ਬੜੀ ਦੇਰ ਪਹਿਲਾਂ ਦੀ ਗੱਲ, ਹਾਕਮ ਸੂਫੀ ਬਾਰੇ ਛਪੀ ਇੱਕ ਕਿਤਾਬ ਵਿੱਚ ਮੈਂ ਆਪਣੇ ਲੇਖ ਦਾ ਇਕ ਪੈਰਾ ਇੰਝ ਲਿਖਿਆ ਸੀ, "ਹਾਕਮ ਮੈਨੂੰ ਮੋਢਿਓਂ ਫੜ੍ਹ ਕੇ ਤੇ ਉਹਨਾਂ (ਬੀਬੀਆਂ) ਵੱਲ ਝਾਕ ਕੇ ਬੋਲਿਆ...ਓ ਭਾਬੀ ਜੀ...ਆਹ ਵੇਖੋ...ਆਹ ਮੁੰਡਾ ਵੀ ਅੱਜ ਉਥੇ ਈ ਸੀ...ਵਈ ਅੱਜ ਲੋਕਾਂ ਨੇ ਮੈਨੂੰ ਓਥੇ ਕਿਵੇਂ ਸੁਣਿਐਂ..ਕਿਵੇਂ ਲੋਕ ਆ-ਆ ਕੇ ਮੈਨੂੰ ਸਟੇਜ ਉਤੇ ਜੱਫੀਆਂ ਪਾਊਂਦੇ ਸੀ...ਪੁੱਛੋ ਏਹਨੂੰ...ਅੱਜ ਤਾਂ ਕਮਾਲਾਂ ਈ ਹੋਗੀਆਂ ਭਾਬੀ ਜੀ...। ਉਹ ਦੋਵੇਂ ਬੀਬੀਆਂ ਨੇ ਹਾਕਮ ਨੂੰ ਕੁਝ ਇਸ ਤਰਾਂ ਕਿਹਾ, 'ਗੱਲ ਸੁਣ ਵੇ...ਸਾਨੂੰ ਕਿਹੜਾ ਨ੍ਹੀ ਪਤਾ ਐ ਕਿ ਤੇਰਾ ਦੁਨੀਆਂ 'ਚ ਕਿੰਨਾ ਇੱਜ਼ਤ ਤੇ ਨਾਮ ਐਂ...ਭਾਈ ਬਹੁਤ ਮੰਨਦੀ ਐ ਦੁਨੀਆਂ ਤੈਨੂੰ ਹਾਕਮਾਂ...।" ਉਸ ਦਿਨ ਹਾਕਮ ਸੂਫੀ ਨੇ ਫਾਜ਼ਿਲਕਾ ਉਸਤਾਦ ਯਮਲਾ ਜੱਟ ਯਾਦਗਾਰੀ ਮੇਲੇ ਉਤੇ ਗਾਇਆ ਸੀ ਤੇ ਮੈਂ ਵੀ ਉਥੇ ਸੀ। ਉਹ ਆਪਣੀਆਂ ਭਾਬੀਆਂ ਥਾਂਵੇ ਲੱਗਦੀਆਂ ਔਰਤਾਂ ਕੋਲ ਮੇਰੀ ਗਵਾਹੀ ਭਰਵਾ ਰਿਹਾ ਸੀ। ਸਾਲ 2005 ਵਿੱਚ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਮੇਰੇ ਤੋਂ ਪੁਰਾਣੇ ਲੋਕ ਗਾਇਕਾਂ ਬਾਰੇ ਇੱਕ ਕਿਤਾਬ ਲਿਖਵਾਈ। ਹਾਕਮ ਬਾਰੇ ਉਸ ਵਿੱਚ ਮੈਂ ਖੁੱਲ੍ਹਾ-ਡੁੱਲ੍ਹਾ ਲਿਖਿਆ। ਉਹਨੇ ਅੰਮ੍ਰਿਤਸਰੋਂ ਦਸ ਕਿਤਾਬਾਂ ਮੰਗਵਾ ਕੇ ਆਪਣੇ ਜੁੰਡੀ ਦੇ ਯਾਰਾਂ ਨੂੰ ਤੁਹਫੇ ਵਜੋਂ ਦਿੱਤੀਆਂ ਤੇ ਆਖੀ ਜਾਵੇ, "ਆਹ ਵੇਖੋ ਯਾਰੋ ਯੂਨੀਵਰਸਿਟੀ ਵਾਲਿਆਂ ਨੇ ਮੇਰੀ ਜੀਵਨੀ ਕਿਤਾਬ 'ਚ ਛਾਪਤੀ ਐ...ਆਹਾ...ਵਾਹ ਵਈ ਵਾਹ ਕਮਾਲ ਹੋਗੀ...।"
ਫ਼ਨਕਾਰ ਤਾਂ ਉਹ ਅਵੱਲ ਦਰਜੇ ਦਾ ਹੈ ਈ ਸੀ ਪਰ ਬੰਦਾ ਵੀ ਬੜਾ ਲੱਠਾ ਸੀ। ਆਪਣੇ ਆਪ ਵਿੱਚ ਮਸਤ! ਜੋ ਕੁਝ ਕਿਸੇ ਨੇ ਦੇ ਦਿੱਤਾ, ਲੈ ਲਿਆ ਤੇ ਗਾ ਲਿਆ। ਉਸਦਾ ਪੁਰਾਣਾ ਸਾਈਕਲ ਪੰਜਾਬ ਦੇ ਕਰੋੜਪਤੀ ਗਾਇਕਾਂ ਦੀਆਂ ਕਈ ਲੱਖਾਂ ਮਹਿੰਗੀਆਂ ਗੱਡੀਆਂ ਨੂੰ ਮੂੰਹ ਚਿੜਾਉਂਦਾ ਸੀ ਤੇ ਕਲਾਕਾਰ ਦੀ ਆਪਣੀ ਕਲਾ ਪ੍ਰਤੀ ਪ੍ਰਤੀਬੱਧਤਾ ਦਿਖਾਉਂਦਾ ਸੀ। ਇੱਕ ਵਾਰ ਉਹਨੇ ਆਖਿਆ ਸੀ, "ਮੈਂ ਆਪਣੇ ਭੈਣ-ਭਰਾਵਾਂ ਨੂੰ ਪਾਲਣ-ਪੋਸ਼ਣ ਲੱਗ ਗਿਆ...ਆਪ ਵਿਆਹ ਕਰੌਣ ਬਾਰੇ ਸੋਚਿਆ ਈ ਨਾ...ਜਿੱਥੇ ਦਿਲ ਲੱਗਿਆ ਸੀ...ਉਥੇ ਹੋਇਆ ਨਾ...ਜਿੱਥੇ ਘਰਦੇ ਕਰਦੇ ਸੀ..ਉਥੇ ਕਰਾਇਆ ਨਹੀਂ...ਵੇਲਾ ਬੀਤ ਗਿਆ...। ਫਰੀਦ ਮਹੁੰਮਦ ਫਰੀਦ ਨੂੰ ਉਹਨੇ ਆਪਣਾ ਮੁਰਸ਼ਦ ਤੇ ਆਦਰਸ਼ ਮੰਨਿਆ ਤੇ ਉਹਦਾ ਧਿਆਨ ਧਰ ਕੇ ਗਾਉਣ ਲੱਗਿਆ, ਇਹ ਗੱਲ ਕੋਈ 1970-71 ਦੀ ਹੋਵੇਗੀ। ਸਟੇਜ ਉਤੇ ਡਫਲੀ ਲਿਆਉਣ ਦਾ ਸਿਹਰਾ ਵੀ ਉਹਨੂੰ ਜਾਂਦਾ ਹੈ।"
ਗਿੱਦੜਬਾਹਾ ਤੋਂ ਤੇਰਾਂ ਕਿਲੋਮੀਟਰ ਦੂਰ ਪੈਂਦੇ ਪਿੰਡ ਜੰਗੀਰਾਣਾ ਵਿੱਚ ਉਸਨੇ ਡਰਾਇੰਗ ਮਾਸਟਰੀ ਕੀਤੀ ਤੇ ਇੱਥੋਂ ਹੀ 31 ਮਾਰਚ 2010 ਦੇ ਦਿਨ ਸੇਵਾਮੁਕਤ ਹੋਇਆ। ਤੀਹ ਵਰ੍ਹੇ ਪਹਿਲਾਂ ਦੀ ਗੱਲ, ਜਦੋਂ ਅਬੋਹਰ ਇੱਕ ਮੰਚ ਉਤੇ ਗੁਰਦਾਸ ਮਾਨ ਤੇ ਹਾਕਮ ਸੂਫੀ ਨੇ ਇਕੱਠਿਆਂ ਗਾਇਆ ਸੀ 'ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਚੰਗੀ ਲਗਦੀ ਦੁਪੈਹਰ'। ਬੜਾ ਭਾਵੁਕ ਮਾਹੌਲ ਸਿਰਜਿਆ ਗਿਆ ਸੀ ਤੇ ਰਾਗ-ਰੰਗ ਦੇ ਖੇੜੇ ਵਿੱਚ ਡੁੱਬ ਕੇ ਦੋਵਾਂ ਦੀਆਂ ਅੱਖਾਂ ਭਿੱਜ ਗਈਆਂ ਸਨ। ਉਹ ਸਪੱਸ਼ਟ ਕਹਿੰਦਾ ਸੀ ਕਿ ਗੁਰਦਾਸ ਤੇ ਮੈਂ ਸਮਕਾਲੀ ਹਾਂ ਗੁਰੂ ਚੇਲਾ ਨਹੀਂ, ਅਸੀਂ ਨਿਆਣੇ ਹੁੰਦੇ ਕੱਠੇ ਗਾਉਂਦੇ ਤੇ ਖੇਡ੍ਹਦੇ ਰਹੇ। ਹਾਕਮ ਦੀ ਪਹਿਲੀ ਟੇਪ ਦਾ ਨਾਂ ਸੀ, 'ਮੇਲਾ ਯਾਰਾਂ ਦਾ'। 12 ਟੇਪਾਂ ਉਹਨੇ ਸੰਗੀਤ ਸੰਸਾਰ ਨੂੰ ਦਿੱਤੀਆਂ। ਬੜੀ ਦੇਰ ਪਹਿਲਾਂ ਦੀ ਗੱਲ, ਗੀਤਕਾਰ ਗੁਰਚਰਨ ਵਿਰਕ ਨੇ ਮੈਨੂੰ ਤੇ ਹਾਕਮ ਸੂਫੀ ਨੂੰ ਚੰਡੀਗੜ ਸੈਕਟਰ 17 ਦੇ ਸਰਗਮ ਸਟੂਡੀਓ ਬੁਲਾਇਆ ਤੇ ਹਾਕਮ ਦੀ ਟੇਪ 'ਕੋਲ ਬਹਿਕੇ ਸੁਣ ਸੱਜਣਾ' ਦੀ ਤਿਆਰੀ ਕੀਤੀ ਸੀ। ਅਨਮੋਲ ਕੰਪਨੀ ਵੱਲੋਂ ਪੇਸ਼ ਕੀਤੀ ਇਸ ਟੇਪ ਵਿੱਚ ਵਿੱਚ ਹਾਕਮ ਨੇ ਕੁਝ ਗਤਿ ਆਪਣੇ ਤੇ ਕੁਝ ਵਿਰਕ ਦੇ ਗਾਏ ਸਨ। 'ਯਾਰੀ ਜੱਟ ਦੀ' ਅਤੇ 'ਪੰਚਾਇਤ' ਫ਼ਿਲਮਾਂ ਤੇ ਕੁਝ ਹੋਰ ਫਿਲਮਾਂ ਵਿੱਚ ਵੀ ਉਸਨੇ ਅਦਾਕਾਰੀ ਵੀ ਕੀਤੀ ਤੇ ਗਾਇਆ ਵੀ। 'ਪਾਣੀ ਵਿੱਚ ਮਾਰਾਂ ਡੀਟਾਂ' ਵਾਲਾ ਗੀਤ ਉਹਦਾ ਸਭ ਤੋਂ ਵੱਧ ਹਰਮਨ-ਪਿਆਰਾ ਹੋਇਆ। 3 ਮਾਰਚ 1953 ਦੇ ਹਿਸਾਬ ਨਾਲ ਹੁਣ ਉਹਦੀ ਉਮਰ ਲਗਭਗ ਸੱਠ ਵਰ੍ਹੇ ਬਣਦੀ ਸੀ। ਪਿਤਾ ਦਾ ਨਾਂ ਕਰਤਾਰ ਸਿੰਘ ਤੇ ਮਾਂ ਦਾ ਨਾਂ ਗੁਰਦਿਆਲ ਕੌਰ। ਇਕ ਭਰਾ ਨਛੱਤਰ ਬਾਬਾ ਤੇ ਦੂਜਾ ਚੀਨਾ, ਇੱਕ ਮੇਜਰ ਦੀ ਬਹੁਤ ਪਹਿਲਾਂ ਮੌਤ ਹੋ ਗਈ ਸੀ। ਭੈਣਾਂ ਦੇ ਨਾਂ ਸ਼ਾਂਤੀ, ਇੰਦਰਜੀਤ ਕੌਰ, ਬਾਵੀ ਤੇ ਜਗਦੀਪ ਕੌਰ ਹਨ। ਕੁਝ ਸਾਲ ਹੋਏ, ਹਾਕਮ ਨੂੰ ਫਰੀਦਕੋਟ ਸੱਦਿਆ। ਉਸਤਾਦ ਜੀ ਦੀ ਯਾਦ ਵਿੱਚ ਮੇਲਾ ਸੀ। ਠੰਢ ਦੇ ਦਿਨਾਂ ਦੀ ਦੁਪਹਿਰ ਹਾਲੇ ਨਿੱਘੀ ਨਹੀਂ ਸੀ ਹੋਈ। ਉਸਨੇ ਗਾਇਆ, 'ਲੋਈ ਵੇ ਤੇਰੀ ਜਾਨ ਨੂੰ ਬੜਾ ਮੈਂ ਰੋਈ।' ਅਖਾੜਾ ਜੰਮਿਆਂ ਨਹੀਂ। ਹਾਕਮ ਕਹਿੰਦਾ, "ਸਾਲੀ ਠੰਢ ਈ ਨਹੀਂ ਲਹਿੰਦੀ ਤੱਤੀ ਜਿਹੀ ਚਾਹ ਲਿਆਓ ਯਾਰ...।" ਹੁਣੇ ਜਿਹੇ ਮੈਂ ਗਿੱਦੜਬਾਹੇ ਗਿਆ ਤਾਂ ਉਸਦੀ ਬੜੀ ਯਾਦ ਆਈ ਤੇ ਦੇਰ ਪਹਿਲਾਂ ਮਨਪ੍ਰੀਤ ਟਿਵਾਣਾ ਦਾ ਉਸ ਵੱਲੋਂ ਗਾਇਆ ਗੀਤ ਤਾਜ਼ਾ ਹੋ ਉਠਿਆ, 'ਜਿੰਨਾਂ੍ਹ ਰਾਹਾਂ 'ਚੋਂ ਤੂੰ ਆਵੇਂ ਉਹਨਾਂ ਰਾਹਾਂ ਨੂੰ ਸਲਾਮ, ਤੇਰੇ ਸ਼ਹਿਰ ਵੱਲੋਂ ਆਉਦੀਆਂ ਹਵਾਵਾਂ ਨੂੰ ਸਲਾਮ।' ਚੰਗਾ ਬਈ ਮਿੱਤਰਾ...ਤੇਰੇ ਸ਼ਹਿਰ ਵੱਲੋਂ ਆਈ ਹਵਾ ਨੂੰ ਸਲਾਮ ਕਰਦਾ ਹਾਂ।
-
ਨਿੰਦਰ ਘੁਗਿਆਣਵੀ, ਪੰਜਾਬੀ ਲੇਖਕ ਤੇ ਕਾਲਮਿਸਟ
ninder_ghugianvi@yahoo.com
94174-21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.