ਵਾਘਾ ਬਾਰਡਰ ਇੰਡੀਆ ਤੋਂ ਪਾਕਿਸਤਾਨ ਦਾਖਲੇ ਸਮੇਂ
ਬਲਜੀਤ ਬੱਲੀ
ਲਾਹੌਰ , 4 ਦਸੰਬਰ , 2018 : ਨੌਵੇਂ ਦਹਾਕੇ ਦੇ ਅੰਤ ਅਤੇ 20ਵੀ ਸਦੀ ਦੇ ਸ਼ੁਰੂ 'ਚ ਦੀਆਂ ਗੱਲਾਂ ਨੇ . ਮੈਂ ਉਸ ਵੇਲੇ ਅਜੀਤ 'ਚ ਸਾਂ .
ਮੈਂ ਅਤੇ ਮੇਰੇ ਵਰਗੇ ਹੋਰ ਬਹੁਤ ਸਾਰੇ ਭਾਰਤੀ ਖ਼ਾਸ ਕਰਕੇ ਪੰਜਾਬੀ, ਇੰਡੀਆ ਅਤੇ ਪਾਕਿਸਤਾਨ ਵਿਚਕਾਰ ਸੁਖਾਵੇਂ ਅਤੇ ਦੋਸਤਾਨਾ ਸਬੰਧਾਂ ਲਈ ਯਤਨਸ਼ੀਲ ਸਾਂ . ਦੋਵਾਂ ਮੁਲਕਾਂ ਦੇ ਲੋਕਾਂ ਅਤੇ ਖ਼ਾਸ ਕਰਕੇ ਦੋਵਾਂ ਪੰਜਾਬਾਂ ਦੇ ਵਾਸੀਆਂ ਦੇ ਆਪਸੀ ਮੇਲ-ਮਿਲਾਪ ਆਦਾਨ -ਪ੍ਰਦਾਨ ਲਈ ਵੱਖ ਵੱਖ ਧਿਰਾਂ, ਸੰਸਥਾਵਾਂ ਅਤੇ ਹਸਤੀਆਂ ਵੱਲੋਂ ਕੀਤੇ ਜਾਂਦੇ ਉੱਦਮ 'ਚ ਸ਼ਰੀਕ ਹੁੰਦੇ ਸਨ .
ਕੁਲਦੀਪ ਨਈਅਰ ਭਾਵੇਂ ਸਰਹੱਦ ਤੇ ਮੋਮ ਬੱਤੀਆਂ ਜਗਾਉਂਦੇ , ਭਾਵੇਂ ਫ਼ਖ਼ਰ ਜ਼ਮਾਨ , ਕੱਟੜਵਾਦੀਆਂ ਦੇ ਖ਼ਤਰੇ ਸਹੇੜ ਕੇ ਵਰਲਡ ਪੰਜਾਬੀ ਕਾਨਫ਼ਰੰਸ ਕਰਾਉਂਦੇ , ਭਾਵੇਂ ਚੰਡੀਗੜ੍ਹ ਅਤੇ ਲਾਹੌਰ ਪ੍ਰੈੱਸ ਕਲੱਬ ਵਾਲੇ 'ਪੰਜ ਦਰਿਆਵਾਂ ' ਦਾ ਮੇਲ ਕਰਾਉਣ ਦਾ ਯਤਨ ਕਰਦੇ , ਭਾਵੇਂ ਵਾਜਪਾਈ ਸਦਭਾਵਨਾ ਭਰੀ ਬੱਸ ਲੈਕੇ ਜਾਂਦੇ , ਅਸੀਂ ਸਿੱਧੇ ਜਾਂ ਅਸਿੱਧੇ ਰੂਪ , ਕਦੇ ਲਿਖਤੀ ਜਾਂ ਜ਼ੁਬਾਨੀ , ਅਚੇਤ ਜਾਂ ਸੁਚੇਤ , ਇਸ ਅਮਨ- ਦੋਸਤੀ ਲਹਿਰ ਦਾ ਹਿੱਸਾ ਬਣਨ ਦਾ ਯਤਨ ਕਰਦੇ .ਸਾਡੇ ਸਰਪ੍ਰਸਤ ਅਤੇ ਅਜੀਤ ਦੇ ਕਰਤਾ-ਧਰਤਾ ਸੰਪਾਦਕ, ਅਮਨ , ਸਦਭਾਵਨਾ ਅਤੇ ਦੋਸਤੀ ਦੀਆਂ ਭਾਵਨਾਵਾਂ ਅਤੇ ਲੋਕਾਂ ਦੀ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ ਹਸਤੀ ਬਰਜਿੰਦਰ ਹਮਦਰਦ ਭਾਅ ਜੀ ,ਉਚੇਚੇ ਸਾਨੂੰ ਥਾਪੀਆਂ ਦੇ ਕੇ ਲਹਿੰਦੇ ਪੰਜਾਬ 'ਚ ਭੇਜਦੇ , ਸਾਡੇ ਵੱਲੋਂ ਦੋਸਤੀ ਦੇ ਪੁਲ ਬੰਨ੍ਹਣ ਲਈ ਕਲਮੀ ਅਤੇ ਗੈਰ ਕਲਮੀ ਕੋਸ਼ਿਸ਼ਾਂ ਲਈ ਸ਼ਾਬਾਸ਼ ਦਿੰਦੇ. ਉਮੀਦਾਂ ਬਹੁਤ ਵੱਡੀਆਂ ਬਣਦੀਆਂ ਰਹੀਆਂ ਪਰ ਇਹ ਵਾਰ-ਵਾਰ ਟੁੱਟਦੀਆਂ -ਖਿੱਲਰਦੀਆਂ ਰਹੀਆਂ . ਅਮਨ, ਟਿਕਾਅ ਅਤੇ ਦੋਸਤੀ ਦੇ ਰਾਹ 'ਚ ਖ਼ਲਲ ਪਾਉਣ , ਨਫਰਤਾਂ ਫੈਲਾਉਣ ਅਤੇ ਸਰਹੱਦ ਦੇ ਦੋਹੀਂ ਪਾਸੀਂ ਬਣੀਆਂ ਦੀਵਾਰਾਂ ਨੂੰ ਉੱਚੀਆਂ ਕਰਨ ਅਤੇ ਪਾੜ ਪਾਉਣ ਵਾਲੀਆਂ ਤਾਕਤਾਂ ਹਾਵੀ ਹੁੰਦੀਆਂ ਰਹੀਆਂ . ਤਰੇੜਾਂ ਅਤੇ ਦਰਾੜਾਂ ਘੱਟ ਕਰਨ ਦੇ ਯਤਨ ਕਰਨ ਵਾਲਿਆਂ ਲਈ ਮਾਯੂਸੀ, ਨਿਰਾਸ਼ਾ ਅਤੇ ਬੇਬਸੀ ਪੈਦਾ ਹੁੰਦੀ ਰਹੀ . ਅਜਿਹਾ ਲੱਗਣ -ਲੱਗ ਪਿਆ ਕਿ ਐਵੇਂ ਟੱਕਰਾਂ ਮਾਰਨ ਦਾ ਫ਼ਾਇਦਾ ਨਹੀਂ ,
ਜੋਸ਼ ਅਤੇ ਸਰਗਰਮੀ ਘਟ ਗਈ . ਆਉਣਾ -ਜਾਣਾ ਘੱਟ ਹੋਣਾ ਸੁਭਾਵਕ ਹੀ ਸੀ .
ਕਿੰਨੇ ਵਰ੍ਹਿਆਂ ਬਾਅਦ ਹੁਣ ਉਹੋ ਜਿਹੀਆਂ ਹੀ ਉਮੀਦਾਂ ਨੂੰ ਮੁੜ ਬੂਰ ਪੈਣ ਲੱਗਾ ਹੈ .
ਪਾਕਿਸਤਾਨ 'ਚ ਹਕੂਮਤ ਦੇ ਬਦਲਾਅ ਤੋਂ ਬਾਅਦ ਕੁੜੱਤਣ ਅਤੇ ਨਫ਼ਰਤ ਘੱਟ ਕਰਨ ਦੇ ਮੁੜ ਵਿਚਾਰ ਅਤੇ ਤਰਕੀਬਾਂ ਸਾਹਮਣੇ ਨੇ . ਕਾਰਨ ਭਾਵੇਂ ਕਈ ਨੇ ਪਰ ਹਾਲਾਤ ਸੁਖਾਵੇਂ ਬਣਾਉਣ ਲਈ ਇਕ ਪਹਿਲ ਜ਼ਰੂਰ ਨਜ਼ਰ ਆਈ ਹੈ .
ਬਾਬੇ ਨਾਨਕ ਦੀ ਪਵਿੱਤਰ ਧਰਤੀ ਕਰਤਾਰਪੁਰ ਨੇ ਹੀ ਅਮਨ ਅਤੇ ਦੋਸਤੀ ਦੇ ਲਾਂਘੇ ਲਈ ਵਾਜ ਮਾਰੀ ਹੈ .ਨਵਜੋਤ ਸਿੱਧੂ ਦੇ ਰੂਪ 'ਚ ਇਕ ਅਮਨ- ਦੂਤ ਨੇ ਪਹਾੜ ਜਿੱਡੀ ਪੁਲਾਂਘ ਪੁੱਟਣ ਦਾ ਜੇਰਾ ਦਿਖਾਇਆ ਹੈ ਦੋਹਾਂ ਮੁਲਕਾਂ ਦੀਆਂ ਕੁਝ ਵੱਡੀਆਂ ਹਸਤੀਆਂ ਅਤੇ ਧਿਰਾਂ ਨੇ ਵੀ ਅਮਨ ਵੱਲ ਵਧਣ ਦੀ ਹਾਮੀ ਭਰੀ ਹੈ . ਸਾਡੇ ਮਨਾਂ 'ਚ ਇੱਕ ਵਾਰ ਫੇਰ ਉਹੀ ਅਰਮਾਨ ਉੱਠੇ ਨੇ . ਸ਼ਾਲਾ , ਦੋਹਾਂ ਪਾਸਿਆਂ ਤੋਂ ਭਖਦੇ ਅੰਗਾਰਾਂ ਦੀ ਥਾਂ ਠੰਢੀਆਂ ਹਵਾਵਾਂ ਦੇ ਬੁੱਲੇ ਵਗਣ . ਪੁਲਾਂ ਹੇਠੋਂ ਪਾਣੀ ਬਹੁਤ ਵੱਗ ਚੁੱਕੇ .ਰਿਸ਼ਤਿਆਂ ਅਤੇ ਮਸਲਿਆਂ ਦੀ ਤਾਣੀ ਹੋਰ ਉਲਝੀ ਪਈ ਹੈ. ਦੋਹਾਂ ਮੁਲਕਾਂ ਦੇ ਅੰਦਰਲੇ ਤੇ ਬਾਹਰਲੇ ਸਿਆਸੀ , ਗੈਰ-ਸਿਆਸੀ, ਵਪਾਰੀ ਤੇ ਗ਼ੈਰ- ਵਪਾਰੀ ਅਜਿਹੀਆਂ ਅਨੇਕ ਧਿਰਾਂ ਦੇ ਮੁਫ਼ਾਦ, ਇਸ ਤਾਣੀ ਨੂੰ ਉਲਝਾਈ ਰੱਖਣ 'ਚ ਹੀ ਨੇ . ਹਿੰਸਾ ਅਤੇ ਹਥਿਆਰ ਪੂਰੀ ਹਾਵੀ ਨੇ . ਬੇਸ਼ੱਕ,ਸਿਰਫ ਭਾਵਕੁਤਾ ਕਾਫੀ ਨਹੀਂ .ਕੁਝ ਹਕੀਕੀ ਬਦਲਾਅ ਹੋਣਗੇ ਤਾਂ ਮੋੜਾ ਪਏਗਾ . ਫੇਰ ਵੀ ਆਸ ਨਾਲ ਹੀ ਜਹਾਨ ਹੈ ਦੇਰ ਹੋਵੇ ਜਾਂ ਆਵੇਰ- ਤਬਦੀਲੀ ਕੁਦਰਤ ਦਾ ਅਟੱਲ ਨੇਮ ਹੈ .
ਇਸੇ ਉਮੀਦ ਨਾਲ 14 ਸਾਲਾਂ ਬਾਅਦ ਅੱਜ ਆਪਣੇ ਵਡੇਰਿਆਂ ਦੀਆਂ ਜੜ੍ਹਾਂ ਵਾਲੀ ਧਰਤੀ ਭਾਵ ਲਹਿੰਦੇ ਪੰਜਾਬ 'ਚ ਪੈਰ ਧਰੇ ਨੇ .ਪਹਿਲਾ ਪੜਾਅ ਲਾਹੌਰ ਹੈ .
ਫ਼ੌਰੀ ਸਬੱਬ ਮੇਰੀ ਬੀਵੀ ਤ੍ਰਿਪਤਾ ਨੇ ਬਣਾਇਆ ਹੈ . ਉਸਦਾ ਦਾਦਕਾ ਪਿੰਡ ਪਵਿੱਤਰ ਧਰਤੀ ਨਨਕਾਣਾ ਸਾਹਿਬ ਹੈ . 1947 ਦੀ ਵੰਡ ਵੇਲੇ , ਜਦ ਉਸਦੇ ਦਾਦਾ ਕ੍ਰਿਸ਼ਨ ਚੰਦ ਸ਼ਾਹ ਜੀ , ਹਿਜਰਤ ਕਰਨ ਲੱਗੇ ਸਨ ਤਾਂ ਆਪਣੀ 19 ਕਮਰਿਆਂ ਦੀ ਹਵੇਲੀ ਦੀਆਂ ਚਾਬੀਆਂ ਗੁਰਦਵਾਰਾ ਨਨਕਾਣਾ ਸਾਹਿਬ ਦੇ ਪ੍ਰਬੰਧਕਾਂ ਨੂੰ ਫੜਾ ਕੇ ਆਏ ਸਨ . ਉਹ ਹਵੇਲੀ ਤਾਂ ਪਤਾ ਨਹੀਂ ਕਿਸ ਕੋਲ ਹੈ , ਜਾ ਕੇ ਖੁਰਾ ਖੋਜ ਤੇ ਕੋਈ ਨਿਸ਼ਾਨੀ ਲੱਭਣ ਦਾ ਯਤਨ ਕਰਾਂਗੇ .
ਵਾਘੇ ਬਾਰਡਰ ਤੋਂ ਹਿੰਦੇ ਪੰਜਾਬ ਦੀ ਧਰਤੀ ਤੇ ਪਹਿਲੇ ਕਦਮ -ਪਿਛੇ ਲਾਹੌਰ ਨੂੰ ਜਾਂਦੀ ਸਿੱਧੀ ਸੜਕ ਦਿਸ ਰਹੀ ਹੈ .
ਮੇਰੀ ਬੀਵੀ ਦੀ ਬੇਹੱਦ ਤਮੰਨਾ ਸੀ ਆਪਣੇ ਪੁਰਖਿਆਂ ਦੀ ਇਸ ਪਾਵਨ ਧਰਤੀ ਦੀ ਛੋਹ ਲੈਣ ਲਈ । ਸਬੱਬ ਨਾਲ ਮੇਰੇ ਲੰਮੇ ਸਮੇਂ ਦੇ ਦੋਸਤ ਅਤੇ ਹਮੇਸ਼ਾਂ ਪਿਆਰ ਦੀਆਂ ਤੰਦਾਂ ਬੁਣਨ ਦੇ ਯਤਨ ਕਰਨ ਵਾਲੇ ਦਰਵੇਸ਼ ਇਨਸਾਨ ਰਾਏ ਅਜ਼ੀਜ਼ ਉੱਲਾਹ ਖ਼ਾਨ ਦਾ ਲਾਹੌਰ ਆਉਣ ਦਾ ਸੱਦਾ ਆ ਗਿਆ। ਰਾਏ ਸਾਹਿਬ ਉਹ ਹਸਤੀ ਨੇ ਜਿਨ੍ਹਾਂ ਕੋਲ ਦਸਵੇਂ ਗੁਰੂ ਸ੍ਰੀ ਗੋਬਿੰਦ ਸਿੰਘ ਦੀ ਭੇਟ ਕੀਤੀ ਸੁਗਾਤ " ਗੰਗਾ ਸਾਗਰ " ਮਹਿਫ਼ੂਜ਼ ਹੈ .ਉਹ ਬਹੁਤ ਕਮਾਲ ਦੇ ਮੇਜ਼ਬਾਨ ਵੀ ਨੇ।
ਮੇਰਾ ਦਾਦਕਾ ਪਿੰਡ ਕੰਗਣਪੁਰ ਹੈ . ਪਹਿਲਾਂ ਇਹ ਲਾਹੌਰ ਜ਼ਿਲ੍ਹੇ ਦਾ ਹਿੱਸਾ ਸੀ ਪਰ ਹੁਣ ਇਹ ਕਸੂਰ ਜ਼ਿਲ੍ਹੇ 'ਚ ਹੈ . ਕੋਸ਼ਿਸ਼ ਕਰਾਂਗੇ ਆਪਣੇ ਵਡੇਰਿਆਂ ਦੀਆਂ ਯਾਦਾਂ ਫਰੋਲ਼ਨ ਦੀ , ਨਵੇਂ -ਪੁਰਾਣੇ ਦੋਸਤਾਂ ਨਾਲ ਮੇਲ-ਮਿਲਾਪ ਦੀ . ਆਪਣੇ ਵਿਤ ਮੁਤਾਬਿਕ ਮੋਹ-ਪਿਆਰ ਦੇ ਰਿਸ਼ਤਿਆਂ 'ਚ ਨਵੀਂ ਰੂਹ ਭਰਨ ਦੀ .ਕਰਤਾਰਪੁਰ ਸਾਹਿਬ ਦੀ ਪਾਵਨ ਧਰਤ ਤੇ ਨਤਮਸਤਕ ਹੋਣ ਦਾ ਇਰਾਦਾ ਹੈ . ਜੋ ਕੁਝ ਨਵਾਂ ਤੇ ਵੱਖਰਾ ਦਿਸਿਆ ਉਹ ਜ਼ਰੂਰ ਸਾਂਝੀ ਕਰਾਂਗੇ। ਅਜੇ ਤਾਂ ਲਾਹੌਰ ਦੇ ਉਸੇ ਜਿਮਮਖ਼ਾਨਾ ਕਲੱਬ ਦੇ ਕਮਰੇ ਚ ਹੀ ਹਾਂ ਜਿਸ ਵਿਚ 1993 'ਚ ਉਦੋਂ ਠਹਿਰਿਆ ਸੀ ਜਦੋਂ ਪਹਿਲੀ ਵਾਰ ਅਜੀਤ ਲਈ ਪਾਕਿਸਤਾਨ ਦੀਆ ਪਾਰਲੀਮੈਂਟ ਚੋਣਾਂ ਕਵਰ ਕਰਨ ਆਇਆ ਸੀ .
ਸੰਪਾਦਕ, ਬਾਬੂਸ਼ਾਹੀ ਡਾਟ ਕਾਮ , ਚੰਡੀਗੜ੍ਹ , ਇੰਡੀਆ
ਇੰਡੀਆ ਨੰਬਰ ਤੇ ਵ੍ਹਾਟਸਐਪ : +91-9915177722
-
ਬਲਜੀਤ ਬੱਲੀ, ਸੰਪਾਦਕ
tirshinazar@gmail.com
1234567
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.