ਨਾਲ ਉਹ ਡੰਕਾ ਵਜਾਉਂਦਾ ਆ ਕਿ ਲੋਕਾਂ ਦੇ ਕੰਨ ਪੱਕ ਜਾਣ, ਲੋਕ ਅੱਕ ਜਾਣ ਅਤੇ ਆਪਣੀ ਵੋਟ ਬੇਬਸੀ 'ਚ ਵੱਧ ਬੋਲਣ ਵਾਲੇ, ਉਚਾ ਬੋਲਣ ਵਾਲੇ ਨੂੰ ਪਾ ਦੇਣ। ਉਂਜ ਭਾਈ ਦੇਖੋ ਨੇਤਾ ਦੀ ਬਰਾਦਰੀ ਹੁਣ ਵਧਦੀ ਹੀ ਜਾਂਦੀ ਆ, ਜਿਸ ਵਿੱਚ ਨਾ ਗੋਤ ਪਰਖਿਆ ਜਾਂਦਾ ਨਾ ਜਾਤ। ਨਾ ਧਰਮ ਵੇਖਿਆ ਜਾਂਦਾ, ਨਾ ਰੰਗ। ਬੱਸ ਇਕੋ ਗੱਲ ਵੇਖੀ ਜਾਂਦੀ ਆ, ਕਿ ਨੇਤਾ ਨਕਲਾਂ ਕਰ ਸਕਦਾ ਆ, ਝੂਠ ਬੋਲ ਸਕਦਾ ਆ, ਨੇਤਾ ਅਡੰਬਰ ਕਰ ਸਕਦਾ ਆ, ਨੇਤਾ ਘੁਟਾਲਾ, ਘਪਲਾ ਕਰਕੇ ਵੀ ਪਾਕ ਸਾਫ ਰਹਿਣ ਦਾ ਗੁਰ ਜਾਣਦਾ ਆ ਕਿਉਂਕਿ ਭਾਈ ਇਹੋ ਜਿਹੇ ਲੋਕਾਂ ਦਾ ਪਸਾਰ ਵੱਧ ਰਿਹਾ ਹੈ, ਇਸੇ ਕਰਕੇ ਨੇਤਾ ਵੱਧ ਰਹੇ ਹਨ, ਫੁਲ ਰਹੇ ਹਨ, "ਟਿੱਡੀ ਦਲ ਦੇ ਵਾਂਗ ਨੇ ਵਧੇ ਵੇਖੋ, ਇੱਕ ਇੱਕ ਦੀ ਥਾਂ ਨੇ ਚਾਰ ਲੀਡਰ"।
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.