'ਸਪੋਰਟਸਮੈਨ ਆਫ ਪੰਜਾਬ' ਇੱਕ ਕਿਤਾਬ ਹੈ ਜਿਸ ਵਿੱਚ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦਾ ਜੀਵਨ ਬਿਊਰਾ ਮਿਲਦਾ ਹੈ। ਪੜ ਕੇ ਮਨ ਨੂੰ ਖੁਸ਼ੀ, ਤਨ ਨੂੰ ਤਾਕਤ ਅਤੇ ਨਾਲ ਦੀ ਨਾਲ ਇੱਕ ਸੇਧ ਵੀ ਮਿਲਦੀ ਹੈ। ਇਸ ਕਿਤਾਬ 'ਚ ਕਿੱਕਰ ਸਿੰਹੁ ਪਹਿਲਵਾਨ ਤੋਂ ਲੈ ਕੇ ਅੱਜ ਤੱਕ ਦੇ ਖਿਡਾਰੀਆਂ ਦੀਆਂ ਕੀਤੀਆਂ ਪ੍ਰਾਪਤੀਆਂ ਪੜ ਕੇ ਮਾਣ ਮਹਿਸੂਸ ਹੁੰਦਾ ਹੈ। ਮਹਾਬਲੀ ਸ਼ਰੀਰਕ ਤਾਕਤ ਦੇ ਇਹ ਖਿਡਾਰੀ ਇੱਕ ਮਿਸਾਲ ਸਨ। ਅੰਨੇ ਜੋਰ ਦੇ ਮਾਲਕ ਅਤੇ ਮਸਤ ਸੁਭਾਅ ਦੇ ਇਹਨਾਂ ਖਿਡਾਰੀਆਂ ਨੇ ਪੰਜਾਬ ਦੀ ਜਵਾਨੀ ਨੂੰ ਇੱਕ ਸੇਧ ਦਿੱਤੀ ਸੀ। ਪਰ ਸਮੇਂ ਦੇ ਨਾਲ ਸਭ ਕੁੱਝ ਬਦਲ ਗਿਆ। ਨੌਜਵਾਲਾਂ ਵਿੱਚ ਖੇਡਾਂ ਪ੍ਰਤੀ ਦਿਲਚਪੀ ਘੱਟਦੀ ਗਈ ਅਤੇ ਨਸ਼ਿਆਂ ਦੀ ਲਲਕ ਨੇ ਉਹਨਾਂ ਨੂੰ ਖੋਖਲ਼ੇੇ ਕਰ ਦਿੱਤਾ।
ਸਰਕਾਰੀ ਸਰਵੇਖਣ ਦੱਸਦੇ ਹਨ ਕਿ ਪੰਜਾਬ ਦਾ ਫੀਸਦੀ ਨੌਜਵਾਨ ਅੱਜ ਕਿਸੇ ਨਾ ਕਿਸੇ ਨਸ਼ੇ ਦੇ ਸੇਵਨ ਦਾ ਸ਼ਿਕਾਰ ਹਨ। ਦਾਰੂ ਤੋਂ ਸ਼ੁਰੂ ਹੋਇਆ ਇਹ ਨਸ਼ਾਂ ਟੀਕਿਆਂ ਅਤੇ ਸਮੈਕਾਂ 'ਤੇ ਜਾ ਕੇ ਮੁੱਕਦਾ ਹੈ। ਹਰ ਮੋੜ 'ਤੇ ਖੁੱਲੇ ਠੇਕਿਆ ਨੇ ਸ਼ਰਾਬ ਦੇ ਕਾਰੋਬਾਰ ਨੂੰ ਤਾਂ ਜਰੂਰ ਹੁਲਾਰਾ ਦਿੱਤਾ ਹੈ ਪਰ ਨੌਜਵਾਨੀ ਨੂੰ ਗਰਕ ਕਰਨ 'ਚ ਇਸਨੇ ਅਹਿਮ ਰੋਲ ਨਿਭਾਇਆ ਹੈ। ਦੁੱਧ ਮੱਖਣਾਂ ਨਾਲ ਪਲ਼ੇ ਸ਼ਰੀਰ ਸ਼ਰਾਬਾਂ ਅਤੇ ਹੋਰ ਨਸ਼ਿਆਂ ਨੇ ਤੀਲਿਆਂ ਵਰਗੇ ਕਰ ਦਿੱਤੇ ਹਨ। ਘਰ ਪਰਿਵਾਰਾਂ 'ਚ ਕਲੇਸ਼ ਵਧੇ ਹਨ। ਪਹਿਲਾਂ ਹੀ ਖਰਚਿਆਂ ਦੀ ਮਾਰ ਝੱਲਦਾ ਵਿਅਕਤੀ ਨਸ਼ਿਆਂ ਦੇ ਖਰਚੇ ਕਾਰਨ ਹੋਰ ਆਰਥਿਕ ਬੋਝ ਦਾ ਸ਼ਿਕਾਰ ਹੋ ਰਿਹਾ ਹੈ। ਇੱਕਲੀ ਸ਼ਰਾਬ ਦੀ ਵੀਕਰੀ ਅਤੇ ਇਸ ਉੱਤੇ ਲਗਦੇ ਟੈਕਸ ਨਾਲ ਸੂਬਾ ਸਰਕਾਰ ਨੂੰ ਹਰ ਸਾਲ ਅਰਬਾਂ ਰੁਪਏ ਦਾ ਫਾਇਦਾ ਹੁੰਦਾ ਹੈ ਅਤੇ ਦੂਜੇ ਪਾਸੇ ਇਸ ਨਾਲ ਹਰ ਸਾਲ ਹਜਾਰਾਂ ਹੀ ਕੀਮਤੀ ਜਾਨਾਂ ਸਦਾ ਲਈ ਆਪਣੇ ਪਰਿਵਾਰ ਛੱਡ ਕੇ ਇਸ ਜਹਾਨ ਤੋਂ ਕੂਚ ਕਰ ਜਾਂਦੀਆਂ ਹਨ। ਪੈਸਾ ਕਮਾਉਣ ਲਈ ਮਨੁੱਖੀ ਜਾਨਾਂ ਨਾਲ ਖੇਡਣਾਂ ਠੀਕ ਨਹੀਂ।
ਬਿਹਾਰ ਦੀ ਜਨਤਾ ਨਾਲ ਕੀਤੇ ਵਾਅਦੇ ਨੂੰ ਨਿਭਾਉਂਦੇ ਹੋਏ ਉੱਥੋਂ ਦੇ ਮੁੱਖ ਮੰਤਰੀ ਨੇ ਸ਼ਰਾਬ ਬੰਦੀ ਕਰ ਦਿੱਤੀ ਹੈ। ਇਸ ਨਾਲ ਉੱਥੋਂ ਦੇ ਸਮਾਜਿਕ ਵਾਤਾਵਰਨ ਵਿੱਚ ਕਾਫੀ ਸੁਧਾਰ ਹੋਇਆ ਹੈ ਅਤੇ ਔਰਤਾਂ ਨਾਲ ਝਗੜਿਆਂ ਦੀ ਦਰ ਵਿੱਚ ਕਮੀ ਆਈ ਹੈ। ਇਹ ਸੋਚਣ ਵਾਲੀ ਗੱਲ ਹੈ ਕਿ ਜਿਸ ਨੌਜਵਾਨ ਨੇ ਚੜਦੀ ਜਵਾਨੀ 'ਚ ਹੀ ਨਸ਼ਿਆਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ ਹੋਵੇ ਉਸਦਾ ਬਾਕੀ ਜੀਵਨ ਕਿਵੇਂ ਗੁਜਰੇਗਾ। ਮਾਂ ਬਾਪ ਨੂੰ ਮਿਹਨਤ ਕਰਕੇ ਕਮਾ ਕੇ ਖਵਾਉਣ ਵਾਲਾ ਨੌਜਵਾਨ ਪੁੱਤ ਜਦੋਂ ਨਸ਼ਿਆਂ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ਮਾਂ ਬਾਪ ਦਾ ਇਸ ਦੁਨੀਆਂ 'ਤੇ ਰਹਿਣ ਦਾ ਕੋਈ ਠਿਕਾਣਾ ਨਹੀਂ ਰਹਿੰਦਾ। ਕੌਡੀਆਂ ਅਤੇ ਅਖਾੜਿਆਂ ਦੀ ਸ਼ਾਨ ਪੰਜਾਬੀ ਗਭਰੂ ਅੱਜ ਨਸ਼ਿਆਂ ਦੀ ਮਦਹੋਸ਼ੀ ਵਿੱਚ ਸਮਾਉਂਦਾ ਨਜਰ ਆ ਰਿਹਾ ਹੈ ਅਤੇ ਲਗਦੈ ਜਿਵੇਂ ਸ਼ਰੀਰਕ ਮਿਹਨਤ ਕਰਨੀ ਹੁਣ ਉਸਦੇ ਵਸ ਦੀ ਗੱਲ ਨਹੀਂ ਰਹੀ।
ਨਸ਼ੇ ਕਰਨ ਵਾਲਿਆਂ ਦੀ ਭੀੜ 'ਚ ਮਿਹਨਤੀ ਅਤੇ ਤੰਦਰੁਸਤ ਨੌਜਵਾਨਾਂ ਦੀ ਗਿਣਤੀ ਕਾਫੀ ਘੱਟ ਹੈ। ਸਕੂਲਾਂ ਕਾਲਜਾਂ ਤੋਂ ਨਸ਼ਿਆਂ ਦੀ ਪੈਂਦੀ ਆਦਤ ਨੇ ਨੌਜਵਾਨਾਂ ਨੂੰ ਜਿੰਦਗੀ ਵਿੱਚ ਕੁੱਝ ਵੀ ਚੰਗਾ ਕਰਨ ਤੋਂ ਅਸਮਰੱਥ ਕਰ ਦਿੱਤਾ ਹੈ। ਟੀਕੇ ਲਾ ਕੇ ਜਾਂ ਹੋਰ ਨਸ਼ਾ ਕਰਕੇ ਖੇਡੀ ਜਾਂਦੀ ਕਿਸੇ ਵੀ ਖੇਡ ਦਾ ਕੋਈ ਫਾਇਦਾ ਨਹੀਂ। ਭਾਰਤੀ ਫੌਜ ਦੀ ਭਰਤੀ ਦੌਰਾਨ ਤੰਦਰੁਸਤ ਪੰਜਾਬੀ ਨੌਜਵਾਨਾਂ ਦਾ ਮੰਗ ਅਨੁਸਾਰ ਨਾ ਮਿਲਣਾ ਸ਼ਰਮਨਾਕ ਹੈ ਜਦਕਿ ਦੇਸ਼ ਨੂੰ ਅਜਾਦ ਕਰਵਾਉਣ ਲਈ ਹਕੂਮਤਾਂ ਨਾਲ ਹਿੱਕ ਡਾਹ ਕੇ ਲੜਨ ਵਾਲਾ ਪੰਜਾਬੀ ਹੀ ਸੀ। ਹਿੰਦੋਸਤਾਨ ਦੀ ਹਾਕੀ ਟੀਮ ਨੂੰ ਦਿੱਗਜ ਖਿਡਾਰੀ ਦੇਣ ਵਾਲਾ ਪੰਜਾਬ ਅੱਜ ਚੰਗੇ ਖਿਡਾਰੀਆਂ ਲਈ ਤਰਸ ਰਿਹਾ ਹੈੇ। ਹਾਕੀ ਦੇ ਜਾਦੂਗਰ ਅਤੇ ਅਖਾੜਿਆਂ ਦੇ ਬਾਦਸ਼ਾਹ ਕਹਾਉਣ ਵਾਲਿਆਂ ਦੀ ਇਸ ਧਰਤੀ ਦੇ ਪੁੱਤ ਆਪਣੇ ਮਾਰਗ ਤੋਂ ਭਟਕਦੇ ਨਜ਼ਰ ਆ ਰਹੇ ਹਨ। ਇਹ ਸਭ ਕੁੱਝ ਸਰਕਾਰਾਂ ਦੀਆਂ ਅੱਖਾਂ ਸਾਹਮਣੇ ਹੋਇਆ ਹੈ ਪਰ ਸਰਕਾਰਾਂ ਦੀ ਮੂਕ ਦਰਸ਼ਕ ਬਣ ਕੇ ਦੇਖਣ ਵਾਲੀ ਨੀਤੀ ਨੇ ਬਲ਼ਦੀ 'ਤੇ ਤੇਲ ਪਾਇਆ ਹੈ। ਨਸ਼ਾਂ ਤਸਕਰਾਂ ਅਤੇ ਸਰਕਾਰੀ ਤੰਤਰ ਦੀ ਮਿਲੀਭੁਗਤ ਨੇ ਪੰਜਾਬ ਨੂੰ ਖੋਖਲ਼ਾ ਕਰ ਦਿੱਤਾ ਹੈ। ਜੇਕਰ ਨਸ਼ਿਆਂ ਦਾ ਇਹ ਦੌਰ ਇਸੇ ਤਰਾਂ ਚਲਦਾ ਰਿਹਾ ਇੱਕ ਦਿਨ ਉਹ ਆਵੇਗਾ ਜਦੋਂ ਭਾਰਤ ਦੀਆਂ ਵੱਖ ਵੱਖ ਟੀਮਾਂ 'ਚ ਪੰਜਾਬੀ ਕਿਤੇ ਵੀ ਨਹੀਂ ਦਿੱਸਣਗੇ। ਪਰ ਜੇਕਰ ਕੁੱਝ ਕਰਨ ਦੀ ਚਾਹ ਹੋਵੇ ਤਾਂ ਮੁਸ਼ਕਿਲ ਕੁੱਝ ਵੀ ਨਹੀਂ ਹੁੰਦਾ। ਸਰਕਾਰਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਉਣ। ਨਸ਼ੇ ਦੀ ਵਿਕਰੀ 'ਤੇ ਸਖਤੀ ਨਾਲ ਕਾਰਵਾਈ ਕੀਤੀ ਜਾਵੇ। ਖੇਡਾਂ 'ਚ ਇਨਾਮ ਕਮਾਉਣ ਵਾਲਿਆਂ ਲਈ ਇਨਾਮਾਂ ਦੀਆਂ ਝੜੀਆਂ ਲੱਗਣ ਅਤੇ ਇਸ ਦੇ ਨਾਲ ਨਾਲ ਨੌਜਵਾਨ ਵੀ ਸਮਾਜ ਪ੍ਰਤੀ ਆਪਣੇ ਫਰਜ਼ ਸਮਝਣ ਅਤੇ ਆਪਣੀ ਕੀਮਤੀ ਜਵਾਨੀ ਅਤੇ ਸ਼ਰੀਰਾ ਨੂੰ ਖੇਡ ਦੇ ਮਦਾਨ 'ਚ ਅਜਮਾ ਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਂ ਕਮਾਉਣ। ਦੇਖਣਾਂ, ਫਿਰ ਦੁਬਾਰਾ ਇੱਕ ਨਰੋਆ ਅਤੇ ਤੰਦਰੁਸਤ ਪੰਜਾਬ ਸਿਰਜ ਜਾਵੇਗਾ।
-
ਪ੍ਰੋ. ਧਰਮਜੀਤ ਸਿੰਘ ਮਾਨ, ਪ੍ਰੋਫ਼ੈਸਰ
mannjalbhera@gmail.com
9478460084
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.